Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਵਿਚ ਭਾਰਤ ਦੀ ਡਿਪਟੀ ਕੌਂਸਲ ਜਨਰਲ 250,000 ਡਾਲਰ ਜ਼ਮਾਨਤ 'ਤੇ ਰਿਹਾਅ

Posted on December 13th, 2013

ਭਾਰਤ ਨੇ ਡਿਪਲੋਮੈਟ ਦੀ ਗ੍ਰਿਫਤਾਰੀ ਮਾਮਲੇ ‘ਚ ਅਮਰੀਕੀ ਡਿਪਲੋਮੈਟ ਨੂੰ ਕੀਤਾ ਤਲਬ

ਨਿਊਯਾਰਕ- ਇਥੇ ਭਾਰਤੀ ਕੌਂਸਲਖਾਨੇ 'ਚ ਡਿਪਟੀ ਕੌਂਸਲ ਜਨਰਲ ਦੇਵਿਆਨੀ ਖੋਬਰਾਗਡੇ ਨੂੰ ਇਕ ਭਾਰਤੀ ਨਾਗਰਿਕ ਦੀ ਵੀਜ਼ਾ ਅਰਜ਼ੀ ਲਈ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਬੱਚਿਆਂ ਦੀ ਮਾਂ ਖੋਬਰਾਗਡੇ ਨੂੰ ਮੈਨਹਟਨ ਦੀ ਸੰਘੀ ਅਦਾਲਤ ਦੇ ਅਮਰੀਕੀ ਜੱਜ ਡੇਬਰਾ ਫਰੀਮੈਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੇ ਉਸ ਨੂੰ 250,000 ਡਾਲਰ ਦੇ ਮੁਚੱਲਕੇ 'ਤੇ ਰਿਹਾਅ ਕਰ ਦਿੱਤਾ ਗਿਆ ਤੇ ਉਸ ਨੇ ਆਪਣਾ ਕੂਟਨੀਤਕ ਪਾਸਪੋਰਟ ਅਦਾਲਤ 'ਚ ਜਮ੍ਹਾਂ ਕਰਵਾ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 13 ਜਨਵਰੀ ਨੂੰ ਹੋਵੇਗੀ। ਪੱਤਰਕਾਰਾਂ ਵਲੋਂ ਪੁੱਛੇ ਜਾਣ 'ਤੇ ਖੋਬਰਾਗਡੇ ਨੇ ਕਿਹਾ ਕਿ ਉਹ ਕੁਝ ਨਹੀਂ ਕਹਿ ਸਕਦੀ ਕਿਉਂਕਿ ਮਾਮਲਾ ਅਦਾਲਤ 'ਚ ਹੈ।

ਨਿਊਯਾਰਕ ਵਿਚ ਹੋਈ ਭਾਰਤੀ ਉਪ ਰਾਜਦੂਤ ਦੇਵਿਆਨੀ ਦੀ ਗ੍ਰਿਫਤਾਰੀ ਨਾਲ ਭਾਰਤ-ਅਮਰੀਕਾ ਦੇ ਸੰਬੰਧਾਂ ਵਿਚ ਤਣਾਅ ਪੈਦਾ ਹੋ ਗਿਆ ਹੈ ਅਤੇ ਭਾਰਤ ਨੇ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ। ਮੈਨਹਟਨ ਦੇ ਸੀਨੀਅਰ ਸੰਘੀ ਵਕੀਲ ਪ੍ਰੀਤ ਬਰਾਰਾ ਨੇ ਦੱਸਿਆ ਕਿ ਦੇਵਿਆਨੀ ਨੇ ਇਕ ਭਾਰਤੀ ਨਾਗਰਿਕ ਨੂੰ ਘਰੇਲੂ ਨੌਕਰ ਦੇ ਤੌਰ ‘ਤੇ ਰੱਖਣ ਲਈ ਅਮਰੀਕੀ ਵਿਦੇਸ਼ ਵਿਭਾਗ ਨੂੰ ਸੌਂਪੇ ਜਾਣ ਲਈ ਨਕਲੀ ਦਸਤਾਵੇਜ਼ ਤਿਆਰ ਕੀਤੇ। ਉਹ ਫਿਲਹਾਲ ਇਥੇ ਭਾਰਤੀ ਵਣਜ ਦੂਤਘਰ ਵਿਚ ਸਿਆਸੀ, ਆਰਥਿਕ, ਵਪਾਰਕ ਅਤੇ ਮਹਿਲਾ ਮਾਮਲਿਆਂ ਦੀ ਉਪ ਵਣਜ ਦੂਤ ਵਜੋਂ ਨਿਯੁਕਤ ਹੈ।

ਭਾਰਤੀ ਦੂਤਘਰ ਨੇ ਖੋਬਰਾਗਡੇ ਦੇ ਡਿਪਲੋਮੈਟ ਅਹੁਦੇ ਨੂੰ ਦੇਖਦੇ ਹੋਏ ਅਮਰੀਕਾ ਨੂੰ ਇਸ ਮਾਮਲੇ ਨੂੰ ਸੰਵੇਦਨਸ਼ੀਲਤਾ ਨਾਲ ਸੁਲਝਾਉਣ ਦੀ ਮੰਗ ਕੀਤੀ ਹੈ।

ਭਾਰਤੀ ਦੂਤਘਰ ਦਾ ਕਹਿਣਾ ਹੈ ਕਿ ਜਿਸ ਸਾਬਕਾ ਭਾਰਤੀ ਨੌਕਰਾਣੀ ਸੰਗੀਤਾ ਰਿਚਰਡ ਨੇ ਉਨ੍ਹਾਂ ‘ਤੇ ਇਹ ਦੋਸ਼ ਲਗਾਏ ਸਨ, ਉਹ ਖੁਦ ਜੂਨ ਮਹੀਨੇ ਤੋਂ ਫਰਾਰ ਹੈ। ਦੂਤਘਰ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਰਿਚਰਡ ਨੂੰ ਖੋਬਰਾਗਡੇ ਦੇ ਖਿਲਾਫ ਦੇਸ਼ ਤੋਂ ਬਾਹਰ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਣ ਲਈ ਸਤੰਬਰ ਮਹੀਨੇ ਵਿਚ ਇਕ ਅੰਤਰਿਮ ਹੁਕਮ ਜਾਰੀ ਕੀਤਾ ਸੀ ਅਤੇ ਉਹ ਬਾਰਤ ਤੋਂ ਬਾਹਰ ਦੇਵਿਆਨੀ ਖਿਲਾਫ ਕੋਈ ਸ਼ਿਕਾਇਤ ਨਹੀਂ ਕਰ ਸਕਦੀ।

ਬਰਾਰਾ ਨੇ ਦੇਵਿਆਨੀ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਘਰੇਲੂ ਨੌਕਰਾਂ ਦੇ ਰੂਪ ਵਿਚ ਕੰਮ ਕਰਨ ਲਈ ਅਮਰੀਕਾ ਲਿਆਏ ਗਏ ਵਿਦੇਸ਼ੀ ਨਾਗਰਿਕਾਂ ਦੇ ਕੋਲ ਸ਼ੋਸ਼ਣ ਦੇ ਵਿਰੁੱਧ ਉਹ ਹੀ ਸੁਰੱਖਿਆ ਪ੍ਰਾਪਤ ਹੈ, ਜੋ ਅਮਰੀਕਾ ਦੇ ਨਾਗਰਿਕਾਂ ਨੂੰ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ਕਿ ਦੇਵਿਆਨੀ ਨੇ ਇਸ ਮਾਮਲੇ ਵਿਚ ਝੂਠਾ ਬਿਆਨ ਅਤੇ ਧੋਖਾਧੜੀ ਆਪਣੇ ਨਿੱਜੀ ਲਾਭ ਲਈ ਕੀਤੀ। ਉਸ ਨੇ ਜਿਸ ਘਰੇਲੂ ਨੌਕਰ ਨੂੰ ਨਕਲੀ ਵੀਜ਼ਾ ਜਾਰੀ ਕਰਵਾਉਣ ਵਈ ਧੋਖਾਧੜੀ ਕੀਤੀ ਉਸ ਨੂੰ ਉੱਚਿਤ ਤਨਖਾਹ ਤੋਂ ਘੱਟ ਦਾ ਵਾਅਦਾ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵਿਚ ਇਸ ਤਰ੍ਹਾਂ ਦੀ ਧੋਖਾਧੜੀ ਅਤੇ ਵਿਅਕਤੀ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਖੋਬਰਾਡਗੇ ‘ਤੇ ਵੀਜ਼ਾ ਧੋਖਾਧੜੀ ਅਤੇ ਨਕਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਹਨ। ਦੋਹਾਂ ਦੋਸ਼ਾਂ ‘ਚ ਉਸ ਨੂੰ ਪੰਜ ਤੋਂ ਦਸ ਸਾਲ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪ੍ਰਤੀ ਘੰਟਾ 9.75 ਡਾਲਰ ਤਨਖਾਹ ਦਿੱਤੇ ਜਾਣ ਦਾ ਨਿਯਮ ਹੈ। ਖੋਬਰਾਡਗੇ ਨੇ ਆਪਣੇ ਨੌਕਰ ਤੋਂ ਪ੍ਰਤੀ ਹਫਤੇ 40 ਘੰਟਿਆਂ ਤੋਂ ਜ਼ਿਆਦਾ ਕੰਮ ਲਿਆ ਅਤੇ ਉਸ ਨੂੰ ਪ੍ਰਤੀ ਘੰਟੇ 9.75 ਡਾਲਰ ਤੋਂ ਘੱਟ ਰਕਮ ਦਿੱਤੀ।



Archive

RECENT STORIES