Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੰਗਾਪੁਰ ਦੇ ‘ਲਿਟਲ ਇੰਡੀਆ’ ਖੇਤਰ ਵਿੱਚ ਸ਼ਰਾਬ ‘ਤੇ ਪੱਕੀ ਪਾਬੰਦੀ

Posted on December 15th, 2013


ਸਿੰਗਾਪੁਰ- ਸਿੰਗਾਪੁਰ ਸਰਕਾਰ ਨੇ ਭਾਰਤੀਆਂ ਦੀ ਬਹੁਤਾਤ ਵਾਲੇ ਇਲਾਕੇ ‘ਲਿਟਲ ਇੰਡੀਆ’ ਵਿੱਚ ਸ਼ਰਾਬ ਪੀਣ ਤੇ ਵੇਚਣ ‘ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਬੀਤੇ ਦਿਨੀਂ ਹੋਏ ਦੰਗੇ ਦੇ ਬਾਵਜੂਦ ਉਹ ਵਿਦੇਸ਼ੀ, ਖਾਸ ਤੌਰ ‘ਤੇ ਏਸ਼ਿਆਈ ਵਰਕਰਾਂ ਨੂੰ ਸੱਦਣ ਵਿੱਚ ਕੰਜੂਸੀ ਨਹੀਂ ਵਰਤੇਗੀ। ਸਿੰਗਾਪੁਰ ਦੇ ਭਾਰਤੀ ਹਾਈ ਕਮਿਸ਼ਨ ਨੇ ਇਥੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਭਾਰਤੀਆਂ ਨੂੰ ਬੇਖੌਫ ਰਹਿਣ ਦਾ ਸੱਦਾ ਦਿੱਤਾ ਹੈ।

ਬੀਤੇ ਦਿਨੀਂ ਇਥੇ ਦੰਗਿਆਂ ਦੇ ਭੜਕਣ ਕਾਰਨ ਵੱਡੀ ਪੱਧਰ ‘ਤੇ ਮਾਲੀ ਨੁਕਸਾਨ ਹੋਇਆ ਹੈ। ਸਰਕਾਰ ਨੇ ਇਨ੍ਹਾਂ ਦੰਗਿਆਂ ਦੇ ਮੱਦੇਨਜ਼ਰ ‘ਲਿਟਲ ਇੰਡੀਆ’ ਵਿੱਚ ਸ਼ਰਾਬ ਪੀਣ ਅਤੇ ਵੇਚਣ ‘ਤੇ ਰੋਕ ਲਾ ਦਿੱਤੀ ਹੈ। ਡਿਪਟੀ ਕਮਿਸ਼ਨਰ ਪੁਲਸ ਟੀ ਰਾਜਾ ਕੁਮਾਰ ਨੇ ਕਿਹਾ ਹੈ ਕਿ ਜੇ ਪਾਬੰਦੀ ਸ਼ੁਦਾ ਇਲਾਕੇ ਵਿੱਚ ਕੋਈ ਸ਼ਰਾਬ ਵੇਚਦਾ ਜਾਂ ਪੀਂਦਾ ਫੜਿਆ ਗਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਬੀਤੇ ਦਿਨੀਂ ਸੜਕ ਹਾਦਸੇ ਵਿੱਚ ਇਕ 33 ਸਾਲਾ ਭਾਰਤੀ ਦੀ ਮੌਤ ਹੋਣ ਮਗਰੋਂ ਇਸ ਇਲਾਕੇ ਵਿੱਚ ਦੰਗੇ ਭੜਕ ਗਏ ਸਨ, ਜਿਸ ਵਿੱਚ 400 ਦੇ ਕਰੀਬ ਏਸ਼ੀਆਈ, ਖਾਸ ਤੌਰ ‘ਤੇ ਭਾਰਤੀ ਕਾਮੇ ਸ਼ਾਮਲ ਸਨ। ਦੰਗਿਆਂ ਕਾਰਨ ਪੁਲਸ ਤੇ ਆਮ ਲੋਕਾਂ ਸਣੇ 39 ਵਿਅਕਤੀ ਫੱਟੜ ਹੋਏ ਤੇ 16 ਪੁਲਸ ਗੱਡੀਆਂ ਸਣੇ 25 ਵਾਹਨ ਫੂਕ ਦਿੱਤੇ ਗਏ ਸਨ।
ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਲੋੜ ਅਨੁਸਾਰ ਏਸ਼ੀਆ ਤੋਂ ਕਾਮੇ ਮੰਗਵਾਉਂਦੀ ਰਹੇਗੀ। ਦੰਗੇ ਹੋਣਾ ਮਾੜੀ ਗੱਲ ਹੈ ਤੇ ਇਹ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ, ਪਰ ਇਸ ਦਾ ਅਰਥ ਇਹ ਨਹੀਂ ਕਿ ਵਿਦੇਸ਼ੀ ਕਾਮਿਆਂ ਦੀ ਆਮਦ ਬੰਦ ਹੋ ਜਾਵੇਗੀ। ਦੰਗਿਆਂ ਦੀ ਹਰ ਵਰਗ ਨੇ ਆਲੋਚਨਾ ਕੀਤੀ ਹੈ। ਇਨ੍ਹਾਂ ਵਿੱਚ ਏਸ਼ੀਆਈ ਵੀ ਸ਼ਾਮਲ ਹਨ।
ਭਾਰਤ ਨੇ ਸਿੰਗਾਪੁਰ ਵਿੱਚ ਵਸੇ ਆਪਣੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਹੜੇ ਲੋਕ ਦੇਸ਼ ਦੇ ਕਾਨੂੰਨ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਦਾ ਵਾਲ ਵਿੰਗਾ ਨਹੀਂ ਹੋਣ ਦਿੱਤਾ ਜਾਵੇਗਾ। ਏਥੇ 31 ਭਾਰਤੀਆਂ ਨੂੰ ਹਿੰਸਾ ਭੜਕਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਮਗਰੋਂ ਇਥੇ ਵਸਦੇ ਭਾਰਤੀ ਖੌਫਜ਼ਦਾ ਹਨ। 




Archive

RECENT STORIES