Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਦੀ ਜਗਰਾਉਂ 'ਚ ਹੋਣ ਵਾਲੀ 'ਫਤਹਿ ਰੈਲੀ' ਮੁਲਤਵੀ-ਮੌਸਮ ਦੀ ਖਰਾਬੀ ਨੂੰ ਦਸਿਆ ਕਾਰਨ

Posted on December 17th, 2013

<p>Next 5 days weather in Punjab shows weather is perfect.</p>


ਜਗਰਾਉਂ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਦੀ ਆਮਦ ਨੂੰ ਲੈ ਕੇ ਅਕਾਲੀ-ਭਾਜਪਾ ਗੱਠਜੋੜ ਵੱਲੋਂ ਜਗਰਾਉਂ 'ਚ ਕੀਤੀ ਜਾਣ ਵਾਲੀ ਰਾਜ ਪੱਧਰੀ 'ਫਤਹਿ ਰੈਲੀ' ਦੇ ਜੰਗੀ ਪੱਧਰ 'ਤੇ ਚੱਲ ਕਾਰਜਾਂ ਨੂੰ ਇਕਦਮ ਬਰੇਕਾਂ ਲੱਗ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਆਉਂਦੇ ਦਿਨਾਂ ਵਿਚ ਪੰਜਾਬ ਵਿਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਰੈਲੀ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। 

ਸੂਤਰਾਂ ਅਨੁਸਾਰ ਇਹ ਰੈਲੀ ਹੁਣ ਫਰਵਰੀ ਵਿਚ ਕੀਤੀ ਜਾਵੇਗੀ, ਜਿਸ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਮੁੱਖ ਦਫਤਰ ਤੋਂ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਅਗਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿਚ ਮੌਸਮ ਖਰਾਬ ਰਹਿਣ ਅਤੇ 21 ਦਸੰਬਰ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਇਹ ਮਹਿਸੂਸ ਕੀਤਾ ਗਿਆ ਕਿ ਸੰਘਣੀ ਧੁੰਦ ਅਤੇ ਬਾਰਿਸ਼ ਕਾਰਨ ਲੋਕਾਂ ਲਈ ਸਫਰ ਕਰਨਾ ਬਹੁਤ ਮੁਸ਼ਕਿਲ ਹੋਵੇਗਾ ਅਤੇ ਇਸ ਤੋਂ ਇਲਾਵਾ ਸ੍ਰੀ ਨਰਿੰਦਰ ਮੋਦੀ ਅਤੇ ਐਨ. ਡੀ. ਏ. ਦੇ ਹੋਰ ਨੇਤਾਵਾਂ ਲਈ ਹਵਾਈ ਸਫਰ ਮੁਸ਼ਕਿਲ ਹੋਵੇਗਾ। ਇਸ ਲਈ ਇਹ ਰੈਲੀ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੈਲੀ ਦੀਆਂ ਤਿਆਰੀਆਂ ਲਈ ਸੰਗਰੂਰ, ਜਗਰਾੳਂ ਅਤੇ ਜਲੰਧਰ ਵਿਚ ਰੱਖੀਆਂ ਵਰਕਰਾਂ ਦੀਆਂ ਮੀਟਿੰਗਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। 

ਰੈਲੀ ਦੀਆਂ ਤਿਆਰੀਆਂ ਪੂਰੀ ਜੰਗੀ ਪੱਧਰ 'ਤੇ ਜਾਰੀ ਸਨ ਅਤੇ ਰੈਲੀ ਦੇ ਪੰਡਾਲ 'ਚ ਬਣ ਰਹੀ ਬੁਲੇਟ ਪਰੂਫ ਸਟੇਜ, ਪੰਡਾਲ ਅਤੇ ਪਾਰਕਿੰਗਾਂ ਦਾ ਕੰਮ ਪੂਰੀ ਤੇਜੀ ਨਾਲ ਜਾਰੀ ਸੀ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਬਾਹਰਲੇ ਜ਼ਿਲਿਆਂ ਤੋਂ 7 ਹਜ਼ਾਰ ਦੇ ਕਰੀਬ ਪੰਜਾਬ ਪੁਲਿਸ, ਆਈ. ਆਰ. ਬੀ. ਅਤੇ ਕਮਾਂਡੋ ਫੋਰਸ ਦੇ ਜਵਾਨ ਪੁੱਜ ਚੁੱਕੇ ਸਨ। ਇਸ ਰੈਲੀ ਦੀਆਂ ਤਿਆਰੀਆਂ ਦੇ ਕੰਮ ਨੂੰ ਇਕਦਮ ਬਰੇਕ ਲੱਗਣ ਤੋਂ ਬਾਅਦ ਜਿਥੇ ਸੁਰੱਖਿਆ ਮੁਲਾਜ਼ਮਾਂ ਨੇ ਵਾਪਸ ਜਾਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ, ਉਥੇ ਇਕਦਮ ਰੈਲੀ ਵਾਲੀ ਥਾਂ 'ਤੇ ਬਣੇ ਅਕਾਲੀ ਦਲ ਅਤੇ ਭਾਜਪਾ ਦੇ ਵੱਖਰੇ-ਵੱਖਰੇ ਦਫ਼ਤਰਾਂ 'ਚੋਂ ਵੀ ਰੌਣਕਾਂ ਗਾਇਬ ਹੋ ਗਈਆਂ। ਇਸ ਤੋਂ ਇਲਾਵਾ ਰੈਲੀ ਵਾਲੀ ਥਾਂ 'ਤੇ ਪੁੱਜੀਆਂ ਹਜ਼ਾਰਾਂ ਕੁਰਸੀਆਂ ਸਮੇਤ ਹੋਰ ਸਮਾਨ ਨੂੰ ਵੀ ਮਜ਼ਦੂਰਾਂ ਵੱਲੋਂ ਸਮੇਟਣਾ ਸ਼ੁਰੂ ਕਰ ਦਿੱਤਾ ਗਿਆ। 

ਰੈਲੀ ਦੇ ਹੁਣ ਤੱਕ ਹੋਏ ਪ੍ਰਬੰਧਾਂ ਬਾਰੇ ਦੇਖਿਆ ਜਾਵੇ ਤਾਂ 70 ਤੋਂ 80 ਫੀਸਦੀ ਪ੍ਰਬੰਧ ਤਕਰੀਬਨ ਮੁਕੰਮਲ ਹੋ ਚੁੱਕੇ ਸਨ ਅਤੇ ਮੁੱਖ ਮਾਰਗ ਨੂੰ ਨਰਿੰਦਰ ਮੋਦੀ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਆਗੂਆਂ ਦੀਆਂ ਤਸਵੀਰਾਂ ਵਾਲੇ ਵੱਡੇ ਬੈਨਰਾਂ ਤੇ ਝੰਡੀਆਂ ਨਾਲ ਸਜਾ ਦਿੱਤਾ ਗਿਆ ਸੀ ਤੇ ਮੁੱਖ ਮਾਰਗ 'ਤੇ ਰੈਲੀ ਵਾਲੀ ਥਾਂ ਦੇ ਨੇੜੇ ਪੰਜ ਵੱਡੇ ਗੇਟਾਂ ਨੂੰ ਵੀ ਤਿਆਰ ਕਰਨ ਦਾ ਕੰਮ ਚੱਲ ਰਿਹਾ ਸੀ। ਰੈਲੀ ਵਾਲੀ ਥਾਂ 'ਤੇ ਮੌਜੂਦ ਸਾਬਕਾ ਲੋਕ ਸਭਾ ਮੈਂਬਰ ਅਮਰੀਕ ਸਿੰਘ ਆਲੀਵਾਲ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਪਰਮਜੀਤ ਸਿੰਘ ਸਿੱਧਵਾਂ ਅਤੇ ਵਿਧਾਇਕ ਐਸ. ਆਰ. ਕਲੇਰ ਨੇ ਸਿਰਫ ਇਹੀ ਕਿਹਾ ਕਿ ਰੈਲੀ ਦੇ ਮੁਲਤਵੀ ਹੋਣ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਤਾਂ ਹੈ ਪਰ ਅਜੇ ਇਸ ਬਾਰੇ ਉਹ ਆਪਣੇ ਪੱਧਰ 'ਤੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਕਿੰਗਾਂ ਬਣਾਉਣ ਲਈ ਜਿਹੜੀ ਜ਼ਮੀਨ ਕਿਸਾਨਾਂ ਤੋਂ ਲਈ ਗਈ ਸੀ, ਉਸ ਦੇ ਮੁਆਵਜ਼ੇ ਦੇ ਹੁਣ ਤੱਕ 32 ਲੱਖ ਰੁਪਏ ਦਿੱਤੇ ਜਾ ਚੁੱਕੇ ਸਨ ਪਰ ਹੁਣ ਫੋਨ ਆਉਣ 'ਤੇ ਹੋਰ ਕਿਸਾਨਾਂ ਨੂੰ ਇਹ ਰਾਸ਼ੀ ਵੀ ਦੇਣੀ ਬੰਦ ਕਰ ਦਿੱਤੀ ਗਈ ਹੈ।



Archive

RECENT STORIES