Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਰੈਲੀ: ਪੰਜਾਬ ਸਰਕਾਰ ਨੇ ਕਰੋੜਾਂ ਖਰਚ ਕੇ ਹਾਰ ਖਾਧੀ

Posted on December 18th, 2013

ਜਗਰਾਉਂ -ਨਰਿੰਦਰ ਮੋਦੀ ਦੀ ਫ਼ਤਿਹ ਰੈਲੀ ਪਾਰਟੀ ਵੱਲੋਂ ਅਣਮਿਥੇ ਸਮੇਂ ਲਈ ਅੱਗੇ ਪਾਉਣ ਮਗਰੋਂ ਜਿੱਥੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਉੱਥੇ ਪੁਲੀਸ,ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਮਨਾਂ ਵਿੱਚ ਰੈਲੀ ਮੁਲਤਵੀ ਹੋਣ ਦਾ ਚਾਅ ਹੈ। ਰੈਲੀ ਰੱਦ ਹੋਣ ਦੀ ਖਬਰ ਨਾਲ ਪੁਲੀਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਚਿਹਰਿਆਂ ਉੱਪਰ ਰੌਣਕ ਦਿਖਾਈ ਦੇਣ ਲੱਗੀ ਹੈ। ਠੰਢ ਦੀ ਜਕੜ ਵਧਣ ਕਾਰਨ ਰੈਲੀ ਦੇ ਪ੍ਰਬੰਧਾਂ ਲਈ ਦਿਨ-ਰਾਤ ਇੱਕ ਕਰ ਰਿਹਾ ਸਰਕਾਰੀ ਅਮਲਾ ਅੰਦਰਖਾਤੇ ਖੁਸ਼ੀ ਵਿੱਚ ਖੀਵਾ ਹੋ ਰਿਹਾ ਹੈ। ਰੈਲੀ ਨੂੰ ਲੈ ਕੇ ਸੜਕਾਂ ਕਿਨਾਰੇ ਬੈਠੇ ਰੇਹੜੀ-ਫੜ੍ਹੀ ਵਾਲੇ ਵੀ ਖੁਸ਼ ਹਨ, ਕਿਉਂਕਿ ਪੁਲੀਸ ਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ 21 ਦਸੰਬਰ ਤੱਕ ਛੁੱਟੀਆਂ ਮਨਾਉਣ ਦੇ ਹੁਕਮ ਦੇ ਦਿੱਤੇ ਸਨ। 

ਜਗਰਾਉਂ ਸ਼ਹਿਰ ਨੂੰ ਬਾਕੀ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨੂੰ ਜੋੜਨ ਵਾਲੇ ਮਾਰਗਾਂ ਉੱਪਰ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਪੁਲੀਸ ਆਮ ਲੋਕਾਂ ਨੂੰ ਸੁਰੱਖਿਆ ਅਤੇ ਤਲਾਸ਼ੀਆਂ ਲਈ ਪ੍ਰੇਸ਼ਾਨ ਕਰ ਰਹੀ ਸੀ, ਜਿਸ ਕਾਰਨ ਹਰ ਰੋਜ਼ ਸ਼ਹਿਰ ਨੂੰ ਆਉਣ ਵਾਲੇ ਕਿਸਾਨ, ਮਜ਼ਦੂਰ, ਨੌਕਰੀਪੇਸ਼ਾ ਅਤੇ ਵਿਦਿਆਰਥੀਆਂ ਨੂੰ ਘੰਟਿਆਂਬੱਧੀ ਅਜਿਹੇ ਨਾਕਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਰੈਲੀ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪ੍ਰਸ਼ਾਸਨਿਕ ਅਮਲਾ, ਪੁਲੀਸ, ਨਹਿਰੀ ਵਿਭਾਗ, ਮਾਲ ਵਿਭਾਗ, ਪਾਵਰਕਾਮ ਅਜਿਹੇ ਅਣ-ਗਿਣਤ ਅਦਾਰੇ ਇਸ ਰੈਲੀ ਨੂੰ ਸਫਲ ਕਰਨ ਲਈ ਸਰਕਾਰ ਵੱਲੋਂ ਸਖਤ ਹਦਾਇਤਾਂ ਰਾਹੀਂ ਇੱਥੇ ਝੋਕੇ ਹੋਏ ਸਨ। ਲੱਖਾਂ ਰੁਪਿਆਂ ਦਾ ਸੀਮਿੰਟ,ਰੇਤਾ,ਇੱਟਾਂ ਰੈਲੀ ਲਈ ਬਣ ਰਹੀਆਂ ਵੱਖ-ਵੱਖ ਤਿੰਨ ਸਟੇਜਾਂ ਉੱਪਰ ਲਗਾਇਆ ਜਾ ਰਿਹਾ ਸੀ ਅਤੇ ਲੋਕਾਂ ਦੇ ਬੈਠਣ ਲਈ 96 ਏਕੜ ‘ਚ ਦਰੀਆਂ, ਮੈਟ ਵਿਛਾਉਣ ਅਤੇ ਇਸ ਪੰਡਾਲ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡਣ ਲਈ ਲੱਖਾਂ ਰੁਪਿਆਂ ਦਾ ਪ੍ਰਾਈਵੇਟ ਅਦਾਰਿਆਂ ਨੂੰ ਠੇਕਾ ਦਿੱਤਾ ਗਿਆ ਸੀ। ਰੋਜ਼ਾਨਾ ਵੱਖ-ਵੱਖ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਲਈ ਸਰਕਾਰੀ ਅਤੇ ਗੈਰ-ਸਰਕਾਰੀ ਸਾਧਨਾਂ ਰਾਹੀਂ ਲੱਖਾਂ ਰੁਪਿਆਂ ਦਾ ਬੇ-ਹਿਸਾਬਾ ਡੀਜ਼ਲ, ਪੈਟਰੋਲ ਫੂਕ ਕੇ ਅਫ਼ਸਰ ਤੇ ਲੀਡਰ ਚੰਡੀਗੜ੍ਹੋਂ ਜਗਰਾਉਂ ਆਉਂਦੇ ਸਨ। ਇੱਕ ਵਾਰੀ ਤਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਪਹੁੰਚੇ ਸਨ। ਕੁੱਲ ਮਿਲਾ ਕੇ ਐਨ.ਡੀ.ਏ ਦੀ ਇਹ ਰੈਲੀ ਰੱਦ ਹੋ ਕੇ ਵੀ ਪੰਜਾਬ ਦੇ ਲੋਕਾਂ ਦਾ ਕਰੋੜਾਂ ਰੁਪਿਆ ਇੱਧਰ-ਉੱਧਰ ਕਰ ਗਈ।



Archive

RECENT STORIES