Posted on December 22nd, 2013

<p>ਆਨਲਾਈਨ ਵਿਕਰੀ ਲਈ ਲਾਈ ਮੱਝ ਦੀ ਤਸਵੀਰ<br></p>
ਚਰਨਜੀਤ ਭੁੱਲਰ
ਬਠਿੰਡਾ: ਮੱਝ ਖਰੀਦਣ ਵਾਸਤੇ ਪਸ਼ੂ ਮੰਡੀ ਜਾਣ ਦੀ ਲੋੜ ਨਹੀਂ ਹੈ। ਹੁਣ ਮੱਝ ਤਾਂ ਕੀ, ਭੇਡ ਬੱਕਰੀ ਤੱਕ ਤੁਸੀਂ ਘਰ ਬੈਠੇ ਖਰੀਦ ਸਕਦੇ ਹੋ। ਆਨਲਾਈਨ ਸ਼ਾਪਿੰਗ ਤਹਿਤ ਮੱਝਾਂ ਦੀ ਵੀ ਆਨਲਾਈਨ ਖਰੀਦੋ ਫਰੋਖਤ ਹੋਣ ਲੱਗੀ ਹੈ। ਨਵੇਂ ਜ਼ਮਾਨੇ ਵਿੱਚ ਤੁਸੀਂ ਦਲਾਲਾਂ ’ਤੇ ਬਿਨਾਂ ਕੋਈ ਧੇਲਾ ਖਰਚ ਕੀਤੇ ਆਪਣੇ ਪਸ਼ੂ ਖਰੀਦ ਵੇਚ ਸਕਦੇ ਹੋ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਮਲਕੀਤ ਸਿੰਘ ਨੇ ਆਨਲਾਈਨ ਹੀ ਆਪਣੀ ਮੱਝ 85 ਹਜ਼ਾਰ ਰੁਪਏ ਵਿੱਚ ਵੇਚ ਦਿੱਤੀ ਹੈ। ਮਲਕੀਤ ਸਿੰਘ ਦੱਸਦਾ ਹੈ ਕਿ ਉਸ ਨੇ ਆਨਲਾਈਨ ਹੀ ਆਪਣੇ ਮੱਝ ਦੀ ਤਸਵੀਰ ਤੇ ਕੀਮਤ ਦੇ ਦਿੱਤੀ ਸੀ। ਜਾਖਲ ਦੇ ਵਪਾਰੀਆਂ ਨੇ ਪਹਿਲਾਂ ਫੋਨ ’ਤੇ ਸੰਪਰਕ ਕੀਤਾ ਤੇ ਮਗਰੋਂ ਘਰ ਆ ਕੇ ਮੱਝ ਖਰੀਦ ਲਈ। ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਝੰਜਟ ਤੋਂ ਮੱਝ ਵਿਕ ਗਈ ਹੈ ਅਤੇ ਕਿਧਰੇ ਵੀ ਕੋਈ ਪੈਸਾ ਖ਼ਰਚ ਨਹੀਂ ਕਰਨਾ ਪਿਆ। ਬਠਿੰਡਾ ਦੇ ਇੱਕ ਵਿਅਕਤੀ ਨੇ ਵੀ ਆਪਣੀ ਮੱਝ ਆਨਲਾਈਨ ਵਿਕਰੀ ’ਤੇ ਲਾਈ ਹੋਈ ਹੈ। ਉਸ ਨੇ ਆਪਣੀ ਮੱਝ ਦੀ ਤਾਰੀਫ਼ ਵਿੱਚ ਕਾਫ਼ੀ ਕੁਝ ਲਿਖਿਆ ਹੋਇਆ ਹੈ।
ਫ਼ਰੀਦਕੋਟ ਦੇ ਗਿੱਲ ਸ਼ਿੰਦਰ ਨੇ ਆਪਣੀ ਮੱਝ ਦਾ ਮੁੱਲ 2 ਲੱਖ ਰੁਪਏ ਰੱਖਿਆ ਹੈ। ਉਸ ਨੇ ਆਨਲਾਈਨ ਆਪਣੀ ਮੱਝ ਦੀ ਤਾਰੀਫ਼ ਕੀਤੀ ਹੈ ਕਿ ਉਸ ਦੀ ਨੀਲੀ ਰਾਵੀ ਨਸਲ ਦੀ ਮੱਝ ਜ਼ਿਲ੍ਹਾ ਮੁਕਤਸਰ ਵਿੱਚੋਂ ਚੈਂਪੀਅਨ ਰਹਿ ਚੁੱਕੀ ਹੈ। ਅੰਮ੍ਰਿਤਸਰ ਦੇ ਕਿਸਾਨ ਜਤਿੰਦਰ ਸਿੰਘ ਨੇ ਆਪਣੀ ਮੱਝ ਦਾ ਮੁੱਲ 75 ਹਜ਼ਾਰ ਰੁਪਏ ਮੰਗਿਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਆਨਲਾਈਨ ਮੱਝ ਦੀ ਤਸਵੀਰ ਹੋਣ ਕਰਕੇ ਕਾਫ਼ੀ ਗਾਹਕਾਂ ਦੇ ਫੋਨ ਉਸ ਕੋਲ ਆ ਚੁੱਕੇ ਹਨ।
ਪੰਜਾਬ ਦੇ ਕਰੀਬ 16 ਕਿਸਾਨਾਂ ਨੇ ਆਪੋ-ਆਪਣੀ ਮੱਝ ਦੀ ਵਿਕਰੀ ਬਾਰੇ ਆਨਲਾਈਨ ਤਸਵੀਰ ਪਾਈ ਹੋਈ ਹੈ। ਭਾਰਤ ਵਿੱਚੋਂ ਕੁੱਲ 352 ਵਿਅਕਤੀ ਆਪੋ-ਆਪਣੀ ਮੱਝ ਵੇਚਣੀ ਚਾਹੁੰਦੇ ਹਨ ਜਿਨ੍ਹਾਂ ਵਿੱਚ ਹਰਿਆਣਾ ਦੇ 45, ਯੂ.ਪੀ ਦੇ 45, ਰਾਜਸਥਾਨ ਦੇ 20 ਅਤੇ ਗੁਜਰਾਤ ਦੇ 28 ਕਿਸਾਨ ਆਨਲਾਈਨ ਮੱਝ ਵੇਚਣ ਦੇ ਇੱਛੁਕ ਹਨ। ਪਸ਼ੂ ਮੇਲਿਆਂ ਦੇ ਕਾਰੋਬਾਰੀ ਠੇਕੇਦਾਰ ਬੱਬੂ ਦਾਨੇਵਾਲੀਆ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਵਧਦਾ ਹੈ ਤਾਂ ਭਵਿੱਖ ਵਿੱਚ ਸਰਕਾਰ ਨੰੂ ਪਸ਼ੂ ਮੇਲ਼ਿਆ ਤੋਂ ਹੋਣ ਵਾਲੀ ਕਮਾਈ ਨੂੰ ਵੀ ਸੱਟ ਵੱਜ ਸਕਦੀ ਹੈ। ਪਸ਼ੂ ਮੇਲਿਆਂ ਵਿੱਚ ਤਾਂ ਕਿਸਾਨਾਂ ਤੇ ਵਪਾਰੀਆਂ ਨੂੰ ਖ਼ਰੀਦੋ-ਫਰੋਖਤ ਲਈ ਸਰਕਾਰੀ ਫ਼ੀਸ ਵੀ ਤਾਰਨੀ ਪੈਂਦੀ ਹੈ। ਪਿੰਡ ਕੋਟਗੁਰੂ ਦੇ ਪਾਰਖੂ ਅੰਗਰੇਜ਼ ਸਿੰਘ ਵਿੱਕੀ ਦਾ ਕਹਿਣਾ ਹੈ ਕਿ ਪਸ਼ੂ ਨੂੰ ਵੇਖੇ ਬਿਨਾਂ ਸੌਦਾ ਕਰਨਾ ਲਾਹੇ ਵਾਲਾ ਨਹੀਂ ਹੋ ਸਕਦਾ ਹੈ।
ਹੁਣ ਭੇਡਾਂ ਬੱਕਰੀਆਂ ਦੀ ਖਰੀਦੋ ਫਰੋਖਤ ਵੀ ਆਨਲਾਈਨ ਸ਼ੁਰੂ ਹੋ ਗਈ ਹੈ। ਪੰਜਾਬ ਦੇ 10 ਵਿਅਕਤੀਆਂ ਨੇ ਆਪੋ-ਆਪਣੀ ਬੱਕਰੀ ਵੇਚਣ ਲਈ ਬੱਕਰੀ ਦੀ ਆਨਲਾਈਨ ਤਸਵੀਰ ਪਾਈ ਹੋਈ ਹੈ। ਮਲੋਟ ਦੇ ਇੱਕ ਵਿਅਕਤੀ ਨੇ ਆਪਣੀ ਬੱਕਰੀ ਦਾ ਮੁੱਲ 14 ਹਜ਼ਾਰ ਮੰਗਿਆ ਹੈ ਜਦੋਂਕਿ ਬਠਿੰਡਾ ਦੇ ਇੱਕ ਵਿਅਕਤੀ ਨੇ ਆਪਣੀ ਡੇਢ ਸਾਲ ਦੀ ਬੱਕਰੀ ਦਾ ਕੀਮਤ 8 ਹਜ਼ਾਰ ਰੁਪਏ ਲਿਖੀ ਹੈ। ਪੰਜਾਬ ਦੇ ਤਿੰਨ ਵਿਅਕਤੀਆਂ ਨੇ ਆਪੋ-ਆਪਣੀ ਭੇਡ ਦੀ ਤਾਰੀਫ਼ ਵਿੱਚ ਆਨਲਾਈਨ ਲਿਖਿਆ ਹੋਇਆ ਹੈ। ਆਨਲਾਈਨ ਸ਼ਾਪਿੰਗ ਕਾਫ਼ੀ ਪ੍ਰਚਲਿਤ ਹੋ ਗਈ ਹੈ ਅਤੇ ਕਾਫ਼ੀ ਸਮੇਂ ਤੋਂ ਕੁੱਤਿਆਂ ਦੀ ਸ਼ਾਪਿੰਗ ਵੀ ਆਨਲਾਈਨ ਹੀ ਚੱਲ ਰਹੀ ਸੀ ਪਰ ਹੁਣ ਮੱਝਾਂ ਦੀ ਖਰੀਦੋ ਫਰੋਖਤ ਨਵਾਂ ਰੁਝਾਨ ਹੈ।
ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਇੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਜੇ ਆਨਲਾਈਨ ਖਰੀਦੋ ਫਰੋਖਤ ਦਾ ਰੁਝਾਨ ਵਧਦਾ ਹੈ ਤਾਂ ਇਸ ਨਾਲ ਕਿਸਾਨਾਂ ਨੂੰ ਮਾਲੀ ਫਾਇਦਾ ਪੁੱਜੇਗਾ ਅਤੇ ਵਿਚੋਲਿਆਂ ਦੇ ਹੱਥ ਵਿੱਚ ਜਾਣ ਵਾਲਾ ਪੈਸਾ ਉਨ੍ਹਾਂ ਨੂੰ ਮਿਲ ਸਕੇਗਾ। ਉਨ੍ਹਾਂ ਆਖਿਆ ਕਿ ਵਪਾਰੀਆਂ ਦਾ ਵੀ ਇਸ ਤਰੀਕੇ ਨਾਲ ਕਿਸਾਨਾਂ ਨਾਲ ਸਿੱਧਾ ਸੰਪਰਕ ਹੋ ਜਾਂਦਾ ਹੈ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਚੰਗੀ ਨਸਲ ਦੇ ਪਸ਼ੂਆਂ ਦੀ ਕੀਮਤ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026