Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਮਸ਼ੇਰ ਸਿੰਘ ਨੇ 18 ਸਾਲਾਂ ਦੇ ਲੰਮੇ ਅਰਸੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ

Posted on January 2nd, 2014

<p>ਸ਼ਮਸ਼ੇਰ ਸਿੰਘ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋ ਕੇ ਆਉਂਦਾ ਹੋਇਆ। <br></p>



ਅੰਮ੍ਰਿਤਸਰ- ਬੇਅੰਤ ਸਿੰਘ ਕਤਲ ਮਾਮਲੇ ’ਚ ਸਜ਼ਾ ਭੁਗਤ ਰਹੇ ਸ਼ਮਸ਼ੇਰ ਸਿੰਘ ਨੇ 18 ਸਾਲਾਂ ਦੇ ਲੰਮੇ ਅਰਸੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ।

ਜ਼ਿਕਰਯੋਗ ਹੈ ਕਿ ਸ਼ਮਸ਼ੇਰ ਸਿੰਘ ਹਾਲ ਹੀ ਵਿੱਚ ਪੈਰੋਲ ’ਤੇ ਰਿਹਾਅ ਹੋ ਕੇ ਆਇਆ ਹੈ। ਸ਼ਮਸ਼ੇਰ ਸਿੰਘ ਉਨ੍ਹਾਂ ਸਿੱਖ ਕੈਦੀਆਂ ਵਿੱਚ ਸ਼ਾਮਲ ਹੈ, ਜਿਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਗੁਰਬਖਸ਼ ਸਿੰਘ ਨੇ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ 44 ਦਿਨ ਭੁੱਖ ਹੜਤਾਲ ਰੱਖੀ ਸੀ। ਇਸ ਮੌਕੇ ਗੱਲ ਕਰਦਿਆਂ ਉਸ ਨੇ ਦੱਸਿਆ ਕਿ ਉਹ 18 ਸਾਲਾਂ ਬਾਅਦ ਬੁੜੈਲ ਜੇਲ੍ਹ ਤੋਂ ਪੈਰੋਲ ’ਤੇ ਰਿਹਾਅ ਹੋਇਆ ਹੈ ਅਤੇ ਸ਼ੁਕਰਾਨੇ ਵਜੋਂ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਸ ਨੇ ਦੱਸਿਆ ਕਿ ਲੰਮੇ ਅਰਸੇ ਬਾਅਦ ਗੁਰੂਘਰ ਆਉਣ ਦਾ ਮੌਕਾ ਮਿਲਿਆ ਹੈ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਸੁੱਖ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਰਿਹਾਈ ਦੀ ਕੋਈ ਆਸ ਨਹੀਂ ਸੀ, ਪਰ ਗੁਰਬਖਸ਼ ਸਿੰਘ ਵੱਲੋਂ ਕੀਤੀ ਭੁੱਖ ਹੜਤਾਲ ਸਦਕਾ ਉਸ ਸਮੇਤ ਚਾਰ ਸਿੱਖ ਕੈਦੀ ਪੈਰੋਲ ’ਤੇ ਰਿਹਾਅ ਹੋਏ ਹਨ। ਉਸ ਨੇ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਜ਼ਾਵਾਂ ਭੁਗਤ ਚੁੱਕੇ ਸਮੂਹ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ ਉਸ ਨੇ ਰਿਹਾਈ ਲਈ ਗੁਰਬਖਸ਼ ਸਿੰਘ ਸਮੇਤ ਸ਼੍ਰੋਮਣੀ ਕਮੇਟੀ, ਪੰਜਾਬ ਸਰਕਾਰ ਤੇ ਅਕਾਲ ਤਖ਼ਤ ਦੇ ਜਥੇਦਾਰ ਦਾ ਵੀ ਧੰਨਵਾਦ ਕੀਤਾ। ਸ਼ਮਸ਼ੇਰ ਸਿੰਘ ਨੇ ਮਗਰੋਂ ਪਰਿਵਾਰ ਸਮੇਤ ਲੰਗਰ ਵੀ ਛਕਿਆ। ਇਸ ਮੌਕੇ ਸਤਵਿੰਦਰ ਸਿੰਘ ਰਾਗੀ ਤੇ ਹੋਰਨਾਂ ਵੱਲੋਂ ਉਸ ਨੂੰ ਸਿਰੋਪਾਓ ਵੀ ਦਿੱਤਾ ਗਿਆ। 



Archive

RECENT STORIES