Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਘਰ ਬੈਠੇ ਹੀ ਹੁਣ ਆਨਲਾਈਨ ਮਿਲੇਗਾ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ

Posted on January 2nd, 2014


ਅੰਮ੍ਰਿਤਸਰ- ਦੇਸ਼-ਵਿਦੇਸ਼ ’ਚ ਬੈਠੇ ਸਿੱਖ ਸ਼ਰਧਾਲੂਆਂ ਨੂੰ ਹੁਣ ਘਰ ਬੈਠੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ ਮਿਲ ਸਕਦਾ ਹੈ। ਇਹ ਸੇਵਾ ਇਕ ਆਨਲਾਈਨ ਕੰਪਨੀ ਵੱਲੋਂ ਸ਼ੁਰੂ ਕੀਤੀ ਗਈ ਹੈ, ਜੋ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਸਮੇਤ ਦੇਸ਼ ਦੇ 50 ਸ਼ਹਿਰਾਂ ਵਿੱਚੋਂ ਹਿੰਦੂ ਧਾਰਮਿਕ ਅਸਥਾਨਾਂ ਤੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਤੇ ਹੋਰ ਸਬੰਧਤ ਧਾਰਮਿਕ ਸਮੱਗਰੀ ਉਨ੍ਹਾਂ ਦੀ ਮੰਗ ਅਨੁਸਾਰ ਘਰ ਤਕ ਪੁੱਜਦੀ ਕਰ ਰਹੀ ਹੈ। ਉਧਰ ਸ਼੍ਰੋਮਣੀ ਕਮੇਟੀ ਨੇ ਗੁਰੂਘਰ ਦਾ ਪ੍ਰਸ਼ਾਦ ਭੇਜਣ ਦੀ ਇਸ ਵਿਧੀ ਨੂੰ ਸਿੱਖ ਧਰਮ ਦੀ ਮਰਿਆਦਾ ਦੇ ਉਲਟ ਕਰਾਰ ਦਿੱਤਾ ਹੈ।

ਆਨਲਾਈਨ ਪ੍ਰਸ਼ਾਦ ਡਾਟ ਕਾਮ ਨਾਂ ਦੀ ਦੱਖਣੀ ਭਾਰਤ ਦੀ ਇਹ ਕੰਪਨੀ ਹੁਣ ਤਕ ਹਜ਼ਾਰਾਂ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮੰਗ ’ਤੇ ਵੱਖ-ਵੱਖ ਮੰਦਰਾਂ ਤੋਂ ਪ੍ਰਸ਼ਾਦ ਤੇ ਹੋਰ ਧਾਰਮਿਕ ਚਿੰਨ੍ਹ ਭੇਜ ਚੁੱਕੀ ਹੈ। ਇਸ ਕੰਪਨੀ ਵੱਲੋਂ ਪਿਛਲੇ ਲਗਪਗ ਤਿੰਨ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪਿੰਨੀ ਪ੍ਰਸ਼ਾਦ, ਅਸ਼ਟ ਧਾਤੂ ਦਾ ਕੜਾ ਤੇ ਗੁਰੂਆਂ ਦੀਆਂ ਤਸਵੀਰਾਂ ਸ਼ਰਧਾਲੂਆਂ ਦੀ ਮੰਗ ਮੁਤਾਬਕ ਭੇਜੀਆਂ ਜਾ ਰਹੀਆਂ ਹਨ। ਕੰਪਨੀ ਵੱਲੋਂ ਪਿੰਨੀ ਪ੍ਰਸ਼ਾਦ ਭੇਜਣ ਲਈ ਸ਼ਰਧਾਲੂਆਂ ਕੋਲੋਂ ਘੱਟੋ-ਘੱਟ 501 ਰੁਪਏ ਵਸੂਲ ਕੀਤੇ ਜਾਂਦੇ ਹਨ, ਜਿਸ ’ਚ 4 ਪਿੰਨੀ ਪ੍ਰਸ਼ਾਦ ਦੇ ਪੈਕੇਟ, ਇਕ ਕੰਘਾ, ਲਾਕਟ ਤੇ ਗੁਰੂਆਂ ਦੀ ਤਸਵੀਰ ਇੱਕ ਖਾਸ ਢੰਗ ਨਾਲ ਪੈਕੇਟ ਬਣਾ ਕੇ ਡਾਕ ਜਾਂ ਕੁਰੀਅਰ ਰਾਹੀਂ ਭੇਜੇ ਜਾਂਦੇ ਹਨ। ਇਸੇ ਤਰ੍ਹਾਂ 751 ਰੁਪਏ ਦੇ ਪੈਕੇਟ ਵਿੱਚ ਪਿੰਨੀ ਪ੍ਰਸ਼ਾਦ ਦੇ 4 ਪੈਕੇਟਾਂ ਸਮੇਤ ਅਸ਼ਟ ਧਾਤੂ ਦਾ ਕੜਾ ਵੀ ਸ਼ਾਮਲ ਹੈ।

ਇਸ ਸਬੰਧੀ ਗੱਲ ਕਰਦਿਆਂ ਆਨਲਾਈਨ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਗੁੰਜਨ ਮੱਲ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਹਰਿਮੰਦਰ ਸਾਹਿਬ ਤੋਂ ਇਲਾਵਾ ਮਾਤਾ ਵੈਸ਼ਨੋ ਦੇਵੀ, ਸ਼ਿਰਡੀ ਸਾਈਂ ਮੰਦਰ, ਜਗਨਨਾਥ ਪੁਰੀ, ਸ੍ਰੀ ਵੈਂਕੇਟੇਸ਼ਵਰ ਮੰਦਰ ਸਮੇਤ ਹੋਰ ਪ੍ਰਸਿੱਧ ਮੰਦਰਾਂ ਤੋਂ ਆਪਣੇ ਖਪਤਕਾਰਾਂ ਨੂੰ ਪ੍ਰਸ਼ਾਦ ਤੇ ਧਾਰਮਿਕ ਚਿੰਨ੍ਹ ਭੇਜੇ ਜਾ ਰਹੇ ਹਨ। ਬੈਂਗਲੁਰੂ ਵਾਸੀ ਗੁੰਜਨ ਮੱਲ ਨੇ ਦੱਸਿਆ ਕਿ ਇਹ ਸਮੱਗਰੀ ਭਾਰਤ ਵਿਚਲੇ ਸ਼ਹਿਰਾਂ ਵਿੱਚ ਸ਼ਰਧਾਲੂਆਂ ਕੋਲ ਇਕ ਹਫ਼ਤੇ ਵਿੱਚ ਅਤੇ ਵਿਦੇਸ਼ਾਂ ਵਿੱਚ ਦੋ ਹਫ਼ਤੇ ’ਚ ਪੁੱਜ ਜਾਂਦੀ ਹੈ। ਇਸ ਸਬੰਧ ਵਿੱਚ ਉਨ੍ਹਾਂ ਦੀ ਕੰਪਨੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨੁਮਾਇੰਦੇ ਹਨ, ਜੋ ਸਬੰਧਤ ਧਾਰਮਿਕ ਅਸਥਾਨ ਤੋਂ ਉਥੋਂ ਦੀ ਮਰਿਆਦਾ ਮੁਤਾਬਕ ਇਹ ਸਮੱਗਰੀ ਲੈਣ ਮਗਰੋਂ ਸ਼ਰਧਾਲੂਆਂ ਨੂੰ ਭੇਜ ਦਿੰਦੇ ਹਨ।

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਲਮੇਘ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਪਿੰਨੀ ਪ੍ਰਸ਼ਾਦ ਭੇਜਣ ਦੀ ਇਸ ਵਿਧੀ ’ਤੇ ਇਤਰਾਜ਼ ਕਰਦਿਆਂ ਕਿਹਾ ਕਿ ਪ੍ਰਸ਼ਾਦ ਭੇਜਣ ਦਾ ਇਹ ਢੰਗ-ਤਰੀਕਾ ਸਿੱਖ ਮਰਿਆਦਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਗੁਰੂਘਰ ’ਚ ਨਤਮਸਤਕ ਹੋਣ ਤੋਂ ਬਾਅਦ ਹੀ ਲਿਆ ਜਾਂਦਾ ਹੈ। ਪਿੰਨੀ ਪ੍ਰਸ਼ਾਦ ਸ਼ਰਧਾਲੂ ਖ਼ੁਦ ਇਥੋਂ ਲੈ ਕੇ ਜਾਂਦੇ ਹਨ। ਸ਼ਰਧਾਲੂਆਂ ਵੱਲੋਂ ਗੁਰੂਘਰ ਦੇ ਪ੍ਰਸ਼ਾਦ ਨੂੰ ਬੜੇ ਮਾਣ ਸਤਿਕਾਰ ਨਾਲ ਰੱਖਿਆ ਜਾਂਦਾ ਹੈ ਜਦੋਂਕਿ ਇਸ ਕੰਪਨੀ ਵੱਲੋਂ ਪ੍ਰਸ਼ਾਦ ਡਾਕ ਜਾਂ ਕੁਰੀਅਰ ਰਾਹੀਂ ਭੇਜਿਆ ਜਾਂਦਾ ਹੈ, ਜਿੱਥੇ ਧਾਰਮਿਕ ਭਾਵਨਾਵਾਂ ਅਨੁਸਾਰ ਮਾਣ ਸਤਿਕਾਰ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ ਹੈ। ਇਸ ਲਈ ਪ੍ਰਸ਼ਾਦ ਭੇਜਣ ਦੀ ਇਹ ਵਿਧੀ ਜਾਇਜ਼ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ  ਉਹ ਕਿਸੇ ਦੂਜੀ ਧਿਰ ਨੂੰ ਇਸ ਢੰਗ ਤਰੀਕੇ ਨਾਲ ਪ੍ਰਸ਼ਾਦ ਭੇਜਣ ਤੋਂ ਨਹੀਂ ਰੋਕ ਸਕਦੇ ਹਨ ਕਿਉਂਕਿ ਗੁਰੂਘਰ ਵਿੱਚ ਬਣੇ ਕਾਊਂਟਰਾਂ ਤੋਂ ਕੋਈ ਵੀ ਪਿੰਨੀ ਪ੍ਰਸ਼ਾਦ ਲੈ ਸਕਦਾ ਹੈ, ਪਰ ਉਹ ਇਸ ਮਾਮਲੇ ਵਿੱਚ ਸ਼ਰਧਾਲੂਆਂ ਨੂੰ ਜਾਗਰੂਕ ਕਰਕੇ ਪ੍ਰਸ਼ਾਦ ਪ੍ਰਾਪਤ ਕਰਨ ਦੀ ਵਿਧੀ ਨੂੰ ਪ੍ਰਚਲਿਤ ਹੋਣ ਤੋਂ ਰੋਕਣ ਦਾ ਯਤਨ ਕਰਨਗੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਦੇਵ ਅਧਿਐਨ ਵਿਭਾਗ ਤੋਂ ਸੇਵਾ ਮੁਕਤ ਹੋਏ ਸਿੱਖ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਨੇ ਇਸ ਸਬੰਧੀ ਕਿਹਾ ਕਿ ਇਹ ਸ਼ਰਧਾਲੂਆਂ ਦੀ ਸ਼ਰਧਾ ਨਾਲ ਜੁੜਿਆ ਮਾਮਲਾ ਹੈ ਅਤੇ ਮਰਿਆਦਾ ਵਿੱਚ ਪ੍ਰਸ਼ਾਦ ਭੇਜਣ ਦੀ ਅਜਿਹੀ ਵਿਧੀ ’ਤੇ ਰੋਕ ਬਾਰੇ ਕੁਝ ਵੀ ਦਰਜ ਨਹੀਂ ਹੈ।



Archive

RECENT STORIES