Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਿੰਨੀ ਪ੍ਰਸ਼ਾਦ ਭੇਜਣ ਦੀ ਆਨਲਾਈਨ ਵਿਧੀ ਨੂੰ ਜਥੇਦਾਰ ਨੇ ਨਾ ਦਿੱਤੀ ਮਾਨਤਾ

Posted on January 3rd, 2014



ਆਨਲਾਈਨ ਵਿਧੀ ਨੂੰ ਮਰਿਆਦਾ ਤੋਂ ਉਲਟ ਦੱਸਿਆ


ਅੰਮ੍ਰਿਤਸਰ- ਇਕ ਆਨਲਾਈਨ ਕੰਪਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ ਡਾਕ ਜਾਂ ਕੁਰੀਅਰ ਰਾਹੀਂ ਭੇਜਣ ਦੀ ਵਿਧੀ ਨੂੰ ਸਿੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਆਮ ਸ਼ਰਧਾਲੂਆਂ ਨੇ ਵੀ ਰੱਦ ਕਰ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਨੂੰ ਮਨਮਤ ਕਰਾਰ ਦਿੱਤਾ ਜਦੋਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ  ਇਹ ਮਾਮਲਾ ਸਿੰਘ ਸਾਹਿਬਾਨ ਨਾਲ ਵਿਚਾਰਨ ਦੀ ਗੱਲ ਕਹੀ ਹੈ।

ਆਨਲਾਈਨ ਪ੍ਰਸਾਦ ਡਾਟ ਕਾਮ ਨਾਂ ਦੀ ਦੱਖਣੀ ਭਾਰਤ ਦੀ ਇੱਕ ਕੰਪਨੀ ਨੇ ਸ਼ਰਧਾਲੂਆਂ ਦੀ ਮੰਗ ’ਤੇ ਪਿਛਲੇ ਤਿੰਨ ਮਹੀਨਿਆਂ ਤੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਪਿੰਨੀ ਪ੍ਰਸ਼ਾਦ ਭੇਜਣਾ ਸ਼ੁਰੂ ਕੀਤਾ ਹੈ। ਇਹ ਕੰਪਨੀ ਇਸ ਕੰਮ ਲਈ  ਸ਼ਰਧਾਲੂ ਕੋਲੋਂ 501 ਅਤੇ 751 ਰੁਪਏ ਵਸੂਲ ਕਰਦੀ ਹੈ। 501 ਰੁਪਏ ਵਿੱਚ ਸ਼ਰਧਾਲੂ ਨੂੰ ਪਿੰਨੀ ਪ੍ਰਸ਼ਾਦ ਦੇ ਚਾਰ ਪੈਕੇਟ, ਕੰਘਾ, ਲੋਕਟ ਤੇ ਗੁਰੂ ਸਾਹਿਬ ਦੀਆਂ ਤਸਵੀਰਾਂ ਭੇਜੀਆਂ ਜਾਂਦੀਆਂ ਹਨ ਜਦੋਂਕਿ 751 ਰੁਪਏ ਵਿੱਚ ਇਸ ਸਮੱਗਰੀ ਤੋਂ ਇਲਾਵਾ ਅਸ਼ਟ ਧਾਤੂ ਦਾ ਇੱਕ ਕੜਾ ਸ਼ਾਮਲ ਹੈ। ਇਹ ਸਾਰੀ ਸਮੱਗਰੀ ਕੰਪਨੀ ਵੱਲੋਂ ਵਿਸ਼ੇਸ਼ ਢੰਗ ਨਾਲ ਤਿਆਰ ਕੀਤੇ ਇੱਕ ਪੈਕੇਟ ਰਾਹੀਂ ਭਾਰਤ ਵਿੱਚ ਇੱਕ ਹਫ਼ਤੇ ਅਤੇ ਵਿਦੇਸ਼ਾਂ ਵਿੱਚ ਦੋ ਹਫ਼ਤਿਆਂ ਦੇ ਸਮੇਂ ਵਿੱਚ ਪੁੱਜਦਾ ਕੀਤੀ ਜਾਂਦੀ ਹੈ। ਇਸ ਕੰਪਨੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਹਿੰਦੂ ਧਰਮ ਦੇ ਲਗਪਗ 50 ਤੋਂ ਵਧ ਧਾਰਮਿਕ ਅਸਥਾਨਾਂ ਤੋਂ ਇਸੇ ਢੰਗ ਤਰੀਕੇ ਨਾਲ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਤੇ ਹੋਰ ਸਮੱਗਰੀ ਤੋਂ ਇਲਾਵਾ ਧਾਰਮਿਕ ਚਿੰਨ੍ਹ ਭੇਜੇ ਜਾ ਰਹੇ ਹਨ।

ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੱਲ ਕਰਦਿਆਂ ਪ੍ਰਸ਼ਾਦ ਭੇਜਣ ਦੇ ਢੰਗ ਤਰੀਕੇ ਨੂੰ ਮਨਮਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਇੱਕ ਸੌਦਾ ਹੈ, ਜਿਸ ਰਾਹੀਂ ਕੋਈ ਵਸਤੂ ਇੱਕ ਥਾਂ ਤੋਂ ਦੂਜੀ ਥਾਂ ਭੇਜੀ ਜਾ ਰਹੀ ਹੈ। ਇਸ ਢੰਗ ਨਾਲ ਭੇਜੇ ਗਏ ਪ੍ਰਸ਼ਾਦ ਦੀ ਕੋਈ ਅਹਿਮੀਅਤ ਨਹੀਂ ਰਹੇਗੀ ਅਤੇ ਸੰਗਤਾਂ ਨੂੰ ਇਸ ਢੰਗ ਤਰੀਕੇ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਦ ਉਹੀ ਹੈ, ਜੋ ਕੋਈ ਵੀ ਸ਼ਰਧਾਲੂ ਖੁਦ ਗੁਰੂਘਰ ਨਤਮਸਤਕ ਹੋ ਕੇ ਪ੍ਰਾਪਤ ਕਰਦਾ ਹੈ ਅਤੇ ਜਿਸ ਨੂੰ ਉਹ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਲਈ ਲੈ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਡਾਕ ਜਾਂ ਕੁਰੀਅਰ ਰਾਹੀਂ ਭੇਜੇ ਗਏ ਪ੍ਰਸ਼ਾਦ ਦਾ ਮਾਣ-ਸਤਿਕਾਰ ਕਾਇਮ ਨਹੀਂ ਰਹਿ ਸਕਦਾ ਅਤੇ ਇਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸਿੱਖ ਵਿਦਵਾਨ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਪ੍ਰਸ਼ਾਦ ਦਾ ਸੰਕਲਪ ਖੁਦ ਹਾਜ਼ਰ ਹੋ ਕੇ ਅਤੇ ਨਿਉ ਕੇ ਗੁਰੂ ਦੀ ਕਿਰਪਾ ਪ੍ਰਾਪਤ ਕਰਨਾ ਹੈ। ਇਸ ਢੰਗ ਤਰੀਕੇ ਰਾਹੀਂ ਪ੍ਰਸ਼ਾਦ ਭੇਜਣ ਦਾ ਸਿੱਖ ਮਰਿਆਦਾ ਵਿੱਚ ਕੋਈ ਸੰਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਅਜਿਹੇ ਢੰਗ ਤਰੀਕਿਆਂ ਨੂੰ ਨਕਾਰਨਾ ਚਾਹੀਦਾ ਹੈ ਅਤੇ ਸਿੱਖ ਸੰਗਤ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਸਿਰਫ਼ ਕੜਾਹ ਪ੍ਰਸ਼ਾਦ ਦਾ ਹੀ ਸੰਕਲਪ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਪਿੰਨੀ ਪ੍ਰਸ਼ਾਦ ਡਾਕ ਜਾਂ ਕੁਰੀਅਰ ਰਾਹੀਂ ਭੇਜਣ ਦੀ ਵਿਧੀ ਨੂੰ ਅਪ੍ਰਵਾਨ ਕਰਦਿਆਂ ਕਿਹਾ ਕਿ ਮਰਿਆਦਾ ਮੁਤਾਬਕ ਸ਼ਰਧਾਲੂ ਨੂੰ ਖੁਦ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਪ੍ਰਸ਼ਾਦ ਪ੍ਰਾਪਤ ਕਰਨਾ ਚਾਹੀਦਾ ਹੈ। ਪਰ ਉਨ੍ਹਾਂ ਆਖਿਆ ਕਿ ਇਹ ਮਾਮਲਾ ਸ਼ਰਧਾਲੂਆਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਸਬੰਧ ਵਿਚ ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਵਿਚਾਰ ਵਟਾਂਦਰਾ ਕਰਨਗੇ ਕਿ ਕੀ ਅਜਿਹੀ ਵਿਧੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਜਾਂ ਨਹੀਂ।

ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਵੀ ਇਸ ਵਿਧੀ ਨੂੰ ਸਿੱਖ ਮਰਿਆਦਾ ਦੇ ਉਲਟ ਦੱਸਿਆ ਹੈ। ਉਨ੍ਹਾਂ ਤਾਂ ਦੂਰ ਬੈਠੇ ਸ਼ਰਧਾਲੂਆਂ ਵੱਲੋਂ ਖੁਦ ਹਾਜ਼ਰ ਹੋਏ ਬਿਨਾਂ ਇਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਖੰਡ ਪਾਠ ਕਰਾਉਣ ਦਾ ਵੀ ਵਿਰੋਧ ਕੀਤਾ ਹੈ। ਇਸੇ ਤਰ੍ਹਾਂ ਰੋਟਰੀ ਕਲੱਬ ਦੇ ਕਮਲਜੋਤ ਸਿੰਘ ਬਿੰਦਰਾ ਅਤੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਨੇ ਵੀ ਇਸ ਆਨਲਾਈਨ ਵਿਧੀ ਨੂੰ ਨਕਾਰਿਆ ਹੈ। ਸ੍ਰੀ ਬਿੰਦਰਾ ਨੇ  ਕਿਹਾ ਕਿ ਜੇ ਕੋਈ ਸ਼ਰਧਾਲੂ ਗੁਰੂਘਰ ਪ੍ਰਤੀ ਆਸਥਾ ਰੱਖਦਾ ਹੈ ਤਾਂ ਉਹ ਇਸ ਵਿਧੀ ਨਾਲ ਪ੍ਰਸ਼ਾਦ ਮੰਗਵਾਉਣ ਦੀ ਥਾਂ ਘਰ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਤਿਆਰ ਕਰ ਸਕਦਾ ਹੈ।

ਤਖ਼ਤ ਹਜ਼ੂਰ ਸਾਹਿਬ ਨੇ ਵੀ ਪ੍ਰਗਟਾਈ ਅਸਹਿਮਤੀ

ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੇ ਆਨਲਾਈਨ ਪਿੰਨੀ ਪ੍ਰਸ਼ਾਦ ਦੀ ਵਿਧੀ ਬਾਰੇ ਕਿਹਾ ਕਿ ਡਾਕ ਜਾਂ ਕੁਰੀਅਰ ਰਾਹੀਂ ਭੇਜੇ ਪ੍ਰਸ਼ਾਦ ਨੂੰ ਗੁਰੂਘਰ ਦਾ ਪ੍ਰਸ਼ਾਦ ਨਹੀਂ ਕਿਹਾ ਜਾ ਸਕਦਾ। ਪ੍ਰਸ਼ਾਦ ਸਿਰਫ਼ ਖੁਦ ਹਾਜ਼ਰ ਹੋ ਕੇ ਨਿੱਜੀ ਤੌਰ ’ਤੇ ਹੀ ਲਿਆ ਜਾ ਸਕਦਾ ਹੈ। ਇੰਜ ਡਾਕ ਜਾਂ ਕੁਰੀਅਰ ਰਾਹੀਂ ਪ੍ਰਸ਼ਾਦ ਭੇਜਣ ਨਾਲ ਇਸ ਦੀ ਅਹਿਮੀਅਤ ਅਤੇ ਧਾਰਮਿਕਤਾ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵੀ ਪਿੰਨੀ ਪ੍ਰਸ਼ਾਦ ਬਣਾਇਆ ਜਾਂਦਾ ਹੈ, ਪਰ ਇਸ ਢੰਗ ਤਰੀਕੇ ਨਾਲ ਨਹੀਂ ਭੇਜਿਆ ਜਾਂਦਾ। ਇਹ ਪਿੰਨੀ ਪ੍ਰਸ਼ਾਦ ਸਿਰਫ਼ ਦੂਰੋਂ ਆਏ ਸ਼ਰਧਾਲੂਆਂ ਦੀ ਸਹੂਲਤ ਲਈ ਬਣਾਇਆ ਗਿਆ ਹੈ ਤਾਂ ਜੋ ਉਹ ਦਰਸ਼ਨ ਕਰਨ ਮਗਰੋਂ ਘਰ ਵਾਪਸੀ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਲਈ ਲਿਜਾ ਸਕਣ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਆਨਲਾਈਨ ਭੇਜੇ ਪ੍ਰਸ਼ਾਦ ਨਾਲ ਇਸ ਦੀ ਮਹੱਤਤਾ ਅਤੇ ਸੰਕਲਪ ਖਤਮ ਹੋ ਜਾਵੇਗਾ। ਪ੍ਰਸ਼ਾਦ ਸਿਰਫ਼ ਨਿੱਜੀ ਤੌਰ ’ਤੇ ਹਾਜ਼ਰ ਹੋ ਕੇ ਹੀ ਲਿਆ ਜਾ ਸਕਦਾ ਹੈ।



Archive

RECENT STORIES