Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬਾਜਵਾ ਤੇ ਭੋਲਾ ‘ਚ ਸਬੰਧਾਂ ਦੀ ਜਾਂਚ ਹੋਵੇ- ਅਕਾਲੀ ਆਗੂ

Posted on January 10th, 2014


ਅੰਮਿ੍ਤਸਰ- ਯੂਥ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਪ੍ਰਤਾਪ ਸਿੰਘ ਬਾਜਵਾ ਅਤੇ ਨਸ਼ਿਆਂ ਦੇ ਸੌਦਾਗਰ ਜਗਦੀਸ਼ ਭੋਲਾ ਦਰਮਿਆਨ ਸਬੰਧਾਂ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਜਾਣ। ਯੂਥ ਅਕਾਲੀ ਦਲ ਦੇ ਆਗੂ ਬਲਜੀਤ ਸਿੰਘ ਨੀਲਾਮਹਿਲ, ਪਰਬੰਸ ਸਿੰਘ ਰੋਮਾਣਾ, ਰਵੀਕਰਨ ਸਿੰਘ ਕਾਹਲੋਂ, ਬਰਜਿੰਦਰ ਸਿੰਘ ਬਰਾੜ, ਜੋਧ ਸਿੰਘ ਸਮਰਾ ਤੇ ਇਕਬਾਲ ਸੰਧੂ ਨੇ ਜ਼ੋਰ ਦੇ ਕੇ ਆਖਿਆ ਕਿ ਪ੍ਰਦੇਸ਼ ਕਾਂਗਰਸ ਦੇ ਮੁਖੀ ਨੇ ਨਸ਼ਿਆਂ ਦੇ ਸੌਦਾਗਰ ਨੂੰ ਸਿਆਸੀ ਸਰਪ੍ਰਸਤੀ ਉਪਲਬਧ ਕਰਵਾਉਣ ਲਈ ਸਾਜ਼ਿਸ਼ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਵਿਵਸਥਾ ਵਾਲੀ ਸਿਆਸੀ ਸ਼ਤਰੰਜ ਕੇਵਲ  ਭੋਲਾ ਨੂੰ ਰਾਹ ਦੁਆਉਣ ਦਾ ਇਕ ਯਤਨ ਹੈ।

ਯੂਥ ਆਗੂਆਂ ਨੇ ਬਾਜਵਾ ਨੂੰ ਆਖਿਆ ਕਿ ਉਹ ਸਪਸ਼ਟ ਕਰਨ ਕਿ ਜਦੋਂ ਸਾਰਾ ਸੂਬਾ ਭੋਲਾ ਤੇ ਨਸ਼ਿਆਂ ਦੇ ਹੋਰ ਸੌਦਾਗਰਾਂ ਦੀ ਗ੍ਰਿਫਤਾਰੀ ਨਾਲ ਸੁੱਖ ਦਾ ਸਾਹ ਮਹਿਸੂਸ ਕਰ ਰਿਹਾ ਹੈ ਤਾਂ ਉਸ ਵੇਲੇ ਬਾਜਵਾ ਨੂੰ ਭੋਲਾ ਨਾਲ ਹਮਦਰਦੀ ਕਿਉਂ ਆ ਰਹੀ ਹੈ? ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ ਦੀ ਰਾਜਨੀਤੀ ਨਹੀਂ ਬਲਕਿ ਪੰਜਾਬੀ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲੱਗਾ ਹੈ। ਜੇਕਰ ਭੋਲਾ ਵਰਗੇ ਵਿਅਕਤੀਆਂ ਨੂੰ ਸਿਆਸੀ ਸ਼ਹਿ ‘ਤੇ ਸਰਪ੍ਰਸਤੀ ਮਿਲ ਗਈ ਤਾਂ ਇਸਦਾ ਮਤਲਬ ਪੰਜਾਬ ਪੁਲਸ ਵਲੋਂ ਪੰਜਾਬ ਵਿਚ ਨਸ਼ਿਆਂ ਦੇ ਖਾਤਮੇ ਲਈ ਛੇੜੇ ਗਏ ਸੁਨਹਿਰੀ ਤੇ ਵੱਡੇ ਮੌਕੇ ਨੂੰ ਖੁੰਝਾਉਣਾ ਹੋਵੇਗਾ। ਉਕਤ ਆਗੂਆ ਨੇ ਕਿਹਾ ਕਿ ਗੁਰਦੇਵ ਸਿੰਘ ਦੇਵ ਦੀ ਗ੍ਰਿਫਤਾਰੀ ਨੇ ਇਸ ਡਰੱਗ ਮਾਫੀਆ ਦੇ ਕੌਮੀ ਤੇ ਕੌਮਾਂਤਰੀ ਸੰਬੰਧਾਂ ਨੂੰ ਹੋਰ ਉਜਾਗਰ ਕੀਤਾ ਹੈ ਅਤੇ ਇਹ ਕਾਰੋਬਾਰ ਕੇਂਦਰ ਸਰਕਾਰ ਦੀ ਸਰਪ੍ਰਸਤੀ ਤੋਂ ਬਗੈਰ ਨਹੀਂ ਸੀ ਚਲ ਸਕਦਾ।



Archive

RECENT STORIES