Posted on January 10th, 2014

ਬਠਿੰਡਾ- ਜਿਲ੍ਹਾ ਅਦਾਲਤ ਬਠਿੰਡਾ ਨੇ ਖਾੜਕੂਵਾਦ ਸਮੇਂ ਬਠਿੰਡਾ ਦੇ ਇੱਕ ਨੌਜਵਾਨ ਨੂੰ ਅਗਵਾ ਕਰਕੇ ਹੱਤਿਆ ਕਰਨ ਦੇ ਮਾਮਲੇ ਵਿਚ ਪੁਲੀਸ ਦੇ ਤਤਕਾਲੀ ਡੀ.ਐਸ.ਪੀ. ਗੁਰਜੀਤ ਸਿੰਘ ਸਮੇਤ ਨੌਂ ਪੁਲੀਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਿਨ੍ਹਾਂ ਨੂੰ 14 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਐਡੀਸ਼ਨਲ ਸੈਸ਼ਨ ਜੱਜ ਐਮ.ਪੀ.ਐਸ.ਪਾਹਵਾ ਦੀ ਅਦਾਲਤ ਨੇ ਧਾਰਾ 302 ਤਹਿਤ ਦਰਜ ਹੋਏ ਕੇਸ ਦੀ ਸੁਣਵਾਈ ਮੁਕੰਮਲ ਹੋਣ ਮਗਰੋਂ ਇਨ੍ਹਾਂ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਵਿਚ ਇਹ ਕੇਸ 15 ਸਾਲ ਚੱਲਿਆ ਅਤੇ ਪੀੜਤ ਪਰਿਵਾਰ ਨੂੰ 21 ਸਾਲ ਮਗਰੋਂ ਇਨਸਾਫ ਮਿਲਿਆ ਹੈ।
ਜ਼ਿਲ੍ਹਾ ਅਦਾਲਤ ਨੇ ਤਤਕਾਲੀ ਡੀ.ਐਸ.ਪੀ. ਗੁਰਜੀਤ ਸਿੰਘ, ਇੰਸਪੈਕਟਰ ਬਲਜਿੰਦਰ ਕੁਮਾਰ, ਏ.ਐਸ.ਆਈ. ਲਖਵੀਰ ਸਿੰਘ, ਹੌਲਦਾਰ ਗੁਰਬਚਨ ਸਿੰਘ, ਪਾਲ ਸਿੰਘ, ਮੱਲ ਸਿੰਘ, ਹਰਿੰਦਰ ਸਿੰਘ (ਸਾਰੇ ਹੌਲਦਾਰ) ਸਿਪਾਹੀ ਕਮਲਜੀਤ ਸਿੰਘ ਤੇ ਤਰਲੋਕ ਸਿੰਘ,ਜਗਸੀਰ ਸਿੰਘ ਤੇ ਜਰਨੈਲ ਸਿੰਘ (ਹੋਮਗਾਰਡ ਜਵਾਨ) ਨੂੰ ਧਾਰਾ 302 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਏ.ਐਸ.ਆਈ. ਲਖਵੀਰ ਸਿੰਘ ਅਤੇ ਹੌਲਦਾਰ ਪਾਲ ਸਿੰਘ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਡੀ.ਐਸ.ਪੀ. ਗੁਰਜੀਤ ਸਿੰਘ ਛੇ ਵਰ੍ਹਿਆਂ ਤੋਂ ਭਗੌੜਾ ਚੱਲਿਆ ਆ ਰਿਹਾ ਹੈ। ਅਦਾਲਤ ਵਿਚ ਟਰਾਇਲ ਦੌਰਾਨ ਜਸਵੰਤ ਸਿੰਘ ਖ਼ਾਲਸਾ ਕੇਸ ਦੇ ਹਵਾਲੇ ਵੀ ਆਏ।
ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦਾ ਨੌਜਵਾਨ ਪਰਮਜੀਤ ਸਿੰਘ ਬਠਿੰਡਾ ਛਾਉਣੀ ਦੇ ਅਸਲਾ ਡਿਪੂ ਵਿੱਚ ਫਾਇਰਮੈਨ ਸੀ। ਪੁਲੀਸ ਨੇ 17 ਜੁਲਾਈ 1992 ਨੂੰ ਪਰਮਜੀਤ ਸਿੰਘ ਨੂੰ ਬੀਬੀ ਵਾਲਾ ਚੌਕ ਲਾਗਿਓਂ ਆਟਾ ਚੱਕੀ ਤੋਂ ਚੁੱਕ ਲਿਆ ਸੀ ਅਤੇ 18 ਜੁਲਾਈ 1992 ਉਸ ਨੂੰ ਪੁਲੀਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲੀਸ ਦਾ ਪੱਖ ਸੀ ਕਿ ਮਾਰਚ 1992 ਵਿਚ ਪਿੰਡ ਝੁੰਬਾ ਲਾਗੇ ਇੱਕ ਪੁਲੀਸ ਮੁਕਾਬਲਾ ਹੋਇਆ ਸੀ ਜਿਸ ਵਿਚ ਇੱਕ ਖਾੜਕੂ ਮਾਰਿਆ ਗਿਆ ਸੀ ਜਦੋਂ ਕਿ ਦੂਸਰਾ ਫਰਾਰ ਹੋ ਗਿਆ ਸੀ। ਫਰਾਰ ਹੋਇਆ ਖਾੜਕੂ ਪਰਮਜੀਤ ਸਿੰਘ ਸੀ। ਪੁਲੀਸ ਦਾ ਕਹਿਣਾ ਸੀ ਕਿ ਖਾੜਕੂ ਪਰਮਜੀਤ ਸਿੰਘ ਨੂੰ ਪੁਲੀਸ ਨੇ ਨਹਿਰ ਤੋਂ ਫੜਿਆ ਸੀ ਅਤੇ ਜਦੋਂ ਪੁਲੀਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਪਿੰਡ ਝੁੰਬਾ ਵੱਲ ਲਿਜਾ ਰਹੀ ਸੀ ਤਾਂ ਉਸ ਦੇ ਸਾਥੀ ਖਾੜਕੂਆਂ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ ਅਤੇ ਪਰਮਜੀਤ ਸਿੰਘ ਫਰਾਰ ਹੋ ਗਿਆ।
ਪਰਮਜੀਤ ਸਿੰਘ ਦਾ ਮੁੜ ਕੋਈ ਥੁਹ ਪਤਾ ਨਾ ਲੱਗਾ। ਬਠਿੰਡਾ ਛਾਉਣੀ ਦੇ ਕਮਾਂਡੈਂਟ ਨੇ ਉਸ ਵੇਲੇ ਦੇ ਐਸ.ਐਸ.ਪੀ. ਨੂੰ ਵੀ ਪੱਤਰ ਲਿਖਿਆ ਸੀ ਜਿਸ ਦੇ ਜੁਆਬ ਵਿਚ ਪੁਲੀਸ ਨੇ ਦੱਸਿਆ ਕਿ ਖਾੜਕੂ ਪਰਮਜੀਤ ਸਿੰਘ ਫਰਾਰ ਹੋ ਗਿਆ ਹੈ। ਪਰਮਜੀਤ ਸਿੰਘ ਦੇ ਬਾਪ ਗੁਰਦਿੱਤ ਸਿੰਘ ਨੇ ਹਾਈ ਕੋਰਟ ਵਿਚ 1996 ਵਿਚ ਪਟੀਸ਼ਨ ਦਾਇਰ ਕਰ ਦਿੱਤੀ, ਜਿਸ ਦੀ ਸੁਣਵਾਈ ਮੌਕੇ ਹਾਈ ਕੋਰਟ ਨੇ ਤਤਕਾਲੀ ਜ਼ਿਲ੍ਹਾ ਤੇ ਸੈਸ਼ਨ ਜੱਜ ਕੇ.ਐਸ. ਗਰੇਵਾਲ ਨੂੰ ਮਾਮਲੇ ਦੀ ਨਿਆਂਇਕ ਪੜਤਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹਾਈ ਕੋਰਟ ਨੇ ਪੀੜਤ ਪਰਿਵਾਰ ਨੂੰ ਡੇਢ ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਵੀ ਕੀਤੇ ਸਨ। ਨਿਆਂਇਕ ਪੜਤਾਲ ਵਿਚ ਸਾਫ ਕੀਤਾ ਗਿਆ ਕਿ ਪਰਮਜੀਤ ਸਿੰਘ ਪੁਲੀਸ ਹਿਰਾਸਤ ’ਚੋਂ ਫਰਾਰ ਨਹੀਂ ਹੋਇਆ ਬਲਕਿ ਉਸ ਨੂੰ ਖਪਾਇਆ ਗਿਆ ਹੈ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਉਸ ਵੇਲੇ ਪੁਲੀਸ ਨੂੰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਕੀਤੇ ਸਨ ਪ੍ਰੰਤੂ ਪੁਲੀਸ ਨੇ ਕੇਸ ਦਰਜ ਨਹੀਂ ਕੀਤਾ ਸੀ। ਪਰਮਜੀਤ ਸਿੰਘ ਦੇ ਬਾਪ ਗੁਰਦਿੱਤ ਸਿੰਘ ਨੇ ਇਸ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਸੀ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਪੁਲੀਸ ਨੇ ਧਾਰਾ 302 ਤਹਿਤ ਥਾਣਾ ਸਦਰ ਵਿਚ ਐਫ.ਆਈ.ਆਰ. 70 ਦਰਜ ਕੀਤੀ ਸੀ। ਅਦਾਲਤ ਵਿਚ ਬਾਕੀ 8 ਮੁਲਜ਼ਮ ਹਾਜ਼ਰ ਸਨ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪਰਮਜੀਤ ਸਿੰਘ ਦੇ ਬਾਪ ਗੁਰਦਿੱਤ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਇਸ ਕੇਸ ਦੀ ਪੈਰਵੀ ਪਰਮਜੀਤ ਸਿੰਘ ਦਾ ਭਰਾ ਕਰ ਰਿਹਾ ਸੀ। ਅਦਾਲਤ ਨੇ ਅਗਵਾ ਕਰਕੇ ਹੱਤਿਆ ਕਰਨ ਦੇ ਦੋਸ਼ ਤਹਿਤ ਦੋਸ਼ੀ ਕਰਾਰ ਦਿੱਤਾ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026