Posted on January 14th, 2014

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਕਿਹਾ ਹੈ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਬਰਤਾਨੀਆ ਸਰਕਾਰ ਨੇ ਭਾਰਤ ਸਰਕਾਰ ਨੂੰ ਸਲਾਹ ਦੇ ਕੇ ਵਿਊਂਤਬੰਦੀ ਕਰਨ 'ਚ ਮਦਦ ਕਰਨ ਦੀਆਂ ਖ਼ਬਰਾਂ ਪੜ ਕੇ ਉਨ੍ਹਾਂ ਨੂੰ ਬੇਹੱਦ ਹੈਰਾਨੀ ਹੋਈ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇੰਗਲੈਂਡ, ਜਿਸ ਨੂੰ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਦੇਸ਼ ਦੱਸਿਆ ਜਾਂਦਾ ਹੋਵੇ, ਉਹ ਭਾਰਤ ਸਰਕਾਰ ਨਾਲ ਰਲ ਕੇ ਮੁੱਠੀ ਭਰ ਸਿੱਖਾਂ ਨੂੰ ਕੁਚਲਣ ਦੀ ਵਿਉਂਤਬੰਦੀ ਕਰ ਰਿਹਾ ਹੋਵੇ ਅਤੇ ਸਿੱਖਾਂ ਦੇ ਮਹਾਨ ਕੇਂਦਰੀ ਪਾਵਨ-ਪਵਿੱਤਰ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਨਸ਼ਟ ਕਰਨ ਦੀਆਂ ਵਿਉਂਤਾਂ 'ਚ ਭਾਈਵਾਲ ਬਣੇ, ਇਹ ਬਹੁਤ ਹੀ ਅਫ਼ਸੋਸਜਨਕ ਅਤੇ ਘਿਨਾਉਣੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਹਜ਼ਾਰਾਂ ਬੇਦੋਸ਼ੇ ਸਿੰਘ ਸਿੰਘਣੀਆਂ ਭੁਝੰਗੀ ਅਣਿਆਈ ਮੌਤ ਮਾਰੇ ਗਏ ।
ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਉਸ ਸਮੇਂ ਦੀ ਕੇਂਦਰ ਸਰਕਾਰ ਤੇ ਬਰਤਾਨੀਆਂ ਦੀ ਸਰਕਾਰ ਦੀ ਸਾਂਝੀ ਸੋਚ ਤਹਿਤ ਸਿੱਖਾਂ ਦੀ ਹੋਂਦ ਨੂੰ ਅੰਤਰ-ਰਾਸ਼ਟਰੀ ਪੱਧਰ ਤੇ ਬਦਨਾਮ ਕਰਨ ਦੀ ਕੋਝੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੜਾ ਦੁੱਖਦਾਈ ਪਹਿਲੂ ਹੈ ਜਿਸ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਖੁਫ਼ੀਆ ਪੱਤਰ ਬਰਤਾਨੀਆਂ ਦੇ ਉਨ੍ਹਾਂ ਲੋਕਾਂ ਦੇ ਚਿਹਰੇ ਨੰਗੇ ਕਰ ਰਿਹਾ ਹੈ, ਜਿਨ੍ਹਾਂ ਇਸ ਵਿਉਂਤਬੰਦੀ ਵਿਚ ਹਿੱਸਾ ਪਾਇਆ। ਉਨ੍ਹਾਂ ਕਿਹਾ ਕਿ ਇਹ ਉਹ ਲੋਕ ਹਨ, ਜੋ ਸਿੱਖਾਂ ਨੂੰ ਦੱਬ ਕੁਚਲ ਕੇ ਰਾਜ ਕਰਨਾ ਚਾਹੁੰਦੇ ਹਨ। ਅਜਿਹੇ ਲੋਕਾਂ ਦਾ ਨਾਮ ਸਿੱਖ ਇਤਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ।
ਬਰਤਾਨੀਆ ਸਰਕਾਰ ਵੱਲੋਂ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਸਮੇਂ ਭਾਰਤ ਸਰਕਾਰ ਦੀ ਮਦਦ ਕੀਤੀ ਗਈ ਸੀ, ਦੇ ਭੇਤ ਦਾ ਖੁਲਾਸਾ ਹੋਣ ਮਗਰੋਂ ਸਿੱਖ ਕੌਮ ਦੇ ਆਗੂਆਂ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਆਖਿਆ ਹੈ ਕਿ ਬਰਤਾਨੀਆਂ ਸਰਕਾਰ ਵੱਲੋਂ 1984 ਵਿਚ ਸ੍ਰੀ ਹਰਿਮੰਦਰ ਸਾਹਿਬ 'ਤੇ ਕਰਵਾਏ ਹਮਲੇ 'ਚ ਭਾਰਤ ਸਰਕਾਰ ਨੂੰ ਸਲਾਹ ਮਸ਼ਵਰਾ ਦੇ ਕੇ ਵਿਉਂਤਬੰਦੀ ਕਰਨ 'ਚ ਕੀਤੀ ਮਦਦ ਅਤਿ ਨਿੰਦਣਯੋਗ ਅਤੇ ਘਿਨਾਉਣੀ ਕਾਰਵਾਈ ਹੈ। ਇਸ ਕਾਰਵਾਈ ਵਿਚ ਬਰਤਾਨੀਆ ਵਰਗਾ ਦੇਸ਼, ਜੋ ਮਨੁੱਖੀ ਅਧਿਕਾਰਾਂ ਦਾ ਅਲੰਬਰਦਾਰ ਅਖਵਾਉਂਦਾ ਹੈ, ਵੱਲੋਂ ਕੇਂਦਰ ਦੀ ਕਾਂਗਰਸ ਸਰਕਾਰ ਨਾਲ ਰਲ ਕੇ ਮੁੱਠੀ ਭਰ ਸਿੱਖਾਂ ਨੂੰ ਕੁਚਲਣ ਦੀ ਵਿਉਂਤਬੰਦੀ ਕਰਨਾ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਸ਼ਟ ਕਰਨ ਦੀ ਵਿਉਂਤਬੰਦੀ 'ਚ ਭਾਈਵਾਲ ਬਣਨਾ ਬਹੁਤ ਹੀ ਅਫ਼ਸੋਸਜਨਕ ਅਤੇ ਘਿਨਾਉਣੀ ਕਾਰਵਾਈ ਹੈ। ਇਸ ਖੁਲਾਸੇ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਸਿੱਖਾਂ ਦੇ ਮਨਾਂ ਨੂੰ ਠੇਸ ਪੁੱਜੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਵੱਲੋਂ ਸਿੱਖ ਭਾਈਚਾਰੇ ਦੇ ਖਿਲਾਫ ਸਾਜ਼ਿਸ਼ਾਂ ਰਚਨ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਬਰਤਾਨੀਆ ਦੇ ਗੁਪਤ ਦਸਤਾਵੇਜ਼ਾਂ ਦੇ ਸਾਹਮਣੇ ਆਉਣ ਨਾਲ ਸਾਕਾ ਨੀਲਾ ਤਾਰਾ ਦੀ ਅਸਲ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਕਾਂਗਰਸ ਦੀ ਵੱਡੀ ਸਾਜ਼ਿਸ਼ ਬੇਨਕਾਬ ਕਰ ਦਿੱਤੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸਿਆਸੀ ਹਿੱਤਾਂ ਖਾਤਰ ਦੇਸ਼ ਦੀ ਪ੍ਰਭੂਸੱਤਾ ਨਾਲ ਵੀ ਸਮਝੌਤਾ ਕਰ ਲਿਆ ਹੈ। ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਕਰਨੇ ਚਾਹੀਦੇ ਹਨ ਅਤੇ ਦੇਸ਼ ਨੂੰ ਇਸ ਕਾਰਵਾਈ ਪਿਛਲੇ 'ਸੱਚ' ਦੀ ਜਾਣਕਾਰੀ ਦੇਣੀ ਚਾਹੀਦੀ ਹੈ।
ਵਿਆਪਕ ਜਾਂਚ ਹੋਵੇ- ਬਰਤਾਨਵੀ ਸਿੱਖ
ਬਰਤਾਨੀਆ ਦੇ ਸਿੱਖਾਂ ਨੇ ਦੇਸ਼ ਦੀ ਸਰਕਾਰ ਦੀ ਅਪਰੇਸ਼ਨ ਬਲਿਊ ਸਟਾਰ ਵਿੱਚ ਭੂਮਿਕਾ ਦੀ ਤੁਰੰਤ ਜਾਂਚ ਮੰਗੀ ਹੈ। ਇੱਥੇ ਸਿੱਖ ਕੌਂਸਲ ਦੇ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਹਮਲੇ 'ਚ ਵੱਡੀ ਗਿਣਤੀ 'ਚ ਮਾਸੂਮ ਔਰਤਾਂ ਤੇ ਬੱਚੇ ਮਾਰੇ ਗਏ ਸਨ। ਸਿੱਖਾਂ ਦੇ ਪਵਿੱਤਰ ਅਸਥਾਨ ਦਾ ਘੋਰ ਅਪਮਾਨ ਕੀਤਾ ਗਿਆ। ਇਸ ਮਾਮਲੇ ਦੀ ਤੁਰੰਤ ਵਿਆਪਕ ਜਾਂਚ ਹੋਵੇ।
ਯੂ ਕੇ ਸਿੱਖ ਫੈਡਰੇਸ਼ਨ ਦੇ ਬੁਲਾਰੇ ਗੁਰਜੀਤ ਸਿੰਘ ਨੇ ਕਿਹਾ ਕਿ ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਮੁੱਦੇ ਦੀ ਮਹੱਤਤਾ ਸਮਝਣੀ ਚਾਹੀਦੀ ਹੈ। ਸਿੱਖਾਂ ਲਈ 1984 ਦਾ ਹਮਲਾ 1919 ਦੇ ਜਲਿ•ਆਂਵਾਲਾ ਬਾਗ ਕਾਂਡ ਤੋਂ ਕਿਤੇ ਵੱਧ ਅਹਿਮ ਤੇ ਸੰਵੇਦਨਸ਼ੀਲ ਹੈ।
ਲੇਬਰ ਪਾਰਟੀ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਆਸ ਪ੍ਰਗਟਾਈ ਕਿ ਛੇਤੀ ਹੀ ਸੱਚਾਈ ਸਾਹਮਣੇ ਆਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦਾ ਸਿੱਖ ਕੌਂਸਲ ਨੇ ਸਵਾਗਤ ਕੀਤਾ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ, ''ਜੇਕਰ ਹਮਲੇ ਵਿੱਚ ਬਰਤਾਨੀਆ ਨੇ ਮਦਦ ਕੀਤੀ ਸੀ ਤਾਂ ਬਹੁਤ ਮੰਦਭਾਗੀ ਗੱਲ ਹੈ। ਭਾਰਤ ਸਰਕਾਰ ਵੀ ਸੱਚਾਈ ਸਾਹਮਣੇ ਰੱਖੇ।''
ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਬਰਤਾਨੀਆ ਦੀ ਸੰਸਦ ਮਤਾ ਪਾਸ ਕਰਕੇ ਮਾਰਗਰੇਟ ਥੈਚਰ ਵੱਲੋਂ ਕੀਤੀ ਮਦਦ ਖ਼ਿਲਾਫ਼ ਮਤਾ ਪਾਸ ਕਰੇ।
ਭਾਜਪਾ ਦੇ ਨੇਤਾ ਬਲਬੀਰ ਪੁੰਜ ਨੇ ਕਿਹਾ ਹੈ ਕਿ ਭਾਰਤ ਸਰਕਾਰ ਸੱਚਾਈ ਸਾਹਮਣੇ ਲਿਆਏ। ਰਾਜ ਸਭਾ ਦੇ ਮੈਂਬਰ ਮੁਹੰਮਦ ਅਦੀਬ ਨੇ ਕਿਹਾ ਕਿ ਜੇਕਰ ਬਰਤਾਨੀਆ ਦੀ ਮਦਦ ਲੈਣ ਦੀ ਗੱਲ ਸੱਚੀ ਨਿਕਲੀ ਤਾਂ ਇਹ ਸ਼ਰਮਸਾਰ ਕਰਨ ਵਾਲੀ ਘਟਨਾ ਹੈ। ਇਸ ਦੀ ਜਾਂਚ ਹੋਵੇ। ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕਿਹਾ, ''ਮੈਂ ਉਸ ਵੇਲੇ ਰਾਸ਼ਟਰਪਤੀ ਭਵਨ 'ਚ ਤਾਇਨਾਤ ਸੀ ਤੇ ਰਾਸ਼ਟਰਪਤੀ ਨੂੰ ਫੌਰੀ ਕਾਰਵਾਈ ਬਾਰੇ ਨਹੀਂ ਸੀ ਦੱਸਿਆ ਗਿਆ।''
ਸੀ ਬੀ ਆਈ ਦੇ ਸਾਬਕਾ ਡਾਇਰੈਕਟਰ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਅਪਰੇਸ਼ਨ ਬਲਿਊ ਸਟਾਰ 'ਚ ਬਰਤਾਨਵੀ ਮਦਦ ਦੀ ਗੱਲ ਸੱਚੀ ਹੈ ਤਾਂ ਇਸ ਤੋਂ ਸਾਫ਼ ਹੈ ਕਿ ਇੰਦਰਾ ਗਾਂਧੀ 'ਤੇ ਕੁਝ ਸਲਾਹਕਾਰ ਭਾਰੂ ਸਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026