Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

'ਆਪ' ਸਰਕਾਰ 'ਚ ਬਗ਼ਾਵਤ - ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਲਾਏ ਗੰਭੀਰ ਦੋਸ਼

Posted on January 15th, 2014



ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੂੰ ਦੁਚਿੱਤੀ ਵਿਚ ਪਾਉਂਦਿਆਂ ਵਿਧਾਇਕ ਵਿਨੋਦ ਕੁਮਾਰ ਬਿੰਨੀ ਨੇ ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ 'ਤੇ ਦੋਸ਼ ਲਾਏ ਕਿ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ 'ਵਾਅਦਿਆਂ' ਤੋਂ ਇਹ ਭਟਕ ਰਹੀ ਹੈ। ਕੈਬਨਿਟ 'ਚ ਥਾਂ ਨਾ ਮਿਲਣ 'ਤੇ ਜਨਤਕ ਰੂਪ 'ਚ ਨਾਖ਼ੁਸ਼ੀ ਪ੍ਰਗਟ ਕਰਨ ਵਾਲੇ ਬਿੰਨੀ ਨੇ ਕਿਹਾ ਕਿ ਚੋਣਾਂ ਦੇ ਪ੍ਰਚਾਰ ਦੌਰਾਨ ਆਪ ਨੇ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਿਚ ਅਤੇ ਹੁਣ ਜੋ ਹੋ ਰਿਹਾ ਹੈ ਉਸ ਵਿਚ ਕਾਫ਼ੀ ਫ਼ਰਕ ਹੈ। 

ਲਕਸ਼ਮੀ ਨਗਰ ਤੋਂ ਵਿਧਾਇਕ ਬਿੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਆਪ' ਦੇ ਵਾਅਦੇ ਅਤੇ ਹੁਣ ਸਰਕਾਰ ਦੇ ਕੰਮਾਂ 'ਚ ਕਾਫ਼ੀ ਵੱਖਰਤਾ ਹੈ। ਮੈਂ ਇਨ੍ਹਾਂ ਸਾਰੀਆਂ ਗੱਲਾਂ ਦਾ ਵੀਰਵਾਰ ਨੂੰ ਪੱਤਰਕਾਰ ਸੰਮੇਲਨ ਵਿਚ ਖ਼ੁਲਾਸਾ ਕਰਾਂਗਾ ਤਾਂ ਜੋ ਪਾਰਟੀ 'ਚ ਪਾਰਦਰਸ਼ਿਤਾ ਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ। ਪਿਛਲੇ ਸਾਲ ਦਸੰਬਰ 'ਚ ਸਰਕਾਰ ਬਣਾਉਣ ਵੇਲੇ ਬਿੰਨੀ ਨੂੰ ਜਦੋਂ ਕੈਬਨਿਟ 'ਚ ਥਾਂ ਨਾ ਮਿਲੀ ਤਾਂ ਉਨ੍ਹਾਂ ਨੇ ਨਾਖ਼ੁਸ਼ੀ ਪ੍ਰਗਟ ਕੀਤੀ ਸੀ। ਬਿੰਨੀ ਨੇ ਕਿਹਾ ਕਿ ਮੰਤਰੀ ਨਾ ਬਣਨ ਤੋਂ ਉਹ ਦੁਖੀ ਨਹੀਂ ਹਨ ਅਤੇ ਲੋਕਾਂ ਦੇ ਹਿੱਤ 'ਚ ਮੁੱਦੇ ਉਠਾਉਣੇ ਚਾਹੁੰਦੇ ਹਨ। ਵਿਧਾਇਕ ਨੇ ਕਿਹਾ ਕਿ ਮੈਂ ਕਿਸੇ ਗੱਲ ਤੋਂ ਦੁਖੀ ਨਹੀਂ ਹਾਂ। ਪਾਰਟੀ ਮੁੱਖ ਮੁੱਦਿਆਂ ਤੋਂ ਭਟਕ ਰਹੀ ਹੈ। ਇਸ ਲਈ ਸਾਡੇ ਲਈ ਮਹੱਤਵਪੂਰਨ ਹੈ ਕਿ ਅਸੀਂ ਮਹਿਸੂਸ ਕਰਵਾਈਏ ਕਿ ਪਾਰਟੀ 'ਚ ਅਸੀਂ ਇਸ ਦੇ ਹਿੱਤਾਂ ਤੇ ਮੁੱਦਿਆਂ ਨੂੰ ਉਠਾਉਣ ਲਈ ਹਾਂ। ਓਧਰ ਬਿੰਨੀ ਦੇ ਹਮਲਿਆਂ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਧਾਇਕ ਨੇ ਪਹਿਲਾਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇ ਅਤੇ ਫਿਰ ਉਨ੍ਹਾਂ ਨੇ ਲੋਕ ਸਭਾ ਚੋਣ ਲੜਨ ਦੀ ਇੱਛਾ ਪ੍ਰਗਟ ਕੀਤੀ। ਟਿਕਟ ਮੰਗਣ ਉਹ ਮੇਰੇ ਘਰ ਆਏ। ਪਾਰਟੀ ਨੇ ਫ਼ੈਸਲਾ ਕੀਤਾ ਕਿ ਕਿਸੇ ਵੀ ਮੌਜੂਦਾ ਵਿਧਾਇਕ ਨੂੰ ਲੋਕ ਸਭਾ ਚੋਣਾਂ ਲਈ ਟਿਕਟ ਨਹੀਂ ਦਿੱਤੀ ਜਾਵੇਗੀ। 

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣ ਲੜਨ ਵਾਲੇ ਸਾਰੇ 70 ਉਮੀਦਵਾਰਾਂ ਦੀ ਮੀਟਿੰਗ ਹੋਈ ਸੀ ਪਰ ਵਿਧਾਇਕ ਨੇ ਬੈਠਕ ਵਿਚ ਇਕ ਵੀ ਮੁੱਦਾ ਨਹੀਂ ਉਠਾਇਆ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਉਨ੍ਹਾਂ ਦੇ ਇਰਾਦੇ ਕੀ ਹਨ ਅਤੇ ਨਾ ਹੀ ਮੈਂ ਇਨ੍ਹਾਂ ਚੀਜ਼ਾਂ ਵਿਚ ਜਾਣਾ ਚਾਹੁੰਦਾ ਹਾਂ। ਅਸੀਂ ਆਲੋਚਨਾ ਦਾ ਸਵਾਗਤ ਕਰਦੇ ਹਾਂ। ਭਾਵੇਂ ਉਹ ਲੋਕ ਕਰਨ, ਮੀਡੀਆ ਕਰੇ ਜਾਂ ਫਿਰ ਭਾਜਪਾ।




Archive

RECENT STORIES