Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲੋਕ ਸਭਾ ਚੋਣਾਂ 2014: ਪੰਜਾਬ ’ਚ ਕੌਣ, ਕਿੱਥੋਂ ਅਤੇ ਕਿਵੇਂ ਪੇਸ਼ ਕਰ ਰਿਹਾ ਹੈ ਆਪਣੀ ਦਾਅਵੇਦਾਰੀ ?

Posted on January 16th, 2014


 ਮੌਜੂਦਾ ਲੋਕ ਸਭਾ ਦੀ ਮਿਆਦ 1 ਜੂਨ ਨੂੰ ਖਤਮ ਹੋ ਰਹੀ ਹੈ। ਇਸ ਲਈ ਨਵੇਂ ਸਦਨ ਦੇ ਗਠਨ ਲਈ ਲੋਕ ਸਭਾ ਚੋਣਾਂ ਦਾ ਬਿਗ਼ਲ ਵੱਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਨੇ ਅਪ੍ਰੈਲ ਵਿੱਚ ਲੋਕ ਸਭਾ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਅਗਾਮੀ ਲੋਕ ਸਭਾ ਚੋਣਾਂ ਨੁੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਦੇਸ਼ ਦੀਆਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਨੇ ਰੈਲੀਆਂ, ਮੀਟਿੰਗਾਂ, ਮੀਡੀਆ ਰਾਹੀਂ ਵੋਟਰਾਂ ਤੱਕ ਆਪਣੀ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਦਸੰਬਰ 2013 ਵਿੱਚ 5 ਰਾਜਾਂ ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਮਿਜੋਰਮ ਦੀਆਂ ਵਿਧਾਨ ਸਭਾਵਾਂ ਚੋਣਾਂ ਦੇ ਨਤੀਜਿਆਂ ਉਤੇ ਪੰਛੀ ਝਾਤ ਮਾਰੀ ਜਾਵੇ ਤਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਮਿਜੋਰਮ ਨੂੰ ਛੱਡ ਕੇ ਬਾਕੀ 4 ਰਾਜਾਂ ਵਿੱਚ ਕਾਂਗਰਸ ਨੂੰ ਕਰਾਰੀ ਹਾਰ ਝੱਲਣੀ ਪਈ ਹੈ, ਉਥੇ ਭਾਜਪਾ ਨੇ ਰਾਜਸਥਾਨ ਵਿੱਚ ਵਸੂੰਧਰਾ ਰਾਜੇ ਦੀ ਅਗਵਾਈ ਹੇਠ 200 ਚੋਂ 162 ਸੀਟਾਂ, ਮੱਧ ਪ੍ਰਦੇਸ਼ ਵਿੱਚ ਸ਼ਿਵਰਾਜ ਦੀ ਅਗਵਾਈ ਹੇਠ 230 ਚੋਂ 165 ਸੀਟਾਂ ਅਤੇ ਛੱਤੀਸਗੜ੍ਹ ਵਿੱਚ ਮੁੱਖ ਮੰਤਰੀ ਰਮਨ ਸਿੰਘ ਦੀ ਅਗਵਾਈ ਹੇਠ 90 ਵਿੱਚੋਂ 49 ਸੀਟਾਂ ਲੈ ਕੇ ਹੂੰਝਾ-ਫੇਰ ਜਿੱਤ ਪ੍ਰਾਪਤ ਕਰਕੇ ਕੇਂਦਰ ’ਚ ਭਾਜਪਾ ਸਰਕਾਰ ਬਣਾਉਣ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਪਰ ਦਿੱਲੀ ਵਿੱਚ ਅਰਵਿੰਦ ਕੇਜ਼ਰੀਵਾਲ ਦੀ ਆਮ ਆਦਮੀ ਪਾਰਟੀ ਨੇ 70 ਵਿੱਚੋਂ 28 ਸੀਟਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਖੁਦ ਅਰਵਿੰਦ ਕੇਜ਼ਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਨੂੰ 25864 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਦਿੱਲੀ ਦਾ ਮੁੱਖ ਮੰਤਰੀ ਬਣਕੇ ਆਪਣਾ ਨਾਂਅ ਇਤਿਹਾਸ

ਦੇ ਪੰਨਿਆਂ ’ਤੇ ਸੁਨਿਹਰੀ ਅੱਖਰਾਂ ਵਿੱਚ ਦਰਜ਼ ਕਰ ਦਿੱਤਾ ਹੈ। ਭਾਵੇਂ ਆਮ ਆਦਮੀ ਪਾਰਟੀ ਨੇ ਅਗਾਮੀ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਅਰਵਿੰਦ ਕੇਜ਼ਰੀਵਾਲ ਦੀ ਪਾਰਟੀ ‘‘ਆਪ’’ ਨੂੰ ਦਿੱਲੀ ਵਰਗੀ ਕਾਮਯਾਬੀ ਦੇਸ਼ ਦੇ ਦੂਜੇ ਰਾਜਾਂ ਵਿੱਚ ਮਿਲਦੀ ਹੈ ਜਾਂ ਨਹੀਂ, ਪਰ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਤੀਸਰਾ ਬਦਲਾਵ, ਇੱਕ ਤੀਸਰਾ ਚਿਹਰਾ ਜ਼ਰੂਰ ਮਿਲ ਗਿਆ ਹੈ। ਜੇਕਰ ਗੱਲ ਕਰੀਏ ਪੰਜਾਬ ਦੀ ਰਾਜਨੀਤੀ ਦੀ ਤਾਂ ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਹਨ, ਜਿਨ੍ਹਾਂ ਉਤੇ ਮੁਕਾਬਲਾ ਮੁੱਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਵਿਚਕਾਰ ਹੀ ਹੋਣ ਵਾਲਾ ਹੈ, ਪਰ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਪੀ.ਪੀ.ਪੀ., ਬਸਪਾ ਖੱਬੇ ਪੱਖੀ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਪੰਜਾਬ ’ਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦੀ ਤਾਕਤ ਰੱਖਦੀਆਂ ਹਨ, ਇਸ ਲਈ ਇਹਨਾਂ ਪਾਰਟੀਆਂ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਜਿੱਥੇ ਸ਼੍ਰੋਮਣੀ ਅਕਾਲੀ ਦਲ (ਬ) ਉਤੇ ਦੋਵੇਂ ਬਾਦਲ ਸਾਹਿਬਾਨਾਂ ਦਾ ਪੂਰਾ ਕੰਟਰੋਲ ਦਿਖਾਈ ਦੇ ਰਿਹਾ ਹੈ, ਉਥੇ ਪੰਜਾਬ ਕਾਂਗਰਸ ਦੀ ਅੰਦਰੂਨੀ ਫੁੱਟ ਤੇ ਕਾਟੋ-ਕਲੇਸ਼ ਜੱਗ ਜ਼ਾਹਰ ਹੋ ਚੁੱਕੀ ਹੈ, ਜਿਸ ਕਾਰਨ ਇਸ ਸਮੇਂ ਪੰਜਾਬ ’ਚ ਕਾਂਗਰਸ ਦੀ ਸਥਿਤੀ ਸ਼੍ਰੋਮਣੀ ਅਕਾਲੀ ਦਲ (ਬ)-ਭਾਜਪਾ ਗੱਠਜੋੜ ਤੋਂ ਕਮਜੋਰ ਨਜ਼ਰ ਆ ਰਹੀ ਹੈ। ਖੈਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ। 

ਆਓ ਦੇਖੀਏ ਕਿ ਇਸ ਸਮੇਂ ਜੋ ਸਥਿਤੀ ਹੈ ਉਸ ਅਨੁਸਾਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਕੌਣ, ਕਿੱਥੋਂ ਅਤੇ ਕਿਵੇਂ ਪੇਸ਼ ਕਰ ਰਿਹਾ ਹੈ ਆਪਣੀ ਦਾਅਵੇਦਾਰੀ :- 

ਲੁਧਿਆਣਾ-ਲੁਧਿਆਣਾ ਲੋਕ ਸਭਾ ਹਲਕੇ ਤੋਂ ਮੌਜੂਦਾ ਸਮੇਂ ਕਾਂਗਰਸ ਦੇ ਕਂੇਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਮਨੀਸ਼ ਤਿਵਾੜੀ ਸੰਸਦ ਮੈਂਬਰ ਹਨ। ਪਿਛਲੀ ਵਾਰੀ ਉਹਨਾਂ ਨੇ ਇਹ ਸੀਟ 1,13,706 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੀ ਸੀ। ਇਸ ਵਾਰੀ ਵੀ ਕਾਂਗਰਸ ਹਾਈ ਕਮਾਨ ਨੇ ਮਨੀਸ਼ ਤਿਵਾੜੀ ਨੂੰ ਲੁਧਿਆਣੇ ਤੋਂ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਹੈ, ਜਿਸ ਕਾਰਨ ਸ੍ਰੀ ਮਨੀਸ਼ ਤਿਵਾੜੀ ਪਿਛਲੇ ਕਾਫੀ ਸਮੇਂ ਤੋਂ ਇਸ ਹਲਕੇ ਵਿੱਚ ਸਰਗਰਮ ਹਨ। ਦੂਸਰੇ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਰੇ ਸਥਿਤੀ ਅਜੇ ਤੱਕ ਪੂਰੀ ਤਰ੍ਹਾਂ ਸਾਫ ਨਹੀਂ ਹੋ ਸਕੀ। ਇੱਥਂੋ ਉਘੇ ਉਦਯੋਗਪਤੀ ਅਤੇ ਸ. ਸੁਖਬੀਰ ਸਿੰਘ ਬਾਦਲ ਮਾਨਯੋਗ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਨਜ਼ਦੀਕੀ ਦੋਸਤ ਕਮਲ ਓਸਵਾਲ, ਸ. ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸ. ਹੀਰਾ ਸਿੰਘ ਗਾਬੜੀਆ ਦੇ ਨਾਵਾਂ ਦੀ ਚਰਚਾ ਹੁੰਦੀ ਆ ਰਹੀ ਹੈ। ਪਰ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਦਾਖਾ ਤੋਂ ਮੌਜੂਦਾ ਐਮ.ਐਲ.ਏ. ਸ. ਮਨਪ੍ਰੀਤ ਸਿੰਘ ਇਯਾਲੀ ਲੋਕਾਂ ਨਾਲ ਸੰਪਰਕ ਸਥਾਪਿਤ ਕਰ ਰਹੇ ਹਨ ਅਤੇ ਹਲਕੇ ਵਿੱਚ ਵਿਚਰ ਰਹੇ ਹਨ, ਉਸ ਤੋਂ ਪ੍ਰਤੀਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੂੰ ਤਕੜੀ ਟੱਕਰ ਦੇਣ ਲਈ ਮਨਪ੍ਰੀਤ ਸਿੰਘ ਇਯਾਲੀ ਨੂੰ ਮੈਦਾਨ ਵਿੱਚ ਉਤਾਰਨ ਦਾ ਮਨ ਬਣਾ ਲਿਆ ਹੋਵੇ। ਰਾਜਨੀਤਿਕ ਗਲਿਆਰਿਆਂ ਵਿੱਚ ਅਕਾਲੀ ਭਾਜਪਾ ਦਰਮਿਆਨ ਲੁਧਿਆਣਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹਲਕੇ ਬਦਲਣ ਦੀ ਵੀ ਚਰਚਾ ਹੋ ਰਹੀ ਹੈ। 

ਸ੍ਰੀ ਅੰਮ੍ਰਿਤਸਰ ਸਾਹਿਬ-ਪਿਛਲੀ ਵਾਰੀ ਇਹ ਸੀਟ ਭਾਜਪਾ ਦੇ ਤੇਜ਼-ਤਰਾਰ ਆਗੂ ਅਤੇ ਸਾਬਕਾ ਕ੍ਰਿਕਟਰ ਸ. ਨਵਜੋਤ ਸਿੰਘ ਸਿੱਧੂ ਨੇ 6865 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਭਾਵੇਂ ਭਾਜਪਾ ਹੁਣ ਤੱਕ ਇੱਥੋਂ ਨਵਜੋਤ ਸਿੰਘ ਸਿੱਧੂ ਨੂੰ ਹੀ ਉਮੀਦਵਾਰ ਦੇ ਤੌਰ ’ਤੇ ਪੇਸ਼ ਕਰ ਰਹੀ ਹੈ, ਪਰ ਪਿਛਲੇ ਸਮੇਂ ਸ. ਸਿੱਧੂ ਅਤੇ ਅਕਾਲੀ ਦਲ ਦਰਮਿਆਨ ਜੋ ਸ਼ਬਦੀ ਜੰਗ ਚੱਲੀ ਹੈ, ਉਹ ਵੀ ਜੱਗ ਜ਼ਾਹਰ ਹੈ, ਜਿਸ ਕਾਰਨ ਨਵਜੋਤ ਸਿੰਘ ਸਿੱਧੂ ਸ੍ਰੀ ਅੰਮ੍ਰਿਤਸਰ ਸਾਹਿਬ ਨਾਲੋਂ ਦਿੱਲੀ ਦੀ ਪੱਛਮੀ ਸੀਟ ਤੋਂ ਚੋਣ ਲੜਨ ਦੇ ਜਿਆਦਾ ਚਾਹਵਾਨ ਦਿਖਾਈ ਦੇ ਰਹੇ ਹਨ। ਸ. ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਸਿੱਧੂ, ਕੇਂਦਰੀ ਨੇਤਾ ਸ੍ਰੀ ਅਰੁਨ ਜੇਤਲੀ ਤੇ ਰਜਿੰਦਰ ਮੋਹਨ ਸਿੰਘ ਛੀਨਾ ਦਾ ਨਾਂਅ ਵੀ ਚਰਚਾ ’ਚ ਹੈ। ਦੂਸਰੇ ਪਾਸੇ ਕਾਂਗਰਸ ਵੱਲੋਂ ਇੱਥੋਂ ਓ.ਪੀ. ਸੋਨੀ, ਫਿਲਮ ਅਭਿਨੇਤਾ ਸ੍ਰੀ ਰਾਜ ਬੱਬਰ ਅਤੇ ਅਜੇ ਦੇਵਗਨ ਦੇ ਨਾਂਅ ਜਿਆਦਾ ਚਰਚਾ ਵਿੱਚ ਹਨ। ਇੱਥੋਂ ਪ੍ਰਦੀਪ ਸਿੰਘ ਵਾਲੀਆ ਬਸਪਾ ਦੇ ਸੰਭਾਵਿਤ ਉਮੀਦਵਾਰ ਹੋ ਸਕਦੇ ਹਨ। 

ਬਠਿੰਡਾ-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੌਜੂਦਾ ਪ੍ਰਧਾਨ ਤੇ ਮਾਣਯੋਗ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਇੱਥੋਂ ਮੌਜੂਦਾ ਸੰਸਦ ਮੈਂਬਰ ਹਨ। ਪਿਛਲੀ ਵਾਰੀ ਇਹ ਸੀਟ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਸ. ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤੀ ਸੀ। ਇਸ ਵਾਰੀ ਵੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਹੀ ਇੱਥੋਂ ਉਮੀਦਵਾਰ ਬਣਾਉਣ ਦੀ ਪੂਰੀ ਪੂਰੀ ਸੰਭਾਵਨਾ ਹੈ। ਦੂਸਰੇ ਪਾਸੇ ਜੇਕਰ ਕਾਂਗਰਸ ਦਾ ਪੀ.ਪੀ.ਪੀ. ਨਾਲ ਕੋਈ ਸਮਝੌਤਾ ਹੁੰਦਾ ਹੈ ਤਾਂ ਇਸ ਸੀਟ ਤੋਂ ਪੀ.ਪੀ.ਪੀ. ਦੇ ਪ੍ਰਧਾਨ ਅਤੇ ਸਾਬਕਾ ਖਜਾਨਾ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਦੇ ਚੋਣ ਲੜਨ ਦੀ ਸੰਭਾਵਨਾ ਹੈ। ਕਾਂਗਰਸ ਵੱਲੋਂ ਇੱਥੇ ਸ. ਜਗਮੀਤ ਸਿੰਘ ਬਰਾੜ ਨੂੰ ਵੀ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਕੈਪਟਨ ਪਰਿਵਾਰ ਇਸ ਵਾਰੀ ਆਪਣਾ ਸਾਰਾ ਧਿਆਨ ਪਟਿਆਲਾ ਸੀਟ ਉਤੇ ਹੀ ਲਗਾਉਣਾ ਚਾਹੁੰਦਾ ਹੈ। ਇਸ ਲਈ ਉਹ ਪਹਿਲਾਂ ਵਾਗ ਇਸ ਸੀਟ ’ਤੇ ਓਨੀ ਦਿਲਚਸਪੀ ਨਹੀਂ ਦਿਖਾ ਰਿਹਾ। ਬਸਪਾ ਵੱਲੋਂ ਇਸ ਸੀਟ ’ਤੇ ਭੁਪੇਸ਼ ਸ਼ਰਮਾ ਦਾ ਨਾਮ ਉਮੀਦਵਾਰ ਵਜੋਂ ਲਿਆ ਜਾ ਰਿਹਾ ਹੈ। 

ਸੰਗਰੂਰ-ਪਿਛਲੀ ਵਾਰੀ ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਸ੍ਰੀ ਵਜਿੰਦਰ ਸਿੰਗਲਾ ਨੇ ਇਹ ਸੀਟ 40872 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਵਾਰੀ ਕਾਂਗਰਸ ਵੱਲੋਂ ਉਹਨਾਂ ਦੇ ਨਾਂਅ ਦੇ ਨਾਲ ਨਾਲ ਅਰਵਿੰਦ ਖੰਨਾ ਦਾ ਨਾਂਅ ਵੀ ਸੰਭਾਵਿਤ ਉਮੀਦਵਾਰਾਂ ਦੀ ਸੂਚੀ ਵਿੱਚ ਲਿਆ ਜਾ ਰਿਹਾ ਹੈ। ਦੂਸਰੇ ਪਾਸੇ ਜਿੱਥੇ ਅਕਾਲੀ ਦਲ ਬਾਦਲ ਵੱਲੋਂ ਸ. ਸੁਖਦੇਵ ਸਿੰਘ ਢੀਂਡਸਾ ਨੂੰ ਹਰੀ ਝੰਡੀ ਮਿਲ ਚੁੱਕੀ ਹੈ, ਉਥੇ ਸਾਂਝੇ ਮੋਰਚੇ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਲੌਗਂੋਵਾਲ ਦੇ ਸਰਪ੍ਰਸਤ ਸ. ਸੁਰਜੀਤ ਸਿੰਘ ਬਰਨਾਲਾ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਬਰਨਾਲਾ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਹੈ। 

ਗੁਰਦਾਸਪੁਰ-ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਇੱਥੋਂ ਲੋਕ ਸਭਾ ਮੈਂਬਰ ਹਨ। ਪਿਛਲੀ ਵਾਰੀ ਇਹ ਸੀਟ ਉਹਨਾਂ ਨੇ 8342 ਵੋਟਾਂ ਦੇ ਫਰਕ ਨਾਲ ਜਿੱਤੀ ਸੀ। 99 ਪ੍ਰਤੀਸ਼ਤ ਉਮੀਦ ਲਾਈ ਜਾ ਰਹੀ ਹੈ ਕਿ ਗੁਰਦਾਸਪੁਰ ਸੀਟ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੀ ਇੱਥੋਂ ਉਮੀਦਵਾਰ ਹੋਣਗੇ, ਪਰ ਜੇਕਰ ਉਹ ਚੋਣ ਨਹੀਂ ਲੜਦੇ ਤਾਂ ਸ. ਫਤਿਹ ਜੰਗ ਸਿੰਘ ਦਾ ਨਾਂਅ ਸਭ ਤੋਂ ਉਪਰ ਹੈ। ਦੂਸਰੇ ਪਾਸੇ ਭਾਜਪਾ ਵੱਲੋਂ ਫਿਲਮ ਅਭਿਨੇਤਾ ਸ੍ਰੀ ਵਿਨੋਦ ਖੰਨਾ, ਸ੍ਰੀ ਸਵਰਨ ਸਲਾਰੀਆ ਦੇ ਨਾਂਅ ਪੂਰੇ ਜ਼ੋਰਾਂ ’ਤੇ ਹਨ। 

ਸ੍ਰੀ ਫਤਿਹਗੜ੍ਹ ਸਾਹਿਬ-ਪਿਛਲੀ ਵਾਰੀ ਲੋਕ ਸਭਾ ਚੋਣਾਂ ’ਚ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ਕਾਂਗਰਸ ਵਿੱਚ ਆਏ ਸ. ਸੁਖਦੇਵ ਸਿੰਘ ਲਿਬੜਾ ਨੇ ਇਹ ਸੀਟ 34299 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਉਹਨਾਂ ਨੇ ਇਹ ਸੀਟ ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਹਲਕਾ ਪਾਇਲ ਤੋਂ ਮੌਜੂਦਾ ਵਿਧਾਇਕ ਸ. ਚਰਨਜੀਤ ਸਿੰਘ ਅਟਵਾਲ ਨੂੰ ਹਰਾ ਕੇ ਜਿੱਤੀ ਸੀ। ਪਰ ਇਸ ਵਾਰੀ ਕਾਂਗਰਸ ਸ. ਲਿਬੜਾ ਦੀ ਥਾਂ ਨੌਜਵਾਨ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਦੇ ਨਾਂਅ ਨੂੰ ਜਿਆਦਾ ਮਹੱਤਤਾ ਦੇ ਰਹੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਨੇ ਸ. ਲਖਵੀਰ ਸਿੰਘ ਲੱਖਾ ਨੂੰ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਦੇ ਸਪੁੱਤਰ ਇੰਦਰਇਕਬਾਲ ਸਿੰਘ ਅਟਵਾਲ, ਸਾਬਕਾ ਐਮ.ਪੀ. ਬੀਬੀ ਸਤਿੰਦਰ ਕੌਰ ਧਾਲੀਵਾਲ ਤੇ ਸ੍ਰੀ ਰਾਜ ਕੁਮਾਰ ਅਤਿਕਾਏ ਦੇ ਨਾਂਅ ਜ਼ਿਕਰਯੋਗ ਹਨ। ਜੇਕਰ ਫਰੀਦਕੋਟ ਤੋਂ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਅਕਾਲੀ ਦਲ ਵੱਲੋਂ ਟਿਕਟ ਨਹੀਂ ਮਿਲਦੀ ਤਾਂ ਉਹਨਾਂ ਦੇ ਪਤੀ ਹਲਕਾ ਬਸੀ ਪਠਾਣਾਂ ਤੋਂ ਮੌਜੂਦਾ ਵਿਧਾਇਕ ਅਤੇ ਸਾਬਕਾ ਜੱਜ ਸ. ਨਿਰਮਲ ਸਿੰਘ ਨੂੰ ਅਕਾਲੀ ਦਲ ਦੀ ਟਿਕਟ ਮਿਲਣ ਦੇ ਜਿਆਦਾ ਸੰਕੇਤ ਦਿਖਾਈ ਦੇ ਰਹੇ ਹਨ। 

ਖਡੂਰ ਸਾਹਿਬ-ਪਿਛਲੀ ਵਾਰੀ ਖਡੂਰ ਸਾਹਿਬ ਲੋਕ ਸਭਾ ਸੀਟ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਨੇ 3226 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਵਾਰੀ ਡਾ. ਅਜਨਾਲਾ ਤਂੋ ਇਲਾਵਾ ਟਕਸਾਲੀ ਅਕਾਲੀ ਆਗੂ ਸ. ਰਣਜੀਤ ਸਿੰਘ ਬ੍ਰਹਮਪੁਰਾ ਵੀ ਟਿਕਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਦੂਜੇ ਪਾਸੇ ਕਾਂਗਰਸ ਵੱਲੋਂ ਰਾਣਾ ਗੁਰਜੀਤ ਸਿੰਘ ਤੇ ਹਰਮਿੰਦਰ ਸਿੰਘ ਗਿੱਲ ਦਾ ਨਾਂਅ ਅੱਗੇ ਆ ਰਿਹਾ ਹੈ। ਇਸ ਤੋਂ ਇਲਾਵਾ ਸ. ਸੁੱਚਾ ਸਿੰਘ ਮਾਨ ਬਸਪਾ ਵੱਲਂੋ ਸੀਟ ਦੇ ਉਮੀਦਵਾਰ ਹੋ ਸਕਦੇ ਹਨ। 

ਫਰੀਦਕੋਟ-ਪਿਛਲੀ ਵਾਰੀ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ ਨੇ ਇਹ ਸੀਟ 62042 ਵੋਟਾਂ ਦੇ ਫਰਕ ਨਾਲ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਸੀ। ਇਹ ਸੀਟ ਉਹ 2 ਵਾਰੀ ਜਿੱਤ ਚੁੱਕੇ ਹਨ। ਇਸ ਵਾਰੀ ਫਰੀਦਕੋਟ ਲੋਕ ਸਭਾ ਸੀਟ ਤੋਂ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ ਤਂੋ ਇਲਾਵਾ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸ. ਅਜੀਤ ਸਿੰਘ ਸ਼ਾਂਤ ਵੀ ਪਾਰਟੀ ਦਾ ਟਿਕਟ ਲੈਣ ਲਈ ਇਛੁੱਕ ਦੱਸੇ ਜਾ ਰਹੇ ਹਨ। ਉਧਰ ਕਾਂਗਰਸ ਵੱਲੋਂ ਸੁਖਵਿੰਦਰ ਸਿੰਘ ਡੈਨੀ, ਜੋਗਿੰਦਰ ਸਿੰਘ ਪੰਜਗਰਾਈਂ ਮੁੱਖ ਦਾਅਵੇਦਾਰ ਹਨ। 

ਫਿਰੋਜ਼ਪੁਰ-ਪਿਛਲੀ ਵਾਰੀ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ. ਸ਼ੇਰ ਸਿੰਘ ਘਬਾਇਆ ਨੇ 21071 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਕੋਲੋਂ ਜਿੱਤੀ ਸੀ। ਭਾਵਂੇ ਇਸ ਵਾਰੀ ਸ. ਘਬਾਇਆ ਟਿਕਟ ਲੈਣ ਦੇ ਚਾਹਵਾਨ ਦੱਸੇ ਜਾ ਰਹੇ ਹਨ, ਪਰ ਇਸ ਵਾਰੀ ਅਕਾਲੀ ਦਲ ਉਹਨਾਂ ਦੇ ਨਾਂਅ ਦੇ ਨਾਲ ਨਾਲ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੇਖੋਂ ਤੇ ਸਾਬਕਾ ਪਾਰਲੀਮੈਂਟ ਮੈਂਬਰ ਸ. ਜੋਰਾ ਸਿੰਘ ਮਾਨ ਦੇ ਸਪੁੱਤਰ ਸ. ਵਰਦੇਵ ਸਿੰਘ ਮਾਨ ਦੇ ਨਾਮ ’ਤੇ ਵੀ ਵਿਚਾਰ ਕਰ ਰਹੀ ਹੈ। ਦੂਸਰੇ ਪਾਸੇ ਕਾਂਗਰਸ ਵੱਲੋਂ ਸ.ਜਗਮੀਤ ਸਿੰਘ ਬਰਾੜ, ਸ੍ਰੀ ਸੁਨੀਲ ਜਾਖ਼ੜ ਅਤੇ ਰਾਣਾ ਗੁਰਜੀਤ ਸਿੰਘ ਸੋਢੀ ਵੀ ਟਿਕਟ ਲੈਣ ਲਈ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਪੀ.ਪੀ.ਪੀ. ਅਤੇ ਕਾਂਗਰਸ ਵਿਚਕਾਰ ਗਠਜੋੜ ਨਾ ਹੋਣ ਦੀ ਸੂਰਤ ਵਿੱਚ ਸਾਂਝੇ ਮੋਰਚੇ ਵੱਲੋਂ ਸ. ਮਨਪ੍ਰੀਤ ਸਿੰਘ ਬਾਦਲ ਦੀ ਇਸ ਸੀਟ ਤੋਂ ਚੋਣ ਲੜਨ ਦੀ ਜਿਆਦਾ ਸੰਭਾਵਨਾ ਹੈ। ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਬਸਪਾ ਰਾਜ ਕੁਮਾਰ ਪਰਜਾਪਤੀ ਨੂੰ ਆਪਣਾ ਉਮੀਦਵਾਰ ਘੋਸ਼ਿਤ ਕਰ ਰਹੀ ਹੈ। 

ਹੁਸ਼ਿਆਰਪੁਰ- ਹੁਸ਼ਿਆਰਪੁਰ ਸ਼ੀਟ ਤੋਂ ਇਸ ਸਮੇਂ ਕਾਂਗਰਸ ਦੀ ਸ੍ਰੀਮਤੀ ਸੰਤੋਸ਼ ਚੌਧਰੀ ਮੈਂਬਰ ਪਾਰਲੀਮੈਂਟ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਨੇ ਭਾਜਪਾ ਦੇ ਸ੍ਰੀ ਸੋਮ ਪ੍ਰਕਾਸ਼ ਨੂੰ 366 ਵੋਟਾਂ ਦੇ ਮਮੂਲੀ ਫਰਕ ਨਾਲ ਹਰਾਇਆ ਸੀ। ਪਰ ਰਾਜਨੀਤਿਕ ਗਲਿਆਰਿਆਂ ਵਿੱਚ ਇਹ ਚਰਚਾ ਹੋ ਰਹੀ ਹੈ ਕਿ ਇਸ ਵਾਰੀ ਕਾਂਗਰਸ ਸ੍ਰੀਮਤੀ ਸੰਤੋਸ਼ ਚੌਧਰੀ ਦੀ ਥਾਂ ਕਿਸੇ ਹੋਰ ਨਵੇਂ ਚਿਹਰੇ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ। ਉਂਝ ਸ. ਮਹਿੰਦਰ ਸਿੰਘ ਕੇ.ਪੀ. ਦਾ ਨਾਂ ਵੀ ਚਰਚਾ ਵਿੱਚ ਸੁਣਨ ਨੂੰ ਆਇਆ ਹੈ। ਦੂਜੇ ਪਾਸੇ ਭਾਜਪਾ ਵੱਲੋਂ ਸ੍ਰੀ ਓਮ ਪ੍ਰਕਾਸ਼, ਸ੍ਰੀ ਵਿਜੇ ਸਾਂਪਲਾ ਦਾ ਨਾਮ ਚਰਚਾ ਵਿੱਚ ਹੈ। ਪਰ ਪਿਛਲੀ ਦਿਨੀਂ ਭਾਜਪਾ ’ਚ ਸ਼ਾਮਿਲ ਹੋਈ ਪੰਜਾਬੀ ਗਾਇਕਾ ਅਤੇ ਫਿਲਮ ਐਕਟਰੈਸ ਮਿਸ ਪੂਜਾ, ਸ੍ਰੀ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਦੀ ਦਾਅਵੇਦਾਰੀ ਨੂੰ ਪਛਾੜ ਸਕਦੀ ਹੈ। ਬਸਪਾ ਦੀ ਗੜ੍ਹ ਸਮਝੀ ਜਾਂਦੀ ਹੁਸ਼ਿਆਰਪੁਰ ਸੀਟ ਤੋਂ ਬਸਪਾ ਭਗਵਾਨ ਸਿੰਘ ਚੌਹਾਨ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ। 

ਸ੍ਰੀ ਅਨੰਦਪੁਰ ਸਾਹਿਬ-ਇਸ ਹਲਕੇ ਤੋਂ ਪਿਛਲੀ ਵਾਰੀ ਕਾਂਗਰਸ ਦੇ ਨੌਜਵਾਨ ਆਗੂ ਸ. ਰਵਨੀਤ ਸਿੰਘ ਬਿੱਟੂ 67204 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਸ ਵਾਰੀ ਵੀ ਕਾਂਗਰਸ ਵੱਲੋਂ ਟਿਕਟ ਲਈ ਉਹਨਾਂ ਦਾ ਨਾਂਅ ਲੱਗਭੱਗ ਤੈਅ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਅਕਾਲੀ ਦਲ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਥਾਪੜਾ ਦੇ ਦਿੱਤਾ ਹੈ ਅਤੇ ਉਹਨਾਂ ਨੇ ਇਲਾਕੇ ਵਿੱਚ ਵਿਚਰਨਾ ਵੀ ਸ਼ੁਰੂ ਕਰ ਦਿੱਤਾ ਹੈ। ਦੂਸਰੇ ਪਾਸੇ ਸੀਨੀਅਰ ਅਕਾਲੀ ਆਗੂ ਸ. ਕੁਲਦੀਪ ਸਿੰਘ ਵਡਾਲਾ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ। 

ਜਲੰਧਰ-ਪਿਛਲੀ ਵਾਰੀ ਜਲੰਧਰ ਲੋਕ ਸਭਾ ਸੀਟ ਕਾਂਗਰਸ ਦੇ ਮਹਿੰਦਰ ਸਿੰਘ ਕੇ.ਪੀ. ਨੇ ਅਕਾਲੀ ਦਲ ਦੇ ਸ੍ਰੀ ਹੰਸ ਰਾਜ ਹੰਸ ਨੂੰ 36445 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤੀ ਸੀ। ਇਸ ਵਾਰੀ ਜਲੰਧਰ ਲੋਕ ਸਭਾ ਸੀਟ ਤੋਂ ਸ. ਮਹਿੰਦਰ ਸਿੰਘ ਕੇ.ਪੀ. ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸਮਸ਼ੇਰ ਸਿੰਘ ਦੂਲੋ ਗੰਭੀਰ ਦਾਅਵੇਦਾਰ ਦੱਸੇ ਜਾ ਰਹੇ ਹਨ। ਦੂਸਰੇ ਪਾਸੇ ਅਕਾਲੀ ਦਲ ਵੱਲੋਂ ਬਸਪਾ ਤੋਂ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਉਮੀਦਵਾਰ ਬਣਾਏ ਜਾਣ ਦੀ ਜਿਆਦਾ ਸੰਭਾਵਨਾ ਨਜ਼ਰ ਆ ਰਹੀ ਹੈ। 

ਪਟਿਆਲਾ-ਪਿਛਲੀ ਵਾਰੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਪਟਿਆਲਾ ਲੋਕ ਸਭਾ ਸੀਟ 97389 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਵਾਰੀ ਵੀ ਕਾਂਗਰਸ ਵੱਲੋਂ ਇਹਨਾਂ ਦਾ ਹੀ ਨਾਮ ਲੱਗਭੱਗ ਤੈਅ ਹੋ ਚੁੱਕਾ ਹੈ। ਦੂਸਰੇ ਪਾਸੇ ਅਕਾਲੀ ਦਲ ਵੱਲਂੋ ਮਹਾਂਰਾਣੀ ਦੇ ਨਜ਼ਦੀਕੀ ਰਹੇ ਦੀਪਇੰਦਰ ਸਿੰਘ ਢਿੱਲੋਂ, ਹਰਮੇਲ ਸਿੰਘ ਟੌਹੜਾ, ਸੁਰਜੀਤ ਸਿੰਘ ਰੱਖੜਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਕੇ ਭਰਾ ਸ. ਮਾਲਵਿੰਦਰ ਸਿੰਘ ਵਿੱਚੋਂ ਕਿਸੇ ਇੱਕ ਨੂੰ ਟਿਕਟ ਦਿੱਤੇ ਜਾਣ ਦੀ ਸੰਭਾਵਨਾ ਹੈ। ਓਧਰ ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਵੀ ਪਟਿਆਲਾ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ। ਨਾਲ ਹੀ ਲੋਕ ਸਭਾ ਸੀਟ ’ਤੇ ਬਸਪਾ ਵੱਲੋਂ ਰਾਮ ਸਿੰਘ ਧੀਮਾਨ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ। ਪੰਜਾਬ  ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਉਪਰੋਕਤ ਨਾਵਾਂ ਦੀ ਚਰਚਾ ਇਸ ਸਮੇਂ ਰਾਜਨੀਤਿਕ ਗਲਿਆਰਿਆਂ ’ਚ ਰਹੀ ਹੈ, ਜੇਕਰ ਲੇਖ ਛਪਣ ਤੱਕ ਜਾਂ ਅੱਗੇ ਜਾ ਕੇ ਜਾਂ ਪੀ.ਪੀ.ਪੀ.-ਕਾਂਗਰਸ ਵਿੱਚ ਗੱਠਜੋੜ ਹੋਣ ਦੀ ਸੂਰਤ ਵਿੱਚ ਜਾਂ ਸਾਂਝਾ ਮੋਰਚਾ-ਬਸਪਾ ਗੱਠਜੋੜ ਹੋਣ ਦੀ ਸੂਰਤ ਵਿੱਚ ਉਪਰੋਕਤ ਨਾਵਾਂ ਦੀ ਥਾਂ ਹੋਰ ਨਵੇਂ ਨਾਂਅ ਸਾਹਮਣੇ ਆਉਣ ਤਾਂ ਹੈਰਾਨ ਹੋਣ ਦੀ ਕੋਈ ਲੋੜ ਨਹੀਂ, ਕਿੳਂੁਕਿ ਰਾਜਨੀਤੀ ਦੀ ਖੇਡ ਇੱਕ ਅਜਿਹੀ ਖੇਡ ਹੈ, ਜਿਸ ਵਿੱਚ ਪਤਾ ਨਹੀਂ ਚੱਲਦਾ ਕਿ ਕੌਣ, ਕਦੋਂ ਅਤੇ ਕਿੱਥੋਂ ਕਲੀਨਬੋਲਡ ਹੋ ਜਾਵੇ।



Archive

RECENT STORIES