Posted on January 17th, 2014

<p>ਪਰਵਾਸੀ ਪੰਜਾਬੀ ਸੰਮੇਲਨ-ਇਕ ਵਿਚਾਰ ਚਰਚਾ ਦੌਰਾਨ ਮੰਚ 'ਤੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ, ਮੇਜਰ ਸਿੰਘ, ਕਮਲਜੀਤ ਸਿੰਘ ਹੇਅਰ, ਗੁਰਸ਼ਰਨ ਬੁੱਟਰ ਤੇ ਪ੍ਰੀਤਮ ਸਿੰਘ ਨੌਰੰਗਪੁਰ<br></p>
ਆਮ ਪਰਵਾਸੀਆਂ ਦੀ ਸਰਕਾਰ ਤੱਕ ਸਿੱਧੀ ਤੇ ਸੌਖਾਲੀ ਪਹੁੰਚ ਨੂੰ ਤਰਜੀਹ ਮਿਲੇ
ਸੰਮੇਲਨ ਵਿਚ ਵੀ ਆਈ ਪੀ ਕਲਚਰ ਖਤਮ ਕਰਨ ਦੀ ਲੋੜ
ਜਲੰਧਰ- ਪੰਜਾਬ ਸਰਕਾਰ ਵੱਲੋਂ ਜੋ ਸਲਾਨਾ ਪਰਵਾਸੀ ਪੰਜਾਬੀ ਸੰਮੇਲਨ ਕਰਵਾਉਣ ਦਾ ਯਤਨ ਆਰੰਭਿਆ ਗਿਆ ਹੈ, ਇਹ ਕਾਫੀ ਸ਼ਲਾਘਾਯੋਗ ਉਦਮ ਹੈ ਪਰ ਇਸ ਸੰਮੇਲਨ ਰਾਹੀਂ ਪਰਵਾਸੀਆਂ ਤੱਕ ਸਰਕਾਰ ਦੀ ਸਿੱਧੀ ਤੇ ਸੌਖਾਲੀ ਪਹੁੰਚ ਬਣਾਉਣ ਨਾਲ ਹੀ ਸਮੱਸਿਆਵਾਂ ਦਾ ਠੋਸ ਹੱਲ ਹੋ ਸਕਦਾ ਹੈ। ਪਰਵਾਸੀਆਂ ਵਿਚ ਸਰਕਾਰ ਪ੍ਰਤੀ ਵਿਸ਼ਵਾਸ ਕਾਇਮੀ ਲਈ ਸਰਕਾਰੀ ਦਫਤਰਾਂ ਤੇ ਥਾਣਿਆਂ ਵਿਚ ਭ੍ਰਿਸ਼ਟਾਚਾਰ ਉਪਰ ਕਾਬੂ ਪਾਉਣ ਤੋਂ ਇਲਾਵਾ ਕਚਿਹਰੀਆਂ ਤੇ ਅਦਾਲਤਾਂ ਵਿਚ ਜਲਦੀ ਇਨਸਾਫ ਮੁਹੱਈਆ ਕਰਵਾਇਆ ਜਾਣਾ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਇਹ ਤੱਥ ਸਾਰ ਹਨ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਰੇਡੀਓ ਸੁਰ ਸੰਗਮ ਐਡਮਿੰਟਨ ਅਤੇ ਪ੍ਰੈਸ ਕਲੱਬ ਵੱਲੋਂ ਸਾਂਝੇ ਰੂਪ ਵਿਚ ਕਰਵਾਈ ਗਈ 'ਪਰਵਾਸੀ ਪੰਜਾਬੀ ਸੰਮੇਲਨ-ਇਕ ਵਿਚਾਰ ਚਰਚਾ' ਵਿਚ ਸ਼ਾਮਿਲ ਵੱਖ-ਵੱਖ ਬੁਲਾਰਿਆਂ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੇ।
ਸੀਨੀਅਰ ਪੱਤਰਕਾਰ ਸ੍ਰੀ ਜਤਿੰਦਰ ਪੰਨੂ ਨੇ ਸਰਕਾਰ ਵੱਲੋਂ ਕਰਵਾਏ ਜਾਂਦੇ ਪਰਵਾਸੀ ਸੰਮੇਲਨ ਵਿਚ ਪਰਵਾਸੀਆਂ ਦੀ ਚੁਣੀ ਹੋਈ ਜਥੇਬੰਦੀ ਐਨ ਆਰ ਆਈ ਸਭਾ ਪੰਜਾਬ ਦੀ ਗੈਰ-ਹਾਜ਼ਰੀ ਦਾ ਸਵਾਲ ਉਠਾਇਆ। ਉਹਨਾਂ ਕਿਹਾ ਕਿ ਇਹ ਸਭਾ ਪਰਵਾਸੀ ਪੰਜਾਬੀਆਂ ਦੀ ਭਲਾਈ ਲਈ ਸਾਲ 1996 ਵਿਚ ਗਠਿਤ ਕੀਤੀ ਗਈ ਪਰ ਸਰਕਾਰ ਨੇ ਚੁਣੇ ਹੋਏ ਪ੍ਰਤੀਨਿਧਾਂ ਉਪਰ ਕਮਿਸ਼ਨਰ ਪੱਧਰ ਦਾ ਅਧਿਕਾਰੀ ਚੇਅਰਮੈਨ ਬਣਾਕੇ ਬਿਠਾ ਦਿੱਤਾ। ਅੱਜ ਵੀ ਪ੍ਰਧਾਨ ਨਾਲੋਂ ਵਧੇਰੇ ਅਧਿਕਾਰ ਚੇਅਰਮੈਨ ਕੋਲ ਹਨ। ਚਾਹੀਦਾ ਹੈ ਤਾਂ ਹੈ ਕਿ ਇਸ ਸਭਾ ਨੂੰ ਪਰਵਾਸੀ ਸੰਮੇਲਨ ਅਤੇ ਪਰਵਾਸੀਆਂ ਦੇ ਕੰਮਾਂ ਵਿਚ ਬਰਾਬਰ ਸ਼ਾਮਿਲ ਕੀਤਾ ਜਾਵੇ ਪਰ ਸਰਕਾਰ ਨੇ ਇਸ ਸਭਾ ਨੂੰ ਮੂਲੋਂ ਹੀ ਅਣਗੌਲਿਆਂ ਕਰ ਰੱਖਿਆ ਹੈ। ਵਿਚਾਰ ਚਰਚਾ ਦੌਰਾਨ ਬਹਿਸ ਦਾ ਆਗਾਜ਼ ਕਰਦਿਆਂ ਸੀਨੀਅਰ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਨੇ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਸਰਕਾਰ ਵੱਲੋਂ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਹਨਾਂ ਦੀ ਮਿੱਟੀ ਨਾਲ ਸਾਂਝ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਉਠਾਏ ਜਾ ਰਹੇ ਹਨ ਪਰ ਇਸਦੇ ਬਾਵਜੂਦ ਬਹੁਗਿਣਤੀ ਪਰਵਾਸੀ ਸਰਕਾਰ ਦੇ ਯਤਨਾਂ ਤੋਂ ਸੰਤੁਸ਼ਟ ਨਹੀਂ ਹਨ। ਅਲਗ ਐਨ ਆਰ ਆਈ ਥਾਣੇ ਬਣਾਉਣ ਦੇ ਬਾਵਜੂਦ ਇਹਨਾਂ ਥਾਣਿਆਂ ਵਿਚ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਬਲਕਿ ਭ੍ਰਿਸ਼ਟ ਅਧਿਕਾਰੀ ਕੁਰਸੀਆਂ 'ਤੇ ਜੰਮੇ ਬੈਠੇ ਹਨ। ਜ਼ਮੀਨੀ ਝਗੜਿਆਂ ਵਿਚ ਵੀ ਅਦਾਲਤੀ ਪ੍ਰਕਿਰਿਆ ਬਹੁਤ ਸੁਸਤ ਹੈ। ਫਰਾਡ ਵਿਆਹਾਂ ਨੂੰ ਰੋਕਣ ਲਈ ਵਿਆਹ ਰਜਿਸਟ੍ਰੇਸ਼ਨ ਜ਼ਰੂਰੀ ਕਰਾਰ ਹੈ ਪਰ ਰਜਿਸਟ੍ਰੇਸ਼ਨ ਦੌਰਾਨ ਭਾਰੀ ਖੱਜਲ ਖੁਆਰੀ ਕੀਤੀ ਜਾਂਦੀ ਹੈ ਤਾਂਕਿ ਰਿਸ਼ਵਤ ਬਟੋਰੀ ਜਾ ਸਕੇ। ਉਹਨਾਂ ਕਿਹਾ ਕਿ ਜਿਤਨੀ ਦੇਰ ਭ੍ਰਿਸ਼ਟਾਚਾਰ ਉਪਰ ਕਾਬੂ ਨਹੀਂ ਪਾਇਆ ਜਾਂਦਾ ਉਤਨੀ ਦੇਰ ਸਰਕਾਰੀ ਦਫਤਰਾਂ ਤੇ ਥਾਣਿਆਂ ਵਿਚ ਇਨਸਾਫ ਦੀ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਸੰਮੇਲਨ ਦੀ ਗੱਲ ਕਰਦਿਆਂ ਕਿਹਾ ਕਿ ਪਰਵਾਸੀ ਪੰਜਾਬੀ ਸੰਮੇਲਨ ਦੇ ਦੋਵੇਂ ਦਿਨ ਹੀ ਮਹੱਤਵਪੂਰਣ ਵਿਅਕਤੀਆਂ ਨੂੰ ਹੀ ਬੋਲਣ ਤੇ ਸੁਣਨ ਦੀ ਪਾਈ ਜਾ ਰਵਾਇਤ ਵੀ ਠੀਕ ਨਹੀਂ। ਸੰਮੇਲਨ ਦੇ ਦੂਸਰੇ ਦਿਨ ਕੇਵਲ ਆਮ ਲੋਕਾਂ ਦੀਆਂ ਸਮੱਸਿਆਵਾਂ ਤੇ ਸ਼ਿਕਾਇਤਾਂ ਨੂੰ ਸੁਣਨ ਦੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਰੇਡੀਓ ਸੁਰ ਸੰਗਮ ਐਡਮਿੰਟਨ ਦੇ ਸੰਚਾਲਕ ਸ੍ਰੀ ਗੁਰਸ਼ਰਨ ਬੁੱਟਰ ਨੇ ਕਿਹਾ ਕਿ ਪਰਵਾਸੀ ਪੰਜਾਬੀ ਪੰਜਾਬ ਵਿਚ ਕੋਈ ਵੱਖਰੀਆਂ ਜਾਂ ਵਿਸ਼ੇਸ਼ ਸਹੂਲਤਾਂ ਦੀ ਮੰਗ ਨਹੀਂ ਕਰਦੇ ਬਲਕਿ ਉਹ ਤਾਂ ਉਹਨਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਜਲਦ ਹੱਲ ਅਤੇ ਸੁਰੱਖਿਆ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਕੰਮ ਤਾਂ ਪਹਿਲਾਂ ਹੀ ਪ੍ਰਭਾਵਸ਼ਾਲੀ ਲੋਕ ਕਰਵਾ ਲੈਂਦੇ ਹਨ ਪਰ ਲੋੜ ਹੈ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਜਿਹਨਾਂ ਦੀ ਸਰਕਾਰੇ ਦਰਬਾਰੇ ਕੋਈ ਪਹੁੰਚ ਨਹੀਂ ਹੈ। ਪਰਵਾਸੀ ਸੰਮੇਲਨ ਦੌਰਾਨ ਵੀ ਆਮ ਪਰਵਾਸੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਨੂੰ ਸੀਨੀਅਰ ਅਧਿਕਾਰੀਆਂ ਸਮੇਤ ਖੁੱਲਾ ਦਰਬਾਰ ਲਗਾਉਣਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਵਿਸ਼ੇਸ਼ ਸਹੂਲਤਾਂ ਦਾ ਐਲਾਨ ਕਰਕੇ ਐਨ ਆਰ ਆਈਜ਼ ਨੂੰ ਇਕ ਵੱਖਰਾ ਵਰਗ ਨਾ ਘੋਸ਼ਿਤ ਕੀਤਾ ਜਾਵੇ ਬਲਕਿ ਇਹ ਸਭ ਸਹੂਲਤਾਂ ਸਮੂਹ ਪੰਜਾਬੀਆਂ ਨੂੰ ਪ੍ਰਾਪਤ ਹੋਣ। ਸਮੂਹ ਪੰਜਾਬੀਆਂ ਨੂੰ ਚੰਗਾ ਤੇ ਸਵੱਛ ਪ੍ਰਸਾਸ਼ਨ ਮੁਹੱਈਆ ਕੀਤੇ ਜਾਣ ਵਿਚ ਹੀ ਪਰਵਾਸੀ ਪੰਜਾਬੀਆਂ ਦੀ ਖੁਸ਼ੀ ਸ਼ਾਮਿਲ ਹੈ। ਉਹਨਾਂ ਪਰਵਾਸੀਆਂ ਦੀ ਜਾਇਦਾਦ ਦੀ ਸੁਰੱਖਿਆ ਲਈ ਬਣਾਏ ਗਏ ਕਨੂੰਨਾਂ ਨੂੰ ਅਮਲੀ ਰੂਪ ਦੇਣ ਦੀ ਮੰਗ ਕੀਤੀ।
ਇੰਗਲੈਂਡ ਤੋਂ ਪੁੱਜੇ ਸੀਨੀਅਰ ਪੱਤਰਕਾਰ ਨਿਰਪਾਲ ਸਿੰਘ ਸ਼ੇਰਗਿੱਲ ਨੇ ਕਿਹਾ ਉਹਨਾਂ ਨੇ ਕੁਝ ਹੋਰ ਸਾਥੀਆਂ ਨਾਲ ਮਿਲਕੇ ਐਨ ਆਰ ਆਈ ਸਭਾ ਪੰਜਾਬ ਬੜੇ ਉਤਸ਼ਾਹ ਨਾਲ ਬਣਾਈ ਸੀ ਪਰ ਅੱਜ ਇਸ ਸਭਾ ਦੀ ਹੋਂਦ ਦਾ ਪਰਵਾਸੀ ਸੰਮੇਲਨ ਵਿਚ ਕਿਧਰੇ ਵੀ ਜ਼ਿਕਰ ਨਹੀਂ । ਉਹਨਾਂ ਕਿਹਾ ਕਿ ਪਰਵਾਸੀ ਸਮੱਸਿਆਵਾਂ ਦਾ ਕਾਰਣ ਸਰਕਾਰਾਂ ਖੁਦ ਹੀ ਹਨ। ਅਗਰ ਦੇਸ਼ ਵਿਚ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਤੇ ਜ਼ਿੰਦਗੀ ਦੀਆਂ ਹੋਰ ਮੁਢਲੀਆਂ ਸਹੂਲਤਾਂ ਪ੍ਰਾਪਤ ਹੋਣ ਤਾਂ ਉਹਨਾਂ ਨੂੰ ਵਿਦੇਸ਼ੀ ਧਰਤੀਆਂ ਉਪਰ ਪਰਵਾਸ ਕਰਨ ਦੀ ਲੋੜ ਕੀ ਹੈ। ਅੱਜ ਹਰ ਨੌਜਵਾਨ ਪੜ੍ਹ ਲਿਖਕੇ ਵਿਦੇਸ਼ ਜਾਣ ਦੀ ਤਾਕ ਵਿਚ ਹੈ। ਅਗਰ ਸਰਕਾਰ ਇਹਨਾਂ ਨੌਜਵਾਨਾਂ ਨੂੰ ਇਥੇ ਹੀ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਤਾਂ ਉਹ ਵਿਦੇਸ਼ਾਂ ਵਿਚ ਭਟਕਣ ਲਈ ਮਜ਼ਬੂਰ ਕਿਉਂ ਹੋਣ।
ਟੋਰਾਂਟੋ ਤੋਂ ਪੁੱਜੇ ਪੱਤਰਕਾਰ ਕੰਵਲਜੀਤ ਸਿੰਘ ਕੰਵਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਰਵਾਸੀਆਂ ਨੂੰ ਕਈ ਸਹੂਲਤਾਂ ਦੇਣ ਦਾ ਐਲਾਨ ਕਰਨ ਦੇ ਨਾਲ ਪਰਵਾਸੀ ਪੰਜਾਬੀ ਮੀਡੀਆ ਨੂੰ ਮਾਣਤਾ ਦੇਕੇ ਸ਼ਲਾਘਾਯੋਗ ਕਾਰਜ ਕੀਤਾ ਹੈ ਪਰ ਕੀ ਪਰਵਾਸੀ ਪੰਜਾਬੀ ਕੇਵਲ ਇਹੀ ਚਾਹੁੰਦੇ ਹਨ? ਉਹਨਾਂ ਕਿਹਾ ਕਿ ਜਦੋਂ ਵੀ ਕੋਈ ਪਰਵਾਸੀ ਪੰਜਾਬ ਆਉਂਦਾ ਹੈ ਤਾਂ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਚਾਹੁੰਦਾ ਹੈ। ਚਾਰ ਚੁਫੇਰੇ ਗੰਦਗੀ ਦੇ ਢੇਰ ਅਤੇ ਟ੍ਰੈਫਿਕ ਦੀ ਭੈੜੀ ਹਾਲਤ ਵੇਖਕੇ ਉਹ ਘਬਰਾ ਜਾਂਦਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।
ਐਡਮਿੰਟਨ ਤੋਂ ਪੱਤਰਕਾਰ ਲਾਟ ਭਿੰਡਰ ਨੇ ਪੰਜਾਬ ਵਿਚਲੇ ਵੀ ਆਈ ਪੀ ਕਲਚਰ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਸ ਨਾਲ ਲੋਕਾਂ ਦੀ ਪ੍ਰਸਾਸ਼ਨ ਨਾਲ ਦੂਰੀ ਵੱਧਦੀ ਹੈ। ਦੂਰੀ ਵੱਧਣ ਨਾਲ ਅਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ। ਉਹਨਾਂ ਪਰਵਾਸੀਆਂ ਨੂੰ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਆਉਂਦੀਆਂ ਮੁਸ਼ਕਲਾਂ ਤੇ ਪਾਸਪੋਰਟ ਨਵਿਆਉਣ ਲਈ ਹੁੰਦੀ ਪ੍ਰੇਸ਼ਾਨੀ ਦਾ ਵਿਸ਼ੇਸ਼ ਜ਼ਿਕਰ ਕੀਤਾ।
ਇਸ ਮੌਕੇ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤੇ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਉਭਾਰੇ ਮੁੱਦਿਆਂ ਉਪਰ ਚਰਚਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਕੋਲ ਜਦ ਵੀ ਕਿਸੇ ਪਰਵਾਸੀ ਦਾ ਕੋਈ ਮਸਲਾ ਆਉਂਦਾ ਹੈ ਤਾਂ ਉਸਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਯਤਨ ਕਰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਰਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੂਰੀ ਤਰਾਂ ਗੰਭੀਰ ਹੈ।
ਇਸ ਮੌਕੇ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਪ੍ਰਧਾਨ ਸ ਮੇਜਰ ਸਿੰਘ, ਐਨ ਆਰ ਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ, ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨੌਰੰਗਪੁਰ, ਪ੍ਰੋ ਸੋਮਨਾਥ ਸ਼ਰਮਾ, ਜਗਦੀਸ਼ ਸਿੰਘ ਗਰੇਵਾਲ, ਹਰਭਜਨ ਸਿੰਘ ਸੰਧੂ ਸਿੱਖ ਟੀ ਵੀ ਯੂਕੇ, ਪਰਮਜੀਤ ਸਿੰਘ ਪਿੰਟਾ ਵੈਨਕੂਵਰ, ਗੁਰਪ੍ਰਤਾਪ ਸਿੰਘ ਪੰਨੂ ਤੇ ਗੁਰਪ੍ਰੀਤ ਸਿੰਧ ਸਿੱਧੂ ਕੈਲਗਰੀ ਨੇ ਵੀ ਆਪਣੇ-ਆਪਣੇ ਵਿਚਾਰ ਰੱਖੇ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026