Posted on January 18th, 2014

ਚੰਡੀਗੜ੍ਹ- ਬਹੁਚਰਚਿਤ ਜੱਜ ਨੋਟ ਕਾਂਡ ਦੇ ਪੰਜ ਸਾਲਾਂ ਤੋਂ ਵਧ ਸਮੇਂ ਬਾਅਦ ਅੱਜ ਕਿਤੇ ਜਾ ਕੇ ਮੁੱਖ ਦੋਸ਼ੀ ਜਸਟਿਸ ਨਿਰਮਲ ਯਾਦਵ ਅਤੇ ਸਹਿ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕਰ ਦਿੱਤੇ ਗਏ। ਸੀ.ਬੀ.ਆਈ ਵੱਲੋਂ ਪੇਸ਼ ਕੀਤੇ ਗਏ ਚਲਾਨ ਦੇ ਆਧਾਰ 'ਤੇ ਹੋਈ ਇਸ ਕਾਰਵਾਈ ਵਿਚ ਯਾਦਵ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ ਲਾਏ ਗਏ ਹਨ।
ਇੱਥੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਜੱਜ ਵਿਮਲ ਕੁਮਾਰ ਵੱਲੋਂ ਕੇਸ ਦੀ ਸੁਣਵਾਈ ਕਰਦਿਆਂ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 11 ਦੇ ਤਹਿਤ ਇਹ ਕਾਰਵਾਈ ਕੀਤੀ, ਜਦਕਿ ਇਸੇ ਮੌਕੇ ਨਿਰਮਲ ਯਾਦਵ ਵੱਲੋਂ ਦਾਇਰ ਕੀਤੀ ਗਈ ਨਿੱਜੀ ਪੇਸ਼ੀ ਤੋਂ ਸਥਾਈ ਛੋਟ ਬਾਰੇ ਅਪੀਲ ਉੱਤੇ ਸੁਣਵਾਈ ਆਉਂਦੀ 15 ਫ਼ਰਵਰੀ ਤੱਕ ਅੱਗੇ ਪਾਉਂਦਿਆਂ ਹੋਰਨਾਂ ਦੋਸ਼ੀਆਂ ਨੂੰ ਵੀ ਸੰਮਨ ਜਾਰੀ ਕਰ ਦਿੱਤੇ ਗਏ ਹਨ। ਸੁਪਰੀਮ ਕੋਰਟ ਵੱਲੋਂ ਇਸੇ ਤਿੰਨ ਤਰੀਕ ਨੂੰ ਹੀ ਨਿਰਮਲ ਯਾਦਵ ਵੱਲੋਂ ਹੇਠਲੀ ਅਦਾਲਤ ਵਿਚ ਉਸ ਵਿਰੁੱਧ ਹੋ ਰਹੀ ਸੁਣਵਾਈ 'ਤੇ ਰੋਕ ਲਾਉਣ ਸਬੰਧੀ ਦਾਇਰ ਦਰਖਾਸਤ ਰੱਦ ਕਰ ਦਿੱਤੀ ਸੀ। ਪਿਛਲੇ ਕਰੀਬ ਅੱਧੇ ਦਹਾਕੇ ਤੋਂ ਅਦਾਲਤੀ ਘੁੰਮਣ-ਘੇਰੀਆਂ ਵਿਚ ਹੀ ਉਲਝ ਕੇ ਰਹਿ ਗਏ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਇਸ ਵਿਚ ਦੇਰੀ ਕਰਨ ਲਈ ਅੜਿੱਕੇ ਪਾਉਣ ਵਾਸਤੇ ਸਾਬਕਾ ਜੱਜ ਦੀ ਖਿਚਾਈ ਵੀ ਕੀਤੀ ਸੀ। ਯਾਦਵ ਅਤੇ ਹੋਰਨਾਂ ਵਿਰੁੱਧ ਵਿਸ਼ੇਸ਼ ਅਦਾਲਤ ਵਿਚ 4 ਮਾਰਚ, 2011 ਨੂੰ ਸੀ.ਬੀ.ਆਈ. ਨੇ ਦੋਸ਼ ਪੱਤਰ ਦਾਇਰ ਕੀਤਾ ਸੀ ਤੇ ਇਸ ਸਾਬਕਾ ਜੱਜ ਵਿਰੁੱਧ 13 ਅਗਸਤ 2008 ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸੀ.ਬੀ.ਆਈ ਪਹਿਲਾਂ ਮਾਮਲਾ ਬੰਦ ਕਰਨ ਬਾਰੇ ਰਿਪੋਰਟ ਵੀ ਦਾਇਰ ਕਰ ਚੁੱਕੀ ਹੈ ਜਿਸ ਨੂੰ ਵਿਸ਼ੇਸ਼ ਜੱਜ ਨੇ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਮਗਰੋਂ ਭ੍ਰਿਸ਼ਟਾਚਾਰ ਰੋਕੂ ਧਾਰਾਵਾਂ ਤਹਿਤ ਆਈ ਸੀ.ਬੀ.ਆਈ. ਦੇ ਚਲਾਨ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਸਾਬਕਾ ਜਸਟਿਸ ਨਿਰਮਲ ਯਾਦਵ ਸਣੇ ਬਾਕੀ ਸਹਿ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ, ਜਿਸ ਨੂੰ ਨਿਰਮਲ ਯਾਦਵ ਵੱਲੋਂ ਇਸ ਨੂੰ ਹਾਈਕੋਰਟ ਵਿਚ ਚੁਣੌਤੀ ਦੇ ਦਿੱਤੇ ਜਾਣ ਕਾਰਨ ਅੜਿੱਕੇ ਆਉਣੇ ਸ਼ੁਰੂ ਹੋ ਗਏ। ਕਰੀਬ ਢਾਈ ਸਾਲ ਪਹਿਲਾਂ ਸੀ.ਬੀ.ਆਈ. ਨੇ ਸਥਾਨਕ ਅਦਾਲਤ ਕੋਲ ਇਹ ਚਲਾਨ ਪੇਸ਼ ਕੀਤਾ ਸੀ ਜਿਸ ਵਿਚ ਜਸਟਿਸ ਨਿਰਮਲ ਯਾਦਵ ਅਤੇ ਹੋਰਨਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਾਏ ਗਏ ਸਨ। ਰਾਸ਼ਟਰਪਤੀ ਤੋਂ ਕੇਸ ਚਲਾਉਣ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਠੀਕ ਉਸੇ ਦਿਨ 4 ਮਾਰਚ 2011 ਨੂੰ ਇਹ ਚਲਾਨ ਪੇਸ਼ ਕਰ ਦਿੱਤਾ ਜਿਸ ਦਿਨ ਜਸਟਿਸ ਨਿਰਮਲ ਯਾਦਵ ਉੱਤਰਾਖੰਡ ਹਾਈਕੋਰਟ ਤੋਂ ਸੇਵਾਮੁਕਤ ਹੋਈ। ਅੱਜ ਸੀ.ਬੀ.ਆਈ. ਅਦਾਲਤ ਵਿਚ ਸੁਣਵਾਈ ਦੌਰਾਨ ਇਸ ਮਾਮਲੇ ਦੇ ਸਹਿਦੋਸ਼ੀ ਰਵਿੰਦਰ ਸਿੰਘ ਭਸੀਨ (ਦਿੱਲੀ ਦਾ ਹੋਟਲ ਕਾਰੋਬਾਰੀ) ਦੇ ਵਕੀਲ ਨੇ ਦੋਸ਼ ਤੈਅ ਕਰਨ ਦੀ ਤਾਰੀਖ਼ ਸਬੰਧੀ ਹੋਰ ਸਮੇਂ ਦੀ ਮੰਗ ਕੀਤੀ। ਉੱਥੇ ਹੀ ਅਦਾਲਤ ਨੇ ਇਸ ਮਾਮਲੇ ਦੇ ਇੱਕ ਹੋਰ ਸ਼ਹਿਦੋਸ਼ੀ ਅਤੇ ਵਕੀਲ ਸੰਜੀਵ ਬਾਂਸਲ ਦੀ ਖ਼ੁਦ ਨੂੰ ਕੇਸ ਤੋਂ ਦੋਸ਼ਮੁਕਤ ਕੀਤੇ ਜਾਣ ਦੀ ਅਰਜ਼ੀ ਵੀ ਖ਼ਾਰਜ ਕਰ ਦਿੱਤੀ। ਜਸਟਿਸ ਨਿਰਮਲ ਯਾਦਵ ਨੇ ਹਾਲਾਂਕਿ ਸਪੌਂਡੇਲਾਈਟਸ ਦੀ ਸਮੱਸਿਆ ਕਾਰਨ ਅਦਾਲਤ ਵਿਚ ਪੇਸ਼ੀ ਤੋਂ ਛੋਟ ਮੰਗੀ, ਪਰ ਅਦਾਲਤ ਨੇ ਇੱਕ ਸਮੇਂ ਤੱਕ ਛੋਟ ਦੇਣ ਮਗਰੋਂ ਪੇਸ਼ ਹੋਣ ਦੇ ਨਿਰਦੇਸ਼ ਜਾਰੀ ਕਰ ਦਿੱਤੇ।
ਇਹ ਮਾਮਲਾ 13 ਅਗਸਤ 2008 ਦੀ ਰਾਤ ਦਾ ਹੈ, ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਸੰਜੀਵ ਬਾਂਸਲ, ਜੋ ਉਸ ਸਮੇਂ ਹਰਿਆਣਾ ਦਾ ਵਧੀਕ ਐਡਵੋਕੇਟ ਜਨਰਲ ਵੀ ਸੀ, ਦਾ ਮੁਨਸ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇੱਕ ਹੋਰ ਨਿਰਮਲਜੀਤ ਕੌਰ ਨਾਮੀਂ ਜੱਜ ਦੇ ਘਰ 15 ਲੱਖ ਰੁਪਏ ਦੇ ਭਾਰਤੀ ਕਰੰਸੀ ਨੋਟਾਂ ਦਾ ਬੈਗ ਲੈ ਕੇ ਪਹੁੰਚ ਗਿਆ। ਸੀ.ਬੀ.ਆਈ. ਦੀ ਚਾਰਜਸ਼ੀਟ ਮੁਤਾਬਿਕ ਇਹ ਪੈਸਾ ਇਸੇ ਹਾਈਕੋਰਟ ਵਿਚ ਉਸ ਸਮੇਂ ਤਾਇਨਾਤ ਜਸਟਿਸ ਨਿਰਮਲ ਯਾਦਵ ਲਈ ਆਇਆ ਸੀ, ਪਰ ਨਾਂ ਦੇ ਭੁਲੇਖੇ ਕਾਰਨ ਗ਼ਲਤ ਜਗ੍ਹਾ ਪਹੁੰਚ ਗਿਆ। ਇਸ ਦੀ ਸ਼ਿਕਾਇਤ ਮਿਲਣ 'ਤੇ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਨ ਸੰਜੀਵ ਬਾਂਸਲ, ਉਸ ਦੇ ਮੁਨਸ਼ੀ ਪ੍ਰਕਾਸ਼ ਰਾਮ, ਰਾਜੀਵ ਅਤੇ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026