Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜਥੇਦਾਰ ਸਾਹਿਬਾਨ, ਮੱਕੜ ਤੇ ਬਾਦਲ ਸਿੱਖਾਂ ਦੀ ਪੱਕੀ ਰਿਹਾਈ ਦਾ ਪ੍ਰਬੰਧ ਕਰਨ ਤੋਂ ਕਿਉਂ ਭੱਜ ਰਹੇ ਹਨ ?- ਸ. ਸਿਮਰਨਜੀਤ ਸਿੰਘ ਮਾਨ

Posted on January 23rd, 2014


ਫਤਿਹਗੜ੍ਹ ਸਾਹਿਬ- “ਜਦੋਂ ਸ. ਗੁਰਬਖ਼ਸ਼ ਸਿੰਘ ਖ਼ਾਲਸਾ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਕੇ ਭੁੱਖ ਹੜਤਾਲ ਤੇ ਬੈਠੇ ਸਨ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਡੁੰਘੀ ਦਿਲਚਸਪੀ ਰੱਖਦੇ ਹੋਏ ਇਸ ਸੰਘਰਸ਼ ਨੂੰ ਤੇ ਮਿਸ਼ਨ ਨੂੰ ਕਾਮਯਾਬ ਕਰਨ ਹਿੱਤ ਸਹਿਯੋਗ ਕਰ ਰਹੇ ਸੀ ਤੇ ਸਾਨੂੰ ਇਹ ਵੀ ਜਾਣਕਾਰੀ ਸੀ ਕਿ ਜਥੇਦਾਰ ਸਾਹਿਬਾਨ, ਸ. ਪ੍ਰਕਾਸ਼ ਸਿੰਘ ਬਾਦਲ, ਸ. ਅਵਤਾਰ ਸਿੰਘ ਮੱਕੜ ਅਤੇ ਸੰਤ ਸਮਾਜ ਬਾਦਲ ਸਰਕਾਰ ਦੀ ਸੋਚ 'ਤੇ ਅਮਲ ਕਰਦੇ ਹੋਏ ਕਿਸੇ ਸਮੇਂ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਕੇ ਇਸ ਕੌਮੀ ਮਿਸ਼ਨ ਨੂੰ ਬਰੇਕਾਂ ਲਗਾ ਸਕਦੇ ਹਨ। ਇਸ ਲਈ ਹੀ ਅਸੀਂ ਇਸ ਮਿਸ਼ਨ ਵਿਚ ਆਪਣੇ ਉਦਮ ਨੂੰ ਸੋਚ ਸਮਝਕੇ ਕਰਦੇ ਆਏ ਹਾਂ। ਜਦੋਂ ਜਥੇਦਾਰ ਸਾਹਿਬਾਨ, ਸ ਮੱਕੜ, ਸ. ਬਾਦਲ ਅਤੇ ਸੰਤ ਸਮਾਜ ਨੇ ਸ. ਗੁਰਬਖ਼ਸ਼ ਸਿੰਘ ਖ਼ਾਲਸਾ ਵੱਲੋਂ ਕੀਤੀ ਅਰਦਾਸ ਨੂੰ ਤੁੜਵਾ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਬਾਰੇ ਬਚਨ ਕੀਤੇ ਸਨ ਤਾਂ ਹੁਣ ਇਹ ਜਥੇਦਾਰ ਸਾਹਿਬਾਨ, ਸ. ਮੱਕੜ, ਸ. ਬਾਦਲ ਤੇ ਸੰਤ ਸਮਾਜ ਪੇਰੋਲ 'ਤੇ ਆਏ ਸਿੰਘਾਂ ਸ. ਲਖਵਿੰਦਰ ਸਿੰਘ, ਸ. ਸ਼ਮਸ਼ੇਰ ਸਿੰਘ, ਸ. ਗੁਰਮੀਤ ਸਿੰਘ ਤੇ ਸ. ਲਾਲ ਸਿੰਘ ਦੀ ਪੱਕੀ ਰਿਹਾਈ ਲਈ ਉਚੇਚੇ ਤੌਰ ਤੇ ਕਾਨੂੰਨੀ ਅਮਲ ਕਿਉਂ ਨਹੀਂ ਕਰਦੇ? ਹੁਣ ਇਹ ਆਪਣੇ ਕੀਤੇ ਗਏ ਬਚਨਾਂ ਨੂੰ ਪਿੱਠ ਕਿਉਂ ਦੇ ਰਹੇ ਹਨ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੇਰੋਲ ਤੇ ਆਏ ਉਪਰੋਕਤ ਚਾਰੇ ਸਿੰਘਾਂ ਦੀ ਪੇਰੋਲ ਖ਼ਤਮ ਹੋ ਜਾਣ ਉਤੇ ਉਹਨਾਂ ਵੱਲੋਂ ਇਕ-ਦੋ ਦਿਨਾਂ ਵਿਚ ਫਿਰ ਜੇਲ੍ਹ ਵਿਚ ਜਾਣ ਦੇ ਹੋ ਰਹੇ ਅਮਲਾਂ ਉਤੇ ਡੂੰਘਾਂ ਦੁੱਖ 'ਤੇ ਹੈਰਾਨੀ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਇਕ ਪਾਸੇ ਸੱਜੇ ਦੱਤ ਵਰਗੇ ਐਕਟਰ ਜੋ ਸੰਗੀਨ ਜੁਰਮਾਂ ਅਧੀਨ ਜੇਲ੍ਹ ਵਿਚ ਬੰਦ ਹੈ, ਉਸ ਨੂੰ ਹਰ ਦੋ ਮਹੀਨਿਆਂ ਬਾਅਦ ਪੇਰੋਲ ਇਸ ਕਰਕੇ ਦੇ ਦਿੱਤੀ ਜਾਂਦੀ ਹੈ ਕਿਉਕਿ ਉਹ ਬਹੁਗਿਣਤੀ ਹਿੰਦੂ ਕੌਮ ਨਾਲ ਸੰਬੰਧਤ ਹੈ। ਸਿੱਖਾਂ ਨੂੰ ਪੇਰੋਲ ਵਧਾਉਣ ਤੇ ਇਸ ਕਰਕੇ ਇਨਕਾਰ ਕੀਤਾ ਜਾਂਦਾ ਹੈ ਕਿ ਉਹ ਘੱਟ ਗਿਣਤੀ ਕੌਮ ਨਾਲ ਸੰਬੰਧਤ ਹਨ। ਇਕੋ ਵਿਧਾਨ, ਇਕੋ ਕਾਨੂੰਨ ਤਹਿਤ ਹਿੰਦੂ ਅਤੇ ਸਿੱਖਾਂ ਨਾਲ ਪੇਸ਼ ਆਉਦੇ ਹੋਏ ਹੁਕਮਰਾਨ, ਅਦਾਲਤਾਂ ਖੁਦ ਹੀ ਵਿਤਕਰੇ ਕਰਕੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਰਹੀਆਂ ਹਨ, ਜਿਸ ਦੇ ਨਤੀਜੇ ਕਦੀ ਵੀ ਲਾਹੇਵੰਦ ਨਹੀਂ ਹੋਣਗੇ।

ਉਹਨਾਂ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ, ਸ. ਮੱਕੜ, ਸ. ਬਾਦਲ ਅਤੇ ਸੰਤ ਸਮਾਜ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਉਹ ਖ਼ਾਲਸਾ ਪੰਥ ਨੂੰ ਗੁੰਮਰਾਹ ਕਰਕੇ, ਸਿੱਖ ਕੌਮ ਨਾਲ ਧੋਖਾ ਕਰਕੇ ਆਪਣੇ ਕੀਤੇ ਗਏ ਬਚਨਾਂ ਤੋ ਮੁਨਕਰ ਹੋ ਕੇ ਸਿੱਖ ਕੌਮ ਨੂੰ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦੇ ਹਨ ? ਉਹਨਾਂ ਕਿਹਾ ਕਿ ਪੇਰੋਲ ਤੇ ਆਏ ਸਿੱਖਾਂ ਦੀ ਪੱਕੀ ਰਿਹਾਈ ਤਾਂ ਕਰਵਾ ਹੀ ਨਹੀ ਸਕੇ, ਬਲਕਿ ਯੂ.ਪੀ. ਅਤੇ ਕਰਨਾਟਕਾ ਦੀ ਜੇਲ੍ਹਾਂ ਵਿਚ ਬੰਦੀ ਦੋਵੇ ਸਿੱਖਾਂ ਦੀ ਰਿਹਾਈ ਦੇ ਕੇਸ ਲਈ ਇਹਨਾਂ ਵੱਲੋਂ ਕੋਈ ਉਦਮ ਨਾ ਕਰਨਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਇਹ ਲੋਕ ਆਰ.ਐਸ.ਐਸ, ਬੀਜੇਪੀ ਅਤੇ ਹਿੰਦੂਤਵ ਜਮਾਤਾਂ ਦੇ ਗੁਲਾਮ ਬਣ ਚੁੱਕੇ ਹਨ। ਇਸ ਲਈ ਸਿੱਖ ਕੌਮ ਨੂੰ ਇਹਨਾਂ ਆਗੂਆਂ ਉਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਬਲਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਲਈ ਵਿੱਢੇ ਗਏ ਜਮਹੂਰੀ ਸੰਘਰਸ਼ ਨੂੰ ਹਰ ਪੱਖੋ ਸਹਿਯੋਗ ਦੇ ਕੇ ਸਿੱਖ ਕੌਮ ਨਾਲ ਹੁਕਮਰਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਇਨਸਾਫ਼ੀਆਂ ਦਾ ਸਦਾ ਲਈ ਅੰਤ ਕਰਨ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਹੀ ਇਕੋ ਇਕ ਸਹੀ ਹੱਲ ਹੈ, ਜਿਸ ਨਾਲ ਸਿੱਖ ਕੌਮ ਆਪਣੀ ਇੱਜ਼ਤ, ਅਣਖੀਲੀ ਸੋਚ ਅਤੇ ਸਨਮਾਨ ਨੂੰ ਬਰਕਰਾਰ ਰੱਖ ਸਕਦੀ ਹੈ। 

ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਹੁਣ ਇੱਧਰ-ਉੱਧਰ ਦੇਖਣ ਦੀ ਬਜਾਇ ਜਾਂ ਰਵਾਇਤੀ ਅਕਾਲੀਆਂ ਉਤੇ ਟੇਕ ਰੱਖਣ ਦੀ ਬਜਾਇ ਆਪਣੇ ਕੌਮੀ ਮਿਸ਼ਨ ਉਤੇ ਕੇਦਰਿਤ ਹੁੰਦੀ ਹੋਈ, ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੁਝਾਰੂ ਉਮੀਦਵਾਰਾਂ ਨੂੰ ਆਪਣੀ ਵੋਟ ਹੱਕ ਦੀ ਸ਼ਕਤੀ ਦੀ ਸਹੀ ਵਰਤੋ ਕਰਦੇ ਹੋਏ ਕੌਮੀ ਨਿਸ਼ਾਨੇ ਨੂੰ ਪ੍ਰਾਪਤ ਕਰਨ ਵਿਚ ਸੰਜੀਦਗੀ ਨਾਲ ਭੂਮਿਕਾ ਨਿਭਾਏਗੀ।



Archive

RECENT STORIES