Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਗੁਰਮੀਤ ਸਿੰਘ ਦੀ 28 ਦਿਨਾਂ ਬਾਅਦ ਮੁੜ ਬੁੜੈਲ ਜੇਲ ਗਏ

Posted on January 23rd, 2014


ਅਜੀਤਗੜ੍ਹ- ਭਾਈ ਗੁਰਮੀਤ ਸਿੰਘ ਪੈਰੋਲ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਬੁੜੈਲ ਜੇਲ ਵਿਚ ਚਲੇ ਗਏ। ਉਹ ਕਤਲ ਕੇਸ ਦੇ ਸਬੰਧ ਵਿਚ 1995 ਤੋਂ ਬੁੜੈਲ ਜੇਲ ਵਿਚ ਨਜ਼ਰਬੰਦ ਹਨ ਅਤੇ ਪਿਛਲੇ ਦਿਨੀਂ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੇ ਸੰਘਰਸ਼ ਸਦਕਾ ਉਨ੍ਹਾਂ ਨੂੰ ਪੈਰੋਲ 'ਤੇ 28 ਦਿਨਾਂ ਲਈ ਰਿਹਾਅ ਕੀਤਾ ਗਿਆ ਸੀ। 

ਬੁੜੈਲ ਜੇਲ ਵਿਚ ਜਾਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੁਰਮੀਤ ਸਿੰਘ ਨੇ ਕਿਹਾ ਕਿ ਪਰਵਾਰ ਵਿਚ ਰਹਿਕੇ 28 ਦਿਨ 28 ਪਲਾਂ ਵਾਂਗ ਗੁਜ਼ਰ ਗਏ। ਉਨ੍ਹਾਂ ਕਿਹਾ ਕਿ ਭਾਈ  ਗੁਰਬਖ਼ਸ਼ ਸਿੰਘ ਖ਼ਾਲਸਾ ਅਤੇ ਬੰਦੀ ਸਿੰਘ ਰਿਹਾਈ ਮੋਰਚਾ ਵਲੋਂ ਸ਼ੁਰੂ ਕੀਤੇ ਸੰਘਰਸ਼ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੀ ਪੈਰੋਲ 'ਤੇ ਰਿਹਾਈ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸ਼ਾਂਤੀ ਦੇ ਪੱਖ ਵਿਚ ਹਨ ਅਤੇ ਪੰਜਾਬ ਅਤੇ ਦੇਸ਼ ਵਿਚ ਸ਼ਾਂਤੀ ਲਈ ਯੋਗਦਾਨ ਪਾਉਂਦੇ ਰਹਿਣਗੇ। 

ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਵੱਖ-ਵੱਖ ਜੇਲਾਂ ਵਿਚ ਬੰਦ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਕਰਾਉਣ ਲਈ ਤੁਰਤ ਕਾਰਵਾਈ ਕੀਤੀ ਜਾਵੇ ਕਿਉਂਕਿ ਬੰਦੀ ਸਿੰਘ ਅਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ। ਇਸ ਮੌਕੇ ਗੁਰਮੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਅਤੇ ਭੈਣ ਵਰਿੰਦਰ ਕੌਰ ਮਾਯੂਸੀ ਦੀ ਹਾਲਤ ਵਿਚ ਸਨ ਅਤੇ ਦੋਹਾਂ ਦੀਆਂ ਅੱਖਾਂ ਵਿਚੋਂ ਅਥਰੂ ਵਹਿ ਰਹੇ ਸਨ। ਮਾਤਾ ਸੁਰਜੀਤ ਕੌਰ ਨੇ  ਭਰੀਆਂ ਅੱਖਾਂ ਨਾਲ ਕਿਹਾ ਕਿ ਉਸ ਦਾ ਲੜਕਾ 19 ਸਾਲ ਬਾਅਦ ਘਰ ਪਰਤਿਆ ਸੀ ਤੇ ਅੱਜ ਫਿਰ ਜੇਲ ਜਾ ਰਿਹਾ ਹੈ। ਉਹ ਹੀ ਜਾਣਦੀ ਹੈ ਕਿ ਉਸ ਦੇ ਦਿਲ ਦੀ ਹਾਲਤ ਕੀ ਹੈ।


ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਗੁਰਬਖ਼ਸ਼ ਸਿੰਘ ਖ਼ਾਲਸਾ ਨੇ ਕਿਹਾ ਕਿ  ਗਿਆਨੀ ਗੁਰਬਚਨ ਸਿੰਘ ਨੇ ਉਨ੍ਹਾਂ ਦੀ ਭੁੱਖ ਹੜਤਾਲ ਸਮਾਪਤ ਕਰਨ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਹ ਵਾਅਦਾ ਕੀਤਾ ਸੀ ਕਿ ਸਿੰਘਾਂ ਦੀ ਪੱਕੀ ਰਿਹਾਈ ਲਈ ਕਾਰਵਾਈ ਕਰਨਗੇ ਪਰ ਅਜੇ ਤਕ ਜਥੇਦਾਰ ਨੇ ਅਪਣਾ ਵਾਅਦਾ ਨਹੀਂ ਨਿਭਾਇਆ ਅਤੇ ਨਾ ਹੀ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਕੋਈ ਕਾਰਵਾਈ ਸ਼ੁਰੂ ਕੀਤੀ ਹੈ। 

ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਸਬੰਧੀ ਬੰਦੀ ਸਿੰਘ ਰਿਹਾਈ ਮੋਰਚਾ ਦੇ ਪ੍ਰਬੰਧਕਾਂ ਨਾਲ ਵਿਚਾਰ ਕਰ ਕੇ ਅਗਲੀ ਰੂਪਰੇਖਾ ਤਿਆਰ ਕਰਨਗੇ। ਸ. ਖ਼ਾਲਸਾ ਨੇ ਕਿਹਾ ਕਿ ਜਦੋਂ ਹੁਣ ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਲਾਲ ਸਿੰਘ ਕਾਨੂੰਨ ਦੇ ਦਾਇਰੇ ਵਿਚ ਰਹੇ ਹਨ ਤਾਂ ਸਰਕਾਰ ਨੂੰ ਉਨ੍ਹਾਂ ਨੂੰ ਜੇਲ ਵਿਚ ਰੱਖਣ ਦਾ ਕੋਈ ਹੱਕ ਨਹੀਂ ਅਤੇ ਪੰਜਾਬ ਸਰਕਾਰ ਨੂੰ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੰਘਾਂ ਦੀ ਤੁਰਤ ਰਿਹਾਈ ਕਰਾਉਣ ਲਈ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਮੌਕੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਪ੍ਰਬੰਧਕ ਐਡਵੋਕੇਟ ਹਰਪਾਲ ਸਿੰਘ ਚੀਮਾ, ਐਡਵੋਕੇਟ ਅਮਰ ਸਿੰਘ ਚਾਹਲ, ਭਾਈ ਜੁਝਾਰ ਸਿੰਘ, ਆਰ.ਪੀ. ਸਿੰਘ, ਸਤਨਾਮ ਸਿੰਘ ਪਾਉਂਟਾ ਸਾਹਿਬ, ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਕਸ਼ਮੀਰ ਕੌਰ, ਭਾਈ ਸਰਬਜੀਤ ਸਿੰਘ ਵੀ ਹਾਜ਼ਰ ਸਨ।



Archive

RECENT STORIES