Posted on January 28th, 2014

ਸੈਨ ਹੋਜ਼ੇ/ਕੈਲੇਫੋਰਨੀਆ (ਚੜ੍ਹਦੀ ਕਲਾ ਬਿਊਰੋ)- ਭਾਜਪਾ ਦੇ ਏਜੰਡੇ ਅਨੁਸਾਰ ਬਣਾਏ ਜਾ ਰਹੇ ਵੱਲਭ ਭਾਈ ਪਟੇਲ ਦੇ ਬੁੱਤ ਲਈ ਸਿੱਖ ਧਾਰਮਿਕ ਅਸਥਾਨਾਂ ਤੋਂ ਮਿੱਟੀ ਅਤੇ ਲੋਹਾ ਆਦਿਕ ਇਕੱਤਰ ਕਰਨ ਵਾਸਤੇ ਭਾਜਪਾਈਆਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਤੁਰੇ ਹੋਏ ਸਿੱਖ ਸਿਆਸੀ ਆਗੂਆਂ 'ਤੇ ਵਿਅੰਗ-ਤਾਅਨਾ ਕੱਸਦਿਆਂ ਤਰਲੋਚਨ ਸਿੰਘ 'ਦੁਪਾਲ ਪੁਰ' ਸਾਬਕਾ ਮੈਂਬਰ ਐਸ.ਜੀ.ਪੀ.ਸੀ. ਨੇ 'ਸਲਾਹ' ਦਿੱਤੀ ਹੈ ਕਿ ਇਸ ਕਾਰਜ ਲਈ ਸਿਰਦਾਰ ਕਪੂਰ ਸਿੰਘ ਦੇ ਗ੍ਰਹਿ, ਤਿੰਨ ਜਾਮਣ, ਖਾਜਾ ਬਾਜੂ ਜਗਰਾਵਾਂ ਦੇ ਵਿਹੜੇ 'ਚੋਂ ਵੀ ਮਿੱਟੀ ਪੁੱਟ ਲਿਆਂਦੀ ਜਾਵੇ, ਜਿੱਥੇ ਸਿੱਖਾਂ ਵਿਰੁੱਧ ਤੁਅੱਸਬ ਨਾਲ ਭਰੇ ਹੋਏ ਵਲਭ ਪਟੇਲ ਦਾ ਰਾਜ-ਕੋਪ ਝੱਲਦਿਆਂ ਸਾਚੀ ਸਾਖੀ ਲਿਖੀ ਗਈ ਅਤੇ ਸਿਰਦਾਰ ਜੀ ਨੇ ਜਿੰਦਗੀ ਦੇ ਅੰਤਲੇ ਦਿਨ ਕਰੁਣਾ ਮਈ ਹਾਲਤ ਵਿਚ ਗੁਜ਼ਾਰੇ।
ਯਾਦ ਰਹੇ ਦੇਸ਼ ਅਜ਼ਾਦ ਹੋਣ ਤੋਂ ਡੇੜ੍ਹ ਕੁ ਮਹੀਨਾ ਬਾਅਦ ਹੀ ਇਸੇ ਪਟੇਲ ਨੇ ਸਿੱਖਾਂ ਨੂੰ 'ਜ਼ਰਾਇਮ ਪੇਸ਼ਾ' ਲੋਕ ਹੋਣ ਦਾ ਮੁਤੱਸਬੀ 'ਸਰਕੁਲਰ' ਜਾਰ੍ਹੀ ਕੀਤਾ ਸੀ। 'ਸਾਚੀ ਸਾਖੀ' ਵਿਚਲਾ ਉਕਤ ਸਿੱਖ ਵਿਰੋਧੀ ਬਿਰਤਾਂਤ ਭੁਲਾ ਕੇ, ਅੱਜ ਕੁੱਝ ਭੁੱਲੜ ਸਿੱਖ ਪਟੇਲ ਦਾ ਬੁੱਤ ਬਣਾਉਣ ਲਈ ਗੁਰ ਅਸਥਾਨਾਂ 'ਚੋਂ ਮਿੱਟੀ-ਲੋਹਾ ਇਕੱਠਾ ਕਰਨ ਲਈ ਪੱਬਾਂ ਭਾਰ ਹੋਏ ਫਿਰਦੇ ਹਨ।
ਭਾਜਪਾ ਦੇ ਸਿਆਸੀ ਮੰਤਵਾਂ ਦੀ ਪੂਰਤੀ ਕਰਦਿਆਂ, ਇੱਕ ਸਿੱਖ ਸਿਆਸੀ ਦਲ ਵਲੋਂ ਉਕਤ ਕੌਮ-ਘਾਤੀ ਰਵੱਈਆ ਅਪਨਾਉਣਾ, ਪੂਰੇ ਸਿੱਖ ਜਗਤ ਲਈ ਭਾਰੀ ਨਮੋਸ਼ੀ ਦਾ ਬਾਇਸ ਹੈ।
ਸ. ਦੁਪਾਲ ਪੁਰ ਨੇ ਚਿੰਤਾ ਜਾਹਰ ਕਰਦਿਆਂ ਹੋਰ ਕਿਹਾ ਕਿ ਜੇ ਪੰਜਾਬ ਦਾ ਅਜੋਕਾ ਸਿੱਖ ਸਿਆਸੀ ਦ੍ਰਿਸ਼ ਇਹੋ ਜਿਹਾ ਹੀ ਰਿਹਾ ਅਤੇ ਕੌਮ ਉਦਾਸੀਨਤਾ 'ਚ ਹੀ ਡੁੱਬੀ ਰਹੀ ਤਾਂ ਕਲ੍ਹ-ਕਲੋਤਰ ਨੂੰ ਕੋਈ ਸਿਆਸੀ ਪਾਰਟੀ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਫਤਹਿ ਗੜ੍ਹ ਸਾਹਿਬ ਸਰਹਿੰਦ ਤੋਂ ਮਿੱਟੀ ਲੈ ਕੇ ਗੰਗੂ ਜਾਂ ਵਜੀਦਾ ਖਾਨ ਦੇ ਬੁੱਤ ਬਣਾਉਣ ਦਾ ਐਲਾਨ ਵੀ ਕਰ ਸਕਦੀ ਹੈ।
ਅਖੀਰ ਵਿੱਚ ਉਨਾਂ ਚੇਤੰਨ ਜਾਗਰੂਕ ਕਹਾਉਣ ਵਾਲ਼ੀਆਂ ਸਿੱਖ ਜਥੇਬੰਦੀਆਂ ਨੂੰ ਦਰਦ ਭਰੀ ਅਪੀਲ ਕੀਤੀ ਕਿ ਸਿਆਸੀ ਮਨੋਰਥਾਂ ਲਈ ਕੀਤੇ ਜਾ ਰਹੇ ਉਪਰੋਕਤ ਘੋਰ ਅਨਰਥ ਵਿਰੁੱਧ ਸਮੁੱਚੀ ਕੌਮ ਨੂੰ ਹਲੂਣਾ ਦੇਣ ਲਈ ਜ਼ਬਰਦਸਤ ਮੁਹਿੰਮ ਵਿੱਢੀ ਜਾਵੇ। ਇਸ ਕੌਮੀ ਕਾਜ ਲਈ ਦੇਸ਼-ਵਿਦੇਸ਼ ਦੀਆਂ ਸਿੱਖ ਸਭਾ ਸੋਸਾਇਟੀਆਂ ਨਾਲ ਫੌਰਨ ਤਾਲ-ਮੇਲ ਕੀਤਾ ਜਾਣਾ ਚਾਹੀਦਾ ਹੈ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026