Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸ ਨੇ 1984 ‘ਚ ਦੰਗੇ ਰੋਕੇ ਨਹੀਂ ਸਗੋਂ ਕਰਾਏ ਸਨ : ਸੁਖਬੀਰ ਬਾਦਲ

Posted on January 28th, 2014



ਅੰਮ੍ਰਿਤਸਰ- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸਿੱਖ ‘ਤੇ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ‘ਚ ਸਿਆਸਤ ਭਖ਼ ਗਈ ਹੈ। ਇਸ ਮਾਮਲੇ ‘ਚ ਪੰਜਾਬ ਦੀ ਸੱਤਾਧਾਰੀ ਪਾਰਟੀ ਅਕਾਲੀ ਦਲ ਨੇ ਕਾਂਗਰਸ ਖਿਲਾਫ ਖੁੱਲ ਕੇ ਨਿਸ਼ਾਨਾ ਵਿੰਨ੍ਹਿਆ ਹੈ ਤੇ ਕਾਂਗਰਸ ਨੂੰ ਹੀ 1984 ਦੇ ਸਿੱਖਾਂ ਦਾ ਕਾਤਲ ਦੱਸਿਆ ਹੈ।

‘ਟਾਈਮ ਨਾਓ’ ਨਾਂ ਦੇ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਰਾਹੁਲ ਗਾਂਧੀ ਨੇ ਪਹਿਲੀ ਵਾਰ ਮੰਨਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚ ਕੁੱਝ ਕਾਂਗਰਸੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਸਜ਼ਾ ਵੀ ਮਿਲੀ ਹੈ। ਪਰ ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆਂ ਦੀ ਤੁਲਨਾ 2002 ਦੇ ਗੁਜਰਾਤ ਦੰਗਿਆਂ ਨਾਲ ਨਹੀਂ ਹੋ ਸਕਦੀ। ਦੋਹਾਂ ‘ਚ ਬਹੁਤ ਫਰਕ ਹੈ। 2002 ‘ਚ ਜਿੱਥੇ ਗੁਜਰਾਤ ਸਰਕਾਰ ਨੇ ਦੰਗੇ ਭੜਕਾਉਣ ਦਾ ਕੰਮ ਕੀਤਾ ਸੀ, ਉੱਥੇ ਹੀ 1984 ‘ਚ ਕਾਂਗਰਸ ਸਰਕਾਰ ਨੇ ਦੰਗੇ ਰੋਕਣ ਦਾ ਕੰਮ ਕੀਤਾ ਸੀ। ਹਾਲਾਂਕਿ ਰਾਹੁਲ ਗਾਂਧੀ ਨੇ ਸਿੱਖ ਵਿਰੋਧੀ ਦੰਗਿਆਂ ‘ਤੇ ਮੁਆਫੀ ਮੰਗਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ ‘ਤੇ ਦੰਗਿਆਂ ‘ਚ ਸ਼ਾਮਲ ਨਹੀਂ ਸੀ।

ਓਧਰ ਇਸ ਬਿਆਨ ਨੂੰ ਲੈ ਕੇ ਪੰਜਾਬ ‘ਚ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਅੰਮ੍ਰਿਤਸਰ ‘ਚ ਮੰਗਲਵਾਰ ਨੂੰ ਸਿਟੀ ਬੱਸ ਦੇ ਉਦਘਾਟਨੀ ਸਮਾਰੋਹ ‘ਚ ਆਏ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਕਾਲੀ ਦਲ ਪਹਿਲਾਂ ਤੋਂ ਹੀ ਇਹ ਕਹਿ ਰਿਹਾ ਸੀ ਕਿ 1984 ਦੇ ਦੰਗੇ ਕਾਂਗਰਸ ਨੇ ਕਰਾਏ ਸਨ ਅਤੇ ਅੱਜ ਰਾਹੁਲ ਗਾਂਧੀ ਵੀ ਇਸ ਗੱਲ ਨੂੰ ਮੰਨ ਗਿਆ ਹੈ। ਪਰ ਨਾਲ ਹੀ ਜੋ ਰਾਹੁਲ ਗਾਂਧੀ ਨੇ ਇਸ ਮਾਮਲੇ ‘ਚ ਮੁਆਫੀ ਨਹੀਂ ਮੰਗੀ, ਉਹ ਗਲਤ ਹੈ ਅਤੇ ਅਦਾਲਤ ਇਸ ਬਿਆਨ ਦੇ ਆਧਾਰ ‘ਤੇ ਅਪਰਾਧਿਕ ਮਾਮਲਾ ਦਰਜ ਕਰੇ। ਸੁਖਬੀਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਕਾਂਗਰਸ ਨੇ 1984 ਦੇ ਦੰਗੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਗਲਤ ਹੈ, ਸਗੋਂ ਕਾਂਗਰਸ ਨੇ ਹੀ ਇਹ ਦੰਗੇ ਕਰਵਾਏ ਸਨ ਅਤੇ ਇਸ ‘ਚ ਉਸ ਦੀ ਪਾਰਟੀ ਦੇ ਹੀ ਲੋਕ ਸ਼ਾਮਲ ਸਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਕਾਂਗਰਸ ਦਾ ਤਿਆਗ ਕਰਨਾ ਚਾਹੀਦਾ ਹੈ। ਗੁਜਰਾਤ ਦੇ ਦੰਗਿਆਂ ਬਾਰੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਮੋਦੀ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।

ਸੰਪਾਦਕੀ ਨੋਟ: ਕਾਂਗਰਸ ਨੇ ਕਤਲੇਾਮ ਕਰਵਾਇਆ ਪਰ ਅਕਾਲੀ ਹਾਲੇ ਤੱਕ ਇਹ ਨਹੀਂ ਸਮਝ ਸਕੇ ਕਿ ਇਹ ਦੰਗੇ ਨਹੀਂ ਕਤਲੇਆਮ ਸੀ।



Archive

RECENT STORIES