Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ ਸੀ ਦੀਆਂ ਵਿਧਾਨ ਸਭਾ ਚੋਣਾਂ 'ਚ ਹੋਵੇਗੀ ਸਖਤ ਟੱਕਰ

Posted on May 10th, 2013

<p>ਐਨਡੀਪੀ ਆਗੂ ਏਡਰੀਅਨ ਡਿਕਸ ਅਤੇ ਬੀਸੀ ਲਿਬਰਲ ਪਾਰਟੀ ਮੁਖੀ ਕ੍ਰਿਸਟੀ ਕਲਾਰਕ<br></p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 14 ਮਈ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ 'ਚ ਦੋਹਾਂ ਪ੍ਰਮੁੱਖ ਪਾਰਟੀਆਂ ਦਰਮਿਆਨ ਟੱਕਰ ਬਹੁਤ ਸਖਤ ਹੋ ਗਈ ਹੈ। ਦੋਹਾਂ ਪਾਰਟੀਆਂ ਦੀ ਤਰਫੋਂ ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰ ਸੂਬੇ ਭਰ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਤਾਜ਼ਾ ਸਰਵੇਖਣ ਮੁਤਾਬਿਕ ਐਨਡੀਪੀ ਇਸ ਵੇਲੇ ਸੱਤਾਧਾਰੀ ਬੀਸੀ ਲਿਬਰਲ ਪਾਰਟੀ ਨਾਲੋਂ ਮਹਿਜ਼ 4 ਫੀਸਦੀ ਅੱਗੇ ਹੈ ਜਦਕਿ ਇੱਕ ਮਹੀਨਾ ਪਹਿਲਾਂ ਇਹ ਪਾੜਾ ਚੌਗੁਣੇ ਤੋਂ ਵੀ ਵੱਧ ਸੀ। ਜੇ ਇਸ ਸਰਵੇਖਣ ਮੁਤਾਬਿਕ ਚੱਲੀਏ ਤਾਂ ਅਜਿਹੀ ਹਾਲਤ 'ਚ ਕੋਈ ਵੀ ਪਾਰਟੀ ਜਿੱਤ ਸਕਦੀ ਹੈ। ਸੰਭਵ ਹੈ ਕਿ ਸੂਬੇ ਦੀਆਂ ਕੁੱਲ ਵੋਟਾਂ 'ਚੋਂ ਵੱਧ ਵੋਟਾਂ ਇੱਕ ਪਾਰਟੀ ਲੈ ਜਾਵੇ ਜਦਕਿ ਦੂਜੀ ਪਾਰਟੀ ਵਧੇਰੇ ਸੀਟਾਂ ਜਿੱਤ ਕੇ ਸਰਕਾਰ ਬਣਾਉਣ 'ਚ ਕਾਮਯਾਬ ਹੋ ਜਾਵੇ। ਜਿੱਥੇ ਇਸ ਸਰਵੇਖਣ ਨੇ ਲਿਬਰਲ ਪਾਰਟੀ ਆਗੂਆਂ ਦੇ ਹੌਂਸਲੇ ਬੁਲੰਦ ਕੀਤੇ ਹਨ, ਉੱਥੇ ਐਨਡੀਪੀ ਆਗੂ ਵੀ ਘਬਰਾਏ ਨਹੀਂ। ਪਾਰਟੀ ਮੁਖੀ ਏਡਰੀਅਨ ਡਿਕਸ ਨੇ ਇਸ ਸਰਵੇਖਣ ਤੋਂ ਬਾਅਦ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਪੂਰਨ ਯਕੀਨ ਹੈ ਕਿ ਜਿੱਤ ਐਨਡੀਪੀ ਦੀ ਹੀ ਹੋਵੇਗੀ ਅਤੇ ਲਿਬਰਲ ਪਾਰਟੀ ਨੂੰ ਕਈ ਸੀਟਾਂ ਗਵਾਉਣੀਆਂ ਪੈਣਗੀਆਂ।  ਦਰਅਸਲ ਐਨਡੀਪੀ ਅਤੇ ਰਾਜਸੀ ਮਾਹਰਾਂ ਨੂੰ ਜਾਪ ਰਿਹਾ ਹੈ ਕਿ ਬੀਸੀ ਲਿਬਰਲ ਪਾਰਟੀ ਨਾਲੋਂ ਟੁੱਟ ਕੇ ਗਏ ਲੋਕਾਂ ਵਲੋਂ ਬਣਾਈ ਗਈ ਬੀਸੀ ਕੰਜ਼ਰਵੇਟਿਵ ਪਾਰਟੀ ਇਸ ਵਾਰ ਲਿਬਰਲ ਪਾਰਟੀ ਦੀਆਂ ਵੋਟਾਂ ਭੰਨੇਗੀ, ਜਿਸ ਕਾਰਨ ਵੋਟਾਂ ਵੰਡੇ ਜਾਣ ਦਾ ਸਿੱਧਾ ਫਾਇਦਾ ਐਨਡੀਪੀ ਨੂੰ ਪੁੱਜੇਗਾ।

ਮੁੱਖ ਮੰਤਰੀ ਕ੍ਰਿਸਟੀ ਕਲਾਰਕ ਵਲੋਂ ਸੂਬੇ ਭਰ 'ਚ ਤੂਫਾਨੀ ਦੌਰਿਆਂ ਅਤੇ ਜੋਸ਼ੀਲੀਆਂ ਤਕਰੀਰਾਂ ਦਾ ਦੌਰ ਜਾਰੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਸੂਬੇ ਦੇ ਵਿਕਾਸ ਅਤੇ ਆਰਥਿਕਤਾ ਨੂੰ ਮੁੱਖ ਮੁੱਦਾ ਬਣਾਇਆ ਹੋਇਆ ਹੈ। ਛੋਟੇ ਅਤੇ ਵੱਡੇ ਵਪਾਰੀ ਲਿਬਰਲ ਪਾਰਟੀ ਵੱਲ ਝੁਕਾਅ ਵਿਖਾ ਰਹੇ ਹਨ। ਐਨਡੀਪੀ ਆਗੂ ਏਡਰੀਅਨ ਡਿਕਸ ਨੇ ਵੀ ਸੂਬੇ ਭਰ 'ਚ ਘੁੰਮ ਕੇ ਜਨਤਾ ਨੂੰ ਸੱਤਾ 'ਚ ਬਦਲਾਅ ਲਿਆਉਣ ਲਈ ਕੀਲਿਆ ਹੈ। ਮਜ਼ਦੂਰ ਜਥੇਬੰਦੀਆਂ ਅਤੇ ਆਮ ਕੰਮ-ਕਾਜੀ ਲੋਕ ਐਨਡੀਪੀ ਦੀ ਸੋਚ ਨੂੰ ਸਹੀ ਮੰਨਦਿਆਂ ਉਨ੍ਹਾਂ ਨੂੰ ਜਿਤਾਉਣ ਲਈ ਲੱਕ ਬੰਨ੍ਹੀ ਬੈਠੇ ਹਨ। ਅਜਿਹੇ ਹਾਲਾਤਾਂ ਦੇ ਚੱਲਦਿਆਂ ਇਹ ਚੋਣ ਬਹੁਤ ਹੀ ਰੌਚਕ ਬਣ ਗਈ ਹੈ।



Archive

RECENT STORIES