Posted on February 5th, 2014

ਵਾਸ਼ਿੰਗਟਨ- ਭਾਰਤ ਦੇ ਅਮੀਰਾਂ ਦੀ ਜਾਇਦਾਦ ਵਿੱਚ ਪਿਛਲੇ 15 ਸਾਲ ਦੌਰਾਨ 12 ਗੁਣਾ ਵਾਧਾ ਹੋਇਆ ਹੈ ਤੇ ਇਸ ਦੇ ਅੱਧੇ ਹਿੱਸੇ ਨਾਲ ਦੇਸ਼ ਵਿੱਚੋਂ ਗਰੀਬੀ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਗਰੀਬਾਂ ਦੀ ਆਮਦਨ ਓਨੀ ਤੇਜ਼ੀ ਨਾਲ ਨਹੀਂ ਵਧ ਰਹੀ, ਜਿਸ ਦੇ ਨਤੀਜੇ ਵਜੋਂ ਅਮੀਰ ਤੇ ਗਰੀਬ ਦਾ ਪਾੜਾ ਤੇਜ਼ੀ ਨਾਲ ਵਧ ਰਿਹਾ ਹੈ। ਇਹ ਪ੍ਰਗਟਾਵਾ ਕੌਮਾਂਤਰੀ ਮੁਦਰਾ ਕੋਸ਼ (ਆਈ ਐਮ ਐਫ) ਦੀ ਮੈਨੇਜਿੰਗ ਡਾਇਰੈਕਟਰ ਕ੍ਰਿਸਟੀਨ ਲੈਗਾਰਡ ਨੇ ਕੀਤਾ ਹੈ।
ਭਾਰਤ ਤੇ ਅਮਰੀਕਾ ਵਰਗੇ ਦੁਨੀਆ ਦੇ ਦੋ ਵੱਡੇ ਜਮਹੂਰੀ ਦੇਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਹਰ 10 ਵਿੱਚੋਂ 7 ਲੋਕ ਅਜਿਹੇ ਦੇਸ਼ਾਂ ਵਿੱਚ ਰਹਿੰਦੇ ਹਨ, ਜਿਥੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਆਮਦਨ ਵਿੱਚ ਪਾੜਾ ਲਗਾਤਾਰ ਵਧਿਆ ਹੈ। ਉਨ੍ਹਾਂ ਦੱਸਿਆ ਕਿ ਦੁਨੀਆ ਦੇ 85 ਧਨਾਢ ਵਿਅਕਤੀਆਂ ਦੀ ਜਾਇਦਾਦ ਧਰਤੀ ਦੀ ਅੱਧੀ ਆਬਾਦੀ ਦੀ ਜਾਇਦਾਦ ਤੋਂ ਵੀ ਜ਼ਿਆਦਾ ਹੈ।
ਲੈਗਾਰਡ ਨੇ ਲੰਡਨ ਵਿੱਚ ਰਿਚਰਡ ਡਿੰਬਲੇ ਭਾਸ਼ਣ ਦੌਰਾਨ ਕਿਹਾ, ‘ਅਮਰੀਕਾ ਵਿੱਚ ਉਸੇ ਤਰ੍ਹਾਂ ਦੇ ਹਾਲਾਤ ਬਣ ਗਏ ਹਨ, ਜੋ 1930 ਦੀ ਮੰਦੀ ਦੌਰਾਨ ਸਨ। 2009 ਤੋਂ ਬਾਅਦ ਆਮਦਨ ਵਿੱਚ ਵਾਧੇ ਦਾ 95 ਫੀਸਦੀ ਹਿੱਸਾ ਸਿਰਫ ਇਕ ਫੀਸਦੀ ਅਮੀਰਾਂ ਦੇ ਖਾਤੇ ਵਿੱਚ ਗਿਆ, ਜਦ ਕਿ 90 ਫੀਸਦੀ ਲੋਕ ਗਰੀਬੀ ਦੀ ਦਲਦਲ ਵਿੱਚ ਹੋਰ ਧਸ ਗਏ।’ ਉਨ੍ਹਾਂ ਕਿਹਾ ਕਿ ਅਗਲੇ ਤਿੰਨ ਦਹਾਕਿਆਂ ਵਿੱਚ ਦੁਨੀਆ ਦੀ ਆਬਾਦੀ ਵਧਣ ਸਣੇ ਬਜ਼ੁਰਗਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ। 30 ਸਾਲ ਵਿੱਚ ਇਸ ਧਰਤੀ ‘ਤੇ ਦੋ ਅਰਬ ਲੋਕ ਹੋਰ ਆ ਜਾਣਗੇ, ਪਰ ਕੁਲ ਆਬਾਦੀ ਦਾ ਤਿੰਨ ਚੌਥਾਈ ਲੋਕ 65 ਸਾਲ ਤੋਂ ਵੱਧ ਉਮਰ ਦੇ ਹੋਣਗੇ। 2020 ਵਿੱਚ ਪਹਿਲੀ ਵਾਰ ਹੋਵੇਗਾ ਕਿ ਬਜ਼ੁਰਗਾਂ ਦੀ ਆਬਾਦੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਟੱਪ ਜਾਵੇਗੀ।
ਆਈ ਐਮ ਐਫ ਮੁਖੀ ਦਾ ਕਹਿਣਾ ਸੀ ਕਿ ਦੱਖਣੀ ਏਸ਼ੀਆ ਤੇ ਅਫਰੀਕਾ ਵਰਗੇ ਖੇਤਰਾਂ ਵਿੱਚ ਨੌਜਵਾਨਾਂ ਦੀ ਆਬਾਦੀ ਵਧੇਗੀ, ਜਦ ਕਿ ਯੂਰਪ, ਚੀਨ ਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਬਿਰਧ ਲੋਕਾਂ ਦੀ ਗਿਣਤੀ ਜ਼ਿਆਦਾ ਹੋਵੇਗੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026