Posted on February 13th, 2014

ਜਲੰਧਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਖੁਲਾਸਾ ਕੀਤਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੀ ਭਾਰਤ ਸਰਕਾਰ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਤੇ ਫੌਜੀ ਕਾਰਵਾਈ ਕਰਨ ਲਈ ਕਿਹਾ ਸੀ ਅਤੇ ਇਸਨੂੰ ਲੈ ਕੇ ਉਨ੍ਹਾਂ ਦੀ ਤਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨਾਲ 28 ਮਾਰਚ 1984 ਨੂੰ ਖੁਫੀਆ ਬੈਠਕ ਹੋਈ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਨੂੰ ਲਿਖੀ ਖੁੱਲ੍ਹੀ ਚਿੱਠੀ ‘ਚ ਕਿਹਾ ਹੈ ਕਿ ਹੁਣ ਇਹ ਮਾਮਲਾ ਵਿਸ਼ੇਸ਼ ਤੌਰ ‘ਤੇ ਸਿੱਖਾਂ ਦੀ ਕਚਹਿਰੀ ‘ਚ ਆ ਚੁੱਕਾ ਹੈ, ਇਸ ਲਈ ਪਹਿਲਾਂ ਤੁਹਾਨੂੰ ਸੱਚਾਈ ਤੋਂ ਅਣਗੌਲਿਆਂ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ 28 ਮਾਰਚ 1984 ਨੂੰ ਨਰਸਿਮ੍ਹਾ ਰਾਓ ਨਾਲ ਹੋਈ ਬੈਠਕ ਦੌਰਾਨ ਕੈਬਨਿਟ ਸਕੱਤਰ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਅਤੇ ਕੇਂਦਰੀ ਗ੍ਰਹਿ ਸਕੱਤਰ ਵੀ ਮੌਜੂਦ ਸਨ। ਇਹ ਬੈਠਕ ਦਿੱਲੀ ਦੇ ਗੈਸਟ ਹਾਊਸ ‘ਚ ਹੋਈ ਸੀ। ਇਸ ਬੈਠਕ ਦਾ ਟੀਚਾ ਸ੍ਰੀ ਦਰਬਾਰ ਸਾਹਿਬ ਦੀ ਸਥਿਤੀ ‘ਤੇ ਚਰਚਾ ਕਰਨਾ ਸੀ ਅਤੇ ਜੀ. ਓ. ਆਈ. ਨੂੰ ਫੌਜੀ ਕਾਰਵਾਈ ਲਈ ਨਿਰਦੇਸ਼ ਦਿਵਾਉਣਾ ਸੀ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਨੂੰ ਆਪਣੀ ਸਥਿਤੀ ਖੁਦ ਸਪੱਸ਼ਟ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੀ ਓ. ਐੱਸ. ਡੀ. ਜਾਂ ਬੁਲਾਰਿਆਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੈਂ ਬੁੱਧਵਾਰ ਨੂੰ ਬਾਦਲ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਆਪ੍ਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਗ੍ਰਹਿ ਮੰਤਰੀ ਨਾਲ ਸਿੱਧੀ ਮੁਲਾਕਾਤ ਕੀਤੀ ਸੀ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਤਿੰਨ ਮੈਂਬਰੀ ਕਮੇਟੀ, ਜਿਸ ‘ਚ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਸੀ, ਨੂੰ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਲਈ ਅਧਿਕਾਰ ਦਿੱਤੇ ਸਨ। 28 ਮਾਰਚ ਦੀ ਗ੍ਰਹਿ ਮੰਤਰੀ ਨਾਲ ਬੈਠਕ ਦਾ ਉਦੇਸ਼ ਕੀ ਸੀ? ਜਦਕਿ ਅਕਾਲੀ ਦਲ ਦੇ ਬੁਲਾਰਿਆਂ ਨੇ ਇਹ ਕਿਹਾ ਹੈ ਕਿ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਾਫੀ ਸਮਾਂ ਪਹਿਲਾਂ ਹੋਈ ਸੀ ਪਰ ਮੇਰਾ ਇਹ ਸਵਾਲ ਨਹੀਂ ਸੀ, ਮੇਰਾ ਸਵਾਲ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਦਾ ਸੀ। ਉਨ੍ਹਾਂ ਕਿਹਾ ਕਿ 25 ਅਪ੍ਰੈਲ 1984 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪ੍ਰਧਾਨ ਮੰਤਰੀ ਦੇ ਨਿੱਜੀ ਸਕੱਤਰ ਆਰ. ਕੇ. ਧਵਨ ਨੂੰ ਚਿੱਠੀ ਲਿਖੀ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਤੁਹਾਨੂੰ ਪਤਾ ਹੈ ਕਿ ਗੁਰਚਰਨ ਸਿੰਘ ਟੌਹੜਾ ਦੇ ਜੀਵਨ ਨੂੰ ਭਾਰੀ ਖਤਰਾ ਹੈ, ਇਸ ਲਈ ਉਹ ਇਹ ਚਿੱਠੀ ਲਿਖ ਰਹੇ ਹਨ। ਜਰਨੈਲ ਸਿੰਘ ਪਿੱਛੇ ਹਟਣ ਵਾਲਾ ਨਹੀਂ ਹੈ। ਇਸ ਲਈ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਆਪਣੀ ਯੋਜਨਾ ਅਧੀਨ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਸੰਬੰਧੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਤੁਹਾਨੂੰ ਵਿਸਤਾਰ ਨਾਲ ਜਾਣਕਾਰੀ ਦੇ ਚੁੱਕੇ ਹਨ।
ਬਾਦਲ ਨੂੰ ਭੇਜੀ ਚਿੱਠੀ ‘ਚ ਕੈਪਟਨ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਤੁਸੀਂ ਬਾਦਲ ਪਿੰਡ ‘ਚ ਸੀ, ਜਦੋਂ ਪੁਲਸ ਅਤੇ ਸੀ. ਆਰ. ਪੀ. ਐੱਫ. ਨੇ ਦਰਬਾਰ ਸਾਹਿਬ ਨੂੰ ਆਪਣੇ ਘੇਰੇ ਵਿਚ ਲਿਆ ਸੀ। 2 ਜੂਨ ਨੂੰ ਭਾਰਤੀ ਫੌਜ ਦੀ 12 ਬਿਹਾਰ ਬਟਾਲੀਅਨ ਵੀ ਇਸ ‘ਚ ਸ਼ਾਮਲ ਹੋਈ। ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਣਕਾਰੀ ਬਾਦਲ ਨੂੰ ਪੂਰੀ ਤਰ੍ਹਾਂ ਸੀ। ਅੰਮ੍ਰਿਤਸਰ ਲਈ ਸਾਰੀਆਂ ਟੈਲੀਫੋਨ ਤਾਰਾਂ 3 ਜੂਨ ਨੂੰ ਹੀ ਕੱਟੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ 2 ਜੂਨ ਨੂੰ ਲੌਂਗੋਵਾਲ ਨੇ ਦਰਬਾਰ ਸਾਹਿਬ ‘ਚ ਆਪਣੇ ਸੀਨੀਅਰ ਨੇਤਾਵਾਂ ਨੂੰ ਬੁਲਾਇਆ ਸੀ। ਟੌਹੜਾ ਪਟਿਆਲਾ ਤੋਂ ਬੈਠਕ ‘ਚ ਹਿੱਸਾ ਲੈਣ ਲਈ ਪੁੱਜ ਗਏ ਸਨ ਪਰ ਬਾਦਲ ਆਪਣੇ ਪਿੰਡੋਂ ਬੈਠਕ ‘ਚ ਹਿੱਸਾ ਲੈਣ ਨਹੀਂ ਪੁੱਜੇ ਕਿਉਂਕਿ ਉਨ੍ਹਾਂ ਨੂੰ ਫੌਜੀ ਕਾਰਵਾਈ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਬਾਦਲ ਦੀ ਗ੍ਰਿਫਤਾਰੀ 11-12 ਜੂਨ ਦੀ ਰਾਤ ਢਾਈ ਵਜੇ ਚੰਡੀਗੜ੍ਹ ਨਿਵਾਸ ਸਥਾਨ ਤੋਂ ਹੋਈ ਸੀ। ਇਹ ਕਹਿਣਾ ਗਲਤ ਹੈ ਕਿ ਬਾਦਲ ਨੂੰ 10 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਮਰਿੰਦਰ ਨੇ ਬਾਦਲ ਤੋਂ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਮੰਗਿਆ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026