Posted on February 13th, 2014

ਅੰਮਿ੍ਰਤਸਰ- ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਹੈ ਕਿ ਜੇਕਰ ਸਿੱਖ ਕੌਮ ਦੀ ਅੱਡਰੀ,ਨਿਆਰੀ ਤੇ ਵਿਲੱਖਣ ਹੋਂਦ ਹਸਤੀ ਦਾ ਪ੍ਰਤੀਕ ,ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਗਲਤ ਸੀ ਤਾਂ ਉਨ੍ਹਾਂ (ਵੇਦਾਂਤੀ) ਸਮੇਤ ਇਸਨੂੰ ਤਿਆਰ ਕਰਨ ਵਾਲੇ ਸ੍ਰ ਪਾਲ ਸਿੰਘ ਪੁਰੇਵਾਲ ,ਸਹਿਮਤੀ ਦੇਣ ਵਾਲੀਆਂ ਸਮੂੰਹ ਪੰਥਕ ਸੰਸਥਾਵਾਂ ਦੇ ਮੁਖੀਆਂ , ਲਾਗੂ ਕਰਨ ਵਾਲੇ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਕ੍ਰਿਪਾਲ ਸਿੰਘ ਬਡੂੰਗਰ, ਸਿੰਘ ਸਾਹਿਬਾਨ ਅਤੇ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਾਈ ਜਾਵੇ ਅਤੇ ਜੇਕਰ ਅਜੇਹਾ ਸੰਭਵ ਨਹੀ ਹੈ ਤਾਂ ਨਾਨਕਸ਼ਾਹੀ ਕੈਲੰਡਰ ਦਾ ਬੇਲੋੜਾ ਵਿਰੋਧ ਕਰਨ ਵਾਲਿਆਂ ਨੂੰ ਤਲਬ ਕਰ ਲਿਆ ਜਾਵੇ ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਦੀ ਤਿਆਰੀ ਤਾਂ 1999 ਤੋਂ ਪਹਿਲਾਂ ਹੀ ਸ਼ੁਰੂ ਹੋ ਚੁਕੀ ਸੀ ਲੇਕਿਨ ਜਦ ਇਹ ਸ੍ਰੀ ਅਕਾਲ ਤਖਤ ਸਾਹਿਬ ਪਾਸ ਪੰਜ ਸਿੰਘ ਸਾਹਿਬਾਨ ਦੇ ਵਿਚਾਰ ਹਿੱਤ ਆਇਆ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਹੈਸੀਅਤ ਵਿੱਚ ਉਨ੍ਹਾਂ ਇਕ ਨਵੀਂ 11 ਮੈਂਬਰੀ ਕਮੇਟੀ ਦਾ ਗਠਨ ਕਰਕੇ ਇਹ ਪੁਛਿਆ ਸੀ ਕਿ ਕੀ ਨਾਨਕਸ਼ਾਹੀ ਕੈਲੰਡਰ ਦੀ ਜਰੂਰਤ ਹੈ । ਗਿਆਨੀ ਵੇਦਾਂਤੀ ਨੇ ਦੱਸਿਆ ਕਿ ਇਸ 11 ਮੈਂਬਰੀ ਕਮੇਟੀ ਦੀ ਰਿਪੋਰਟ ਆਣ ਬਾਅਦ ਹੀ ਦੁਬਾਰਾ ਸ਼੍ਰੋਮਣੀ ਕਮੇਟੀ ਨੂੰ ਦੀਰਘ ਵਿਚਾਰ ਤੇ ਵੱਖ ਵੱਖ ਸਿੱਖ ਸੰਸਥਾਵਾਂ ਦੀ ਰਾਏ ਲੈਣ ਭੇਜਿਆ ਗਿਆ ਸੀ ।
ਉਹ ਦਸਦੇ ਹਨ ਕਿ ਸ੍ਰ ਪਾਲ ਸਿੰਘ ਪੁਰੇਵਾਲ ਦੁਆਰਾ ਸੁਰਜੀ ਪ੍ਰਣਾਲੀ ਤੇ ਅਧਾਰਿਤ ਤਿਆਰ ਨਾਨਕਸ਼ਾਹੀ ਕੈਲੰਡਰ ਪ੍ਰਤੀ ਰਾਏ ਲੈਣ ਲਈ ਉਨ੍ਹਾਂ ਨੇ ਖੁੱਦ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਅਤੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਨਾਲ ਹਜੂਰ ਸਾਹਿਬ ਵਿਖੇ ਵਿਚਾਰ ਕੀਤੀ । ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨੋਂ ਤਖਤ ਸਾਹਿਬਾਨ ਨੇ ਮੰਗ ਕੀਤੀ ਸੀ ਕਿ ਸਿਰਫ ਤਿੰਨ ਦਿਹਾੜੇ (ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ,ਜੋਤੀ ਜੋਤਿ ਦਿਵਸ ਦਸਮ ਪਾਤਸ਼ਾਹ ਅਤੇ ਦਸਮੇਸ਼ ਪਿਤਾ ਦਾ ਪ੍ਰਕਾਸ਼ ਦਿਹਾੜਾ)ਬਾਰੇ ਉਨ੍ਹਾਂ ਦੀ ਰਾਏ ਅਨੁਸਾਰ ਹੋਰ ਵਿਚਾਰ ਕਰ ਲੈਣ।
ਗਿਆਨੀ ਵੇਦਾਂਤੀ ਨੇ ਦੱਸਿਆ ਕਿ ਇਨ੍ਹਾਂ ਦੋਨਾਂ ਤਖਤ ਸਾਹਿਬਾਨ ਦੀ ਸਹਿਮਤੀ ਬਾਅਦ ਹੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਅਤੇ ਜਨਰਲ ਹਾਊਸ ਨੇ ਇਕ ਵਾਰ ਫਿਰ ਨਾਨਕਸ਼ਾਹੀ ਕੈਲੰਡਰ ਨੂੰ ਸਹਿਮਤੀ ਦਿੱਤੀ ,ਇਸਨੂੰ ਤਿਆਰ ਕਰਨ ਵਾਲੇ ,ਵਿਚਾਰ ਕਰਨ ਵਾਲਿਆਂ ਤੇ ਪ੍ਰਵਾਨਗੀ ਲਈ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤ ਸਾਹਿਬਾਨ ਦਾ ਧੰਨਵਾਦਿ ਕੀਤਾ। ਗਿਆਨੀ ਵੇਦਾਂਤੀ ਦਸਦੇ ਹਨ ਕਿ ਕੈਲੰਡਰ ਪਰਤੀ ਸਹਿਮਤੀ ਲੈਣ ਲਈ ਦਮਦਮੀ ਟਕਸਾਲ ਦੇ ਤਤਕਾਲੀਨ ਮੁਖੀ ਬਾਬਾ ਠਾਕੁਰ ਸਿੰਘ ਜੀ ਨੂੰ ਵੀ ਭਰੋਸੇ ਵਿਚ ਲਿਆ ਗਿਆ ਅਤੇ ਕੈਲੰਡਰ ਨਾਲ ਸਬੰਦਤ ਇਕਤਰਤਾਵਾਂ ਵਿਚ ਬਾਬਾ ਜੀ ਵਲੋਂ ਟਕਸਾਲ ਦੇ ਬੁਲਾਰੇ ਭਾਈ ਮੋਹਕਮ ਸਿੰਘ ਪੁਜਦੇ ਰਹੇ ।
ਉਨ੍ਹਾਂ ਦੱਸਿਆ ਕਿ ਨਾਨਕਸ਼ਾਹੀ ਕੈਲੰਡਰ ਨੂੰ ਸੰਗਤ ਦੇ ਅਰਪਣ ਕਰਨ ਲਈ ਤਖਤ ਸ੍ਰੀ ਦਮਦਮਾ ਸਾਹਿਬ ਦੀ ਚੋਣ ,ਸ਼੍ਰੋਮਣੀ ਕਮੇਟੀ ਦਾ ਫੈਸਲਾ ਸੀ ਅਤੇ ਇਸ ਕੈਲੰਡਰ ਨੂੰ ਰਲੀਜ ਕਰਨ ਮੌਕੇ ਸ੍ਰ ਪਰਕਾਸ਼ ਸਿੰਘ ਬਾਦਲ ਆਪ ਪੁਜੇ ਸਨ ,ਵੱਖ ਵੱਖ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਦੇ ਨਾਲ ਨਾਲ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ ਵੀ ਹਾਜਰ ਸਨ ।ਗਿਆਨੀ ਵੇਦਾਂਤੀ ਨੇ ਕਿਹਾ ਕਿ ਬਾਰ ਬਾਰ ਨਾਨਕਸ਼ਾਹੀ ਕੈਲੰਡਰ ਵਿਚ ਨੁਕਸ ਕੱਢੀ ਜਾਣਾ ਸੋਭਾ ਨਹੀ ਦਿੰਦਾ,ਜੋ ਸੁਝਾਅ ਹੁਣ ਦਿੱਤੇ ਜਾ ਰਹੇ ਹਨ ਇਹ 2010 ਵਿਚ ਵੀ ਦਿੱਤੇ ਜਾ ਸਕਦੇ ਸਨ ,ਲੇਕਿਨ ਬਾਰ ਬਾਰ ਸਿੱਖ ਕੌਮ ਦੀ ਨਿਆਰੀ ਹਸਤੀ ਦੇ ਪ੍ਰਤੀਕ ਕੈਲੰਡਰ ਨੂੰ ਤੋਹਮਤਬਾਜੀ ਦਾ ਸ਼ਿਕਾਰ ਨਾ ਬਣਾਇਆ ਜਾਵੇ ।
ਉਨ੍ਹਾਂ ਸਾਫ ਕਿਹਾ ਕਿ ਸਾਲ 2003 ਵਿਚ ਲਾਗੂ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ 97 ਫੀਸਦੀ ਸਿੱਖਾਂ ਨੇ ਆਪਣੀ ਸਹਿਮਤੀ ਦਿੱਤੀ ਸੀ ਲੇਕਿਨ ਜੇਕਰ ਇਸਨੂੰ ਤੋੜਨ ਮਰੋੜਨ ਵਾਲੇ ਅਜੇ ਵੀ ਇਸਨੂੰ ਗਲਤ ਹੀ ਕਹਿ ਰਹੇ ਹਨ ਤਾਂ ਸਮੇਤ ਉਨ੍ਹਾਂ(ਗਿਆਨੀ ਵੇਦਾਂਤੀ) ਦੇ ਸ੍ਰ ਪਾਲ ਸਿੰਘ ਪੁਰੇਵਾਲ ,ਸਹਿਮਤੀ ਦੇਣ ਵਾਲੀਆ ਸਿੱਖ ਸੰਸਥਾਵਾਂ ਦੇ ਮੁਖੀਆਂ ਦੇ ਨਾਲ ਨਾਲ ਤਤਕਾਲੀਨ ਪੰਜ ਸਿੰਘ ਸਾਹਿਬਾਨ ,ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ,ਸ਼੍ਰੋਮਣੀ ਕਮੇਟੀ ਪ੍ਰਧਾਨ ,ਅੰਤਿੰ੍ਰਗ ਕਮੇਟੀ ਮੈਂਬਰਾਨ ਤੇ ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਾਈ ਜਾਵੇ। ਉਨ੍ਹਾਂ ਕਿਹਾ ਜੇਕਰ ਅਜੇਹਾ ਨਹੀ ਹੋ ਸਕਦਾ ਤਾਂ ਬਾਰ ਬਾਰ ਨਾਨਕਸ਼ਾਹੀ ਕੈਲੰਡਰ ਨੂੰ ਗਲਤ ਪ੍ਰਚਾਰਣ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਾਈ ਜਾਵੇ।

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026

Posted on October 7th, 2026