Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਂਦਰ ਤੇ ਅਕਾਲੀਆਂ ਦਰਮਿਆਨ ਹੋਈਆਂ ਸਨ ਅੱਠ ਮੀਟਿੰਗਾਂ- ਚੰਡੀਗੜ੍ਹ ਦੇ ਸਾਬਕਾ ਡਿਪਟੀ ਕਮਿਸ਼ਨਰ ਰਘਬੀਰ ਸਿੰਘ

Posted on February 13th, 2014



ਚੰਡੀਗੜ੍ਹ- ਸਾਕਾ ਨੀਲਾ ਤਾਰਾ ਤੋਂ ਪਹਿਲਾਂ ਉਨ੍ਹੀਂ ਦਿਨੀਂ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਰਹੇ ਰਘਬੀਰ ਸਿੰਘ ਨੇ ਘਟਨਾਕ੍ਰਮ ਦਾ ਚੇਤਾ ਕਰਦਿਆਂ ਕਿਹਾ  ਹੈ ਕਿ ਇਕ ਦਿਨ ਚੀਫ ਕਮਿਸ਼ਨਰ ਕ੍ਰਿਸ਼ਨਾ ਬੈਨਰਜੀ ਨੇ ਉਨ੍ਹਾਂ ਨੂੰ ਫੌਰੀ ਬੁਲਾਇਆ। ਜਦੋਂ ਉਹ ਕਮਰੇ ’ਚ ਦਾਖ਼ਲ ਹੋਏ ਤਾਂ ਉਨ੍ਹਾਂ ਉੱਥੇ ਮੌਜੂਦ ਸਾਰੇ ਵਿਅਕਤੀਆਂ ਨੂੰ ਜਾਣ ਦਾ ਇਸ਼ਾਰਾ ਕੀਤਾ।

‘‘ਉਨ੍ਹਾਂ ਮੇਰੇ ਕੰਨ ’ਚ ਇਕ ਆਲ੍ਹਾ ਮਿਆਰੀ ਮੁਲਾਕਾਤ ਲਈ ਪ੍ਰਬੰਧ ਕਰਨ ਲਈ ਕਿਹਾ, ਜਿਸ ਵਿੱਚ ਕੇਂਦਰ ਦੇ ਪ੍ਰਮੁੱਖ ਸਿਆਸਤਦਾਨ ਅਤੇ ਬੁੜੈਲ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਹਿੱਸਾ ਲੈਣਗੇ। ਮੈਨੂੰ ਇਸ ਮਿਸ਼ਨ ਵਿੱਚ ਕਿਸੇ ਨੂੰ ਵੀ ਖਾਸ ਕਰਕੇ ਪੁਲੀਸ ਨੂੰ ਸ਼ਾਮਲ ਨਾ ਕਰਨ ਦੀ ਤਾਕੀਦ ਕੀਤੀ ਗਈ।

ਰਘਬੀਰ ਸਿੰਘ ਨੇ ਦੱਸਿਆ ‘‘ਉਸ ਵੇਲੇ ਦੇ ਮੇਰੇ ਐਸਡੀਐਮ ਟੀ.ਸੀ. ਗੁਪਤਾ ਨੇ ਵੱਖ-ਵੱਖ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਉਹ ਆਖ਼ਰ ਸੈਕਟਰ-2 ਦੇ ਇਕ ਪ੍ਰਾਈਵੇਟ ਘਰ ਦੀਆਂ ਚਾਬੀਆਂ ਲੈਣ ’ਚ ਕਾਮਯਾਬ ਹੋ ਗਿਆ ਜਿੱਥੇ 27 ਮਾਰਚ 1984 ਨੂੰ ਇਕ ਆਲ੍ਹਾ ਮਿਆਰੀ ਗੁਪਤ ਮੀਟਿੰਗ ਰੱਖੀ ਗਈ। ਅਕਾਲੀਆਂ ਅਤੇ ਕੇਂਦਰ ਵਿਚਕਾਰ ਵਾਰਤਾ ਦੇ ਤਿੰਨ ਗੇੜ ਪਹਿਲਾਂ ਹੀ ਦਿੱਲੀ ਵਿੱਚ ਹੋ ਚੁੱਕੇ ਸਨ ਅਤੇ ਚੌਥਾ ਚੰਡੀਗੜ੍ਹ ਵਿੱਚ ਕੀਤਾ ਜਾਣਾ ਸੀ।’’ ਇਹ ਇਕ ਗੁਪਤ ਮਿਸ਼ਨ ਹੋਣ ਕਰਕੇ ਉਨ੍ਹਾਂ ਇਕ ਬਿਨਾਂ ਨੰਬਰੀ ਕਾਰ ਲਈ ਅਤੇ ਉਸ ’ਤੇ ਜਾਅਲੀ ਨੰਬਰ ਪਲੇਟ ਲਗਾਈ। ਉਨ੍ਹਾਂ ਕਿਹਾ, ‘‘ਮੈਂ ਜ਼ਿਲ੍ਹਾ ਮੈਜਿਸਟਰੇਟ ਹੋਣ ਦੀ ਹੈਸੀਅਤ ਵਿੱਚ ਚੰਡੀਗੜ੍ਹ ਦਾ ਆਈਜੀ (ਜੇਲ੍ਹ) ਵੀ ਸਾਂ। ਮੈਨੂੰ ਪਤਾ ਸੀ ਕਿ ਜੇਲ੍ਹ ਸੁਪਰਡੈਂਟ ਆਰ.ਡੀ. ਸ਼ਰਮਾ ਬਹੁਤ ਹੁਸ਼ਿਆਰ ਸਨ ਅਤੇ ਮੈਂ ਉਨ੍ਹਾਂ ਨੂੰ ਖਰੀਦੋ-ਫਰੋਖਤ ਲਈ ਲੁਧਿਆਣਾ ਭੇਜ ਦਿੱਤਾ। ਫੇਰ ਮੈਂ ਗੇਟ ਖੋਲ੍ਹਿਆ ਅਤੇ ਅਕਾਲੀਆਂ ਨੂੰ ਕਾਰ ਵਿੱਚ ਬਿਠਾ ਕੇ ਮੀਟਿੰਗ ਵਾਲੀ ਥਾਂ ’ਤੇ ਪਹੁੰਚਾਇਆ।’’

ਅਕਾਲੀ ਆਗੂਆਂ ਅਤੇ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਦੀ ਅਗਵਾਈ ਹੇਠ ਕੇਂਦਰੀ ਟੀਮ ਵਿਚਾਲੇ ਮੀਟਿੰਗ ਦੀਆਂ ਤਿਆਰੀਆਂ ਦਾ ਚੇਤਾ ਕਰਦਿਆਂ ਰਘਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੀਆਂ ਮੰਗਾਂ ਮੰਨਣ ਬਾਰੇ ਕੋਈ ਰਾਹ ਕੱਢਿਆ ਜਾ ਰਿਹਾ ਸੀ ਜਦਕਿ ਬਹੁਤੇ ਅਕਾਲੀ ਆਗੂ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਹੁਤ ਤ੍ਰਭਕਦੇ ਸਨ ਜੋ ਉਸ ਵੇਲੇ ਸਿੱਖਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ। ਅਕਾਲੀ ਚਾਹੁੰਦੇ ਸਨ ਕਿ ਭਿੰਡਰਾਂਵਾਲੇ ਨੂੰ ਖ਼ਤਮ ਕਰ ਦਿੱਤਾ ਜਾਵੇ ਪਰ ਉਸ ਵੇਲੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ’ਤੇ ਫੌਜੀ ਕਾਰਵਾਈ ਬਾਰੇ ਕੇਂਦਰ ਦੀ ਯੋਜਨਾ ਦੀ ਕੋਈ ਸੂਹ ਨਹੀਂ ਸੀ। 27 ਅਤੇ 29 ਮਾਰਚ 1984 ਨੂੰ ਚੰਡੀਗੜ੍ਹ ਦੇ ਸੈਕਟਰ-2 ਦੇ ਇਕ ਪ੍ਰਾਈਵੇਟ ਘਰ ਵਿੱਚ ਮੀਟਿੰਗਾਂ ਹੋਣ ਤੋਂ ਬਾਅਦ ਤੀਜੀ ਮੀਟਿੰਗ 21 ਅਪਰੈਲ 1984 ਨੂੰ ਚੰਡੀਗੜ੍ਹ ਹਵਾਈ ਅੱਡੇ ’ਤੇ ਕੀਤੀ ਗਈ ਪਰ ਇਸ ਵਿੱਚ ਵੀ ਕੋਈ ਸਿੱਟਾ ਨਾ ਨਿਕਲਿਆ। ਉਸ ਤੋਂ ਬਾਅਦ ਕੇਂਦਰ ਨੇ ਫ਼ੌਜੀ ਕਾਰਵਾਈ ਦੀ ਯੋਜਨਾ ਬਣਾਈ ਅਤੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਤੋਂ ਕੋਈ ਰਾਏ ਨਾ ਲਈ ਗਈ। ਇਨ੍ਹਾਂ ਵਾਰਤਾਵਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਪੀ.ਵੀ. ਨਰਸਿਮ੍ਹਾ ਰਾਓ, ਪ੍ਰਣਬ ਮੁਖਰਜੀ, ਸੀ.ਆਰ. ਕ੍ਰਿਸ਼ਨਾਸਵਾਮੀ, ਐਮ.ਐਮ.ਕੇ. ਵਲੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪੀ.ਸੀ. ਅਲੈਗ਼ਜ਼ਾਂਡਰ, ਕੇਂਦਰੀ ਗ੍ਰਹਿ ਸਕੱਤਰ ਪ੍ਰੇਮ ਕੁਮਾਰ ਤੇ ਕੇਂਦਰੀ ਮੰਤਰੀ ਸ਼ਿਵ ਸ਼ੰਕਰ ਇਕ ਵਿਸ਼ੇਸ਼ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜੇ ਸਨ।

ਚੰਡੀਗੜ੍ਹ ਵਿੱਚ ਉਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਅਕਾਲੀ ਆਗੂਆਂ ’ਚੋਂ ਸੁਰਜੀਤ ਸਿੰਘ ਬਰਨਾਲਾ, ਬਲਵੰਤ ਸਿੰਘ ਰਾਮੂਵਾਲੀਆ, ਗੁਰਚਰਨ ਸਿੰਘ ਟੌਹੜਾ ਅਤੇ ਰਵਿੰਦਰ ਸਿੰਘ ਚੀਮਾ ਨੂੰ ਸੈਕਟਰ-2 ਦੀ ਮੀਟਿੰਗ ਲਈ ਲਿਆਂਦਾ ਗਿਆ ਸੀ।
ਤੀਜੀ ਮੀਟਿੰਗ ਚੰਡੀਗੜ੍ਹ ਦੇ ਹਵਾਈ ਅੱਡੇ ’ਤੇ ਲਾਂਜ ਵਿੱਚ 21 ਅਪਰੈਲ 1984 ਵਿੱਚ ਹੋਈ। ਇਸੇ ਨਾਲ ਮੀਟਿੰਗ ਦੀ ਥਾਂ ਬਦਲ ਕੇ ਦਿੱਲੀ ਕਰ ਦਿੱਤੀ ਗਈ। ਅੱਠਵੀਂ ਤੇ ਆਖਰੀ ਮੀਟਿੰਗ ਅਪਰੇਸ਼ਨ ਬਲਿਊ ਸਟਾਰ ਤੋਂ ਕੁਝ ਦਿਨ ਪਹਿਲਾਂ 26 ਮਈ 1984 ਵਿੱਚ ਦਿੱਲੀ ਦੇ ਇਕ ਗੈਸਟ ਹਾਊਸ ਵਿੱਚ ਹੋਈ।

ਉਨ੍ਹਾਂ ਨੂੰ ਲੱਗਦਾ ਹੈ ਕਿ ਸਾਰੀਆਂ ਮੀਟਿੰਗਾਂ ਦਾ ਮਕਸਦ ਪੰਜਾਬ ਸਮੱਸਿਆ ਦਾ ਹੱਲ ਕੱਢਣਾ ਸੀ। ਇਸ ਹੱਲ ਨੂੰ ਕੱਢਣ ਲਈ ਇਹ ਮੀਟਿੰਗਾਂ ਕੀਤੀਆਂ ਗਈਆਂ ਤੇ ਮਗਰੋਂ ਇਨ੍ਹਾਂ ਮੀਟਿੰਗਾਂ ਦਾ ਸਿੱਟਾ ‘ਰਾਜੀਵ-ਲੌਂਗੋਵਾਲ ਸਮਝੌਤੇ’ ਦੇ ਰੂਪ ਵਿੱਚ ਸਾਹਮਣੇ ਆਇਆ। ਸਾਬਕਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ ਆਪਣੇ ਇਕ ਸੀਨੀਅਰ ਆਗੂ ਨੂੰ ਕਿਹਾ, ‘‘ਤੁਸੀਂ ਸਾਰੇ ਹੱਲ ਚਾਹੁੰਦੇ ਹੋ, ਪਰ ਕਿਸੇ ਨੇ ਵੀ ਮੈਨੂੰ ਇਹ ਨਹੀਂ ਦੱਸਿਆ ਕਿ ਭਿੰਡਰਾਂਵਾਲੇ ਨੂੰ ਖ਼ਤਮ ਕਿਵੇਂ ਕਰਨਾ ਹੈ?’’

ਇਹ ਯਕੀਨੀ ਬਣਾਉਣ ਲਈ ਕਿ ਕੇਂਦਰ ਤੇ ਅਕਾਲੀਆਂ ਵਿਚਾਲੇ ਗੱਲਬਾਤ ਦਾ ਕਿਸੇ ਨੂੰ ਭਿਣਕ ਨਾ ਲੱਗੇ। ਬੁੜੈਲ ਜੇਲ੍ਹ ਦੇ ਸੁਪਰਡੈਂਟ ਸ੍ਰੀ ਸ਼ਰਮਾ ਨੂੰ ਕਿਸੇ ਕੰਮ ਲਈ ਲੁਧਿਆਣਾ ਭੇਜ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮਗਰੋਂ ਆਪ ਜੇਲ੍ਹ ਦੇ ਗੇਟ ਖੋਲ੍ਹ ਕੇ ਅਕਾਲੀ ਆਗੂ ਉੱਥੋਂ ਕੱਢੇ। ਜਗਦੇਵ ਸਿੰਘ ਤਲਵੰਡੀ ਪੀਜੀਆਈ ਵਿੱਚ ਦਾਖਲ ਹੋ ਗਏ ਤੇ ਮੀਟਿੰਗ ਵਿੱਚ ਆਉਣ ਤੋਂ ਮਨ੍ਹਾ ਕਰ ਦਿੱਤਾ ਪਰ ਉਨ੍ਹਾਂ ਨੇ ਆਪਣੀ ਤਰਫੋਂ ਕੇਂਦਰ ਨਾਲ ਗੱਲਬਾਤ ਕਰਨ ਲਈ ਸ੍ਰੀ ਚੀਮਾ ਨੂੰ ਭੇਜ ਦਿੱਤਾ। ਇਹ ਗੱਲ ਲੀਕ ਨਾ ਹੋ ਜਾਵੇ ਡਿਪਟੀ ਕਮਿਸ਼ਨਰ ਦੀ ਕਾਰ ਨੂੰ ਜਾਅਲੀ ਨੰਬਰ ਲਗਾ ਕੇ ਉਸ ਵਿੱਚ ਅਕਾਲੀ ਆਗੂ ਬਿਠਾ ਕੇ ਡਿਪਟੀ ਕਮਿਸ਼ਨਰ ਦੇ ਘਰ ਲਿਆਂਦੇ ਗਏ। ਘਰ ਵਿੱਚ ਮੀਟਿੰਗ ’ਚ ਸ਼ਾਮਲ ਵਿਅਕਤੀਆਂ ਲਈ ਸੈਂਡਵਿਚ ਤੇ ਕੌਫੀ ਤਿਆਰ ਕਰਵਾਈ ਗਈ। ਇੱਥੋਂ ਤੱਕ ਉਨ੍ਹਾਂ ਨੇ ਇਸ ਮੀਟਿੰਗ ਬਾਰੇ ਆਪਣੀ ਪਤਨੀ ਨੂੰ ਵੀ ਨਹੀਂ ਦੱਸਿਆ। ਹਾਲਾਂਕਿ ਉਸ ਨੇ ਕਈ ਵਾਰ ਪੁੱਛਿਆ ਕਿ ਅੱਧੀ ਰਾਤ ਨੂੰ ਸੈਂਡਵਿਚ ਕਿਸੇ ਲਈ ਚਾਹੀਦੇ ਹਨ। ਉਨ੍ਹਾਂ ਮੁਤਾਬਕ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਕੱਤਰ ਅਭਿਨਾਸ਼ ਸਿੰਘ ਅਕਾਲੀਆਂ ਤੇ ਕੇਂਦਰ ਵਿਚਾਲੇ ਦੂਤ ਦੀ ਭੂਮਿਕਾ ਨਿਭਾਅ ਰਹੇ ਸਨ। ਸਾਰੇ ਅਕਾਲੀ ਆਗੂ ਭਿੰਡਰਾਂਵਾਲੇ ਤੋਂ ਖੌਫ਼ਜ਼ਦਾ ਸਨ। ਉਹ ਚਾਹੁੰਦੇ ਸਨ ਕਿ ਭਿੰਡਰਾਂਵਾਲੇ ਨੂੰ ਰਾਹ ਵਿੱਚੋਂ ਹਟਾ ਦਿੱਤਾ ਜਾਵੇ ਕਿਉਂਕਿ ਸਾਰੀਆਂ ਤਾਕਤਾਂ ਉਸ ਕੋਲ ਸਨ ਤੇ ਅਕਾਲੀ ਆਗੂ ਹੱਥਲ ਹੋ ਚੁੱਕੇ ਸਨ। ਸਾਬਕਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੌਜ ਨੂੰ ਪਤਾ ਨਹੀਂ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਉਸ ਨੂੰ ਟੱਕਰ ਮਿਲੇਗੀ। 

ਫੌਜ ਦੇ ਇਕ ਬ੍ਰਿਗੇਡੀਅਰ ਤਿਵਾੜੀ, ਜੋ ਚੰਡੀਗੜ੍ਹ ਵਿਖੇ ਤਾਇਨਾਤ ਸਨ, ਨੇ ਉਨ੍ਹਾਂ ਨੂੰ ਦੱਸਿਆ, ‘‘ਅਸੀਂ ਹਰਿਮੰਦਰ ਸਾਹਿਬ ਅੰਦਰ ਅੱਜ ਰਾਤ ਫੌਜ ਭੇਜ ਰਹੇ ਹਾਂ। ਉਹ ਅੱਧੀ ਰਾਤ ਤੱਕ ਭਿੰਡਰਾਂਵਾਲੇ ਨੂੰ ਬਾਹਰ ਲੈ ਕੇ ਆ ਜਾਵੇਗੀ ਤੇ ਸਵੇਰੇ ਅਰਦਾਸ ਆਮ ਵਾਂਗ ਹੋਵੇਗੀ।


ਧੰਨਵਾਦ ਸਹਿਤ: ਨਵੀਨ ਸਿੰਘ ਗਰੇਵਾਲ



Archive

RECENT STORIES