Posted on February 16th, 2014

ਲੰਡਨ- ਬਰਤਾਨੀਆ ਵਿੱਚ ਸਿੱਖ ਭਾਈਚਾਰੇ ਨੇ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਫੌਜੀ ਕਾਰਵਾਈ ਦੀ ਯੋਜਨਾ ਬਣਾਉਣ ਵਿੱਚ ਸਰਕਾਰ ਦੀ ਭੂਮਿਕਾ ਬਾਰੇ ਵਿਆਪਕ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਡੇਵਿਡ ਕੈਮਰੌਨ ਨੂੰ ਪੱਤਰ ਲਿਖਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਸਿੱਖ ਫੈਡਰੇਸ਼ਨ ਯੂਕੇ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸ੍ਰੀ ਕੈਮਰੌਨ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਲੰਡਨ ਦੀ ਭੂਮਿਕਾ ਬਾਰੇ ਵਿਆਪਕ ਜਾਂਚ ਕਰਵਾਉਣ ਦੀ ਮੰਗ ਨਾ ਮੰਨੇ ਤਾਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਹਜ਼ਾਰਾਂ ਸਿੱਖ ਵੋਟਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦਾ ਬਾਈਕਾਟ ਕਰਨਗੇ।
ਜਥੇਬੰਦੀ ਦੇ ਆਗੂ ਅਮਰੀਕ ਸਿੰਘ ਨੇ ‘ਸੰਡੇ ਟੈਲੀਗਰਾਫ’ ਅਖਬਾਰ ਨੂੰ ਦੱਸਿਆ ‘‘ਸੁਤੰਤਰ ਤੌਰ ’ਤੇ ਜਨਤਕ ਜਾਂਚ ਦੀ ਮੰਗ ਦੀ ਵੱਖ-ਵੱਖ ਸਿਆਸੀ ਪਾਰਟੀਆਂ ਦੇ 50 ਤੋਂ ਵੱਧ ਸਿਆਸਤਦਾਨ ਹਮਾਇਤ ਕਰ ਚੁੱਕੇ ਹਨ। ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਗਿਣਤੀ ਵਧ ਕੇ 100 ਨੂੰ ਟੱਪ ਜਾਵੇਗੀ। ਉਂਜ ਲੇਬਰ ਪਾਰਟੀ ਨਾਲ ਟੱਕਰ ਵਾਲੀਆਂ ਸੀਟਾਂ ’ਤੇ ਬਹੁਤ ਸਾਰੇ ਕਨਜ਼ਰਵੇਟਿਵ ਸਿਆਸਤਦਾਨਾਂ ਉਤੇ ਜਾਂਚ ਦੀ ਮੰਗ ਦਾ ਭਾਰੀ ਦਬਾਅ ਪੈ ਰਿਹਾ ਕਿਉਂਕਿ ਹੁਣ ਸਾਨੂੰ ਉਨ੍ਹਾਂ ਦੇ ਵਿਰੋਧੀ ਉਮੀਦਵਾਰਾਂ ਦੀ ਹਮਾਇਤ ਵੀ ਮਿਲਣ ਲੱਗ ਪਈ ਹੈ।’’
ਬਰਤਾਨੀਆ ਦੇ ਸ਼ਹਿਰੀ ਖੇਤਰਾਂ ਵਿੱਚ ਇਕ ਅਨੁਮਾਨ ਅਨੁਸਾਰ 7 ਲੱਖ ਸਿੱਖ ਵਸਦੇ ਹਨ ਅਤੇ ਲੰਡਨ, ਬਰਮਿੰਘਮ ਅਤੇ ਵੈਸਟ ਮਿਡਲੈਂਡਜ਼ ਜਿਹੇ ਕੁਝ ਹਲਕਿਆਂ ਵਿੱਚ ਸਿੱਖ ਵੋਟਰ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਦੇਸ਼ ਭਰ ਦੇ ਗੁਰਦੁਆਰਿਆਂ ਵਿੱਚ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪੋ-ਆਪਣੇ ਐਮ.ਪੀ. ਨੂੰ ਮੁਕੰਮਲ ਜਨਤਕ ਜਾਂਚ ਦੀ ਮੰਗ ਦੇ ਪੱਖ ਵਿੱਚ ਚਿੱਠੀ ਲਿਖਣ। ਫੈਡਰੇਸ਼ਨ ਨੇ ਆਖਿਆ ਕਿ ਜਿਹੜੇ ਐਮ.ਪੀ. ਇਸ ਮੰਗ ਦੀ ਹਮਾਇਤ ਨਹੀਂ ਕਰਨਗੇ, ਉਨ੍ਹਾਂ ਨੂੰ ਗੁਰਦੁਆਰਿਆਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਿੱਖ ਵੋਟਰਾਂ ਦੀ ਹਮਾਇਤ ਤੋਂ ਵੀ ਹੱਥ ਧੋਣੇ ਪੈਣਗੇ। ਜੇ ਪ੍ਰਧਾਨ ਮੰਤਰੀ ਕੈਮਰੌਨ ਇਸ ਮੁੱਦੇ ’ਤੇ ਚਰਚਾ ਕਰਨ ਲਈ ਫੌਰੀ ਸੱਦਾ ਨਹੀਂ ਦਿੰਦੇ ਤਾਂ ਵੈਸਟਮਿੰਸਟਰ ਵਿੱਚ ਪਾਰਲੀਮੈਂਟ ਨੇੜੇ ਵੀਰਵਾਰ ਨੂੰ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਬਰਤਾਨੀਆ ਦੇ ਕੈਬਨਿਟ ਸਕੱਤਰ ਜੈਰੇਮੀ ਹੇਅਵੁਡ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਸ ਮਹੀਨੇ ਦੇ ਸ਼ੁਰੂ ਵਿੱਚ ਸਰਕਾਰ ਨੇ ਕਿਹਾ ਸੀ ਕਿ ਫੌਜੀ ਕਾਰਵਾਈ ਦੀ ਵਿਉਂਤਬੰਦੀ ਵਿੱਚ ਬਰਤਾਨੀਆ ਦੀ ਭੂਮਿਕਾ ਸਲਾਹ ਦੇਣ ਤੱਕ ਸੀਮਤ ਸੀ। ਸਿੱਖ ਫੈਡਰੇਸ਼ਨ ਨੇ ਕਿਹਾ ਸੀ ਕਿ ਜਾਂਚ ਵਿੱਚ ਪਹਿਲੇ ਪੜਾਅ ਨੂੰ ਹੀ ਕਵਰ ਕੀਤਾ ਗਿਆ ਸੀ ਜਦਕਿ ਸਮੁੱਚੇ ਮਾਮਲੇ ਵਿੱਚ ਸਰਕਾਰ ਦੀ ਭੂਮਿਕਾ ਦੀ ਜਾਂਚ ਕਰਾਈ ਜਾਣੀ ਚਾਹੀਦੀ ਹੈ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026