Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਜਰੀਵਾਲ ਦੀ ਰੋਹਤਕ ਰੈਲੀ ਨੇ ਮੋਦੀ-ਬਾਦਲ ਦੀ ਰੈਲੀ ਨੂੰ ਪਛਾੜਿਆ

Posted on February 23rd, 2014

ਕਾਂਗਰਸ ਅਤੇ ਭਾਜਪਾ ਦੀ ਚਾਬੀ ਅੰਬਾਨੀ ਭਰਾਵਾਂ ਕੋਲ: ਕੇਜਰੀਵਾਲ

ਰੋਹਤਕ- ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰੋਹਤਕ ਰੈਲੀ ਨੇ ਮੋਦੀ-ਬਾਦਲ ਦੀ ਰੈਲੀ ਨੂੰ ਪਛਾੜ ਕੇ ਰੱਖ ਦਿੱਤਾ। ਰੋਹਤਕ ਰੈਲੀ 'ਚ ਬੇਹੱਦ ਇਕੱਠ ਹੋਇਆ। ਕੇਜਰੀਵਾਲ ਨੇ ਇਥੇ ਕਿਹਾ ਕਿ ਦੇਸ਼ ਵਿੱਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਜਪਾ ਦੀ, ਪਰ ਸੱਤਾ ਦੀ ਚਾਬੀ ਅੰਬਾਨੀ ਭਰਾਵਾਂ ਕੋਲ ਹੀ ਰਹਿੰਦੀ ਹੈ। ਉਨ੍ਹਾਂ ਦੋਵਾਂ ਭਰਾਵਾਂ ਦੇ ਵਿਦੇਸ਼ੀ ਬੈਂਕ ਖਾਤਿਆਂ ਦੇ ਨੰਬਰ ਜਨਤਕ ਕਰ ਦਿੱਤੇ। ਇਸੇ ਦੌਰਾਨ ਆਪ ਨੇ ਨਵੀਨ ਜੈਹਿੰਦ ਨੂੰ ਰੋਹਤਕ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ।

ਕੇਜਰੀਵਾਲ ਨੇ ਰੋਹਤਕ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਰਾਜ ਵਿੱਚ ਲੋਕ ਸਭਾ ਤੇ ਰਾਜ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਕਿਸਾਨਾਂ, ਸਾਬਕਾ ਫੌਜੀਆਂ, ਔਰਤਾਂ ਤੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਜ਼ੋਰਦਾਰ ਹੰਭਲਾ ਮਾਰਿਆ। ਉਨ੍ਹਾਂ ਭਾਸ਼ਨ ਦੌਰਾਨ ਕੇਂਦਰ ਦੀ ਯੂਪੀਏ ਤੇ ਹਰਿਆਣਾ ਰਾਜ ਦੀ ਕਾਂਗਰਸ ਸਰਕਾਰ ਉਪਰ ਰੱਜ ਕੇ ਵਾਰ ਕੀਤੇ।

ਕੇਜਰੀਵਾਲ ਨੇ ਸਾਫ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਤੇ 90 ਵਿਧਾਨ ਸਭਾ ਸੀਟਾਂ ਤੋਂ ਚੋਣਾਂ ਲੜੇਗੀ। ਉਨ੍ਹਾਂ ਰਾਜ ਸਰਕਾਰ 'ਤੇ ਵੱਡੇ ਸਨਅਤਕਾਰਾਂ ਦੇ ਹਿੱਤ ਵਿੱਚ ਕੰਮ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਹੈ। ਸੱਤਾ ਵਿੱਚ ਆਉਂਦਿਆਂ ਹੀ ਸਰਕਾਰ ਸਵਾਮੀਨਾਥਨ ਰਿਪੋਰਟ ਲਾਗੂ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਹੈ। ਰਾਜ ਵਿੱਚ ਔਰਤਾਂ 'ਤੇ ਹੋ ਰਹੇ ਜ਼ੁਲਮਾਂ ਬਾਰੇ ਉਨ੍ਹਾਂ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਹਰਿਆਣਾ ਬਹੁਤ ਅੱਗੇ ਹੈ। ਉਨ੍ਹਾਂ ਐਲਾਨ ਕੀਤਾ ਕਿ 'ਆਪ' ਦੇ ਸੱਤਾ ਵਿੱਚ ਆਉਣ ਮਗਰੋਂ ਪਿੰਡਾਂ ਵਿੱਚ ਉਦੋਂ ਤਕ ਸ਼ਰਾਬ ਦੇ ਠੇਕੇ ਨਹੀਂ ਖੋਲ੍ਹੇ ਜਾਣਗੇ ਜਦੋਂ ਤੱਕ ਔਰਤਾਂ ਮਤਾ ਪਾਸ ਕਰਕੇ ਨਹੀਂ ਦੇਣਗੀਆਂ। 



Archive

RECENT STORIES