Posted on March 2nd, 2014

ਗਯਾ (ਬਿਹਾਰ)- ਸ਼ੀਰੀ-ਫਰਹਾਦ ਦੀ ਪ੍ਰੇਮ-ਕਹਾਣੀ ਤੋਂ ਦੇਸ਼-ਦੁਨੀਆਂ ਦੇ ਸਾਰੇ ਲੋਕ ਜਾਣੂੰ ਹਨ। ਦੁਨੀਆਂ ਵਿੱਚ ਅਜਿਹੇ ਬਹੁਤ ਲੋਕ ਹਨ ਜੋ ਆਪਣੇ ਨਿੱਜੀ ਸਵਾਰਥ ਪੂਰੇ ਕਰਨ ਲਈ ਜਾਂ ਆਪਣੇ ਕਿਸੇ ਖਾਸ ਨੂੰ ਖੁਸ਼ ਕਰਨ ਅਤੇ ਸੁੱਖ ਦੇਣ ਲਈ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹੇ ਬਹੁਤ ਘੱਟ ਲੋਕ ਹਨ ਜੋ ਆਪਣੇ ਨਿੱਜੀ ਸੁੱਖਾਂ, ਖੁਸ਼ੀਆਂ ਦੀ ਕੁਰਬਾਨੀ ਕਰਕੇ ਸਮਾਜ ਦੇ ਹੋਰ ਲੋਕਾਂ ਲਈ ਸਦੀਆਂ ਤੱਕ ਕਾਇਮ ਰਹਿਣ ਵਾਲੀਆਂ ਸੁੱਖ-ਸਹੂਲਤਾਂ ਦੇ ਰਸਤੇ ਸਿਰਜ ਜਾਂਦੇ ਹਨ। ਮਨੁੱਖਤਾ ਲਈ ਕੁੱਝ ਕਰਨ ਦਾ ਜਜ਼ਬਾ ਰੱਖਣ ਵਾਲੇ ਲੋਕ ਇਹ ਨਹੀਂ ਦੇਖਦੇ ਕਿ ਜਿਸ ਰਸਤੇ ਉਹ ਤੁਰ ਰਹੇ ਹਨ, ਉਸ ’ਤੇ ਚੱਲਣ ਲਈ ਉਨ੍ਹਾਂ ਦੀ ਝੋਲੀ ਵਿੱਚ ਖਾਣ ਜੋਗੇ ਦਾਣੇ ਹਨ ਜਾਂ ਨਹੀਂ, ਉਨ੍ਹਾਂ ਦੇ ਅਜਿਹਾ ਕਰਨ ਦਾ ਸਿੱਟਾ ਉਨ੍ਹਾਂ ਦੀਆਂ ਆਪਣੀਆਂ ਪੀੜ੍ਹੀਆਂ ਨੂੰ ਸੁੱਖ ਦੇ ਰੂਪ ਵਿੱਚ ਭੁਗਤਣਾ ਪਵੇਗਾ ਜਾਂ ਦੁੱਖ ਦੇ ਰੂਪ ਵਿੱਚ?
ਅਜਿਹੇ ਹੀ ਲੋਕਾਂ ਵਿੱਚੋਂ ਇੱਕ ਸਨ ਬਿਹਾਰ ਦੇ ਵਾਸੀ ਦਸ਼ਰਥ ਮਾਂਝੀ। ਪਹਾੜ ਪੁਰਸ਼ ਦੇ ਨਾਂ ਨਾਲ ਜਾਣੇ ਜਾਂਦੇ ਦਸ਼ਰਥ ਮਾਂਝੀ ਨੇ 1960 ਤੋਂ 1982 ਦੇ ਦਹਾਕਿਆਂ ਦੌਰਾਨ ਸਿਰਫ ਸਧਾਰਨ ਛੈਣੀ, ਹਥੌੜੇ ਅਤੇ ਕਹੀ ਦੀ ਮੱਦਦ ਨਾਲ ਇੱਕ ਪਹਾੜ ਨੂੰ ਕੱਟ ਕੇ ਆਪਣੇ ਪਿੰਡ ਦੀ ਸ਼ਹਿਰ ਤੋਂ ਦੂਰੀ 40 ਕਿਲੋਮੀਟਰ ਘੱਟ ਕਰ ਦਿੱਤੀ ਸੀ। ਮਾਂਝੀ ਨੂੰ ਇਹ ਪਹਾੜ ਕੱਟਣ ਦਾ ਜਨੂੰਨ ਆਪਣੀ ਪਤਨੀ ਦੀ ਮੌਕੇ ਸਿਰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਹੋਈ ਮੌਤ ਤੋਂ ਬਾਅਦ ਪੈਦਾ ਹੋਇਆ। ਮਾਂਝੀ ਨੇ ਇਹ ਸੋਚਦਿਆਂ ਕਿ ਭਵਿੱਖ ਵਿੱਚ ਕਿਸੇ ਹੋਰ ਇਨਸਾਨ ਦੀ ਹਸਪਤਾਲ ਦੂਰ ਹੋਣ ਕਾਰਨ ਮੌਤ ਨਾ ਹੋਵੇ, ਇਸ ਲਈ ਉਸ ਨੇ ਆਪਣੇ ਪਿੰਡ ਤੋਂ ਹਸਪਤਾਲ ਦੀ ਦੂਰੀ ਘੱਟ ਕਰਨ ਲਈ ਪਹਾੜ ਕੱਟ ਕੇ ਇੱਕ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ।
ਦਸ਼ਰਥ ਮਾਂਝੀ ਨੂੰ ਪਹਾੜ ਕੱਟ ਕੇ ਸੜਕ ਬਣਾਉਣ ਵਿੱਚ 22 ਸਾਲ ਲੱਗੇ। ਇਕੱਲਿਆਂ 360 ਫੁੱਟ ਲੰਬੀ, 30 ਫੁੱਟ ਉਚੀ ਅਤੇ 30 ਫੁੱਟ ਚੌੜੀ ਸੜਕ ਤਿਆਰ ਕਰਨ ਵਾਲੇ ਇਸ ਮਹਾਨ ਇਨਸਾਨ ਦੀ 2007 ਵਿੱਚ ਕੈਂਸਰ ਨਾਲ ਮੌਤ ਹੋ ਗਈ। ਇਲਾਕੇ ਦੇ ਲੋਕ ਅੱਜ ਵੀ ਦੱਸਦੇ ਹਨ ਕਿ ਇਨ੍ਹਾਂ ਪਹਾੜੀ ਰਸਤਿਆਂ ’ਤੇ ਤੁਰਦਿਆਂ ਹੀ ਦਸ਼ਰਥ ਮਾਂਝੀ ਦੀ ਪਤਨੀ ਨੂੰ ਸੱਟ ਲੱਗ ਗਈ ਸੀ। ਜਦੋਂ ਉਹ ਪਹਾੜਾਂ ’ਚੋਂ ਲੱਕੜੀਆਂ ਕੱਟ ਰਹੇ ਮਾਂਝੀ ਲਈ ਰੋਟੀ ਲੈ ਕੇ ਜਾ ਰਹੀ ਸੀ। ਪਹਾੜ ਤੋਂ ਦੂਸਰੇ ਪਾਸੇ ਉਸ ਨੂੰ ਹਸਪਤਾਲ ਲਿਜਾਣ ਵਿੱਚ ਇੰਨੀ ਦੇਰ ਹੋ ਗਈ ਕਿ ਉਹ ਰਸਤੇ ਵਿੱਚ ਹੀ ਦਮ ਤੋੜ ਗਈ। ਇਸ ਗਮ ਵਿੱਚੋਂ ਖਾਧੀ ਸੱਟ ਨੇ ਇੱਕ ਅਜਿਹੀ ਸੜਕ ਨੂੰ ਜਨਮ ਦਿੱਤਾ ਹੈ, ਜਿਸ ਤੋਂ ਲੰਘਦੇ ਲੋਕ ਅੱਜ ਨਿੱਤ ਨਵੀਆਂ ਖੁਸ਼ੀਆਂ ਅਤੇ ਸਹੂਲਤਾਂ ਨਾਲ ਮਾਲਾ-ਮਾਲ ਹੋ ਰਹੇ ਹਨ। ਪਰ ਦੁੱਖ ਦੀ ਗੱਲ ਹੈ ਕਿ ਆਪਣੇ ਖੂਨ-ਪਸੀਨੇ ਨਾਲ ਨਵਾਂ ਇਤਿਹਾਸ ਸਿਰਜਣ ਵਾਲੇ ਇਸ ਦਸ਼ਰਥ ਮਾਂਝੀ ਦੇ ਅੰਗਹੀਣ ਪੁੱਤਰ ਭਗੀਰਥ ਅਤੇ ਉਸ ਦੀ ਪਤਨੀ ਬਸੰਤੀ ਦੇਵੀ ਜੋ ਵੀ ਅੰਗਹੀਣ ਹੈ,ਉਸ ਸਮਾਜ ਦੀ ਅਣਦੇਖੀ ਦੇ ਸ਼ਿਕਾਰ ਹਨ, ਜਿਸ ਸਮਾਜ ਦੀਆਂ ਖੁਸ਼ੀਆਂ ਲਈ ਉਨ੍ਹਾਂ ਦੇ ਬਾਪ ਨੇ ਲਗਾਤਾਰ ਕਈ ਸਾਲ ਪੱਥਰਾਂ ਨਾਲ ਟੱਕਰ ਲਈ ਸੀ।
ਗਯਾ ਜ਼ਿਲ੍ਹੇ ਦੇ ਗਹਿਲੌਰ ਦੇ ਕੋਲ ਦਸ਼ਰਥ ਨਗਰ ਦਲਿਤ ਟਿੱਲੇ ਵਿੱਚ ਇਹ ਪਰਿਵਾਰ ਬਹੁਤ ਗਰੀਬੀ ਅਤੇ ਤਰਸ ਭਰੀ ਜ਼ਿੰਦਗੀ ਬਿਤਾ ਰਿਹਾ ਹੈ। ਜਦੋਂ ਦਸ਼ਰਥ ਮਾਂਝੀ ਨੇ ਪਹਾੜ ਕੱਟ ਕੇ ਸੜਕ ਬਣਾਈ ਸੀ, ਉਸ ਸਮੇਂ ਅਖਬਾਰਾਂ ਵਿੱਚ ਇਸ ਦੀ ਚਰਚਾ ਹੋਈ ਸੀ। ਉਨ੍ਹਾਂ ਦਿਨਾਂ ਵਿੱਚ ਟੀ. ਵੀ. ਚੈਨਲ ਨਹੀਂ ਸਨ। ਇਸ ਲਈ ਦਸ਼ਰਥ ਮਾਂਝੀ ਨੂੰ ਉਹ ਹੀਰੋ ਬਣਨ ਦਾ ਮੌਕਾ ਨਹੀਂ ਮਿਲਿਆ, ਜਿਹੋ ਜਿਹੇ ਹੀਰੋ ਅੱਜ-ਕੱਲ੍ਹ ਨਿੱਕੇ-ਮੋਟੇ ਕਾਰਨਾਮੇ ਕਰਕੇ ਬਣ ਜਾਂਦੇ ਹਨ। ਫਿਰ ਵੀ ਇਹ ਤਸੱਲੀ ਵਾਲੀ ਗੱਲ ਹੈ ਕਿ ਜਿਨ੍ਹਾਂ ਦੇ ਮਨ ਵਿੱਚ ਮਨੁੱਖਤਾ ਦਾ ਦਰਦ ਹੈ ਅਤੇ ਕੁੱਝ ਕਰਨ ਦਾ ਜਜ਼ਬਾ ਹੈ, ਉਹ ਦਸ਼ਰਥ ਵਰਗੇ ਲੋਕਾਂ ਨੂੰ ਮਰਨ ਤੋਂ ਬਾਅਦ ਵੀ ਹੀਰੋ ਬਣਾਉਣ ਦਾ ਚਮਤਕਾਰ ਕਰ ਦਿੰਦੇ ਹਨ। ਹੁਣ ਇੱਕ ਵਾਰ ਫਿਰ ਦਸ਼ਰਥ ਮਾਂਝੀ ਦੀ ਕਹਾਣੀ ਦੁਨੀਆਂ ਸਾਹਮਣੇ ਆ ਰਹੀ ਹੈ। ਆਸ ਕਰਨੀ ਚਾਹੀਦੀ ਹੈ ਕਿ ਉਸ ਦੇ ਅੰਗਹੀਣ ਪੁੱਤਰ ਅਤੇ ਨੂੰਹ ਨੂੰ ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਪਲ ‘ਰੰਗੀਨ ਬਸੰਤ’ ਦੇ ਰੂਪ ਵਿੱਚ ਬਿਤਾਉਣ ਦਾ ਮੌਕਾ ਮਿਲ ਜਾਵੇਗਾ। ਇਸ ਦੁਨੀਆਂ ਲਈ ਵੱਡਾ ਕੰਮ ਕਰਨ ਵਾਲੇ ਪਰ ਬੁਰੀ ਤਰ੍ਹਾਂ ਅਣਗੌਲੇ ਪਰਿਵਾਰ ਦੀ ਸਾਰ ਲੈਣ ਲਈ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਉਘੇ ਫਿਲਮੀ ਕਲਾਕਾਰ ਅਮੀਰ ਖਾਨ ਨੇ ਕੋਸ਼ਿਸ਼ ਕੀਤੀ ਹੈ। ਕੁੱਝ ਸਮਾਂ ਪਹਿਲਾਂ ਭਾਰਤੀ ਲੋਕਾਂ ਦੀਆਂ ਸੁੱਤੀਆਂ ਜ਼ਮੀਰਾਂ ਨੂੰ ਝੰਜੋੜਨ ਵਾਲੇ ‘ਟੀ. ਵੀ. ਲੜੀਵਾਰ ਸੱਤਿਆਮੇਵ ਜਯਤੇ’ ਪੇਸ਼ ਕਰਨ ਵਾਲੇ ਅਮੀਰ ਖਾਨ ਨੇ ਆਪਣੇ ਇਸੇ ਲੜੀਵਾਰ ਦਾ ਦੂਸਰਾ ਸਿਲਸਿਲਾ ਜੋ 2 ਮਾਰਚ ਤੋਂ ਦੂਰਦਰਸ਼ਨ ਅਤੇ ਕਈ ਹੋਰ ਟੀ. ਵੀ. ਚੈਨਲਾਂ ’ਤੇ ਸ਼ੁਰੂ ਹੋ ਰਿਹਾ ਹੈ, ਦੀ ਪਹਿਲੀ ਕਿਸ਼ਤ ਦਸ਼ਰਥ ਮਾਂਝੀ ਨੂੰ ਸਮਰਪਿਤ ਕੀਤੀ ਹੈ। ਇਸ ਸਬੰਧ ਵਿੱਚ ਪਿਛਲੇ ਦਿਨੀਂ ਉਨ੍ਹਾਂ ਨੇ ਦਸ਼ਰਥ ਮਾਂਝੀ ਦੇ ਪਿੰਡ ਦਾ ਦੌਰਾ ਕੀਤਾ ਅਤੇ ਉਸ ਥਾਂ ’ਤੇ ਜਾ ਕੇ ਆਪਣਾ ਸਿਰ ਝੁਕਾਇਆ ਜਿੱਥੇ ਦਸ਼ਰਥ ਮਾਂਝੀ ਦੀ ਸਮਾਧੀ ਬਣਾਈ ਗਈ ਹੈ। ਅਮੀਰ ਖਾਨ ਦਸ਼ਰਥ ਮਾਂਝੀ ਦੀ ਉਸ ਝੌਪੜੀ ਵਿੱਚ ਵੀ ਗਏ, ਜਿੱਥੇ ਹੁਣ ਮਾਂਝੀ ਦੇ ਪੁੱਤਰ-ਨੂੰਹ ਰਹੇ ਹਨ। ਦਸ਼ਰਥ ਮਾਂਝੀ ਦੇ ਪਰਿਵਾਰ ਦੀ ਹੋਰ ਕੋਈ ਮੱਦਦ ਕਰੇ ਨਾ ਕਰੇ, ਪਰ ਅਮੀਰ ਖਾਨ ਨੇ ਜ਼ਰੂਰ ਕਿਹਾ ਹੈ ਕਿ ਉਹ ਇਸ ਪਰਿਵਾਰ ਦੀ ਜਿੰਨੀ ਵੀ ਸੰਭਵ ਹੋ ਸਕੇ ਮੱਦਦ ਜ਼ਰੂਰ ਕਰਨਗੇ।
ਦਸ਼ਰਥ ਮਾਂਝੀ ਦੀ ਇਸ ਸੰਘਰਸ਼ਮਈ ਕਹਾਣੀ ਦਾ ਇੱਕ ਹੋਰ ਰੂਪ ਬਿਹਾਰ ਵਿੱਚ ਹੀ ਕੈਮੂਰ ਜ਼ਿਲ੍ਹੇ ਦੇ ਭਦੌਰਾ ਪ੍ਰਖੰਡ ਦੇ ਪਿੰਡ ਬੜਵਾਨ ਦਾ ਹੈ। ਇਥੋਂ ਦੇ ਲੋਕਾਂ ਨੂੰ ਵੀ ਸੜਕ ਸਹੂਲਤ ਨਾ ਹੋਣ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਭ ਤੋਂ ਦੁਖਦਾਈ ਪਹਿਲੂ ਇਹ ਸੀ ਕਿ ਪਿੰਡ ਦੇ ਸੜਕ ਨਾਲ ਜੁੜੇ ਨਾ ਹੋਣ ਕਾਰਨ ਇਥੋਂ ਦੇ ਨੌਜਵਾਨਾਂ ਦੇ ਰਿਸ਼ਤੇ ਨਹੀਂ ਹੋ ਰਹੇ ਸਨ। ਇਸ ਪਿੰਡ ਦੇ 50 -60 ਨੌਜਵਾਨ ਮੁੰਡੇ-ਕੁੜੀਆਂ ਦੇ ਇਸੇ ਲਈ ਵਿਆਹ ਨਹੀਂ ਹੋਏ ਕਿ ਉਨ੍ਹਾਂ ਦੇ ਪਿੰਡ ਨੂੰ ਕੋਈ ਸੜਕ ਨਹੀਂ ਜਾਂਦੀ ਸੀ। ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਸੜਕ ਬਣਾਉਣ ਲਈ ਸਰਕਾਰੇ-ਦਰਬਾਰੇ ਜਾਣ ਦਾ ਸੰਘਰਸ਼ ਸ਼ੁਰੂ ਕੀਤਾ। ਸਿਆਸੀ ਨੇਤਾਵਾਂ ਨੇ ਜਬਰਦਸਤ ਵਾਇਦੇ ਕੀਤੇ, ਰੰਗੀਨ ਸੁਪਨੇ ਵੀ ਦਿਖਾਏ ਪਰ ਕਈ ਸਾਲਾਂ ਤੱਕ ਸੜਕ ਦਾ ਕੋਈ ਨਾਂ-ਨਿਸ਼ਾਨ ਨਹੀਂ ਦਿੱਸਿਆ। ਪੰਚਾਇਤ ਨੇ ਆਪਣੇ ਪਿੰਡ ਦੇ ਨੌਜਵਾਨ ਮੁੰਡੇ-ਕੁੜੀਆਂ ਦੇ ਵਿਆਹ ਨਾ ਹੋਣ ਦੀ ਚਿੰਤਾ ਵਿੱਚ ਖੁਦ ਹੀ ਇਹ ਕੰਮ ਸ਼ੁਰੂ ਕਰਨ ਦਾ ਤਹੱਈਆ ਕਰ ਲਿਆ। ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਅਗਵਾਈ ਵਿੱਚ ਇੱਕ ਵੱਡੇ ਪਹਾੜ ਨੂੰ ਕੱਟ ਕੇ 8 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕੀਤਾ।
ਇਸ ਸੜਕ ਦੇ ਬਣ ਜਾਣ ਨਾਲ ਪਿੰਡ ਦਾ ਜ਼ਿਲ੍ਹਾ ਮੁੱਖ ਦਫਤਰ ਤੱਕ ਦਾ 84 ਕਿਲੋਮੀਟਰ ਦਾ ਸਫਰ ਹੁਣ ਸਿਰਫ 34 ਕਿਲੋਮੀਟਰ ਰਹਿ ਗਿਆ ਹੈ। ਪੰਚਾਇਤ ਦਾ ਕਹਿਣਾ ਹੈ ਕਿ ਸੜਕ ਨਾ ਹੋਣ ਕਾਰਨ ਬਿਮਾਰ ਲੋਕਾਂ ਨੂੰ ਮੰਜਿਆਂ ’ਤੇ ਲਿਟਾ ਕੇ ਸ਼ਹਿਰ ਲਿਜਾਣਾ ਪੈਂਦਾ ਸੀ। ਸ਼ਹਿਰ ਦੂਰ ਹੋਣ ਕਾਰਨ ਬਹੁਤ ਘੱਟ ਕਿਸਮਤ ਵਾਲੇ ਲੋਕ ਹੀ ਹਸਪਤਾਲ ਪਹੁੰਚਦੇ ਸਨ, ਬਹੁਤਿਆਂ ਦੀ ਰਸਤੇ ਵਿੱਚ ਹੀ ਮੌਤ ਹੋ ਜਾਂਦੀ ਸੀ। ਉਮੀਦ ਹੈ ਕੋਈ ਅਮੀਰ ਖਾਨ ਵਰਗਾ ਇਸ ਪਿੰਡ ਦੀ ਪੰਚਾਇਤ ਦਾ ਸਨਮਾਨ ਕਰਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਵੀ ਅੱਗੇ ਆਵੇਗਾ। ਅਸੀਂ ਇਸ ਮਾਮਲੇ ਵਿੱਚ ਸਰਕਾਰ ਜਾਂ ਸਿਆਸੀ ਨੇਤਾਵਾਂ ਤੋਂ ਕੋਈ ਉਮੀਦ ਨਹੀਂ ਰੱਖਦੇ, ਕਿਉਂਕਿ ਉਨ੍ਹਾਂ ਦਾ ਅੱਜ ਵੀ ਸੰਨ 47 ਤੋਂ ਪਹਿਲਾਂ ਦੇ ਹਾਲਾਤਾਂ ਵਿੱਚ ਰਹਿ ਰਹੇ ਲੋਕਾਂ ਦੀ ਸਾਰ ਲੈਣ ਦਾ ਕੋਈ ਇਰਾਦਾ ਨਹੀਂ ਹੈ। ਉਂਝ ਵੀ ਉਹ ਉਥੇ ਹੀ ਜਾਂਦੇ ਹਨ, ਜਿੱਥੋਂ ਠੇਕੇ ’ਤੇ ਹੋਣ ਵਾਲੇ ਉਸਾਰੀ ਕੰਮਾਂ ਵਿੱਚੋਂ ਉਨ੍ਹਾਂ ਨੂੰ ਮੋਟਾ ਕਮਿਸ਼ਨ ਮਿਲਣ ਦੀ ਆਸ ਹੋਵੇ। ਗਰੀਬ ਲੋਕਾਂ ਤੋਂ ਉਨ੍ਹਾਂ ਨੂੰ ਕੀ ਮਿਲਣਾ ਹੈ?

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026