Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੁਸ਼ਵਾਰੀਆਂ ਦੇ ਤਵੇ ’ਤੇ ਸਿਰੜ ਦੀ ਰੋਟੀ ਪਕਾ ਰਹੀਆਂ ਦਰਾਣੀ-ਜਠਾਣੀ

Posted on March 7th, 2014

<p>ਮਨਜੀਤ ਕੌਰ (ਜਠਾਣੀ) ਤੇ ਅਮਰਜੀਤ ਕੌਰ (ਦਰਾਣੀ) ਆਪੋ ਆਪਣੇ ਢਾਬੇ ’ਤੇ ਕੰਮ ਵਿੱਚ ਰੁੱਝੀਆਂ ਹੋਈਆਂ।<br></p>




ਬੰਗਾ- (ਸੁਰਜੀਤ ਮਜਾਰੀ)- ਸ਼ਹਿਰ ਵਿੱਚੋਂ ਲੰਘਦੇ ਮੁੱਖ ਮਾਰਗ ਤੋਂ ਮੁਕੰਦਪੁਰ ਵੱਲ ਮੁੜਦਿਆਂ ਕੁਝ ਕੁ ਵਿੱਥ ’ਤੇ ਸੱਜੇ ਪਾਸੇ ਨਾਲ ਨਾਲ ਬਣੇ ਦੋ ਢਾਬੇ ਜਿੱਥੇ ਪਕਵਾਨਾਂ ਦੀ ਖੁਸ਼ਬੂ ਰਾਹੀਂ ਰਾਹਗੀਰਾਂ ਨੂੰ ਆਪਣੇ ਵੱਲ ਖਿੱਚਦੇ ਹਨ, ਉਥੇ ਦਰਾਣੀ-ਜਠਾਣੀ ਦੇ ਇਹ ਢਾਬੇ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹਨ।

ਪਹਿਲਾ ਢਾਬਾ ਅਮਰਜੀਤ ਕੌਰ ਦਾ ਹੈ ਤੇ ਦੂਜਾ ਉਸ ਦੀ ਜਠਾਣੀ ਮਨਜੀਤ ਕੌਰ ਦਾ। ਇਹ ਦੋਵੇਂ ਢਾਬੇ 30 ਵਰ੍ਹਿਆਂ ਤੋਂ ਚੱਲ ਰਹੇ ਹਨ। ਅਮਰਜੀਤ ਕੌਰ ਦਾ ਪਤੀ ਜ਼ਿਆਦਾਤਰ ਵਿਦੇਸ਼ ਵਿੱਚ ਰਹਿੰਦਾ ਹੈ। ਢਾਬੇ ਦੇ ਕੰਮ ਵਿੱਚ ਉਸ ਦੇ ਬੱਚੇ ਵੀ ਸਮਾਂ ਕੱਢ ਕੇ ਹੱਥ ਵਟਾ ਦਿੰਦੇ ਹਨ। ਮਨਜੀਤ ਕੌਰ ਦਾ ਪਤੀ ਵਿਛੜਿਆ ਲੰਮਾ ਸਮਾਂ ਹੋ ਗਿਆ ਹੈ ਤੇ ਉਹ ਘਰ ਦਾ ਗੁਜ਼ਾਰਾ ਇਕੱਲਿਆਂ ਤੋਰ ਰਹੀ ਹੈ। ਇਹ ਢਾਬੇ ਸੁਵਖਤੇ ਤੋਂ ਲੈ ਕੈ ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਹਨ। ਵਿਅਕਤੀਗਤ ਤੌਰ ’ਤੇ ਦਰਾਣੀ ਜਠਾਣੀ ਵਿੱਚ ਜਿੱਥੇ ਢਾਬੇ ’ਤੇ ਆਏ ਗਾਹਕਾਂ ਲਈ ਮਿੱਠੀ ਜ਼ੁਬਾਨ ਦਾ ਗੁਣ ਹੈ, ਉਥੇ ਕਿਸੇ ਮਨਚਲੇ ਜਾਂ ਸ਼ਰਾਬੀ ਹਾਲਤ ਵਿੱਚ ਪੁੱਜੇ ਗਾਹਕ ਦੇ ਸ਼ਰਾਰਤੀ ਬੋਲਾਂ ਲਈ ਸਖ਼ਤੀ ਵੀ ਸਿਰੇ ਦੀ ਹੈ। ਜਠਾਣੀ-ਦਰਾਣੀ ਦੇ ਇਨ੍ਹਾਂ ਢਾਬਿਆਂ ਦੀ ਖਾਸੀਅਤ ਇਹ ਵੀ ਹੈ ਕਿ ਇਥੇ ਤਵੇ ਦੀ ਰੋਟੀ ਮਿਲਦੀ ਹੈ ਤੇ ਇਥੇ ਪਕਵਾਨਾਂ ਦਾ ਸੁਆਦ ਬਣਾਉਣ ਲਈ ਤੇਜ਼ ਤਰਾਰ ਮਸਾਲੇ ਵਰਤਣ ਅਤੇ ਦਿੱਖ ਲਈ ਰੰਗਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਇਨ੍ਹਾਂ ਜਠਾਣੀ ਤੇ ਦਰਾਣੀ ਨੇ ਆਪਣੇ ਢਾਬਾ ਕਾਰੋਬਾਰ ਦੀ ਸਫ਼ਲਤਾ ਦਾ ਰਾਜ ਇਹ ਵੀ ਦੱਸਿਆ ਕਿ ਉਨ੍ਹਾਂ ਖਾਣਿਆਂ ਦੀਆਂ ਕੀਮਤਾਂ ਹਮੇਸ਼ਾ ਵਾਜਬ ਰੱਖੀਆਂ ਹਨ। ਅਮਰਜੀਤ ਕੌਰ ਨੇ ਆਪਣੇ ਢਾਬੇ ਦੀਆਂ ਵਿਸ਼ੇਸ਼ਤਾਵਾਂ ਗਿਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਢਾਬੇ ’ਤੇ ਹਮੇਸ਼ਾ ਤਾਜ਼ੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦਾਲਾਂ ਵੀ ਵਧੀਆ ਕੁਆਲਟੀ ਦੀਆਂ ਵਰਤੀਆਂ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਰੋਜ਼ਾਨਾ ਦੇ ਗਾਹਕਾਂ ਤੋਂ ਇਲਾਵਾ ਸ਼ਹਿਰ ਤੇ ਸ਼ਹਿਰ ਤੋਂ 10 ਕਿਲੋਮੀਟਰ ਦੇ ਘੇਰੇ ਤੱਕ ਖਾਣੇ ਦੀ ਘਰਾਂ ਵਿੱਚ ਪਹੁੰਚ ਕੀਤੀ ਜਾਂਦੀ ਹੈ। ਇਵੇਂ ਖੇਤਰ ਭਰ ਵਿੱਚ ਪਰਿਵਾਰਕ ਸਮਾਗਮਾਂ, ਧਾਰਮਿਕ ਪ੍ਰੋਗਰਾਮਾਂ ਲਈ ਵੀ ਉਨ੍ਹਾਂ ਦੇ ਢਾਬੇ ਤੋਂ ਖਾਣਾ ਪਹੁੰਚਾਉਣ ਦਾ ਪ੍ਰਬੰਧ ਹੈ। ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਬਰਤਨਾਂ ਦੀ ਸਫ਼ਾਈ ਅਤੇ ਪਾਣੀ ਦੀ ਸ਼ੁੱਧਤਾ ਦੇ ਨਾਲ ਨਾਲ ਪਕਵਾਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਵਧੀਆ ਰੱਖਣ ਨੂੰ ਤਰਜੀਹ ਦਿੱਤੀ ਹੈ।  

ਮਹਿਲਾ ਦਿਵਸ ’ਤੇ ਇਨ੍ਹਾਂ ਹਿੰਮਤੀ ਮਹਿਲਾ ਢਾਬਾ ਸੰਚਾਲਕਾਂ ਦਾ ਔਰਤ ਵਰਗ ਨੂੰ ਇਹੀ ਕਹਿਣਾ ਹੈ ਕਿ ਜਦੋਂ ਆਤਮ ਵਿਸ਼ਵਾਸ ਹੋਵੇ ਤੇ ਮਨ ਸਾਫ਼ ਹੋਵੇ ਤਾਂ ‘ਮਰਦ ਪ੍ਰਧਾਨ’ ਸਮਾਜ ਵਿੱਚ ਔਰਤ ਜਿਹੜਾ ਕਦਮ ਪੁੱਟੇਗੀ, ਉਸ ਦਾ ਰੁਖ ਆਪ ਮੁਹਾਰੇ ਸਫ਼ਲਤਾ ਵੱਲ ਹੋ ਤੁਰੇਗਾ।



Archive

RECENT STORIES