Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਲਿਆਂ ਵਾਲੇ ਖੂਹ ਦੀ ਦਾਸਤਾਨ

Posted on March 7th, 2014



- ਗੁਰਤੇਜ ਸਿੰਘ 

ਕਾਲਿਆਂ ਵਾਲੇ ਖੂਹ, ਅਜਨਾਲੇ ਵਿੱਚੋਂ ਮਿਲੇ ਕੁਝ ਮਨੁੱਖੀ ਅਵਿਸ਼ੇਸ਼ਾਂ ਬਾਰੇ ਅੱਜ-ਕਲ੍ਹ ਪੰਜਾਬ ਦੀ ਫਿਜ਼ਾ ਵਿੱਚ ਕਾਫੀ ਗਰਮਾ-ਗਰਮੀ ਹੈ। ਇਹ ਅਸਥੀਆਂ ਉਹਨਾਂ ਸਿਪਾਹੀਆਂ ਦੀਆਂ ਸਮਝੀਆਂ ਜਾਂਦੀਆਂ ਹਨ, ਜਿਨ੍ਹਾਂ ਨੇ 1857 ਦੇ ਗ਼ਦਰ ਵਿੱਚ ਹਿੱਸਾ ਲਿਆ ਸੀ। ‘ਕਾਰ ਸੇਵਾ’ ਹੋ ਰਹੀ ਹੈ ਅਤੇ ਯਾਦਗਰੀ ਗੁਰਦਵਾਰਾ ਬਨਾਉਣ ਦੀਆਂ ਗੱਲਾਂ ਵੀ। ਅਕਾਸ਼ ਵੇਲ ਨੂੰ ਫੁੱਲ ਲੱਗ ਚੁੱਕੇ ਹਨ ਅਤੇ ਫਲ ਲੱਗਣ ਤੱਕ ਗੱਲ ਆ ਪਹੁੰਚੀ ਹੈ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਮਾਰੇ ਗਏ ਫ਼ੌਜੀ ਕੌਣ ਸਨ ਅਤੇ ਇਹਨਾਂ ਕਿਸ ਦਾਅਵੇ ਉੱਤੇ ਦਿ੍ੜ ਰਹਿੰਦਿਆਂ ਆਪਣੀਆਂ ਜਾਨਾਂ ਗਵਾਈਆਂ ਸਨ?

ਹਿੰਦੋਸਤਾਨ ਦੇ ਆਖਰੀ ਖੁਦਮੁਖਤਿਆਰ ਰਾਜ ਪੰਜਾਬ ਨੂੰ ਖ਼ਤਮ ਕਰਨ ਵਾਸਤੇ ਜੋ ਫ਼ੌਜਾਂ ਹਮਲਾਵਰ ਹੋਈਆਂ ਸਨ, ਉਹਨਾਂ ਵਿੱਚ ਪੂਰਬੀਆਂ ਦੀਆਂ ਦਸ ਪਲਟਣਾਂ ਸਨ। ਸ਼ਾਹ ਮੁਹੱਮਦ ਐਂਵੇ ਨਹੀਂ ਆਖਦਾ, ‘‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ...... ਕਟਕ ਚੜ੍ਹੇ ਪੂਰਬੀ ਦੱਖਣੀ ਜੀ।’’ ਇਹਨਾਂ ਵਿੱਚੋਂ ਇੱਕ ਸੀ 26 ਵੀ ਨੇਟਿਵ ਇਨਫੈਂਟਰੀ ਰੈਜੀਮੈਂਟ। ਇਹ ਰੈਜੀਮੈਂਟ ਮੁਦਕੀ ਦੀ ਲੜਾਈ ਵਿੱਚ ਸ਼ਾਮਲ ਸੀ ਅਤੇ ਸਭਰਾਵਾਂ ਅਤੇ ਫਿਰੋਜਸ਼ਾਹ ਦੀਆਂ ਲੜਾਈਆਂ ਵਿੱਚ ਵੀ। ਇਹਨਾਂ ਤਿੰਨਾਂ ਹੀ ਜੰਗਾਂ ਵਿੱਚ ਅੰਗਰੇਜ਼ ਹਾਰੇ ਸਨ ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੱਜ ਇਹ ਇਤਿਹਾਸਕ ਤੱਥ ਹਨ ਜਿਨ੍ਹਾਂ ਦੀ ਪੁਸ਼ਟੀ ਦਸਤਾਵੇਜਾਂ ਤੋਂ ਹੁੰਦੀ ਹੈ।

26 ਵੀਂ ਨੇਟਿਵ ਇਨਫੈਂਟਰੀ ਦੂਜੀ ਸਿੱਖ ਜੰਗ ਵਿੱਚ ਸ਼ਾਮਲ ਨਹੀਂ ਸੀ, ਜਿਸ ਤੋਂ ਜ਼ਾਹਰ ਹੈ ਕਿ ਓਦੋਂ ਤੱਕ ਇਹ ਰਸਾਲਾ ਵਜੂਦ ਗਵਾ ਚੁੱਕਿਆ ਸੀ। ਜੁਲਾਈ 1857 ਵਿੱਚ ਇਹ ਮੀਆਂ ਮੀਰ ਛਾਉਣੀ ਲਾਹੌਰ ਅੰਦਰ ਸੀ। ਕਿਸੇ ਖ਼ਤਰੇ ਨੂੰ ਭਾਂਪਦਿਆਂ ਏਸ ਕੋਲੋਂ 13 ਮਈ ਨੂੰ ਹਥਿਆਰ ਵਾਪਸ ਲੈ ਲਏ ਗਏ ਸਨ ਅਤੇ ਸਾਰੀ ਰਜਮੈਂਟ ਬੰਦੀ ਬਣਾਈ ਜਾ ਚੁੱਕੀ ਸੀ। 30 ਮਈ 1857 ਦੀ ਦੁਪਹਿਰ ਨੂੰ ਏਥੇ ਕੁਝ ਨਾਅਰੇ ਵਗੈਰਾ ਲੱਗੇ ਅਤੇ ਤੁਰੰਤ ਬਿਨਾ ਕਿਸੇ ਹਥਿਆਰ ਦੇ ਮੇਜਰ ਸਪੈਂਰਸਰ ਫੌਜੀਆਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਿਆ। ਇਹ ਸਿਪਾਹੀਆਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪ੍ਰਕਾਸ਼ ਪਾਂਡੇ ਨਾਂਅ ਦੇ ਸਿਪਾਹੀ ਨੇ ਪਿੱਛੋਂ ਆ ਕੇ ਕਿ੍ਪਾਨ (ਜਾਂ ਦਾਹ) ਮਾਰ ਕੇ ਏਸ ਨੂੰ ਮਾਰ ਦਿੱਤਾ। ਜਿਸ ਸਾਰਜੰਟ ਮੇਜਰ ਨੇ ਸਪੈਂਰਸਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ, ਉਸ ਨੂੰ ਵੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਏਸ ਰੈਜੀਮੈਂਟ ਦੇ 400 ਕੁ ਸੌ ਸਿਪਾਹੀ ਅੰਗਰੇਜ਼ ਅਫ਼ਸਰਾਂ ਨੂੰ ਮਾਰਨ ਲਈ ਉਹਨਾਂ ਦੇ ਘਰਾਂ ਉੱਤੇ ਹਮਲਾਵਰ ਹੋਏ ਪਰ ਉਹ ਉਸ ਵੇਲੇ ਓਥੇ ਨਹੀਂ ਸਨ। ਜਿੱਥੇ ਉਹ ਸਨ, ਓਥੇ ਬਾਗ਼ੀ ਨਾ ਗਏ। ਇਸਾਈ ਪਾਦਰੀ ਫਾਰਰ ਵੀ ਬੱਘੀ ਉੱਤੇ ਬੈਠ ਕੇ ਪਿਛਲੇ ਦਰਵਾਜਿਓਂ ਬਚ ਕੇ ਨਿਕਲ ਗਿਆ। ਇਸ ਤੋਂ ਬਾਅਦ ਇਹ ਬਾਗੀ ਏਥੋਂ ਭੱਜ ਗਏ। ਮੀਲ ਕੁ ਦੀ ਦੂਰੀ ਤੋਂ ਲਿਆਂਦਾ ਗਿਆ ਤੋਪਖ਼ਾਨਾ ਜਦੋਂ ਪਹੁੰਚਿਆ ਤਾਂ ਇਹ ਕਾਫੀ ਦੂਰ ਜਾ ਚੁੱਕੇ ਸਨ। ਉਸੇ ਦੁਪਹਿਰ ਨੂੰ ਬਹੁਤ ਜ਼ਬਰਦਸਤ ਕਾਲੀ ਬੋਲੀ ਹਨੇਰੀ ਚੱਲੀ ਅਤੇ ਕੁਝ ਪਤਾ ਨਾ ਲੱਗ ਸਕਿਆ ਕਿ ਇਹ ਕਿਸ ਤਰਫ ਗਏ ਹਨ।

ਹਰੀ ਕੇ ਪੱਤਣ (ਸਭਰਾਵਾਂ ਨੇੜੇ) ਨਾਕਾਬੰਦੀ ਕਰ ਲਈ ਗਈ ਪਰ ਬਾਗੀਆਂ ਦੀ ਦੂਜੇ ਦਿਨ (31 ਜੁਲਾਈ) ਨੂੰ ਅਜਨਾਲਾ ਨੇੜੇ, ਰਾਵੀ ਦੇ ਕਿਨਾਰੇ ਸੂਹ ਪਈ। ਇਹਨਾਂ ਨੇ ਉਥੇ ਘਾਟ ਉੱਤੇ ਦਰਿਆ ਪਰ ਜਾਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਇੱਕ ਤਹਿਸੀਲਦਾਰ ਅਤੇ ਚੰਦ ਸਿਪਾਹੀਆਂ ਦੇ ਡਰ ਨੇ ਨਾਕਾਮ ਕਰ ਦਿੱਤੀ। ਖ਼ਬਰ ਮਿਲਦਿਆਂ ਹੀ ਫਰੈਡਰਕ ਕਰੀ ਡਿਪਟੀ ਕਮਿਸ਼ਨਰ ਅੰਮਿ੍ਤਸਰ ਘੁੜਸਵਾਰ ਪੁਲਿਸ ਦੀ ਨੱਬੇ ਕੁ ਦੀ ਨਫਰੀ ਨਾਲ 25 ਕੁ ਮੀਲ ਦਾ ਫਾਸਲਾ ਤਹਿ ਕਰ ਕੇ ਸ਼ਾਮ ਤੱਕ ਉੱਥੇ ਪਹੁੰਚ ਗਿਆ। ਜਾ ਕੇ ਵੇਖਿਆ ਤਾਂ ਬਾਗ਼ੀ ਪੂਰਬੀਏ ਦਰਿਆ ਦੇ ਵਿਚਾਲੇ ਬ੍ਰੇਤੀ ਵਿੱਚ ਬੈਠੇ ਦੱਸੇ ਗਏ। ਇਹ ਐਸੀ ਥਾਂ ਸੀ ਜਿੱਥੋਂ ਨਾ ਤਾਂ ਇਹ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਨਿਕਲ ਕੇ ਭੱਜ ਸਕਦੇ ਸਨ। ਏਨੀਂ ਕੁ ਤਾਂ ਇਹਨਾਂ ਨੂੰ ਜੰਗੀ ਪੈਂਤਰੇ ਦੀ ਸਮਝ ਸੀ। ਠੱਸਾ ਬੰਦੂਕਾਂ ਵਾਲੇ ਚਾਲੀ ਕੁ ਸਿਪਾਹੀ ਟੁੱਟੀ ਜਹੀ ਕਿਸ਼ਤੀ ਉੱਤੇ ਬੈਠ ਕੇ ਇਹਨਾਂ ਕੋਲ ਜਾ ਪਹੁੰਚੇ। 

ਇਹਨਾਂ ਨੂੰ ਨੇੜੇ ਆਉਂਦਿਆਂ ਵੇਖ ਕੇ 40 ਕੁ ਬਾਗ਼ੀ ਤਾਂ ਡਰ ਕੇ ਦਰਿਆ ਵਿੱਚ ਛਾਲ ਮਾਰ ਗਏ ਅਤੇ ਅੰਤ ਡੁੱਬ ਕੇ ਮਰ ਗਏ। ਇਹਨਾਂ ਨੂੰ ਮਾਰਨ ਲਈ ਸਿਪਾਹੀਆਂ ਨੇ ਬੰਦੂਕਾਂ ਚੁੱਕੀਆਂ ਤਾਂ ਕਰੀ ਨੇ ਮਨ੍ਹਾਂ ਕਰ ਦਿੱਤਾ। ਜਾਨ ਬਚਣ ਦੀ ਸੰਭਾਵਨਾਂ ਨੂੰ ਵੇਖਦਿਆਂ 66 ਹੋਰਾਂ ਨੇ ਕੇਵਲ ਇੱਕ ਪੁਲਿਸ ਦੇ ਸਿਪਾਹੀ ਕੋਲ ਆਤਮ ਸਮਰਪਣ ਕਰ ਦਿੱਤਾ। ਉਸ ਨੇ ਇਹਨਾਂ ਦੀਆਂ ਮੁਸ਼ਕਾਂ ਕੱਸ ਕੇ ਇੱਕ ਕਿਸ਼ਤੀ ਵਿਚ ਬੋਰੀਆਂ ਵਾਂਗ ਲੱਦ ਦਿੱਤਾ। ਇਹ ਬੇ-ਇਜ਼ਤ ਕਰ ਕੇ ਅਜਨਾਲਾ ਪੁਲਿਸ ਥਾਣੇ ਭੇਜ ਦਿੱਤੇ ਗਏ। ਸੌ ਕੁ ਤਾਂ ਇਹ ‘ਸ਼ਹੀਦ’ ਸਨ, ਜਿਨ੍ਹਾਂ ਦੀਆਂ ਅਸਥੀਆਂ ‘ਕਾਰ ਸੇਵਾ’ ਰਾਹੀਂ ਕੱਢੀਆਂ ਜਾ ਰਹੀਆਂ ਹਨ। ਏਹੋ ਹਸ਼ਰ ਬਾਕੀ ਸਭ ਦਾ ਹੋਇਆ। ਇਹਨਾਂ ਸਾਰਿਆਂ ਨੇ ਕੇਵਲ ਆਜਜ਼ੀ ਨਾਲ ਏਹੋ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੱਚੇ ਤੇ ਔਰਤਾਂ ਦੀ ਜਾਨ ਬਖਸ਼ ਦਿੱਤੀ ਜਾਵੇ। ਅੱਧੀ ਰਾਤ ਤੱਕ ਸਾਰੇ ਠਾਣੇ ਪਹੁੰਚ ਚੁੱਕੇ ਸਲ। ਕਿਸੇ ਇੱਕ ਨੇ ਵੀ ਬਚ ਕੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ। ਦਿਨ ਚੜ੍ਹਨ ਤੋਂ ਪਹਿਲਾਂ 66 ਹੋਰ ਉੱਥੇ ਪੁਚਾ ਦਿੱਤੇ ਗਏ, ਜਿਨ੍ਹਾਂ ਨੂੰ ਠਾਣੇ ਵਿੱਚ ਜਗ੍ਹਾ ਨਾ ਹੋਣ ਕਰਣ ਬੁਰਜ ਵਿੱਚ ਡੱਕਿਆ ਗਿਆ।

ਬਾਰਸ਼ ਕਾਰਣ ਇਹਨਾਂ ਨੂੰ ਗੋਲੀ ਮਾਰਨ ਦਾ ਕੰਮ ਅਗਲੇ ਦਿਨ ਉੱਤੇ ਛੱਡ ਦਿੱਤਾ ਗਿਆ। 1 ਅਗਸਤ ਨੂੰ ਬਕਰੀਦ ਸੀ। ਅੰਗਰੇਜ਼ ਅਫ਼ਸਰਾਂ ਨੇ ਬੜੇ ਚਾਅ ਨਾਲ ਬਕਰੀਦ ਇਹਨਾਂ ਨੂੰ ਹਲਾਲ ਕਰ ਕੇ ਮਨਾਈ। ਫਾਂਸੀ ਦੇਣ ਲਈ ਰੱਸੀਆਂ ਘੱਟ ਹੋਣ ਕਾਰਨ ਗੋਲੀ ਮਾਰਨ ਦਾ ਤਰੀਕਾ ਅਖਤਿਆਰ ਕੀਤਾ ਗਿਆ। ਇਹਨਾਂ ਦੇ ਨਾਂਅ ਲਿਖੇ ਗਏ ਅਤੇ ਥੋੜੀ-ਥੋੜੀ ਗਿਣਤੀ ਵਿੱਚ ਬੰਨ੍ਹ ਕੇ ਇਹਨਾਂ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ। ਮਕਤੂਲਾਂ ਦੀ ਕਤਲਗਾਹ ਨੂੰ ਜਾਂਦੀ ਇੱਕ ਟੋਲੀ ਨੇ ਮੌਕੇ ਦੇ ਮੈਜਿਸਟ੍ਰੇਟ ਨੂੰ ਸਰਾਪ ਦਿੱਤਾ ਕਿ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਏਸੇ ਟੋਲੀ ਨੇ ਨੌਜਵਾਨ ਸਿੱਖ ਸਿਪਾਹੀਆਂ ਨੂੰ ਵੇਖ ਕੇ ਸਿੱਖ ਧਰਮ ਦੀ ਬੇ-ਅਦਬੀ ਕਰਨ ਦੀਆਂ ਸੈਨਤਾਂ ਕੀਤੀਆਂ। ਕਈਆਂ ਨੇ ਅੰਗਰੇਜ਼ੀ ਹਾਕਮ ‘ਸਾਹਿਬ’ ਨੂੰ ਆਖਰੀ ਸਲਾਮ ਕਰਨ ਦੀ ਇਜ਼ਾਜ਼ਤ ਮੰਗੀ। ਅਜੇ 150 ਨੂੰ ਗੋਲ਼ੀਆਂ ਮਾਰੀਆਂ ਗਈਆਂ ਸਨ ਜਦੋਂ ਕਿ ਇੱਕ ‘ਜਲਾਦ’ ਬੇ-ਹੋਸ਼ ਹੋ ਗਿਆ ਅਤੇ ਕਤਲੇਆਮ ਕੁਝ ਦੇਰ ਲਈ ਰੋਕਣਾ ਪਿਆ। 

237 ਨੂੰ ਮਾਰਨ ਤੋਂ ਬਾਅਦ ਡੀ. ਸੀ. ਕਰੀ ਨੂੰ ਦੱਸਿਆ ਗਿਆ ਕਿ ਸਵੇਰੇ ਲਿਆਂਦੇ ਕੈਦੀ ਬੁਰਜ ਵਿੱਚੋਂ ਨਿਕਲਣ ਤੋਂ ਇਨਕਾਰੀ ਹਨ। ਮੁਕਾਬਲਾ ਕਰਨ ਦੀ ਪੂਰੀ ਤਿਆਰੀ ਕਰ ਕੇ ਜਦੋਂ ਦਰਵਾਜਾ ਖੋਲਿਆਂ ਗਿਆ ਤਾਂ ‘ਡਰ, ਭੁੱਖ ਅਤੇ ਥਕਾਵਟ’ ਨਾਲ 45 ਪੂਰਬੀਆਂ ਨੂੰ ਮਰੇ ਪਏ ਪਇਆ ਗਿਆ। ਪਿੰਡ ਦੇ ਸਫ਼ਾਈ ਕਰਮਚਾਰੀਆਂ ਕੋਲੋਂ ਇਹ 45 ਲਾਸ਼ਾਂ ਟੋਏ ਵਿੱਚ ਸੁਟਵਾ ਦਿੱਤੀਆਂ ਗਈਆਂ। ਇੱਕ ਜਖ਼ਮੀ ਸਮੇਤ ਬਾਅਦ ਵਿੱਚ ਗਿ੍ਫ਼ਤਾਰ ਕੀਤੇ 41 ਹੋਰਾਂ ਨੂੰ ਮੀਆਂ ਮੀਰ ਵਾਪਸ ਲਿਆ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਦਿਨ ਚੜ੍ਹਦਿਆਂ ਅਰੰਭ ਹੋਇਆ ਇਹ ਕਤਲੇਆਮ ਥੋੜੇ ਘੰਟਿਆਂ ਵਿੱਚ ਮੁਕੰਮਲ ਕਰ ਲਿਆ ਗਿਆ। ਇੱਕ ਜ਼ਖਮੀ ਨੂੰ ਬਚਾ ਕੇ ਲਾਹੌਰ ਇਸ ਲਈ ਲਿਆਂਦਾ ਗਿਆ ਕਿ ਉਹ 26 ਨੰਬਰ ਰਸਾਲੇ ਦੇ ਕਤਲੇਆਮ ਦੀ ਘਟਨਾਂ ਦੀ ਗਵਾਹੀ ਬਾਕੀ ਰਸਾਲਿਆਂ ਨੂੰ ਖੌਫਜਦਾ ਕਰਨ ਲਈ ਦੇ ਸਕੇ।

ਅਜਨਾਲੇ ਕਤਲ ਕੀਤੇ ਬਾਗ਼ੀਆਂ ਦੀਆਂ ਲਾਸ਼ਾਂ ਨੂੰ ਨੇੜੇ (ਠਾਣੇ ਤੋਂ 100 ਕੁ ਗਜ਼ ਉੱਤੇ) ਬੰਜਰ ਖੂਹ ਵਿੱਚ ਸੁੱਟ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਨੂੰ ਆਖ ਕੇ ਖੂਹ ਉੱਤੇ ਮਿੱਟੀ ਸੁੱਟ ਕੇ ਇੱਕ ਥੇਹ ਦੀ ਸਕਲ ਦਾ ਟਿੱਬਾ ਉਸਰਿਆ ਗਿਆ। ਏਥੇ ਸਾਰੀ ਵਾਰਦਾਤ ਦੀ ਕਹਾਣੀ ਡੀ.ਸੀ. ਦੇ ਹੁਕਮ ਉੱਤੇ ਪੰਜਾਬੀ, ਫਾਰਸੀ ਅਤੇ ਅੰਗਰੇਜ਼ੀ ਵਿੱਚ ਲਿਖ ਕੇ ਲਗਾਈ ਗਈ।

ਚਾਲੀ ਪੰਜਾਹ ਬਾਕੀ ਬਚਿਆਂ ਹੋਇਆ ਨਿਹੱਥਿਆਂ ਉੱਤੇ ‘ਬਹਾਦਰ’ ਮੇਜਰ ਜੈਕਸਨ ਨੇ ਆਪਣੀ ਟੋਲੀ ਤੋਂ ਅੱਗੇ ਘੋੜਾ ਭਜਾ ਕੇ ਕਈਆਂ ਨੂੰ ਕਤਲ ਕਰ ਦਿੱਤਾ। ਬਾਕੀ ਜਿਵੇਂ-ਜਿਵੇਂ ਹੱਥ ਆਉਂਦੇ ਗਏ ਕਤਲ ਕਰ ਦਿੱਤੇ ਗਏ।

ਉਪਰੋਕਤ ਸਾਰੀ ਅਜਨਾਲੇ ਦੇ ਖੂਹ ਦੀ ਕਹਾਣੀ ਦਾ ਸਾਰ ਹੈ। ਤਕਰੀਬਨ ਸਾਰਾ ਹੀ ਵਾਕਿਆ ਫ੍ਰੈਡਰਿਕ ਕਰੀ ਦੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ। ਜੱਗ ਜ਼ਾਹਰ ਹੈ ਕਿ ਏਸ ਵਿੱਚ ਕੁਝ ਵੀ ਗੌਰਵਸ਼ਾਲੀ ਨਹੀਂ। ਫੇਰ ਵੀ ਮਜ਼ਬੂਰ, ਬੇ-ਸਹਾਰੇ ਮਕਤੂਲਾਂ ਨਾਲ ਹਰ ਇਨਸਾਨ ਦੀ ਹਮਦਰਦੀ ਹੋਣੀ ਕੁਦਰਤੀ ਹੈ। ਹੁਣ ਸਵਾਲ ਹੈ ਕਿ ਅਸਥੀਆਂ ਦਾ ਕੀ ਕੀਤਾ ਜਾਵੇ? ਮਕਤੂਲਾਂ ਦੀ ਸੂਚੀ ਬਣੀ ਸੀ। ਕੁਈ ਖੋਜੀ ਲੱਭ ਸਕਦਾ ਹੈ ਕਿ ਕਿੱਥੇ ਹੈ। ਸ਼ਾਇਦ ਉਸ ਵਿੱਚ ਅਤੇ ਪਤੇ ਵੀ ਹੋਣ। ਨਹੀਂ ਤਾਂ ਭਰਤੀ ਦੇ ਕਾਗਜ਼ਾਂ ਵਿੱਚ ਪਤੇ ਜ਼ਰੂਰ ਹੋਣਗੇ। ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾ ਕੇ ਇਹਨਾਂ ਦੇ ਵਾਰਸਾਂ ਨੂੰ ਮੋੜ ਦੇਣੀਆਂ ਚਾਹੀਦੀਆਂ ਹਨ। ਇਹ ਕੰਮ ਕਾਰ ਸੇਵਾ ਰਾਹੀਂ ਹੋ ਜਾਵੇ ਤਾਂ ਵੀ ਚੰਗਾ ਹੈ ਪਰ ਸਰਕਾਰ ਬਿਹਤਰ ਕਰ ਸਕਦੀ ਹੈ।

ਇਹਨਾਂ ਅਸਥੀਆਂ ਦਾ ਸਸਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ। ਡੇਢ ਸਦੀ ਬਾਅਦ ਵੀ ਮਨੁੱਖੀ ਭਾਵਨਾਵਾਂ ਮੱਧਮ ਨਹੀਂ ਪੈਦੀਆਂ। ਆਪਣੇ ਮਜ਼ਬੂਰ ਬਜ਼ੁਰਗਾਂ ਦੀ ਛੁਹ ਨੂੰ ਸੰਵੇਦਨਾਸ਼ੀਲ ਵਾਰਸ ਤਰਸਦੇ ਹੋਣਗੇ। ਠੀਕ ਏਵੇਂ ਜਿਵੇਂ ਪੰਜਾਬ ਅੰਦਰ ਹਾਲ ਹੀ ਵਿੱਚ ਹੋਏ ਨਿਰਦੋਸ਼ਾਂ ਦੇ ਕਤਲੇਆਮ ਦੀ ਉੱਘ-ਸੁੱਘ ਉਡੀਕਦੇ ਕਈ ਵਾਰਸ ਅਰਦਾਸਾਂ ਕਰ ਰਹੇ ਹਨ। ਉਹਨਾਂ ਮਾੜੀ ਕਿਸਮਤ ਵਾਲਿਆਂ ਨੂੰ, ਜਿਨ੍ਹਾਂ ਦਾ ਵਿਰਸਾ ਕੇਵਲ ਬਜ਼ੁਰਗਾਂ ਦੀਆਂ 150 ਸਾਲ ਤੋਂ ਦਫਨ ਅਸਥੀਆਂ ਹੀ ਹਨ, ਉਹਨਾਂ ਨੂੰ ਅਸਥੀਆਂ ਤੋਂ ਇੱਕ ਵੀ ਪਲ ਹੋਰ ਮਹਿਰੂਮ ਨਹੀਂ ਰੱਖਣਾ ਚਾਹੀਦਾ। 

ਅਜਨਾਲੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਮੋਢਾ ਦੇ ਕੇ ਇਹਨਾਂ ਨੂੰ ਮਿ੍ਤਕਾਂ ਪ੍ਰਤੀ ਬਣਦੇ ਸਤਿਕਾਰ ਨਾਲ ਓਵੇਂ ਤੋਰ ਦੇਣ ਜਿਵੇਂ ਅਸੀਂ ਆਪਣਿਆਂ ਨੂੰ ਸਦੀਆਂ ਤੋਂ ਵਿਦਾ ਕਰਦੇ ਆਏ ਹਾਂ। ਮੰਨਿਆਂ ਇਹ ਦੁਸ਼ਮਣ ਬਣ ਕੇ ਆਏ ਸਨ ਅਤੇ ਆਪਣੇ ਦੋਸਤਾਂ ਦੇ ਵੀ ਦੁਸ਼ਮਣ ਬਣ ਬੈਠੇ ਸਨ, ਪੰਜਾਬ ਨਾਲ ਇਹਨਾਂ ਬਹੁਤ ਬੁਰਾ ਕੀਤਾ ਸੀ, ਪਰ ਉਹ ਸਭ ਹੁਣ ਇਤਿਹਾਸ ਦੇ ਅੱਖਰ ਹਨ। ਉਹ ਪੰਜਾਬ ਦੇ ਆਪਣੇ ਨਾਂ ਸਹੀ, ਕਿਸੇ ਦੇ ਤਾਂ ਆਪਣੇ ਸਨ, ਓਹਨਾਂ ਹਮਵਤਨਾਂ ਦੇ ਸੀਨੇ ਠਾਰਨ ਲਈ ਇਹਨਾਂ ਮਕਤੂਲਾਂ ਦੀਆਂ ਅਸਥੀਆਂ ਜਾਣ, ਸਿੱਖੀ ਦੀ ਦਰਿਆ ਦਿਲੀ ਦਾ ਸੁਨੇਹਾ ਲੈ ਕੇ।



Archive

RECENT STORIES