Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ 'ਚ ਕਬੱਡੀ ਦੇ ਨਾਮ 'ਤੇ ਫਿਰ ਸ਼ੁਰੂ ਹੋਈ ਸਿਆਸਤ: ਖੇਡ ਮੇਲਿਆਂ ਦੀ ਆਰੰਭਤਾ ਤੋਂ ਪਹਿਲਾਂ ਆਪਸੀ ਜੋੜ-ਤੋੜ ਹੋਣ ਲੱਗੇ

Posted on March 7th, 2014



ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਪੰਜਾਬੀਆਂ ਦੀ ਮਨਪਸੰਦ ਖੇਡ ਕਬੱਡੀ ਦੇ ਨਾਮ 'ਤੇ ਕੈਨੇਡਾ ਅੰਦਰ ਇੱਕ ਵਾਰ ਫਿਰ ਸਿਆਸਤ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ। ਦੋ ਵਰ੍ਹੇ ਪਹਿਲਾਂ ਸੱਤਾਧਾਰੀ ਕੰਜ਼ਰਵੇਟਿਵ ਸਰਕਾਰ ਵਲੋਂ ਫੈਡਰਲ ਚੋਣਾਂ ਤੋਂ ਪਹਿਲਾਂ ਕੈਨੇਡਾ ਵਿਚਲੀਆਂ ਕਬੱਡੀ ਫੈਡਰੇਸ਼ਨਾਂ ਤੇ ਕਲੱਬਾਂ ਨੂੰ ਇੰਨੀ ਖੁੱਲ੍ਹ ਦਿੱਤੀ ਗਈ ਕਿ ਉਨ੍ਹਾਂ ਨੇ ਪੰਜਾਬ ਤੋਂ 600 ਤੋਂ ਵਧੇਰੇ 'ਕਬੱਡੀ ਖਿਡਾਰੀ' ਕੈਨੇਡਾ ਸੱਦ ਲਏ, ਜਿਨ੍ਹਾਂ 'ਚੋਂ ਬਹੁਤ ਸਾਰੇ ਇੱਥੇ ਪਹੁੰਚ ਕੇ ਰਫੂਚੱਕਰ ਹੋ ਗਏ। ਚੋਣਾਂ ਜਿੱਤਣ ਤੋਂ ਬਾਅਦ ਪਿਛਲੇ ਸਾਲ ਕੈਨੇਡਾ ਸਰਕਾਰ ਨੇ ਖਿਡਾਰੀਆਂ ਦੇ ਭੱਜਣ ਤੋਂ ਖਫ਼ਾ ਹੋ ਕੇ ਸ਼ਿਕੰਜਾ ਇੰਨਾ ਕੱਸ ਦਿੱਤਾ ਕਿ ਇੱਕ-ਦੁੱਕਾ ਨੂੰ ਛੱਡ ਕੇ ਪੰਜਾਬ ਦੇ ਚੋਟੀ ਦੇ ਕਬੱਡੀ ਖਿਡਾਰੀਆਂ ਨੂੰ ਵੀ ਵੀਜ਼ੇ ਨਸੀਬ ਨਾ ਹੋਏ। ਸਾਬਕਾ ਇੰਮੀਗਰੇਸ਼ਨ ਮੰਤਰੀ ਜੇਸਨ ਕੇਨੀ ਸਮੇਤ ਸੱਤਾਧਾਰੀ ਧਿਰ ਦੇ ਤਿੰਨ ਪੰਜਾਬੀ ਸਿਆਸਤਦਾਨ ਕਬੱਡੀ ਫੈਡਰੇਸ਼ਨਾਂ ਨਾਲ ਮੁਲਾਕਾਤਾਂ ਕਰਦੇ ਰਹੇ ਪਰ ਆਪਣਾ ਸਟੈਂਡ ਪੱਕਾ ਰੱਖਿਆ ਕਿ ਜਿੰਨਾ ਚਿਰ ਕੈਨੇਡਾ ਦੀਆਂ ਸਾਰੀਆਂ ਕਬੱਡੀ ਕਲੱਬਾਂ ਇੱਕ ਸਾਂਝੀ ਜਥੇਬੰਦੀ ਦੇ ਝੰਡੇ ਹੇਠ ਨਹੀਂ ਆਉਂਦੀਆਂ, ਕਿਸੇ ਨੂੰ ਵੀਜ਼ਾ ਨਹੀਂ ਮਿਲੇਗਾ। ਸਰਕਾਰ ਦੇ ਇਸ ਰੁਖ 'ਤੇ ਬਹੁਤ ਸਾਰੇ ਕਬੱਡੀ ਪ੍ਰਮੋਟਰਾਂ ਨੇ ਇਤਰਾਜ਼ ਕੀਤਾ ਕਿ ਕਬੱਡੀ ਖਿਡਾਰੀਆਂ, ਪ੍ਰਮੋਟਰਾਂ ਅਤੇ ਦਰਸ਼ਕਾਂ ਤੋਂ ਮਤਲਬ ਨਿਕਲ ਜਾਣ ਉਪਰੰਤ ਹੁਣ ਸਰਕਾਰ ਮੂੰਹ ਫੇਰ ਰਹੀ ਹੈ ਪਰ ਹੁਣ ਕਨਸੋਆਂ ਮਿਲ ਰਹੀਆਂ ਹਨ ਕਿ ਇੱਕ ਵਾਰ ਫਿਰ ਸੱਤਾਧਾਰੀ ਧਿਰ ਨਾਲ ਸਬੰਧਿਤ ਸਿਆਸਤਦਾਨ ਕਬੱਡੀ ਨਾਲ ਜੁੜੇ ਪੰਜਾਬੀਆਂ ਨੂੰ ਖੁਸ਼ ਕਰਨ ਦੀ ਤਾਕ 'ਚ ਹਨ। ਇਸ ਦਾ ਪ੍ਰਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ 'ਚ ਉਨ੍ਹਾਂ ਦੀ ਮੁੱਖ ਵਿਰੋਧੀ ਲਿਬਰਲ ਪਾਰਟੀ ਦੀ ਹਰਮਨਪਿਆਰਤਾ ਲਗਾਤਾਰ ਵਧ ਰਹੀ ਹੈ ਅਤੇ ਚੋਣਾਂ ਇੱਕ ਵਾਰ ਫਿਰ ਨਜ਼ਦੀਕ ਆ ਰਹੀਆਂ ਹਨ। ਕਬੱਡੀ ਨਾਲ ਜੁੜੇ ਤੇ ਸਰਕਾਰ ਤੋਂ ਨਾਰਾਜ਼ ਇਹ ਪੰਜਾਬੀ ਫਿਰ ਲਿਬਰਲ ਪਾਰਟੀ ਦੀ ਝੋਲੀ ਪੈ ਜਾਣ, ਇਹ ਗੱਲ ਉਨ੍ਹਾਂ ਨੂੰ ਗਵਾਰਾ ਨਹੀਂ ਹੋਵੇਗੀ। 

ਵੀਜ਼ੇ ਨਾ ਮਿਲਣ ਕਾਰਨ ਪਿਛਲੇ ਸਾਲ ਕੈਨੇਡਾ ਭਰ 'ਚ ਕੋਈ ਮਹੱਤਵਪੂਰਨ ਟੂਰਨਾਮੈਂਟ ਨਹੀਂ ਹੋ ਸਕਿਆ, ਜਿਸ ਕਾਰਨ ਕਬੱਡੀ ਨਾਲ ਜੁੜੇ ਪੰਜਾਬੀ ਸਰਕਾਰ 'ਤੇ ਨਜ਼ਲਾ ਝਾੜ ਰਹੇ ਹਨ। ਵੀਜ਼ੇ ਨਾ ਦੇਣ ਪਿੱਛੇ ਸੱਤਾਧਾਰੀ ਧਿਰ ਵਲੋਂ ਇੱਕ ਕਾਰਨ ਇਹ ਵੀ ਦਿੱਤਾ ਗਿਆ ਸੀ ਕਿ ਕਬੱਡੀ ਖੇਡ ਰਹੇ ਮੌਜੂਦਾ ਖਿਡਾਰੀਆਂ 'ਚੋਂ ਬਹੁਤ ਸਾਰੇ ਕਿਸੇ ਨਾ ਕਿਸੇ ਰੂਪ 'ਚ ਨਸ਼ੇ ਦੀ ਵਰਤੋਂ ਕਰਕੇ ਕਬੱਡੀ ਖੇਡ ਰਹੇ ਹਨ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬੀਤੇ ਮਹੀਨੇ ਇੰਗਲੈਂਡ ਦੀ ਕਬੱਡੀ ਫੈਡਰੇਸ਼ਨ ਵਲੋਂ ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਕਬੱਡੀ ਖਿਡਾਰੀਆਂ ਦੇ ਡਰੱਗ ਟੈਸਟ ਲਏ ਗਏ ਤੇ ਐਲਾਨ ਕੀਤਾ ਗਿਆ ਕਿ ਕੇਵਲ ਉਹੀ ਖਿਡਾਰੀ ਇਸ ਵਾਰ ਇੰਗਲੈਂਡ ਦੇ ਖੇਡ ਮੇਲਿਆਂ 'ਚ ਭਾਗ ਲੈ ਸਕਣਗੇ, ਜੋ ਨਸ਼ਾ ਨਹੀਂ ਕਰਦੇ ਪਰ ਸਭ ਨੂੰ ਉਦੋਂ ਬਹੁਤ ਹੈਰਾਨੀ ਹੋਈ ਜਦ ਪੰਜਾਬ ਦੇ ਬਹੁਤ ਸਾਰੇ ਨਾਮਵਰ ਕਬੱਡੀ ਖਿਡਾਰੀ ਉਕਤ ਡਰੱਗ ਟੈਸਟ ਕਰਵਾਉਣ ਹੀ ਨਹੀਂ ਪੁੱਜੇ। ਇਹ ਗੱਲ ਵੱਖਰੀ ਹੈ ਕਿ ਜੋ ਪੁੱਜੇ, ਉਨ੍ਹਾਂ 'ਚੋਂ ਵੀ ਕਈਆਂ ਦੇ ਟੈਸਟ ਪਾਜ਼ੇਟਿਵ ਆਏ। ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਦੀ ਜੇਤੂ ਭਾਰਤ ਦੀ ਟੀਮ ਦੇ ਨਾਮਵਰ ਖਿਡਾਰੀ ਵੀ ਉਕਤ ਡਰੱਗ ਟੈਸਟ ਕਰਵਾਉਣ ਦੇਣ ਲਈ ਨਹੀਂ ਪੁੱਜੇ। ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਕਿ ਕੀ ਵਿਸ਼ਵ ਕੱਪ 'ਚ ਖੇਡਣ ਤੋਂ ਪਹਿਲਾਂ ਬਾਕੀ ਮੁਲਕਾਂ ਦੇ ਖਿਡਾਰੀਆਂ ਵਾਂਗ ਉਨ੍ਹਾਂ ਦਾ ਡਰੱਗ ਟੈਸਟ ਨਹੀਂ ਸੀ ਹੋਇਆ? ਜੇ ਡਰੱਗ ਟੈਸਟ ਹੋਇਆ ਸੀ ਅਤੇ ਉਹ ਨਸ਼ਾ ਰਹਿਤ ਹਨ ਤਾਂ ਫਿਰ ਉਨ੍ਹਾਂ ਇਸ ਵਾਰ ਇੰਗਲੈਂਡ ਜਾਣ ਲਈ ਟੈਸਟ ਕਿਉਂ ਨਹੀਂ ਕਰਵਾਇਆ? ਜਦਕਿ ਬੀਤੇ ਸਾਲਾਂ 'ਚ ਉਹ ਇੰਗਲੈਂਡ ਦੇ ਖੇਡ ਮੇਲਿਆਂ 'ਚ ਭਾਗ ਲੈਂਦੇ ਰਹੇ ਹਨ। ਅਜਿਹੀ ਹਾਲਤ 'ਚ ਕੈਨੇਡਾ ਸਰਕਾਰ ਦੇ ਪੰਜਾਬੀ ਮੰਤਰੀ ਇਸ ਵਾਰ ਇਹ ਯਕੀਨੀ ਕਿਵੇਂ ਬਣਾਉਣਗੇ ਕਿ ਪੰਜਾਬ ਤੋਂ ਕੈਨੇਡਾ ਆ ਰਹੇ ਕਬੱਡੀ ਖਿਡਾਰੀ ਨਸ਼ਾ ਨਹੀਂ ਕਰਦੇ ਜਾਂ ਉਹ ਇੱਥੇ ਆ ਕੇ ਰਫੂਚੱਕਰ ਨਹੀਂ ਹੋਣਗੇ? ਜਾਂ ਫਿਰ ਉਹ ਕਬੱਡੀ ਨਾਲ ਜੁੜੇ ਲੋਕਾਂ ਦੀਆਂ ਵੋਟਾਂ ਖਿੱਚਣ ਲਈ ਧੜਾ-ਧੜ ਵੀਜ਼ੇ ਵੀ ਦੇਣਗੇ ਤੇ ਖਿਡਾਰੀ ਨਸ਼ੇ ਕਰਦੇ ਹਨ ਜਾਂ ਨਹੀਂ ਕਰਦੇ, ਇਸ ਦੀ ਪ੍ਰਵਾਹ ਨਹੀਂ ਕਰਨਗੇ?

ਵਿਸਾਖੀ ਦੇ ਨਗਰ ਕੀਰਤਨਾਂ ਤੋਂ ਬਾਅਦ ਕੈਨੇਡਾ ਵਿੱਚ ਕਬੱਡੀ ਖੇਡ ਮੇਲੇ ਸ਼ੁਰੂ ਹੋ ਜਾਂਦੇ ਹਨ। ਕਬੱਡੀ ਪ੍ਰੇਮੀ ਚਾਹੁੰਦੇ ਹਨ ਕਿ ਇਸ ਵਾਰ ਉਨ੍ਹਾਂ ਨੂੰ ਕਬੱਡੀ ਦੇ ਫਸਵੇਂ ਮੁਕਾਬਲੇ ਵੇਖਣੇ ਨਸੀਬ ਹੋਣ ਪਰ ਨਾਲ ਹੀ ਉਹ ਇਹ ਵੀ ਚਾਹੁੰਦੇ ਹਨ ਕਿ ਖੇਡ ਮੇਲਿਆਂ 'ਚ ਕੇਵਲ ਨਸ਼ਾ ਰਹਿਤ ਖਿਡਾਰੀ ਹੀ ਭਾਗ ਲੈਣ। ਕਬੱਡੀ ਨਸ਼ਿਆਂ 'ਚ ਵਾਧਾ ਕਰਨ ਲਈ ਨਹੀਂ ਸਗੋਂ ਨੌਜਵਾਨਾਂ 'ਚ ਨਸ਼ਿਆਂ ਦੇ ਰੁਝਾਨ ਨੂੰ ਰੋਕਣ ਲਈ ਖੇਡੀ ਜਾਂਦੀ ਹੈ। ਚੰਗਾ ਹੋਵੇ ਕਿ ਖਿਡਾਰੀਆਂ ਦੇ ਨਾਲ-ਨਾਲ ਖੇਡ ਮੇਲੇ ਕਰਵਾਉਣ ਵਾਲਿਆਂ ਦਾ ਵੀ ਡਰੱਗ ਟੈਸਟ ਹੋਵੇ ਤਾਂ ਕਿ ਕਬੱਡੀ ਦਾ ਪੂਰਾ ਮੈਦਾਨ ਹੀ ਨਸ਼ਾ ਮੁਕਤ ਹੋਵੇ। ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਕਿ ਕੁਝ ਕਬੱਡੀ ਖਿਡਾਰੀਆਂ ਨੂੰ ਨਸ਼ੇ ਦੀ ਲਤ ਲਾਉਣ ਲਈ ਉਨ੍ਹਾਂ ਲੋਕਾਂ ਵਲੋਂ ਹੀ ਮਜਬੂਰ ਕੀਤਾ ਜਾਂਦਾ ਰਿਹਾ ਹੈ, ਜੋ ਖੁਦ ਕਬੱਡੀ ਖਿਡਵਾਉਂਦੇ ਰਹੇ ਹਨ।

ਇਸ ਸਬੰਧੀ ਗੱਲ ਕਰਦਿਆਂ ਕਬੱਡੀ ਨਾਲ ਲੰਮੇ ਅਰਸੇ ਤੋਂ ਜੁੜੇ ਖਿਡਾਰੀ ਤੇ ਪ੍ਰਮੋਟਰ ਸੁੱਖ ਪੰਧੇਰ, ਜੋ ਕਿ ਕੈਨੇਡਾ ਅਤੇ ਪੰਜਾਬ 'ਚ ਵੱਡੇ-ਵੱਡੇ ਖੇਡ ਮੇਲੇ ਕਰਵਾ ਚੁੱਕੇ ਹਨ, ਨੇ ਸਹਿਮਤੀ ਪ੍ਰਗਟਾਈ ਕਿ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਜਾਰੀ ਕਰਨ ਵੇਲੇ ਯਕੀਨੀ ਬਣਾਇਆ ਜਾਵੇ ਕਿ ਖਿਡਾਰੀ ਨਸ਼ਾ ਮੁਕਤ ਹੋਣ ਤੇ ਜਿਸ ਕਲੱਬ ਜਾਂ ਫੈਡਰੇਸ਼ਨ ਲਈ ਉਹ ਖੇਡਣ ਜਾ ਰਹੇ ਹਨ, ਉਹ ਵੀ ਭਰੋਸੇਯੋਗ ਹੋਵੇ। ਉਨ੍ਹਾਂ ਕਿਹਾ ਕਿ ਬਹੁਤ ਚੰਗੀ ਗੱਲ ਹੋਵੇਗੀ ਕਿ ਜੇਕਰ ਕੈਨੇਡਾ ਸਰਕਾਰ ਵਿਚਲੇ ਪੰਜਾਬੀ ਸਿਆਸਤਦਾਨ ਇਹ ਸਪੱਸ਼ਟ ਕਰ ਦੇਣ ਕਿ ਪਿਛਲੇ ਸਾਲ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਵੀਜ਼ੇ ਕਿਉਂ ਨਹੀਂ ਦਿੱਤੇ ਗਏ ਅਤੇ ਇਸ ਵਾਰ ਅਜਿਹਾ ਕੀ ਵਾਪਰ ਗਿਆ ਕਿ ਸਿਆਸਤਦਾਨਾਂ ਵਲੋਂ ਵੀਜ਼ੇ ਦੇਣ ਲਈ ਖੁਦ ਪਹੁੰਚ ਕੀਤੀ ਜਾ ਰਹੀ ਹੈ? ਉਨ੍ਹਾਂ ਪੁਸ਼ਟੀ ਕੀਤੀ ਕਿ ਇੰਗਲੈਂਡ ਖੇਡਣ ਲਈ ਪੰਜਾਬ 'ਚ ਡਰੱਗ ਟੈਸਟ ਦੇਣ ਗਏ ਕਈ ਖਿਡਾਰੀਆਂ ਦੇ ਨਤੀਜੇ ਪਾਜ਼ੇਟਿਵ ਆਏ ਹਨ ਜਦਕਿ ਬਹੁਤ ਸਾਰੇ ਖਿਡਾਰੀ ਟੈਸਟ ਕਰਵਾਉਣ ਹੀ ਨਹੀਂ ਗਏ ਹਾਲਾਂਕਿ ਕੁਝ ਮਹੀਨੇ ਪਹਿਲਾਂ ਹੀ ਉਹ ਵਿਸ਼ਵ ਕੱਪ 'ਚ ਭਾਰਤ ਦੀ ਤਰਫੋਂ ਖੇਡ ਚੁੱਕੇ ਹਨ। ਉਨ੍ਹਾਂ ਇੰਗਲੈਂਡ-ਅਮਰੀਕਾ ਦੇ ਸਮੂਹ ਕਬੱਡੀ ਪ੍ਰਮੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਰਹਿਣ ਅਤੇ ਕਿਸੇ ਵੀ ਅਜਿਹੇ ਖਿਡਾਰੀ ਨੂੰ ਮੈਦਾਨ 'ਚ ਵੜਨ ਨਾ ਦਿੱਤਾ ਜਾਵੇ, ਜੋ ਨਸ਼ਾ ਕਰਦਾ ਹੈ। ਦ੍ਰਿੜਤਾ ਨਾਲ ਇੱਕ ਵਾਰ ਉਠਾਇਆ ਅਜਿਹਾ ਸਖਤ ਕਦਮ ਹੀ ਕਬੱਡੀ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਤੇ ਦਿੱਤੀ ਗਈ ਢਿੱਲ ਸਦਾ ਲਈ ਕਬੱਡੀ ਦਾ ਖਾਤਮਾ ਕਰ ਸਕਦੀ ਹੈ।

 ਕਬੱਡੀ ਨਾਲ ਲੰਮੇ ਸਮੇਂ ਤੋਂ ਜੁੜੇ ਸਤਨਾਮ ਸਿੰਘ ਪਵਾਰ ਉਰਫ ਬੁੱਧੂ, ਜੋ ਕਿ ਪ੍ਰਸਿੱਧ ਕਬੱਡੀ ਖਿਡਾਰੀ ਮੰਗਾ ਮਿਠਾਪੁਰੀਆ ਦੇ ਭਰਾ ਹਨ, ਨੇ ਇਸ ਵਿਸ਼ੇ 'ਤੇ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਕਬੱਡੀ ਵਿੱਚ ਸਿਆਸਤ ਅਤੇ ਚੌਧਰ ਦਾ ਪਸਾਰਾ ਹੈ, ਜੋ ਕਿ ਖੇਡ ਦੀ ਪ੍ਰਫੁੱਲਤਾ ਲਈ ਚੰਗੀ ਗੱਲ ਨਹੀਂ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ ਟਿੰਮ ਉੱਪਲ ਵਲੋਂ ਇਸ ਵਾਰ ਕਿਹਾ ਜਾ ਰਿਹਾ ਹੈ ਕਿ ਇੱਕ-ਇੱਕ ਫੈਡਰੇਸ਼ਨ ਨੂੰ 10-10 ਖਿਡਾਰੀ ਪੰਜਾਬ ਤੋਂ ਬੁਲਾਉਣ ਦੀ ਆਗਿਆ ਦੇਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਤੋਂ ਖਿਡਾਰੀ ਨਾ ਵੀ ਆਉਣ ਤਾਂ ਵੀ ਅਮਰੀਕਾ ਤੇ ਇੰਗਲੈਂਡ ਤੋਂ ਖਿਡਾਰੀ ਸੱਦ ਕੇ ਅਤੇ ਸਾਂਝੀਆਂ ਟੀਮਾਂ ਬਣਾ ਕੇ ਵਧੀਆ ਤੇ ਫਸਵੇਂ ਮੈਚ ਕਰਵਾਏ ਜਾ ਸਕਦੇ ਹਨ। ਪਰ ਚੰਗਾ ਹੋਵੇ ਜੇ ਫੈਡਰੇਸ਼ਨਾਂ ਨੂੰ 10-10 ਖਿਡਾਰੀ ਦੇਣ ਦੀ ਬਜਾਇ ਇੱਕ-ਇੱਕ ਕਲੱਬ ਨੂੰ ਦੋ-ਦੋ ਖਿਡਾਰੀ ਪੰਜਾਬ ਤੋਂ ਲਿਆਉਣ ਦੀ ਆਗਿਆ ਦੇ ਦਿੱਤੀ ਜਾਵੇ। ਇਸ ਨਾਲ ਕੈਨੇਡਾ ਦੇ ਖਿਡਾਰੀਆਂ ਨੂੰ ਪੰਜਾਬ ਦੇ ਪ੍ਰੋਫੈਸ਼ਨਲ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ ਤੇ ਉਹ ਬਹੁਤ ਕੁਝ ਨਵਾਂ ਸਿੱਖਦੇ ਹਨ, ਨਾਲ ਹੀ ਦਰਸ਼ਕਾਂ ਨੂੰ ਵੀ ਮਿਆਰੀ ਮੈਚ ਦੇਖਣ ਨੂੰ ਮਿਲਦੇ ਹਨ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਨਸ਼ੇ ਬੰਦ ਹੋਣੇ ਚਾਹੀਦੇ ਹਨ। ਜੇ ਇੱਕਦਮ ਇਹ ਸੰਭਵ ਨਹੀਂ ਤਾਂ ਹਾਲ ਦੀ ਘੜੀ ਮੈਦਾਨ 'ਚ ਵੜਨ ਤੋਂ ਪਹਿਲਾਂ ਖੜ੍ਹੇ-ਪੈਰ ਕੀਤੇ ਜਾਣ ਵਾਲੇ ਨਸ਼ੇ ਹੀ ਬੰਦ ਕਰ ਲਏ ਜਾਣ ਅਤੇ ਫਿਰ ਹੌਲੀ-ਹੌਲੀ ਸਟੀਰਾਇਡ ਦੀ ਵਰਤੋਂ ਰੋਕ ਲਈ ਜਾਵੇ।

ਪੁਰਾਣੇ ਖਿਡਾਰੀ ਅਤੇ ਕਬੱਡੀ ਪ੍ਰਮੋਟਰ ਮਨਜੀਤ ਬਾਸੀ ਅਨੁਸਾਰ ਇਸ ਵਾਰ ਉਹ ਇਹ ਯਕੀਨੀ ਬਣਾਉਣਗੇ ਕਿ ਪੰਜਾਬ ਤੋਂ ਕਬੱਡੀ ਖੇਡਣ ਆਏ ਖਿਡਾਰੀਆਂ ਦਾ ਪੂਰਾ ਚੈੱਕਅੱਪ ਕੀਤਾ ਜਾਵੇ ਤੇ ਮੈਦਾਨ 'ਚ ਕੇਵਲ ਉਹੀ ਖਿਡਾਰੀ ਹੀ ਖੇਡ ਸਕਣ, ਜੋ ਨਸ਼ਿਆਂ ਤੋਂ ਰਹਿਤ ਹੋਣ। ਉਨ੍ਹਾਂ ਕਿਹਾ ਕਿ ਕਾਰਨ ਬੇਸ਼ੱਕ ਕੁਝ ਵੀ ਹੋਣ ਪਰ ਇਸ ਵਾਰ ਸਰਕਾਰ ਵਲੋਂ ਇਸ਼ਾਰੇ ਮਿਲ ਰਹੇ ਹਨ ਕਿ ਉਹ ਪੰਜਾਬ ਤੋਂ ਕਬੱਡੀ ਖਿਡਾਰੀਆਂ ਨੂੰ ਕੈਨੇਡਾ ਦੇ ਵੀਜ਼ੇ ਦੇਣ ਦੀ ਇੱਛਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਬੱਡੀ ਤਾਂ ਹੀ ਸਫਲ ਹੋ ਸਕਦੀ ਹੈ ਜੇਕਰ ਚੌਧਰ ਤੇ ਨਸ਼ਿਆਂ ਦਾ ਤਿਆਗ ਕਰਕੇ ਇਸ ਨੂੰ ਖੇਡ-ਭਾਵਨਾ ਨਾਲ ਖੇਡਿਆ ਤੇ ਖਿਡਾਇਆ ਜਾਵੇ। ਉਨ੍ਹਾਂ ਫੈਡਰੇਸ਼ਨਾਂ ਦੀ ਆਪਸੀ ਏਕਤਾ ਦੀ ਚਾਹਨਾ ਹੀ ਨਹੀਂ ਕੀਤੀ ਬਲਕਿ ਸਾਰਿਆਂ ਨੂੰ ਸੱਦਾ ਵੀ ਦਿੱਤਾ ਕਿ ਗਿਲੇ-ਸ਼ਿਕਵੇ ਭੁਲਾ ਕੇ ਇੱਕ ਸਾਂਝੀ ਕਬੱਡੀ ਫੈਡਰੇਸ਼ਨ ਬਣਾਈ ਜਾਵੇ ਤਾਂ ਕਿ ਕਬੱਡੀ ਪ੍ਰੇਮੀ ਇੱਕ ਜਗ੍ਹਾ ਪਹਿਲਾਂ ਵਾਂਗ ਫਸਵੇਂ ਮੈਚਾਂ ਦਾ ਆਨੰਦ ਮਾਣ ਸਕਣ। ਏਕਤਾ ਤੋਂ ਬਾਅਦ ਦੂਜੀ ਫੈਡਰੇਸ਼ਨ ਦੇ ਪ੍ਰਬੰਧਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਉਨ੍ਹਾਂ ਜ਼ੋਰ ਨਾਲ ਦਿੱਤਾ।

ਇਸ ਗੱਲ ਨਾਲ ਸਾਰੇ ਸਹਿਮਤ ਹਨ ਕਿ ਕਬੱਡੀ ਨਸ਼ਾ ਰਹਿਤ ਹੋਣੀ ਚਾਹੀਦੀ ਹੈ। ਜੇ ਘਾਟ ਹੈ ਤਾਂ ਸਿਰਫ ਇਸ ਚਾਹਤ ਨੂੰ ਅਸਲੀਅਤ ਵਿੱਚ ਬਦਲਣ ਲਈ ਕੁਝ ਸਖਤ ਤੇ ਦ੍ਰਿੜ ਫੈਸਲੇ ਲੈਣ ਦੀ। ਕਬੱਡੀ ਨਾਲ ਜੁੜੇ ਲੋਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਹ ਸਖਤ ਫੈਸਲੇ ਲੈਣ ਤਾਂ ਕਿ ਭਵਿੱਖ ਵਿੱਚ ਕੋਈ ਇਹ ਗੱਲ ਨਾ ਕਹਿ ਸਕੇ ਕਿ ਇਨ੍ਹਾਂ ਪ੍ਰਬੰਧਕਾਂ ਦੇ ਦੌਰ 'ਚ ਕਬੱਡੀ ਦਾ ਖਾਤਮਾ ਹੋਇਆ ਸੀ। 



Archive

RECENT STORIES