Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੱਠ ਸਾਲ ਬਾਅਦ ਖੁੱਲ੍ਹੇ ਦਰ ਬਾਬੇ ਨਾਨਕ ਦੇ ਤਪਸਥਾਨ ਦੇ

Posted on March 10th, 2014

<p>ਮਨਜੀਤਇੰਦਰ ਸਿੰਘ ਜੌਹਲ਼<br></p>


ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਅੰਗਰੇਜ਼ ਹਾਕਮਾਂ ਵੱਲੋਂ ਪੱਛਮੀ ਪੰਜਾਬ ਦੇ ਬੰਜਰ, ਜੰਗਲ਼ੀ ਇਲਾਕਿਆਂ ਨੂੰ ਅਬਾਦ ਕਰਨ ਵਾਸਤੇ ਨਹਿਰਾਂ ਦਾ ਜਾਲ਼ ਵਿਛਾ ਕੇ ਇੱਥੇ ਸਾਬਕਾ ਫੌਜੀਆਂ ਅਤੇ ਪੂਰਬੀ ਪੰਜਾਬ ਤੋਂ ਕਿਸਾਨਾਂ, ਖਾਸ ਕਰ ਸਿੱਖਾਂ ਨੂੰ ਜ਼ਮੀਨਾਂ ਅਲਾਟ ਕਰਕੇ ਵਸਾਉਣਾ ਸ਼ੁਰੂ ਕੀਤਾ। ਇੰਝ ਪੰਜਾਬ ਦੀਆਂ ਮਸ਼ਹੂਰ ਬਾਰਾਂ, ਸਾਂਦਲਬਾਰ, ਗੰਜੀਬਾਰ, ਨੀਲੀਬਾਰ ਅਤੇ ਕਿਰਹਾਣਾ ਬਾਰਾਂ ਵਸੀਆਂ। ਹਿੰਦੁਸਤਾਨ ਦੇ 30% ਪੰਜਾਬੀਆਂ ਦਾ ਪਿਛੋਕੜ ਇਹਨਾਂ ਬਾਰਾਂ ਦਾ ਹੀ ਹੈ। ਮੈਨੂੰ ਆਪਣੇ 2005 ਦੀ ਪਾਕਿ ਫੇਰੀ ਦੌਰਾਨ ਇਹਨਾਂ ਇਲਾਕਿਆਂ ਵਿੱਚ ਵਿਚਰਨ ਦਾ ਮੌਕਾ ਮਿਲ਼ਿਆ। ਨੀਲੀਬਾਰ ਦਾ ਇਲਾਕਾ ਸਤਲੁਜ ਅਤੇ ਰਾਵੀ ਦਰਿਆਵਂਾ ਦੇ ਦਰਮਿਆਨ ਦਾ ਹੈ। ਇਸ ਦੇ ਖਾਸ ਸ਼ਹਿਰ ਹਨ ਵਿਹਾੜੀ, ਪਾਕ ਪਟਨ, ਮਿੰਟਗੁਮਰੀ, ਆਰਿਫਵਾਲ਼ਾ, ਬੂਰੇਵਾਲ਼ਾ। ਸਾਡਾ ਮੇਜ਼ਬਾਨ ਵਿਹਾੜੀ ਦੇ ਸ਼ਹਿਰ ਬੂਰੇਵਾਲ਼ਾ ਦੇ ਨੇੜੇ ਚੱਕ 201 ਈ ਬੀ ਦਾ ਘੁੰਮਣ ਪਰਿਵਾਰ ਸੀ। ਇਸ ਪਰਿਵਾਰ ਦੇ ਸਨਾਉੱਲਾ ਘੁੰਮਣ ਨਾਲ਼ ਮੇਰੀ ਯਾਰੀ ਚਾਰ-ਪੰਜ ਸਾਲ ਪੁਰਾਣੀ ਸੀ। ਘੁੰਮਣਾਂ ਦੀ ਚਾਰ ਮੁਰੱਬਿਆਂ ਦੀ ਖੇਤੀ  ਹੈ ਪਰ ਪਛੋਕੜ ਸਿਆਸੀ ਹੈ। ਵਾਲਿਦ ਮਰਹੂਮ ਹਾਜੀ ਅਬਦੁਲ ਹਮੀਦ ਘੁੰਮਣ ਪੰਜਾਬ (ਲਹਿੰਦੇ) ਦੇ ਮੈਂਬਰ ਅਸੈਂਬਲੀ ਰਹਿ ਚੁੱਕੇ ਹਨ ਅਤੇ ਮਾਮਾ ਸਾਬਕਾ ਵਜ਼ੀਰ। ਬਜ਼ੁਰਗ ਕਪੂਰਥਲਾ ਜਿਲ੍ਹੇ ਦੇ ਪਿੰਡ ਅਲਾਉਦੀਪੁਰ ਤੋਂ ਉਠ ਕੇ ਗਏ। ਪਹਿਲਾਂ ਲਾਇਲਪੁਰ ਕੋਲ਼ ਜਮੀਨ ਅਲਾਟ ਹੋਈ ਫਿਰ ਬੂਰੇਵਾਲ਼ੇ।  1995 ਵਿੱਚ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਤੇ ਜਦ ਮੈਂ ਗਿਆ ਸਾਂ ਤਾਂ ਲਾਹੌਰ ਅਨਾਰਕਲੀ ਬਜ਼ਾਰ ਵਿੱਚ ਤੁਰਿਆ ਜਾਂਦਿਆਂ ਇੱਕ ਨੌਜਵਾਨ  ਮਿਲਿਆ ਜੀਹਦਾ ਨਾਂ ਸੀ ਮੁਹੰਮਦ ਅਰਸ਼ਦ ਸਿੱਧੂ, ਉਹਦੇ ਵਡੇਰਿਆਂ ਦਾ ਪਿੰਡ ਮਲੋਟ ਦੇ ਕੋਲ ਸਰਾਵਾਂ ਦੇ ਲਾਗੇ ਦਾ ਸੀ। ਉਸਦਾ ਪਿੰਡ ਚੱਕ 203 ਈ ਬੀ ਹੈ। ਗੁਆਂਢੀ ਪਿੰਡਾਂ ਦੇ ਹੋਣ ਕਰਕੇ ਸਿੱਧੂ ਦੇ ਰਾਹੀਂ ਹੀ ਮੇਰੀ ਸਨਾਉੱਲ਼ਾ ਨਾਲ ਜਾਣ ਪਹਿਚਾਣ ਹੋਈ। ਸਨਾਉੱਲ਼ੇ ਦੀ ਚੜ੍ਹਦੇ ਪੰਜਾਬ, ਇਧਰਲੇ ਪੰਜਾਬੀਆਂ ਖਾਸ ਕਰ ਸਰਦਾਰਾਂ ਨੂੰ ਵੇਖਣ ਮਿਲਣ ਦੀ ਉਚੇਚੀ ਖਾਹਸ਼ ਸੀ।

ਕਿਉਂ ਜੋ ਇਸ ਵਾਰ ਅਸੀਂ ਪੱਛਮੀ ਪੰਜਾਬ ਦੇ ਧੁਰ ਅੰਦਰ ਤੱਕ ਸਫ਼ਰ ਕਰਨਾ ਸੀ, ਇਸ ਕਰਕੇ ਹੋਰਨਾਂ ਚੀਜ਼ਾਂ ਤੋਂ ਇਲਾਵਾ ਮੇਰੀ ਹਸਰਤ ਅਜਿਹੇ ਧਾਰਮਿਕ ਸਥਾਨ, ਵਿਰਾਸਤੀ ਥਾਵਾਂ ਵੇਖਣ ਦੀ ਵੀ ਸੀ, ਜਿਹਨਾਂ ਤੋਂ ਸਿੱਖ ਕੌਮ ਨੂੰ ਵਿਛੋੜਿਆ ਗਿਆ ਹੈ ਅਤੇ ਹਾਲੇ ਤੱਕ ਦੁਬਾਰਾ ਦਰਸ਼ਨ ਨਹੀਂ ਹੋਏ।  ਇਕਬਾਲ ਕੈਸਰ ਦੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਕਿਤਾਬ ਵਿਚੋਂ ਲੱਭਿਆ ਕਿ ਸ਼ਹਿਰ ਬੂਰੇਵਾਲ ਤੋਂ ਤਕਰੀਬਨ 18 ਮੀਲ ਪੱਛਮ ਵੱਲ ਚੱਕ 317 ਵਿੱਚ ਸਤਿਗੁਰੂ ਨਾਨਕ ਜੀ ਨਾਲ ਸਬੰਧਤ ਗੁਰਦਵਾਰਾ 'ਤਪਸਥਾਨ' ਹੈ। ਮਹਾਨ ਕੋਸ਼ ਦੇ ਸਫਾ 466 ਉਤੇ ਇਸ ਜਗ੍ਹਾ ਨੂੰ ਪਿੰਡ ਚਾਵਲੀ ਮਸ਼ਾਇਖ ਕਰਕੇ ਲਿਖਿਆ ਹੈ ਅਤੇ ਇੱਥੇ ਪਹਿਲੀ ਪਾਤਸ਼ਾਹੀ ਦੇ ਆਉਣ ਦਾ ਜ਼ਿਕਰ ਹੈ। ਦਰਬਾਰ ਸਧਾਰਨ ਅਤੇ ਸੇਵਾਦਾਰ ਅਕਾਲੀ ਸਿੰਘ ਲਿਖਿਆ ਹੈ।

ਸਾਨੂੰ ਬੂਰੇਵਾਲਾ ਦੇ ਤਹਿਸੀਲ ਨਾਜ਼ਮ ਅਨਵਰ ਵੜੈਚ ਹੁਰਾਂ ਵੱਲੋਂ ਟਾਊਨ ਹਾਲ ਵਿੱਚ ਦਾਵਤ ਦਿੱਤੀ ਗਈ, ਜਿਥੇ ਕਿ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਕੌਂਸਲਰ ਅਤੇ ਅਫਸਰ ਹਾਜ਼ਰ ਸਨ। ਕਾਫੀ ਚਿਰ ਗੁਫਤਗੂ ਹੁੰਦੀ ਰਹੀ, ਮੈਂ ਗੁਰਦਵਾਰਾ ਤਪਸਥਾਨ ਜਾਣ ਦੀ ਖਹਿਸ਼ ਦੱਸੀ ਤਾਂ ਕਿਸੇ ਨੂੰ ਉਥੇ ਗੁਰੂਘਰ ਹੋਣ ਦਾ ਇਲਮ ਨਾਂ ਸੀ ਪਰ ਚੱਕ 317 ਵਿੱਚ ਹੀ ਅੱਠਵੀਂ ਸਦੀ ਦੇ ਸੂਫੀ ਸੰਤ ਹਾਜੀ ਸ਼ੇਰ ਮੁਹੰਮਦ ਦਿਵਾਨ ਦਾ ਮਕਬਰਾ ਹੋਣ ਕਰਕੇ ਇਹ ਜਗ੍ਹਾ ਪ੍ਰਸਿੱਧ ਹੈ। ਤਦੇ ਕਿਸੇ ਨੇ ਦੱਸਿਆ ਕਿ ਦਿਵਾਨ ਸਾਹਿਬ ਤੋਂ ਥੋੜੀ ਦੂਰੀ ਉਤੇ ਬਾਬਾ ਫਰੀਦ ਦੇ ਖੂਹ ਦੇ ਬਿਲਕੁਲ ਸਾਹਮਣੇ ਇੱਕ ਗੁਰਦਵਾਰਾ ਹੈ। ਥੋੜੇ ਚਿਰ ਬਾਦ ਸਾਡਾ ਕਾਫਲਾ ਦਿਵਾਨ ਸਾਹਿਬ (ਚਾਵਲੀ ਮਸ਼ਾਇਖ) ਵੱਲ ਵੱਧ ਤੁਰਿਆ। ਇਹ ਜ૳ਗਾ ਬੂਰੇਵਾਲ਼ ਤੋਂ 16 ਕਿ: ਮੀ: ਪਹਾੜ ਵੱਲ ਸਤਲੁਜ ਦੇ ਨੇੜੇ ਹੈ। ਮੁਕਾਮੀ ਅਬਾਦੀ ਜਾਂਗਲ਼ੀਆਂ ਦੀ ਹੈ। ਪੁਰਾਣੇ ਸਮੇਂ ਵਿੱਚ ਇਸ ਨੂੰ ਕੋਠੀਵਾਲ ਕਿਹਾ ਜਾਂਦਾ ਸੀ। ਹਜ਼ਰਤ ਬਾਬਾ ਸ਼ੇਖ ਫਰੀਦ ਦੀ ਪੈਦਾਇਸ਼ ਵੀ ਏਥੇ ਹੀ ਹੋਈ ਸੀ। ਉਹਨਾਂ ਦੇ ਮਾਤਾ-ਪਿਤਾ ਵੀ ਏਥੇ ਹੀ ਦਫ਼ਨ ਹਨ। 

ਦੀਵਾਨ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਅਸੀਂ ਗੁਰਦਵਾਰਾ ਤਪਸਥਾਨ ਵੱਲ ਨੂੰ ਪੈਦਲ ਹੋ ਤੁਰੇ ਜੋ ਕਿ ਕੋਈ ਇੱਕ ਕਿਲੋਮੀਟਰ ਦੀ ਦੂਰੀ 'ਤੇ ਸੀ। ਗੁਰਦਵਾਰੇ ਦਾ ਗੁੰਬਦ ਦੂਰੋਂ ਹੀ ਵਿਖਾਈ ਦੇਣ ਲੱਗ ਪਿਆ। ਰਸਤਾ ਕੱਚਾ ਸੀ ਅਤੇ ਮੀਂਹ ਕਾਰਨ ਚਿੱਕੜ ਵੀ ਹੋਇਆ ਸੀ।  ਲੋਕਾਂ ਨੇ ਦੱਸਿਆ ਕਿ ਗੁਰਦੁਵਾਰੇ ਦੇ ਅੰਦਰ ਕਿਸੇ ਦੀ ਰਹਾਇਸ਼ ਕੀਤੀ ਹੋਈ ਹੈ। ਅਸੀਂ ਤਿੰਨ ਸਿੱਖਾਂ, ਕੁਝ ਸਰਕਾਰੀ ਅਧਿਕਾਰੀਆਂ ਸਮੇਤ ਕੋਈ 20-25 ਜਾਣੇ ਗੁਰਦਵਾਰੇ ਦੀ ਇਮਾਰਤ ਦੇ ਬਾਹਰ ਖੜੇ ਸਾਂ। ਗੁਰਦਵਾਰੇ ਦੇ ਅਹਾਤੇ ਵਿੱਚ ਰਹਿੰਦੇ ਟੱਬਰ ਨੇ ਘਬਰਾ ਕੇ ਦਰਵਾਜਾ ਬੰਦ ਕਰ ਲਿਆ। ਉਹਨਾਂ ਨੂੰ ਸਮਝਾਇਆ ਗਿਆ ਕਿ ਸਰਦਾਰ ਤਾਂ ਸਿਰਫ ਇਸ ਜਗ੍ਹਾ ਨੂੰ ਸਿਜਦਾ ਕਰਨ ਆਏ ਹਨ ਤੁਹਾਨੂੰ ਕੱਢਣਾ ਨਹੀਂ ਤਾਂ ਕਿਤੇ ਉਹਨਾਂ ਦਰਵਾਜਾ ਖੋਲ੍ਹਿਆ। ਇਮਾਰਤ ਛੋਟੀ ਪਰ ਸ਼ਾਨਦਾਰ ਸੀ। ਦਰਬਾਰ ਹਾਲ ਕੋਈ 40 ਫੁੱਟ ਗੁਣਾ 40 ਫੁੱਟ ਦਾ ਸੀ। ਨਾਲ ਹੀ ਛੋਟੀ ਜਿਹੀ ਲੰਗਰ ਦੀ ਇਮਾਰਤ ਸੀ, ਜਿਸ ਤੇ ਸਲੇਟ ਲੱਗੀ ਸੀ 'ਟਹਿਲ ਕਰਾਈ ਸ਼ੇਰ ਸਿੰਘ ਭਸੀਨ'। ਹੋਰ ਵੀ ਸੇਵਾ ਕਰਾਉਣ ਵਾਲਿਆਂ ਦੇ ਨਾਵਾਂ ਵਾਲ਼ੀਆਂ ਸਲੇਟਾਂ ਸਨ। ਭੀੜ ਵਿੱਚੋਂ ਕਈ ਬੰਦਿਆਂ ਨੇਂ ਫਟਾਫਟ ਕਲਮ ਕਾਗ਼ਜ਼ ਨਾਲ਼ ਸਾਤੋਂ ਪੁੱਛ ਕੇ ਸਲੇਟਾਂ ਉੱਪਰ ਲਿਖੀ ਇਬਾਰਤ ਦਾ ਤਰਜ਼ਮਾ ਲਿਖਣਾ ਸ਼ੁਰੂ ਕਰ ਦਿੱਤਾ। ਸ਼ੇਰ ਸਿੰਘ ਉਸ ਵੇਲੇ ਆਰਿਫ਼ਵਾਲਾ ਤੋਂ ਐਮ. ਐਲ. ਏ. ਸਨ। ਗੁਰਦਵਾਰੇ ਦੀ ਇਮਾਰਤ ਨੂੰ ਪੁਰਾਣੀ ਹੋਈ ਕਲੀ ਦੇ ਹੇਠਾਂ ਦੱਬੀ ਮੀਨਾਕਾਰੀ ਝਾਕ ਰਹੀ ਸੀ। ਇਸ ਜਗ੍ਹਾ ਦੀ ਹਾਲਤ ਬਿਲਕੁੱਲ ਐਹੋ ਜਿਹੀ ਸੀ ਜਿਵੇਂ ਇਧਰਲੇ ਪੰਜਾਬ ਅੰਦਰ ਕਿਸੇ ਪਿੰਡ ਦੀ ਪੁਰਾਣੀ ਬੇਅਬਾਦ ਮਸੀਤ ਦੀ ਹੋਵੇ। ਕੀਲਿਆਂ ਤੇ ਬੰਨ੍ਹੀਆਂ ਮੱਝਾਂ, ਦੁਆਲ਼ੇ ਖਿੱਲਰੀਆਂ ਪਾਥੀਆਂ, ਕੋਝੀ ਜਿਹੀ ਹਾਲਤ ਸੀ। ਵੰਡ ਤੋਂ ਪਹਿਲਾਂ ਇਥੇ ਸਲਾਨਾ ਜੋੜ ਮੇਲਾ ਲੱਗਦਾ ਸੀ। ਭਗਵੰਤ ਸਿੰਘ ਸਾਹਨੀ ਸੇਵਾਦਾਰ ਸੀ। 

ਸਨਾਉੱਲ਼ਾ ਘੁੰਮਣ ਸਣੇ ਹੋਰ ਸਥਾਨਕ ਲੋਕ ਹੈਰਾਨ ਸਨ ਕਿ ਇਹ ਜਗ੍ਹਾ ਸਿੱਖ ਮਜ਼੍ਹਬ ਦੇ ਬਾਨੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ ਪਰ ਉਹਨਾਂ ਨੂੰ ਇਸ ਦਾ ਪਤਾ ਹੀ ਨਹੀਂ ਸੀ। ਗੁਰਦਵਾਰੇ ਦੇ ਐਨ ਸਾਹਮਣੇ ਬਾਬਾ ਫਰੀਦ ਜੀ ਦਾ ਖੂਹ ਹੈ, ਜਿਥੇ ਉਹਨਾਂ 12 ਸਾਲ ਭਗਤੀ ਕੀਤੀ। ਇਸ ਖੂਹ ਦਾ ਪਾਣੀ ਪੀਣ ਸ਼ਰਧਾਲੂ ਆਉਂਦੇ ਰਹਿੰਦੇ ਹਨ।

ਅਸੀਂ ਤਾਂ ਆਪਣੀ ਫੇਰੀ ਤੋਂ ਬਾਅਦ ਭਾਰਤ ਵਾਪਸ ਆ ਗਏ ਪਰ ਚੌਧਰੀ ਸਨਾਉੱਲ਼ਾ ਦੇ ਅੰਦਰ ਇੱਕ ਅਜੀਬ ਬੇਚੈਨੀ ਪੈਦਾ ਹੋ ਗਈ ਕਿ ਗੁਰਦਵਾਰਾ ਤਪਅਸਥਾਨ ਦੀ ਇਮਾਰਤ ਨੂੰ ਪਹਿਲਾਂ ਵਾਲੀ ਹਾਲਤ ਵਿੱਚ ਲਿਆ ਕੇ ਇਸ ਦੀ ਪਵਿਰੱਤਾ ਬਹਾਲ ਕੀਤੀ ਜਾਵੇ। ਇਸ ਵਾਸਤੇ ਉਹਨਾਂ ਕਈ ਸਿੱਖ ਹਲਕਿਆਂ, ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ, ਪ੍ਰਧਾਨ ਦਿੱਲੀ ਗੁਰਦਵਾਰਾ ਕਮੇਟੀ ਹਰਵਿੰਦਰ ਸਿੰਘ ਸਰਨਾ ਅਤੇ ਪ੍ਰਧਾਨ ਪਾਕਿਸਤਾਨ ਗੁਰਦਵਾਰਾ ਕਮੇਟੀ ਬਿਸ਼ਨ ਸਿੰਘ ਨਾਲ ਰਾਬਤਾ ਕੀਤਾ ਪਰ ਕਿਤੋਂ ਵੀ ਕੋਈ ਇਮਦਾਦ ਜਾਂ ਹੌਂਸਲਾਪ੍ਰਸਤੀ ਨਾ ਹੋਈ ਪਰ ਘੁੰਮਣ ਨੇ ਹੌਂਸਲਾ ਨਾ ਛੱਡਿਆ। ਤਹਿਸੀਲ ਨਾਜ਼ਮ ਬੂਰੇਵਾਲ਼ਾ ਚੌਧਰੀ ਉਸਮਾਨ ਵੜੈਚ ਨੂੰ ਮੌਕੇ ਦਾ ਦੌਰਾ ਕਰਵਾ ਕੇ ਇੱਕ ਲੱਖ ਰੁਪਈਆ ਗੁਰਦਵਾਰੇ ਨੂੰ ਜਾਂਦੇ ਕੱਚੇ ਰਾਹ ਨੂੰ ਪੱਕਾ ਕਰਨ ਅਤੇ ਨਾਲ਼ੀਆਂ ਵਾਸਤੇ ਲੈ ਲਿਆ। ਇਸ ਮੌਕੇ ਪ੍ਰੈਸ ਕਾਨਫਰੈਂਸ ਕਰਕੇ ਸਹਾਫੀਆਂ ਨੂੰ ਦੱਸਿਆ ਕਿ ਸਿੱਖਾਂ ਦੇ ਬਾਨੀ ਬਾਬਾ ਗੁਰੂ ਨਾਨਕ ਦਾ ਇਤਿਹਾਸਕ ਗੁਰਦਵਾਰਾ ਨਜਾਇਜ਼ ਕਬਜ਼ੇ ਅਧੀਨ ਅਤੇ ਖਸਤਾ ਹਾਲਤ ਵਿੱਚ ਹੈ। ਇਸ ਸਬੰਧੀ ਅਗਲੇ ਦਿਨ 19. 4. 2006 ਨੂੰ ਪਾਕਿਸਤਾਨ ਦੇ ਸਾਰੇ ਕੌਮੀ ਉਰਦੂ ਅਖਬਾਰਾਂ 'ਨਵਾਏ ਵਕਤ', ਜੰਗ, ਖਬਰੇਂ, ਜਿਨਾਹ ਆਦਿ ਅਤੇ ਅੰਗਰੇਜ਼ੀ ਅਖਬਾਰ ਨੇਸ਼ਨ ਅਤੇ ਦੀ ਨਿਊਜ ਵਿੱਚ ਗੁਰਦਵਾਰੇ ਦੀ ਹਾਲਤ ਸਬੰਧੀ ਤਸਵੀਰਾਂ ਸਹਿਤ ਵੱਡੀਆਂ ਖਬਰਾਂ ਛਪੀਆਂ ਅਤੇ ਸਰਕਾਰ ਨੂੰ ਗੁਰਦਵਾਰੇ ਦੀ ਤਕੱਦਸ (ਪਵਿੱਤਰਤਾ) ਬਹਾਲੀ ਵਾਸਤੇ ਅਪੀਲ ਕੀਤੀ ਗਈ।

ਪ੍ਰੈਸ ਵਿੱਚ ਖਬਰਾਂ ਆਉਣ ਨਾਲ ਸਬੰਧਤ ਮਹਿਕਮਾ ਔਕਾਫ (ਵਕਫ਼ ਬੋਰਡ) ਵਿੱਚ ਹਲਚਲ ਹੋਈ। ਖਬਰਾਂ ਦੇ ਅਧਾਰ ਤੇ ਪ੍ਰਸ਼ਾਸਕ ਵਕਫ਼ ਬੋਰਡ ਲਹੌਰ ਨੇ ਸਹਾਇਕ ਪ੍ਰਸ਼ਾਸਕ ਮੁਲਤਾਨ ਤੋਂ ਰਿਪੋਰਟ ਮੰਗੀ। ਸਹਾਇਕ ਪ੍ਰਸ਼ਾਸਕ ਨੇ ਰਿਪੋਰਟ ਕੀਤੀ 'ਇਹ ਗੁਰਦਵਾਰਾ ਚੱਕ 317/ਈ ਬੀ ਵਿੱਚ 9 ਮਰਲੇ ਵਿੱਚ ਉਸਰਿਆ ਹੈ। ਗੁਰਦਵਾਰੇ ਦੀ ਚਾਰ ਦਿਵਾਰੀ ਕਾਫੀ ਦੇਰ ਪਹਿਲਾਂ ਖਤਮ ਹੋ ਚੁੱਕੀ ਹੈ। ਗੁਰਦਵਾਰੇ ਨੂੰ 1994 ਵਿੱਚ ਪਿੰਡ ਦੇ ਕਿਸੇ ਨਜਾਇਜ਼ ਕਬਜ਼ੇ ਕਰਕੇ ਸੀਲ ਕਰ ਦਿੱਤਾ ਗਿਆ ਸੀ। ਹੁਣ ਕਾਜ਼ਬਕਾਰ ਨੂੰ ਸਖਤੀ ਨਾਲ ਕਬਜ਼ਾ ਖਾਲੀ ਕਰਨ ਦਾ ਹੁਕਮ ਕਰ ਦਿੱਤਾ ਹੈ।' ਸਹਾਇਕ ਪ੍ਰਸ਼ਾਸਕ ਨੇ ਇਹ ਵੀ ਰਿਪੋਰਟ ਕੀਤੀ ਕਿ ਉਹਨਾਂ ਦੇ ਦਫਤਰ ਨੂੰ ਸਾਲ 1984 ਵਿੱਚ ਗੁਰਦਵਾਰੇ ਸਬੰਧੀ ਤਫਤੀਸ਼ੀ ਰਿਪੋਰਟ ਭੇਜਣ ਲਈ ਕਿਹਾ ਸੀ ਅਤੇ ਉਹਨਾਂ ਰੰਗਦਾਰ ਫੋਟੋਆਂ ਸਹਿਤ ਰਿਪੋਰਟ ਭੇਜ ਦਿੱਤੀ ਸੀ। ਫਿਲਹਾਲ ਗੁਰਦਵਾਰੇ ਦੀ ਇਮਾਰਤ ਮੁਰੰਮਤ ਯੋਗ ਹੈ ਅਤੇ ਇਸਦਾ ਤਖ਼ਮੀਨਾ ਬਣਾਇਆ ਜਾ ਸਕਦਾ ਹੈ। ਇਸੇ ਦੌਰਾਨ ਘੁੰਮਣ ਨੇ ਪਾਕਿਸਤਾਨ ਦੇ ਮੌਜੂਦਾ ਸਦਰ ਪ੍ਰਵੇਜ਼ ਮੁਸ਼ਰੱਫ ਅਤੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨੂੰ ਗੁਰਦਵਾਰਾ ਤਪਸਥਾਨ ਦੀ ਮੁਰੰਮਤ, ਕੇਅਰਟੇਕਰ ਲਾਉਣ ,ਗ੍ਰੰਥੀ ਲਾਉਣ ਵਾਸਤੇ ਵੀ ਮੰਗ ਪੱਤਰ ਭੇਜ ਦਿੱਤੀ। ਇਸ ਦੇ ਫਲ਼ਸਰੂਪ  ਮੁੱਖ ਮੰਤਰੀ ਪੰਜਾਬ ਨੇ ਆਪਣੇ ਪ੍ਰਿੰਸੀਪਲ ਸੈਕਟਰੀ ਜਨਾਬ ਜੀ. ਐਮ. ਸਿਕੰਦਰ ਰਾਹੀਂ ਸਨਾਉੱਲ਼ਾ ਦੀ ਦਰਖਾਸਤ ਉੱਤੇ ਯੋਗ ਕਾਰਵਾਈ ਹਿੱਤ ਚੇਅਰਮੈਨ ਵਕਫ਼ ਬੋਰਡ (ਈ ਟੀ ਪੀ ਬੀ) ਲਹੌਰ ਨੂੰ ਹੁਕਮ ਕਰ ਦਿੱਤੇ। ਇਸ ਦੇ ਤੁਰੰਤ ਬਾਅਦ ਹੀ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਗੁਰਦਵਾਰਾ ਦੇ ਅਹਾਤੇ ਦਾ ਦੌਰਾ ਕਰਕੇ ਤਖ਼ਮੀਨੇ ਆਦਿ ਬਣਾਉਣ ਦੀ ਕਾਰਵਾਈ ਸ਼ੁਰੂ ਹੋ ਗਈ।

ਕਈ ਲੋਕਾਂ ਸਨਾਉੱਲੇ ਨੂੰ ਸਮਝਾਇਆ 'ਤੂੰ ਇਹਨਾਂ ਕੰਮਾਂ ਤੋਂ ਕੀ ਲੈਣਾ, ਐਵੇਂ ਕਿਸੇ ਔਕੜ ਵਿੱਚ ਨਾ ਫਸ ਜਾਈਂ'। ਕਾਬਜ਼ਕਾਰ ਵੀ ਉਸ ਤੋਂ ਔਖੇ ਸਨ, ਏਜੰਸੀਆਂ ਵਾਲ਼ਿਆਂ ਵੀ ਉਹਨੂੰ ਤਾੜਿਆ ਪਰ ਉਸ ਮੁੰਡੇ ਦਾ ਸਿਦਕ ਸਿਰੜੀ ਸੀ। ਕਿਸੇ ਗੈਰ ਮਜ਼ਹਬ ਵਾਸਤੇ ਏਨਾ ਤਰੱਦਦ ਕਰਨਾ ਅਤੇ ਉਹ ਵੀ ਇਕੱਲਿਆਂ ਹੀ, ਇਹ ਬੜਾ ਗੈਰ ਮਾਮੂਲੀ ਸੀ। ਅੰਤ ਸਨਾਉੱਲ਼ੇ ਦੀ ਮਹਿਨਤ ਨੂੰ ਬੂਰ ਪਿਆ, 9 ਜਨਵਰੀ 2007 ਨੂੰ ਵਕਫ਼ ਬੋਰਡ ਵੱਲੋਂ ਗੁਰਦਵਾਰਾ ਸਾਹਿਬ ਦੇ ਅਹਾਤੇ ਵਿੱਚ ਸਮਾਗਮ ਕੀਤਾ ਗਿਆ, ਜਿਸ ਵਿੱਚ ਚੇਅਰਮੈਨ ਲੈਫਟੀਨੈਂਟ ਜਨਰਲ (ਰਿਟਾ) ਜਲਫ਼ਿਕਾਰ ਅਲੀ ਖਾਨ, ਬਿਸ਼ਨ ਸਿੰਘ ਪ੍ਰਧਾਨ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ, ਸਹਾਇਕ ਸਕੱਤਰ ਅਤੇ ਨਿਗਰਾਨ ਇੰਜੀਨੀਅਰ ਵਕਫ਼ ਬੋਰਡ ਹਾਜ਼ਰ ਸਨ। ਇਸ ਵੇਲੇ ਗੁਰਦਵਾਰੇ ਦੀ ਇਮਾਰਤ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਉਪੱਰ 4,13,000 ਰੁਪੈ ਖਰਚ ਹੋਣੇ ਸਨ। ਇਸ ਸਮਾਗਮ ਦੀਆਂ ਖ਼ਬਰਾਂ ਵੀ ਸਾਰੇ ਅਖ਼ਬਾਰਾਂ ਵਿੱਚ ਛਪੀਆਂ।

ਗੁਰਦਵਾਰਾ ਤਪਸਥਾਨ ਦੀ ਮੁਰੰਮਤ ਦਾ ਪਹਿਲਾ ਕੰਮ ਜਲਦ ਹੀ ਮੁਕੰਮਲ ਹੋ ਗਿਆ, ਜਿਸ ਵਿੱਚ ਗੁਰਦਵਾਰਾ ਦੀ ਹਦੂਦ ਦੀ ਚਾਰ-ਦਿਵਾਰੀ, ਮੁਰੰਮਤ ਅਤੇ ਰੰਗ-ਰੋਗਨ ਸ਼ਾਮਲ ਸੀ ਪਰ ਸਨਾਉੱਲ਼ਾ ਨੂੰ ਹਾਲੇ ਚੈਨ ਨਹੀਂ ਪਈ ਸੀ। ਉਸਦਾ ਕਹਿਣਾ ਸੀ ''ਸਰਦਾਰਾ ਇਸ ਇਮਾਰਤ ਦੀ ਤਾਂ ਤਦ ਹੀ ਸ਼ਾਨ ਹੈ ਜੇਕਰ ਸਿੱਖ ਇਥੇ ਆ ਕੇ ਪਹਿਲਾਂ ਵਾਂਗ ਹੀ ਇਬਾਦਤ ਕਰਨ ਰੌਣਕਾਂ ਲੱਗਣ ਜਿਵੇਂ ਨਨਕਾਣੇ ਲੱਗਦੀਆਂ ਨੇ।'' ਪੰਜਾਬ ਦੇ ਇਸ ਹਿੱਸੇ ਵਿੱਚ ਸਿੱਖਾਂ ਦੀ ਅਬਾਦੀ ਨਹੀਂ ਹੈ ਜਿਵੇਂ ਕਿ ਨਨਕਾਣੇ, ਪਿਸ਼ੌਰ ਜਾਂ ਸਿੰਧ ਵਿੱਚ ਹੈ। ਕਦੇ ਕਦਾਈਂ ਹੀ ਕੋਈ ਹਿਕਮਤ (ਹਕੀਮਪੁਣਾ) ਕਰਨ ਵਾਲਾ ਸਿੱਖ ਬੂਰੇਵਾਲ਼ਾ ਆਉਂਦਾ ਹੈ। ਲਿਹਾਜ਼ਾ ਉਸ ਨੇ ਇਧਰਲੇ ਪੰਜਾਬ ਵਿੱਚ ਆਪਣੇ ਜਾਣਕਾਰਾਂ ਨੂੰ ਇਸ ਬਾਰੇ ਦੱਸਿਆ। ਇਸੇ ਦੌਰਾਨ ਸਨਾਉੱਲਾ ਦਾ ਭਾਰਤ ਆਉਣ ਦਾ ਸਬੱਬ ਬਣਿਆ। ਆਪਣੀ ਚੜ੍ਹਦੇ ਪੰਜਾਬ ਦੀ ਫੇਰੀ ਦੌਰਾਨ ਉਸਨੇ ਪ੍ਰੈਸ ਨੂੰ ਵੀ ਆਪਣੇ ਉਦਮ ਬਾਰੇ ਦੱਸਿਆ ਪਰ ਅਫ਼ਸੋਸ ਕਿ ਲਾਹੌਰ ਵਿੱਚ ਕਿਸੇ ਗੁਰਦਵਾਰੇ ਦੀ ਕੰਧ ਢਹਿਣ ਉਤੇ ਮੁੱਖ ਸਫਿਆਂ ਤੇ ਹਾਏ -ਦਈਆ ਮਚਾਉਣ ਵਾਲ਼ੇ ਅਖ਼ਬਾਰਾਂ ਨੇ ਇਸ ਖ਼ਬਰ ਨੂੰ ਬਹੁਤੀ ਅਹਿਮੀਅਤ ਨਾ ਦਿੱਤੀ। 

ਬਜ਼ੁਰਗ ਅਕਾਲੀ ਆਗੂ ਜੱਥੇਦਾਰ ਕੁਲਦੀਪ ਸਿੰਘ ਵਡਾਲ਼ਾ ਦਾ ਪਿੰਡ ਵੀ ਗੁਰਦਵਾਰਾ ਤਪਅਸਥਾਨ ਦੇ ਨੇੜੇ ਹੀ ਸੀ। ਉਹ ਬਚਪਨ ਵਿੱਚ ਇਥੇ ਲੱਗਦੇ ਜੋੜ ਮੇਲੇ ਉਤੇ ਜਾਂਦੇ ਰਹੇ ਸਨ। ਉਹਨਾਂ ਦੀ ਮੁਲਾਕਾਤ ਜਦ ਸਨਾੳੱਲ਼ਾ ਘੁੰਮਣ ਨਾਲ ਹੋਈ ਤਾਂ ਉਹਨਾਂ ਸਿੱਖ ਸੰਗਤ ਨੂੰ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਵਾਉਣ ਦਾ ਮਨ ਬਣਾਇਆ। ਸੰਨ 2008 ਵਿੱਚ ਕਰਤਾਰਪੁਰੇ ਸਾਹਿਬ ਦੀ ਫ਼ੇਰੀ ਦੌਰਾਨ ਜਥੇਦਾਰ ਸਾਹਿਬ 15-20 ਸਿੱਖਾਂ ਦਾ ਜੱਥਾ ਲੈ ਕੇ ਬੂਰੇਵਾਲ਼ਾ ਗਏ। ਇਸੇ ਤਰ੍ਹਾਂ ਪਰਮਜੀਤ ਸਿੰਘ ਸਰਨਾ ਵੀ ਜਨਵਰੀ 2010 ਵਿੱਚ ਦਿੱਲੀ ਦੀ 35-40 ਸੰਗਤ ਨੂੰ ਲੈ ਕੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ। ਉਸ ਸਮੇਂ ਉਥੇ ਰਾਗੀ-ਢਾਡੀਆਂ ਦਾ ਦੀਵਾਨ ਵੀ ਸਜਾਇਆ ਗਿਆ। 63 ਸਾਲਾਂ ਬਾਅਦ ਗੁਰਦਵਾਰੇ ਵਿੱਚ ਸਿੱਖ ਸੰਗਤ ਵੱਲੋਂ ਰੱਬ ਦਾ ਨਾਂ ਜਪਿਆ ਗਿਆ। 

ਦੱਸਣਯੋਗ ਹੈ ਕਿ ਸਰਨਾ ਭਰਾਵਾਂ ਦੇ ਤਾਇਆ ਗੁਰਬਚਨ ਸਿੰਘ ਸਰਨਾ ਥਾਣਾ ਬੂਰੇਵਾਲ਼ਾ ਦੇ ਐਸ ਐਚ. ਓ. ਰਹਿ ਚੁੱਕੇ ਹਨ ਅਤੇ ਉਹਨਾਂ ਦਾ ਨਾਂ ਥਾਣੇ ਦੀ ਤਖ਼ਤੀ ਉਪੱਰ ਹਾਲੇ ਵੀ ਉੱਕਰਿਆ ਹੈ। ਇਸੇ ਤਰ੍ਹਾਂ ਲੋਕ ਸਭਾ ਦੇ ਉਸ ਵੇਲੇ ਦੇ ਉਪ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਦਾ ਪਿਛਲਾ ਚੱਕ 251 ਈ ਬੀ ਵੀ ਬੂਰੇਵਾਲ਼ਾ ਦੇ ਨਜ਼ਦੀਕ ਹੈ। ਅਟਵਾਲ ਸਾਹਿਬ ਆਪਣੀ ਪਾਕਿਸਤਾਨ ਫੇਰੀ ਦੌਰਾਨ ਪਰਿਵਾਰ ਸਮੇਤ ਘੁੰਮਣ ਪਰਿਵਾਰ ਦੇ ਘਰ ਅਤੇ ਗੁਰਦਵਾਰਾ ਸਾਹਿਬ ਗਏ। 2012 ਵਿੱਚ ਮੇਰਾ ਪਾਕਿਸਤਾਨ ਫੇਰ ਗੇੜਾ ਵੱਜਿਆ। ਗੁਰਦਵਾਰਾ ਤਪਸਥਾਨ ਗਏ ਤਾਂ ਮਨ ਖੁਸ਼ ਹੋਇਆ। ਸਾਡੇ ਨਾਲ਼ ਮੇਰਾ ਅਤੇ ਘੁੰਮਣ ਪਰਿਵਾਰ ਵੀ ਸਨ। ਚਾਰ-ਦਿਵਾਰੀ ਹੋ ਚੁੱਕੀ ਸੀ, ਮੁਰੰਮਤ , ਬਿਜਲੀ ਦੀ ਫਿਟਿੰਗ ਅਤੇ ਰੰਗ ਰੋਗਨ ਵੀ ਨਵਾਂ ਹੋਇਆ ਸੀ। ਪ੍ਰਕਾਸ਼ ਅਸਥਾਨ ਵਾਲ਼ੀ ਥਾਂ ਰੁਮਾਲੇ ਨਾਲ਼ ਢਕੀ ਸੀ ਅਤੇ ਉਤੇ ਬਾਬੇ ਨਾਨਕ ਵੱਡੀ ਫੋਟੋ ਰੱਖੀ ਸੀ। ਮੇਰੇ ਘਰੋਂ ਸੁਖਦੀਪ ਕੌਰ ਨੇਂ ਜਪੁਜੀ ਸਾਹਿਬ ਦਾ ਪਾਠ ਅਤੇ ਅਰਦਾਸ ਕੀਤੀ। ਉਹ ਸ਼ਾਇਦ ਸੰਤਾਲ਼ੀ ਤੋ ਬਾਦ ਇੱਥੇ ਆਉਣ ਵਾਲ਼ੀ ਪਹਿਲੀ ਸਿੱਖ ਔਰਤ ਸੀ।

ਮੈਂ ਇਥੇ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਧਰ ਵਾਂਗ ਹੀ ਪਾਕਿਸਤਾਨ ਵਿੱਚ ਵੀ ਆਮ ਲੋਕ ਭਾਰਤ ਵਿੱਚ ਕਿਸੇ ਨਾਲ ਸੰਪਰਕ ਕਰਨ ਤੋਂ ਡਰਦੇ ਹਨ ਕਿ ਕਿਤੇ ਏਜੰਸੀਆਂ ਦੀ ਨਜ਼ਰ ਵਿੱਚ ਨਾ ਆ ਜਾਈਏ। ਟੈਲੀਫੂਨ ਕਰਨਾ ਤਾਂ ਦੂਰ ਭਾਰਤ ਨੂੰ ਟੈਲੀਫੂਨ ਕਰਦੇ ਦੇ ਕੋਲੋਂ ਹੀ ਖਿਸਕ ਜਾਂਦੇ ਹਨ। ਅਜਿਹੇ ਹਾਲਾਤਾਂ ਵਿੱਚ ਭਾਰਤੀ ਸਿੱਖਾਂ ਦੀ ਮੇਜ਼ਬਾਨੀ ਕਰਨੀ, ਸਰਕਾਰੇ ਦਰਬਾਰੇ ਆਹਢਾ ਲੈ ਕੇ ਉਹਨਾਂ ਦੇ ਗੁਰਧਾਮਾਂ ਨੂੰ ਅਬਾਦ ਕਰਨ ਦਾ ਬੇੜਾ ਚੁੱਕਣਾ, ਆਪਣਾ ਕੰਮ ਛੱਡਣਾ, ਪੱਲਿਉਂ ਖਰਚਾ ਕਰਨਾ ਵਾਕਿਆ ਹੀ ਜੁਰਅੱਤ ਅਤੇ ਸਾਫਦਿਲੀ ਦੀ ਨਿਸ਼ਾਨੀ ਹੈ। ਸਨਾਉੱਲ਼ਾ ਦੀ ਦਿਲੀ ਖਾਹਸ਼ ਹੈ ਕਿ ਸਰਦਾਰ ਭਾਵੇਂ ਕਿੰਨੇ ਵੀ ਆਉਣ ਗੁਰਦਵਾਰੇ ਦੇ ਦਰਸ਼ਨ ਕਰਨ, ਲੰਗਰ ਪਾਣੀ ਮੇਰੇ ਘਰ ਛਕਣ ਅਤੇ ਠਹਿਰਨ ਵੀ ਮੇਰੇ ਘਰ ਹੀ। 

ਵਾਹ ਓਏ ਚੌਧਰੀ ਘੁੰਮਣਾ ! ਕੁਝ ਸਾਲ ਪਹਿਲਾਂ ਉਸ ਨਾਲ਼ ਇੱਕ ਮਾੜੀ ਘਟਨਾ ਵਾਪਰ ਗਈ । ਘੁੰਮਣਾਂ ਦੇ ਡੇਰੇ ਤੇ ਰਾਤ ਨੂੰ ਹਥਿਆਰਬੰਦ ਡਾਕੂ ਪੈ ਗਏ। ਤਕਰੀਬਨ ਦਸ ਲੱਖ ਦਾ ਨੁਕਸਾਨ ਕਰ ਗਏ। ਘੁੰਮਣ ਦਾ ਮਯੂਸੀ ਦੇ ਆਲਮ ਵਿੱਚ ਫੋਨ ਆਇਆ ''ਸਰਦਾਰ ਸਾਹਿਬ ਬਾਬੇ ਨਾਨਕ ਦੀ ਮਹਿਰ ਨਾਲ਼ ਸਾਡੀ ਜਾਨ ਬਚ ਗਈ। ਬੱਸ ਸਾਡੇ ਵਾਸਤੇ ਦੁਆ ਕਰਿਆ ਜੇ।" ਪਰ ਪਰਿਵਾਰ ਛੇਤੀ ਹੀ ਇਸ ਸਦਮੇ 'ਚੋਂ ਬਾਹਰ ਆ ਗਿਆ। (ਜੇ ਕੋਈ ਪਾਠਕ ਸਨਾਉੱਲ਼ਾ ਘੁੰਮਣ ਨਾਲ ਰਾਬਤਾ ਕਰਨ ਦਾ ਖਾਹਿਸ਼ਵੰਦ ਹੋਵੇ ਤਾਂ ਉਹਦਾ ਫੋਨ ਨੰਬਰ ਹੈ: 011-92-333-628-3201 

ਈ-ਮੇਲ: ghuman201@yahoo.com

ਪਤਾ: Sanaullah Ghumman, 

Chak 201EB, Mana mor, 

Tehsil; Burewala 

Dist. Vehari ,

Punjab,

Pakistan

- ਮਨਜੀਤਇੰਦਰ ਸਿੰਘ ਜੌਹਲ਼

ਪਿੰਡ ਮੰਡਿਆਣੀ, ਜਿਲ੍ਹਾ ਲੁਧਿਆਣਾ

ਫੋਨ: 09814422617

manjitindersingh@rediffmail.com



Archive

RECENT STORIES