Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਵਾਜ਼ ਸ਼ਰੀਫ ਦੇ ਹੱਕ 'ਚ ਫ਼ਤਵੇ ਪਿੱਛੋਂ ਖ਼ੂਸੀ ਖੀਵੇ ਹੋਏ ਜਾਤੀ ਉਮਰਾ ਦੇ ਲੋਕ

Posted on May 12th, 2013

<p>ਨਵਾਜ਼ ਸ਼ਰੀਫ ਦੇ ਹੱਕ 'ਚ ਫ਼ਤਵੇ ਪਿੱਛੋਂ ਖ਼ੂਸੀ ਖੀਵੇ ਹੋਏ ਜਾਤੀ ਉਮਰਾ ਦੇ ਲੋਕ<br></p>


ਜਾਤੀ ਉਮਰਾ (ਤਰਨਤਾਰਨ) : ਪਾਕਿਸਤਾਨ ਵੋਟਾਂ ਪਿੱਛੋਂ ਚੋਣ ਨਤੀਜੇ ਉੱਥੋਂ ਦੇ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਦੇ ਹੱਕ ਵਿਚ ਭੁਗਤਨ ਨਾਲ ਤਰਨਤਾਰਨ ਜ਼ਿਲੇ੍ਹ ਦੇ ਪਿੰਡ ਜਾਤੀ ਉਮਰਾ ਦੇ ਲੋਕ ਬਾਗ਼ੋਬਾਗ਼ ਹਨ। ਇਹ ਲੋਕ ਖ਼ੁਸ਼ੀ ਵਿਚ ਖੀਵੇ ਹੋ ਕੇ ਜਿਥੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹਨ ਕਿ ਮੀਆਂ ਜੀ ਛੇਤੀ ਪ੍ਰਧਾਨ ਮੰਤਰੀ ਬਣਨ ਉਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਅਖੰਡ ਪਾਠ ਸਾਹਿਬ ਕਰਵਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਨਗੇ। ਪਿੰਡ ਦੇ ਲੋਕ ਹੁਣ ਉਸ ਘੜੀ ਨੂੰ ਵੇਖਣ ਲਈ ਉਤਾਵਲੇ ਹਨ ਜਦੋਂ ਮੀਆਂ ਨਵਾਜ਼ ਸ਼ਰੀਫ ਪਾਕਿ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣਨਗੇ ਅਤੇ ਭਾਰਤ ਫੇਰੀ ਦੌਰਾਨ ਉਹ ਆਪਣੇ ਪੁਰਖਿਆਂ ਦੇ ਪਿੰਡ ਦੀ ਮਿੱਟੀ ਨੂੰ ਚੁੰਮ ਕੇ ਮੱਥੇ ਲਾਉਣਗੇ। 

ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਵਲੋਂ ਬੁਰੀ ਤਰ੍ਹਾਂ ਅਣਗੌਲੇ ਪਿੰਡ ਜਾਤੀ ਉਮਰਾ ਦੀ ਗੱਲ ਕਰੀਏ ਤਾਂ ਇਹ ਪਿੰਡ ਨਵਾਜ਼ ਸ਼ਰੀਫ ਦੇ ਪੁਰਖਿਆਂ ਦਾ ਪਿੰਡ ਹੈ। ਮੀਆਂ ਜੀ ਦਾ ਭਰਾ ਸ਼ਹਿਬਾਜ਼ ਸ਼ਰੀਫ ਜੋ ਲਹਿੰਦੇ ਪੰਜਾਬ ਦਾ ਮੁੱਖ ਮੰਤਰੀ ਵੀ ਹੈ ਨੇ ਆਪਣੇ ਪਿੰਡ ਜਾਤੀ ਉਮਰਾ ਦਾ ਬੀਤੇ ਕੁਝ ਮਹੀਨੇ ਪਹਿਲਾਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲੋਂ ਹਾਲ ਜਾਣਿਆ ਤਾਂ ਸਰਕਾਰ ਨੇ ਇਸ ਪਿੰਡ ਨੂੰ ਮਾਡਲ ਗ੍ਰਾਮ ਵਜੋਂ ਵਿਕਸਿਤ ਕਰਨ ਦਾ ਫ਼ੈਸਲਾ ਲਿਆ ਸੀ। ਇਸ ਪਿੰਡ ਦਾ ਵਿਕਾਸ ਭਾਵੇਂ ਪੂਰੀ ਤਰ੍ਹਾਂ ਤੇਜ਼ ਨਹੀਂ ਹੋ ਸਕਿਆ ਪਰ ਮੀਆਂ ਨਵਾਜ਼ ਸ਼ਰੀਫ ਨੂੰ ਚੋਣਾਂ ਵਿਚ ਮਿਲ ਰਹੇ ਫ਼ਤਵੇ ਤੋਂ ਬਾਅਦ ਜਾਤੀ ਉਮਰਾ ਦੇ ਲੋਕ ਖ਼ੁਸ਼ੀ ਵਿਚ ਖੀਵੇ ਹੋ ਰਹੇ ਹਨ। ਮੀਆਂ ਜੀ ਦੇ ਪੁਰਖਿਆਂ ਦੀ ਹਵੇਲੀ ਜਿਥੇ ਹੁਣ ਪਿੰਡ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਵਿਖੇ ਪਿੰਡ ਵਾਸੀਆਂ ਨੂੰ ਅਰਦਾਸ ਕਰਵਾ ਕੇ ਮੀਆਂ ਨਵਾਜ਼ ਸ਼ਰੀਫ ਦੀ ਲੰਬੀ ਉਮਰ ਦੀ ਦੁਆ ਮੰਗੀ ਉਥੇ ਗ੍ਰੰਥੀ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੀਆਂ ਜੀ ਦੇ ਪ੍ਰਧਾਨ ਮੰਤਰੀ ਬਣਦਿਆਂ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਤਰਨਤਾਰਨ ਤੋਂ ਕਰੀਬ 13 ਕਿਲੋਮੀਟਰ ਦੀ ਵਿੱਥ 'ਤੇ ਸਾਢੇ ਸੱਤ ਸੌ ਦੀ ਆਬਾਦੀ ਵਾਲੇ ਛੋਟੇ ਜਿਹੇ ਪਿੰਡ ਜਾਤੀ ਉਮਰਾ ਦੀ ਮਹੱਤਤਾ ਭਾਰਤ ਵਿਚ ਅਹਿਮ ਸਮਝੀ ਜਾਂਦੀ ਹੈ। ਵਿਧਾਨ ਸਭਾ ਹਲਕਾ ਬਾਬਾ ਬਕਾਲਾ ਨਾਲ ਜੁੜੇ ਪਿੰਡ ਜਾਤੀ ਉਮਰਾ ਦੀਆਂ ਕੁਲ 435 ਵੋਟਾਂ ਹਨ ਜਦੋਂਕਿ ਪਿੰਡ ਦੀ ਉਪਜਾਊ ਜ਼ਮੀਨ ਕਰੀਬ 150 ਏਕੜ ਹੈ। ਪਿੰਡ ਵਾਸੀ ਹਰਜੀਤ ਸਿੰਘ, ਡਾ. ਦਿਲਬਾਗ ਸਿੰਘ, ਨਿਰਵੈਲ ਸਿੰਘ, ਜਗੀਰ ਸਿੰਘ ਨੇ ਦੱਸਿਆ ਕਿ ਮੀਆਂ ਨਵਾਜ਼ ਸ਼ਰੀਫ ਦੇ ਪਰਿਵਾਰ ਨੇ ਇਸ ਪਿੰਡ ਨਾਲ ਹਮੇਸ਼ਾਂ ਮੋਹ ਬਰਕਰਾਰ ਰੱਖਿਆ ਹੈ। ਇਸੇ ਕਰਕੇ ਅੱਜ ਵੀ ਨਵਾਜ਼ ਸ਼ਰੀਫ ਦੇ ਪਰਿਵਾਰ ਨੂੰ ਪਿੰਡ ਵਾਸੀ ਯਾਦ ਕਰਦੇ ਹਨ।



Archive

RECENT STORIES