Posted on March 19th, 2014

ਡਾ. ਪ੍ਰੀਤਮ ਸਿੰਘ ਸੇਖੋਂ ਖ਼ਾਲਿਸਤਾਨੀ ਸੰਘਰਸ਼ ਦੀ ਇਕ ਅਹਿਮ ਹਸਤੀ ਹੋਏ ਹਨ। ਅਫ਼ਸੋਸ ਤੇ ਦੁੱਖ ਵਾਲ਼ੀ ਗੱਲ ਹੈ ਕਿ ਡਾ. ਸੇਖੋਂ ਵਰਗੇ ਹਜ਼ਾਰਾਂ ਸਿੰਘ-ਸਿੰਘਣੀਆਂ ਬਾਰੇ ਅਜੇ ਤਕ ਖ਼ਾਲਸਾ ਪੰਥ ਚੰਗੀ ਤਰ੍ਹਾਂ ਨਹੀਂ ਜਾਣਦਾ। ਪੰਜਾਬ ਦੇ ਹਰ ਪਿੰਡ ਵਿਚ, ਗਲ਼ੀਆਂ, ਮੁਹੱਲਿਆਂ, ਘਰਾਂ, ਖੇਤਾਂ ਤੇ ਮੋੜਾਂ 'ਤੇ ਹਜ਼ਾਰਾਂ ਕਹਾਣੀਆਂ ੧੯੭੮ ਤੋਂ ਚੱਲੇ ਸਿੱਖ ਸੰਘਰਸ਼ ਦੀ ਗਾਥਾ ਸੁਣਨ-ਸੁਣਾਉਣ ਲਈ ਉਡੀਕ ਰਹੀਆਂ ਹਨ। ਕਿਤੇ ਕਿਸੇ ਸਿੰਘ ਦੀ ਮਾਂ, ਕਿਤੇ ਭੈਣ, ਕਿਤੇ ਧੀ ਤੇ ਕਿਤੇ ਸਿੰਘਣੀ ਉਡੀਕ ਰਹੀ ਹੈ ਕਿ ਕਦੋਂ ਕੋਈ ਆ ਕੇ ਕਹਿੰਦਾ ਹੈ ਕਿ ਦੱਸੋ, ਤੁਹਾਡੇ ਨਾਲ਼ ਕੀ ਬੀਤੀ? ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਉੱਤੇ ਡੁੱਲ੍ਹਿਆ ਸ਼ਹੀਦਾਂ ਦਾ ਖ਼ੂਨ ਅਜੇ ਬੇ-ਆਸ ਨਹੀਂ ਹੋਇਆ। ਅਜੇ ਵੀ ਬੱਸਾਂ-ਗੱਡੀਆਂ ਵਿਚੋਂ ਲਾਹ ਕੇ, ਖੇਤਾਂ ਵਿਚੋਂ ਚੁੱਕ ਕੇ ਤੇ ਬਜ਼ਾਰਾਂ ਵਿਚੋਂ ਅਗਵਾ ਕਰ ਕੇ ਕਤਲ ਕੀਤੇ ਹਜ਼ਾਰਾਂ ਸਿੱਖਾਂ ਦੀਆਂ ਹਕੀਕਤਾਂ ਨਸ਼ਰ ਨਹੀਂ ਹੋਈਆਂ। ਡਾ. ਸੇਖੋਂ ਵਰਗੇ ਹਜ਼ਾਰਾਂ ਸਿੰਘ-ਸਿੰਘਣੀਆਂ ਨੇ ਜਿਹੜੀ ਸਿੱਖ ਜਵਾਨੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਹਥਿਆਰ ਚੁੱਕੇ ਸੀ, ਅੱਜ ਉਹ ਜਵਾਨੀ ਘੋਨ-ਮੋਨ ਹੋ ਕੇ, ਕੰਨਾਂ ਵਿਚ ਮੁੰਦਰਾਂ ਪਾ ਕੇ, ਅਜੋਕੇ ਅਸ਼ਲੀਲ ਤੇ ਭੱਦੇ ਗਾਣਿਆਂ 'ਤੇ ਮਸਤ ਹੋਈ ਫਿਰਦੀ ਹੈ। ਨਸ਼ੇ ਦੇ ਹੜ੍ਹ ਵਿਚ ਹੜ੍ਹੀ ਇਸ ਜਵਾਨੀ ਨੂੰ ਕਿਵੇਂ ਯਾਦ ਕਰਵਾਈਏ ਕਿ ਤੁਹਾਡੀ ਪਿਛਲੀ ਪੀੜ੍ਹੀ ਨੇ ਕਿਉਂ ਆਪਣੇ ਸੀਸ ਤਲ਼ੀ ਉੱਤੇ ਰੱਖੇ ਸੀ? ਜਿਨ੍ਹਾ ਕਲਮਾਂ ਨੂੰ ਸਿੱਖੀ ਸਿਦਕ ਦਾ ਦਰਦ ਹੈ, ਉਹ ਇਕ ਪਾਸੇ ਤਾਂ ੧੯੭੮ ਤੋਂ ਮੈਦਾਨੇ ਜੰਗ ਵਿਚ ਜੂਝੇ ਸੂਰਮਿਆਂ ਦੀ ਕਹਾਣੀ ਬਿਆਨਣ ਲਈ ਤਤਪਰ ਹਨ, ਦੂਜੇ ਪਾਸੇ ਉਹ ਕਲਮਾਂ ਹੈਰਾਨ-ਪ੍ਰੇਸ਼ਾਨ ਹਨ ਕਿ ਅਜੋਕੀ ਸਿੱਖ ਜਵਾਨੀ ਨੂੰ ਕਿਵੇਂ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ। ਖ਼ੈਰ!
ਕੌਣ ਸੀ ਡਾ. ਪ੍ਰੀਤਮ ਸਿੰਘ ਸੇਖੋਂ?
ਖਾੜਕੂ ਲਹਿਰ ਦੀ ਅਹਿਮ ਹਸਤੀ ਰਹੇ ਡਾ. ਪ੍ਰੀਤਮ ਸਿੰਘ ਸੇਖੋਂ 'ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ' ਦੇ ਮੁਖੀ ਸਨ। ਦੁਖਾਂਤ ਇਹ ਹੈ ਕਿ ਉਹਨਾਂ ਦੇ ਅਖ਼ੀਰਲੇ ਦਿਨਾਂ ਨੇ ਉਹਨਾਂ ਕੋਲ਼ੋਂ ਉਹ ਵਡਿਆਈ ਵੀ ਖੋਹ ਲਈ ਜੋ ੧੯੮੪ ਤੋਂ ੧੯੯੧ ਤਕ ਉਹਨਾਂ ਕਮਾਈ ਕੀਤੀ ਸੀ। ਪਰ ਜਿਨ੍ਹਾਂ ਨੇ ਡਾ. ਸੇਖੋਂ ਦੀ ਸਮੁੱਚੀ ਜ਼ਿੰਦਗੀ ਨੂੰ ਵੇਖਿਆ ਤੇ ਸਮਝਿਆ ਹੈ ਕਿ ਉਹ ਇਹੀ ਕਹਿਣਗੇ ਕਿ ਉਹਨਾਂ ਨੇ ਆਪਣਾ ਜੀਵਨ ਖ਼ਾਲਿਸਤਾਨ ਦੇ ਲੇਖੇ ਲਾਇਆ।
ਪਿੰਡ ਤੇ ਪਿਛੋਕੜ
ਲੁਧਿਆਣਾ-ਧੂਰੀ ਸੜਕ ਉੱਤੇ ਪੈਂਦੇ ਮਸ਼ਹੂਰ ਕਸਬੇ ਮਲੇਰਕੋਟਲੇ ਤੋਂ ਹਰ ਕੋਈ ਵਾਕਫ਼ ਹੈ। ਮਲੇਰਕੋਟਲੇ ਦੇ ਕੋਲ਼ ਹੀ ਪਿੰਡ ਦੁਲਮਾਂ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਜਨਮ ੧੯੫੯ ਨੂੰ ਹੋਇਆ ਸੀ। ਚਾਰ ਧੀਆਂ ਮਗਰੋਂ ਜਨਮੇ ਇਸ ਪੁੱਤ ਦਾ ਬੀਬੀ ਗੁਰਜਾਨ ਕੌਰ ਤੇ ਸਾਰੇ ਪਰਿਵਾਰ ਨੂੰ ਅੰਤਾਂ ਦਾ ਚਾਅ ਸੀ। ਉਹਨਾਂ ਦੇ ਪਿਤਾ ਸ. ਅਜਾਇਬ ਸਿੰਘ ਬੀ.ਐਫ.ਆਰ. ਦੇ ਠੇਕੇਦਾਰ ਸਨ। ਸ. ਅਜਾਇਬ ਸਿੰਘ ਆਪਣੀਆਂ ਧੀਆਂ ਮਨਜੀਤ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ ਤੇ ਕੁਲਵਿੰਦਰ ਕੌਰ ਨੂੰ ਪੁੱਤਾਂ ਵਾਂਗ ਹੀ ਪਿਆਰ ਕਰਦੇ ਸੀ।
ਇਸੇ ਕਰਕੇ ਉਹਨਾਂ ਨੇ ਆਪਣੀਆਂ ਚਾਰੇ ਧੀਆਂ ਨੂੰ ਪੁੱਤਾਂ ਵਾਂਗ ਪੜ੍ਹਾਇਆ-ਲਿਖਾਇਆ। ਉਹਨਾਂ ਦਿਨਾਂ ਵਿਚ ਕੁੜੀਆਂ ਨੂੰ ਕੋਈ ਵਿਰਲਾ ਹੀ ਪੜ੍ਹਾਉਂਦਾ-ਲਿਖਾਉਂਦਾ ਸੀ। ਸ. ਅਜਾਇਬ ਸਿੰਘ ਇਕ ਅਗਾਂਹਵਧੂ ਵਿਅਕਤੀ ਸਨ। ਉਹ ਜ਼ਮਾਨੇ ਦੀ ਹਵਾ ਪਛਾਣਦੇ ਸਨ। ਉਹਨਾਂ ਦਾ ਜੱਦੀ ਪਿੰਡ ਰਾੜਾ ਸਾਹਿਬ ਕੋਲ਼ ਕਿਲ੍ਹਾ ਹਾਂਸ ਸੀ। ਮਲੇਰਕੋਟਲੇ ਦੇ ਵਿੱਦਿਅਕ ਅਦਾਰਿਆਂ ਕਰਕੇ ਹੀ ਉਹਨਾਂ ਨੇ ਆਪਣੇ ਸਹੁਰੇ ਪਿੰਡ ਦੁਲਮਾਂ ਵਿਚ ਰਿਹਾਇਸ਼ ਕਰ ਲਈ ਸੀ ਕਿ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਈ ਜਾਵੇ।
ਬਚਪਨ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਘਰ ਦਾ ਛੋਟਾ ਨਾਂ 'ਪੱਪੂ' ਸੀ। ਸਾਰੇ ਪਰਿਵਾਰ ਲਈ ਇਹ ਨਿੱਕਾ ਜਿਹਾ 'ਖਿਡੌਣਾ' ਬੜਾ ਪਿਆਰਾ ਸੀ। ਸ. ਅਜਾਇਬ ਸਿੰਘ ਤੇ ਮਾਤਾ ਗੁਰਨਾਮ ਕੌਰ ਦੀਆਂ ਚਾਰੇ ਧੀਆਂ ਦਾ ਇਹ ਲਾਡਲਾ ਵੀਰ ਹਰ ਇਕ ਤੋਂ ਓੜਕਾਂ ਦਾ ਪਿਆਰ ਲੈਂਦਾ। ਪਰ ਅਜੇ ਉਸ ਬਾਲਕ ਦੀ ਉਮਰ ਮਸਾਂ ੪ ਸਾਲ ਸੀ ਕਿ ਸ. ਅਜਾਇਬ ਸਿੰਘ ਚੜ੍ਹਾਈ ਕਰ ਗਏ। ਇਸ ਮਗਰੋਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਰਨਾਮ ਕੌਰ ਸਿਰ ਆ ਗਈ।
ਵਿੱਦਿਆ ਪ੍ਰਾਪਤੀ
ਮਲੇਰਕੋਟਲੇ ਦੇ 'ਜੈਨ ਮਾਡਲ ਸਕੂਲ' ਤੇ 'ਜੈਨ ਹਾਈ ਸਕੂਲ' ਵਿਚੋਂ ਪੜ੍ਹਾਈ ਕਰਨ ਮਗਰੋਂ ਪ੍ਰੀਤਮ ਸਿੰਘ ਨੂੰ ਗੌਰਮਿੰਟ ਕਾਲਜ ਮਲੇਰਕੋਟਲੇ ਪੜ੍ਹ ਕੇ ਪਾਇਆ ਗਿਆ। ਇੱਥੋਂ ਉਹਨਾਂ ਪ੍ਰੀ-ਮੈਡੀਕਲ ਦੀ ਪੜ੍ਹਾਈ ਕੀਤੀ। ਫਿਰ ਉਹ ਲੁਧਿਆਣੇ, ਖੇਤੀਬਾੜੀ ਯੂਨੀਵਰਸਿਟੀ ਵਿਚ ਵੈਟਰਨਰੀ ਦੀ ਪੜ੍ਹਾਈ ਕਰਨ ਲੱਗ ਪਏ। ਇਹ ਉਹ ਦਿਨ ਸਨ, ਜਦੋਂ ਧਰਮ ਯੁੱਧ ਮੋਰਚੇ ਤੇ ਦਰਬਾਰ ਸਾਹਿਬ ਉੱਪਰ ਹਮਲੇ ਕਰਕੇ ਹਰ ਸਿੱਖ, ਆਪਣੇ ਕੌਮੀ ਫ਼ਰਜ਼ ਨਿਭਾਉਣ ਲਈ ਤਤਪਰ ਹੋਇਆ ਸੀ।
ਪਿਛਲਾ ਪ੍ਰਭਾਵ
ਡਾ. ਸੇਖੋਂ ਦੇ ਪਿੰਡ ਦੁੱਲਮਾਂ ਦੇ ਨਾਲ਼ ਹੀ ਕੁੱਪ ਤੇ ਰਹੀੜਾ ਪਿੰਡ ਹਨ, ਜਿੱਥੇ ੫ ਫ਼ਰਵਰੀ ੧੭੬੨ ਨੂੰ ਵੱਡਾ ਘਲੂਘਾਰਾ ਵਾਪਰਿਆ ਸੀ। ਓਦੋਂ ਇਹਨਾਂ ਦੋਵਾਂ ਪਿੰਡਾਂ ਦੇ ਵਿਚਾਲੇ ਇਕ ਜੰਗਲ਼ ਹੁੰਦਾ ਸੀ। ਸਿੰਘਾਂ ਦਾ ਇਕ ਵੱਡਾ ਜਥਾ ਇਸ ਜੰਗਲ਼ ਵਿਚ ਠਹਿਰਿਆ ਹੋਇਆ ਸੀ। ਹੋਰ ਸਿੰਘ ਵੀ ਨਿੱਕੇ ਨਿੱਕੇ ਜਥਿਆਂ ਵਿਚ ਕਿਲ੍ਹਾ ਰਾਏਪੁਰ, ਗੁੱਜਰਵਾਲ਼ ਤੇ ਹੋਰ ਪਿੰਡਾਂ ਵਿਚ ਠਹਿਰੇ ਹੋਏ ਸਨ। ਅਚਨਚੇਤ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨੇ ਘੇਰਾ ਪਾ ਲਿਆ। ਇਹ ਸਾਰੇ ਸਿੰਘ ਇਕ ਥਾਂ ਇਕੱਠੇ ਹੋ ਗਏ ਤੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਚਾਰਾਂ ਕਰਨ ਲੱਗੇ। ਦਲ ਖ਼ਾਲਸਾ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ, ਸ. ਨਵਾਬ ਕਪੂਰ ਸਿੰਘ, ਸ. ਚੜ੍ਹਤ ਸਿੰਘ ਸ਼ੁਕਰਚੱਕੀਆਂ ਤੇ ਹੋਰ ਮਿਸਲਾਂ ਦੇ ਨਾਮੀ ਜਰਨੈਲ ਇਕਮੱਤ ਸਨ ਕਿ ਚਾਰੇ ਪਾਸੇ ਘੇਰੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੈ ਕਿਉਂਕਿ ਸਰਹਿੰਦ ਦਾ ਸੂਬੇਦਾਰ ਜੈਨ ਖ਼ਾਨ, ਮਲੇਰਕੋਟਲੇ ਦਾ ਨਵਾਬ ਤੇ ਰਾਏਕੋਟ ਦਾ ਦੀਵਾਨ ਲੱਛਮੀ ਸਹਾਇ ਵੀ ਅਬਦਾਲੀ ਦੀ ਹਮਾਇਤ ਵਿਚ ਆਪਣੀਆਂ ਫ਼ੌਜਾਂ ਲੈ ਕੇ ਸਿੰਘਾਂ ਖ਼ਿਲਾਫ਼ ਆ ਡਟੇ ਸਨ। ਸਿੰਘਾਂ ਲਈ ਮੁਸ਼ਕਿਲ ਸੀ ਕਿ ਇਸ ਵੇਲ਼ੇ ਉਹਨਾਂ ਨਾਲ਼ ਵੱਡੀ ਗਿਣਤੀ ਵਿਚ ਬੀਬੀਆਂ ਤੇ ਬੱਚੇ ਸਨ। ਆਮ ਖ਼ਿਆਲ ਹੈ ਕਿ ਸਿੰਘਣੀਆਂ ਤਾਂ ਜੰਗਾਂ ਵਿਚ ਮਾਈ ਭਾਗ ਕੌਰ ਵਾਂਗ ਬਰਾਬਰ ਹਿੱਸਾ ਲੈਂਦੀਆਂ ਸਨ ਪਰ ਇਸ ਘੇਰੇ ਮੌਕੇ ਜ਼ਿਆਦਾ ਬੀਬੀਆਂ ਉਹ ਸਨ, ਜੋ ਅਜੇ ਸਾਲ ਕੁ ਪਹਿਲਾਂ ੧੦ ਅਪ੍ਰੈਲ ੧੭੬੧ ਨੂੰ ਹਿੰਦੂਆਂ ਦੀ ਪੁਕਾਰ 'ਤੇ ਅਬਦਾਲੀ ਤੋਂ ਛੁਡਵਾਈਆਂ ਸਨ। ਅਹਿਮਦ ਸ਼ਾਹ ਅਬਦਾਲੀ ਕੋਲ਼ੋਂ ਛੁਡਵਾਈਆਂ ਗਈਆਂ ਬਹੁਤੀਆਂ ਕੁੜੀਆਂ ਨੂੰ ਉਹਨਾਂ ਦੇ ਮਾਪਿਆਂ ਨੇ ਵਾਪਸ ਲੈਣ ਤੋਂ ਨਾਂਹ ਕਰ ਦਿੱਤੀ ਸੀ ਕਿ ਅਗਲੇ ਹਮਲੇ ਵੇਲ਼ੇ ਦੁਰਾਨੀ ਸਾਨੂੰ ਮਾਰ ਸੁੱਟਣਗੇ। ਇਹ ਹਾਲ ਰਿਹਾ ਹੈ ਰੱਖੜੀ ਬੰਨ੍ਹਾਉਣ ਵਾਲ਼ੇ ਭਾਈਆਂ ਦਾ। ਬਹੁਤ ਸਾਰੀਆਂ ਹਿੰਦੂ ਕੁੜੀਆਂ ਦੇ ਸਿੰਘਾਂ ਨਾਲ਼ ਵਿਆਹ ਕਰ ਦਿੱਤੇ ਗਏ ਸਨ। ਜਿਸ ਕਰਕੇ ਉਹ ਇਸ ਘੇਰੇ ਮੌਕੇ ਨਾਲ਼ ਸੀ। ਇਹ ਬੀਬੀਆਂ, ਸਿੰਘਣੀਆਂ ਵਾਂਗ ਸ਼ਸ਼ਤਰ-ਵਿੱਦਿਆ ਵਿੱਚ ਨਿਪੁੰਨ ਨਹੀਂ ਸਨ। ਇਸ ਕਰਕੇ ਸਿੰਘਾਂ ਲਈ ਇਹਨਾਂ ਨੂੰ ਸੰਭਾਲ਼ਣਾ ਵੀ ਇਕ ਅਹਿਮ ਕੰਮ ਸੀ। ਜਰਨੈਲਾਂ ਨੇ ਘੋੜ ਸਵਾਰਾਂ ਤੇ ਹੋਰ ਸ਼ਸਤਰਧਾਰੀ ਸਿੰਘਾਂ ਦਾ ਇਕ ਕੁੰਡਲ-ਘੇਰਾ ਸਾਰੀ ਵਹੀਰ ਦੇ ਦੁਆਲ਼ੇ ਪਾ ਲਿਆ ਤੇ ਵੈਰੀ ਨਾਲ਼ ਲੜਦੇ, ਭਿੜਦੇ, ਕੁੱਟਦੇ-ਵੱਢਦੇ ਬਰਨਾਲੇ ਵੱਲ ਨੂੰ ਤੁਰ ਪਏ। ਇਸ ਮੌਕੇ ਸਿੰਘਾਂ ਦੇ ਭਿਆਨਕ ਕਤਲੇਆਮ ਦੀ ਸੰਭਾਵਨਾ ਪ੍ਰਤੱਖ ਦਿਖ ਰਹੀ ਸੀ। ਸਿੰਘਾਂ ਨੂੰ ਆਪਣੀਆਂ ਜਾਨਾਂ ਨਾਲ਼ੋਂ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ ਦੀ ਜ਼ਿਆਦਾ ਚਿੰਤਾ ਸੀ। ਉਹਨਾਂ ਅਰਦਾਸ ਕੀਤੀ:
ਪੰਥ ਜੋ ਰਹਾ ਤੋ ਤੇਰਾ ਗ੍ਰੰਥ ਭੀ ਰਹੇਗਾ ਨਾਥ,
ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਨ ਮਾਨੇਗਾ?
ਕੱਟਾ-ਵੱਢੀ ਕਰਦੇ ਉਹ ਅੱਗੇ ਵਧਦੇ ਗਏ। ਕੁਤਬਾ ਤੇ ਬ੍ਰਾਹਮਣੀ ਪਿੰਡ ਕੋਲ਼ ਸਿੰਘਾਂ ਉੱਤੇ ਭਿਆਨਕ ਮਾਰੂ ਹੱਲਾ ਹੋ ਗਿਆ। ਇੱਥੇ ਗਹਿਗੱਚ ਲੜਾਈ ਹੋਈ। ਲੋਹੇ ਨਾਲ਼ ਲੋਹਾ ਖੜਕਿਆ। ਵਹੀਰ ਦੇ ਦੁਆਲੇ ਪਿਆ ਕੁੰਡਲ ਕਈ ਥਾਂਵਾਂ ਤੋਂ ਟੁੱਟ ਗਿਆ। ਵੈਰੀ ਨੇ ਧੁਰ ਅੰਦਰ ਤਕ ਮਾਰ ਕੀਤੀ। ਪਰ ਸਿੰਘ ਆਪਣੇ ਘੋੜੇ ਮੋੜਦੇ, ਅੜ੍ਹਦੇ, ਲੜਦੇ, ਭਿੜਦੇ ਰਹੇ। ਪਿਛਲੇ ਦਸ ਘੰਟਿਆਂ ਤੋਂ ਇਹ ਜੰਗ ਉਹ ਤੁਰੇ ਆਉਂਦੇ ਲੜ ਰਹੇ ਸੀ। ਅਬਦਾਲੀ ਦੀ ਇੱਛਾ ਇਕ ਵਾਰ ਪੈਰ ਗੱਡ ਕੇ ਲੜਨ ਦੀ ਸੀ ਪਰ ਸਿੰਘ ਕੋਈ ਮੌਕਾ ਨਹੀਂ ਦੇ ਰਹੇ ਸੀ। ਸ. ਜੱਸਾ ਸਿੰਘ ਦੇ ਸਰੀਰ ਉੱਤੇ ੨੨ ਫੱਟ ਸਨ ਤੇ ਲਹੂ ਨਾਲ਼ ਨਹਾਤਾ ਉਹ ਅਜੇ ਵੀ ਘੋੜੇ 'ਤੇ ਚੜ੍ਹਿਆ ਟੁੱਟ-ਟੁੱਟ ਪੈ ਰਿਹਾ ਸੀ। ਸ. ਚੜ੍ਹਤ ਸਿੰਘ ਦੇ ਫੱਟ ਗਿਣ ਨਹੀਂ ਹੁੰਦੇ ਸੀ। ਇਹੀ ਹਾਲ ਬਾਕੀ ਸਿੰਘਾਂ ਤੇ ਸਰਦਾਰਾਂ ਦਾ ਸੀ। ਅੱਗੇ ਹਠੂਰ ਪਿੰਡ ਆਇਆ ਤਾਂ ਪਾਣੀ ਦੀ ਢਾਬ ਵੇਖ ਕੇ ਸਿੰਘ ਉਧਰ ਨੂੰ ਹੋ ਤੁਰੇ। ਅਬਦਾਲੀ ਦੀ ਫ਼ੌਜ ਪਾਣੀ ਦੀ ਢਾਬ ਖੋਹਣ ਲਈ ਹੱਲੇ ਕਰਦੀ ਰਹੀ, ਪਰ ਤਾਜੇ ਦਮ ਹੋਏ ਸਿੰਘਾਂ ਨੇ ਪੇਸ਼ ਨਾ ਜਾਣ ਦਿੱਤੀ। ਅੱਗੇ ਬਰਨਾਲੇ ਦਾ ਇਲਾਕੇ ਸੀ, ਜਿਥੇ ਬਾਬਾ ਆਲਾ ਸਿੰਘ ਪਟਿਆਲੇ ਵਾਲ਼ੇ ਦੀ ਹਾਕਮੀ ਸੀ। ਇੱਥੋਂ ਅਬਦਾਲੀ ਪਿੱਛੇ ਮੁੜ ਗਿਆ। ਸਿੰਘ ਭਦੌੜ, ਢਿਪਾਲੀ, ਥਰਾਜ, ਦਰਾਜ, ਤਪਾ, ਫੂਲ, ਮਰਾਝ ਆਦਿਕ ਇਲਾਕਿਆਂ ਵਿਚ ਫ਼ੈਲ ਗਏ, ਜਿੱਥੇ ਮਲਵਈ ਸਿੱਖਾਂ ਨੇ ਟਹਿਲ ਸੇਵਾ ਕੀਤੀ। ਕੁੱਪ ਰਹੀੜੇ ਤੋਂ ਹਠੂਰ ਤਕ ਖ਼ਾਸ ਕਰਕੇ ਕੁਤਬੇ-ਬ੍ਰਾਹਮਣੀ ਦੇ ਇਲਾਕੇ ਵਿਚ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਪਏ ਸਨ। ਇਹਨਾਂ ਲੋਥਾਂ ਦੇ ਸਿਰ ਕਟਵਾ ਕੇ ਅਬਦਾਲੀ ਲਾਹੌਰ ਲੈ ਗਿਆ। ਲਾਹੌਰ ਨੂੰ ਜਾਂਦਾ ਹੋਇਆ ਉਹ ਅੰਮ੍ਰਿਤਸਰ ਗਿਆ ਤੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀਆਂ ਇਮਾਰਤਾਂ ਨੂੰ ਬਰੂਦ ਨਾਲ਼ ਉਡਾ ਦਿੱਤਾ। ਸਰੋਵਰ ਨੂੰ ਮਲਬੇ ਤੇ ਹੱਡੀਆਂ ਨਾਲ਼ ਭਰ ਦਿੱਤਾ। ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿਚ 'ਵੱਡਾ ਘਲੂਘਾਰਾ' ਕਿਹਾ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਕਤਲੇਆਮ ਮਗਰੋਂ ਅਬਦਾਲੀ ਨੇ ਸਿੱਖਾਂ ਨਾਲ਼ ਸੁਲਾਹ ਕਰਨੀ ਚਾਹੀ ਸੀ ਪਰ ਸਿੱਖਾਂ ਨੇ ਕਰਾਰਾ ਜਵਾਬ ਦਿੱਤਾ ਕਿ ਤੈਨੂੰ ਮਿਲਾਂਗੇ ਜ਼ਰੂਰ ਤੇ ਸਿੰਘਾਂ ਨੇ ਆਪਣਾ ਇਕਰਾਰ ਨਿਭਾ ਦਿੱਤਾ। ਅਬਦਾਲੀ ਅਜੇ ਲਾਹੌਰ ਹੀ ਸੀ ਕਿ ਸਿੰਘਾਂ ਨੇ ਉਸ ਦੇ ਖ਼ਾਸਮ ਖ਼ਾਸ ਸਰਹੰਦ ਦੇ ਸੂਬੇਦਾਰ ਜੈਨ ਖ਼ਾਨ ਨੂੰ ਹਰਾ ਦਿੱਤਾ, ਜਿਸ ਨੇ ਘਲੂਘਾਰੇ ਮੌਕੇ ਉਸ ਦਾ ਡਟ ਕੇ ਸਾਥ ਦਿੱਤਾ ਸੀ।
ਸਿੰਘ ਨਾ ਤਾਂ ਖ਼ਾਲਸਾਈ ਦੇ ਵਪਰਾਏ ਕਹਿਰ ਨੂੰ ਭੁੱਲੇ ਸਨ ਤੇ ਨਾ ਹੀ ਉਸ ਵੱਲੋਂ ਕਤਲ ਕੀਤੇ ਗਏ ੨੫-੩੦ ਹਜ਼ਾਰ ਸਿੰਘ-ਸਿੰਘਣੀਆਂ ਦੀਆਂ ਸ਼ਹਾਦਤਾਂ ਭੁੱਲੇ ਸਨ। ਖ਼ਾਸ ਕਰਕੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਨੇ ਹਰ ਸਿੱਖ ਨੂੰ ਰੋਹ ਚਾੜ੍ਹ ਦਿੱਤਾ। ਘਲੂਘਾਰੇ ਤੋਂ ਸਿਰਫ਼ ੯ ਮਹੀਨੇ ਮਗਰੋਂ ਉਹਨਾਂ ਅੰਮ੍ਰਿਤਸਰ ਦੇ ਬਾਹਰਵਾਰ ਅਹਿਮਦ ਸ਼ਾਹ ਨਾਲ਼ ਫ਼ੈਸਲਾਕੁੰਨ ਜੰਗ ਲੜੀ। ਇਸ ਜੰਗ ਵਿਚ ਸਿੰਘਾਂ ਨੇ ਅਬਦਾਲੀ ਦੇ ਉਹ ਆਹੂ ਲਾਹੇ ਕਿ ਅਬਦਾਲੀ ਦੀ ਆਤਮਾ ਪਨਾਹ ਮੰਗ ਗਈ। ਬੁਰੀ ਤਰ੍ਹਾਂ ਹਾਰਿਆ ਹੋਇਆ ਤੇ ਜ਼ਲੀਲ ਹੋਇਆ ਤਖ਼ਤਾਂ-ਤਾਜ਼ਾਂ ਦਾ ਮਾਲਕ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਜਿਸ ਨੇ ਅਜੇ ਪੌਣੇ ਦੋ ਸਾਲ ਪਹਿਲਾਂ ਮਰਹੱਟਿਆਂ ਦੀ ਭਿਆਂ ਕਰਾਈ ਸੀ, ਉਹਨਾਂ ਸਿੱਖਾਂ ਹੱਥੋਂ ਬੁਰੀ ਤਰ੍ਹਾਂ ਹਾਰਿਆ, ਜਿਨ੍ਹਾਂ ਕੋਲ਼ ਨਾ ਕੋਈ ਘਰ, ਨਾ ਘਾਟ, ਨਾ ਕਿਲ੍ਹਾ, ਨਾ ਤੋਪਾਂ, ਨਾ ਪੂਰੇ ਸ਼ਸ਼ਤਰ ਤੇ ਨਾ ਪੂਰੇ ਘੋੜੇ। ਅਬਦਾਲੀ ਤੇ ਸਿੰਘਾਂ ਦੀ ਫ਼ੌਜੀ ਹਿਸਾਬ ਤੋਂ ਬੇਮੇਚੀ ਟੱਕਰ ਵਿਚ ਸਿੰਘਾਂ ਦੀ ਜਿੱਤ ਸਿਰਫ਼ ਤੇ ਸਿਰਫ਼ ਸਿੱਖੀ ਸਿਦਕ ਤੇ ਗੁਰੂ ਦੀ ਮਿਹਰ ਕਰਕੇ ਹੋਈ। ਅਬਦਾਲੀ ਰਾਤ ਨੂੰ ਹੀ ਹਨੇਰੇ-ਹਨੇਰੇ ਭੱਜ ਨਿਕਲਿਆ। ਸਿੰਘਾਂ ਨੇ ਝਨਾਂ ਦਰਿਆ ਤਕ ਉਸ ਦਾ ਪਿੱਛਾ ਕੀਤਾ।
੧੯੮੪ ਦਾ ਘਲੂਘਾਰਾ
ਡਾ. ਪ੍ਰੀਤਮ ਸਿੰਘ ਸੇਖੋਂ, ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਹੋਸਟਲ ਦੇ ਕਮਰੇ ਵਿਚ ੧੯੮੪ ਦੇ ਘਲੂਘਾਰੇ ਬਾਰੇ ਸੋਚਦਾ ਰਹਿੰਦਾ। ਉਸ ਨੂੰ ਇਹ ਸਭ ਕੁਝ ਅਬਦਾਲੀ ਤੇ ਸਿੰਘਾਂ ਦੀ ਟੱਕਰ ਵਾਂਗ ਜਾਪਦਾ। ਉਸ ਦੇ ਅੰਦਰੋਂ ਅਵਾਜ਼ aੁੱਠੀ ਕਿ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਉੱਪਰ ਹਮਲਾ ਕਰਨ ਵਾਲ਼ੇ ਅਬਦਾਲੀ ਨੂੰ ਜੇ ਸਿੱਖ ਬਜ਼ੁਰਗਾਂ ਨੇ ਸਜ਼ਾ ਦਿੱਤੀ ਸੀ ਤਾਂ ਅੱਜ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਗੁਰਧਾਮਾਂ ਉੱਤੇ ਫ਼ੌਜਾਂ ਚਾੜ੍ਹ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲ਼ੀ ਹਕੂਮਤ ਨੂੰ ਸਜ਼ਾ ਦਿੱਤੀ ਜਾਵੇ। ਅੰਦਰ-ਅੰਦਰ ਸੁਲਘਦੀ ਇਹ ਅੱਗ ਦਿਨੋਂ-ਦਿਨ ਭਾਂਬੜ ਬਣਦੀ ਰਹੀ। ਬਚਪਨ ਤੋਂ ਹੀ ਨਿੱਤਨੇਮੀ ਤੇ ਭਜਨ-ਬੰਦਗੀ ਵਾਲ਼ੇ ਡਾ. ਸੇਖੋਂ ਦੀ ਜ਼ਿੰਦਗੀ ਇਸ ਮਗਰੋਂ ਪਹਿਲਾਂ ਵਾਲ਼ੀ ਨਾ ਰਹੀ। ਉਸ ਦੇ ਹੋਸਟਲ ਦੇ ਕਮਰੇ ਵਿਚ ਹੁਣ ਡੂੰਘੀਆਂ ਤੇ ਗੰਭੀਰ ਵਿਚਾਰਾਂ ਹੋਣ ਲੱਗੀਆਂ।
ਗੁਪਤ ਸੇਵਾ
ਸਿੱਖ ਸੰਘਰਸ਼ ਦੇ ਨਾਮਵਰ ਜੁਝਾਰੂਆਂ ਨਾਲ਼ ਮੇਲ ਹੋਣ ਮਗਰੋਂ ਡਾ. ਸੇਖੋਂ ਪੂਰੀ ਤਰ੍ਹਾਂ ਖ਼ਾਲਿਸਤਾਨ ਸੰਘਰਸ਼ ਨੂੰ ਸਮਰਪਿਤ ਹੋ ਗਏ। ਹੋਸਟਲ ਦੇ ਕਮਰੇ ਵਿਚ ਕਦੇ ਕੋਈ ਜੁਝਾਰੂ ਆ ਜਾਂਦਾ, ਕਦੇ ਕੋਈ। ਇਸੇ ਸਮੇਂ ਦੌਰਾਨ ਉਹਨਾਂ ਦਾ ਮੇਲ ਭਾਈ ਦਲਜੀਤ ਸਿੰਘ ਬਿੱਟੂ, ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਜੁਝਾਰੂਆਂ ਨਾਲ਼ ਹੋਇਆ। ਪੜ੍ਹਾਈ ਪੂਰੀ ਹੋਣ ਮਗਰੋਂ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੇਰਕਾ ਵਿਖੇ ਵੈਟਰਨਰੀ ਡਾਕਟਰ ਦੀ ਨੌਕਰੀ ਮਿਲ਼ ਗਈ। ਇੰਝ ਮਲੇਰਕੋਟਲੇ ਤੋਂ ਲੁਧਿਆਣੇ ਰਾਹੀਂ ਅੰਮ੍ਰਿਤਸਰ ਤਕ ਉਹਨਾਂ ਦਾ ਕਾਰਜ ਖ਼ੇਤਰ ਫ਼ੈਲ ਗਿਆ।
ਮੈਦਾਨੇ ਜੰਗ ਵਿਚ
੧੯੮੭-੮੮ ਵਿਚ ਕਿਸੇ ਤਰ੍ਹਾਂ ਪੁਲੀਸ ਨੂੰ ਡਾ. ਸੇਖੋਂ ਦੀਆਂ ਗੁਪਤ ਸਰਗਰਮੀਆਂ ਦੀ ਸੂਹ ਮਿਲ਼ੀ। ਡਾ. ਸੇਖੋਂ ਨੇ ਸਮਾਂ ਰਹਿੰਦਿਆਂ ਹੀ ਮੌਕਾ ਸੰਭਾਲ਼ ਲਿਆ ਤੇ ਹਥਿਆਰਬੰਦ ਸੰਘਰਸ਼ ਵਿਚ ਕੁੱਦ ਪਏ। ਛੇਤੀ ਹੀ ਮੈਂਬਰ ਪਾਰਲੀਮੈਂਟ ਸਤਪਾਲ ਪਰਾਸ਼ਰ ਵਾਲ਼ੇ ਕਾਂਡ ਕਰਕੇ ਹਕੂਮਤੀ ਧਿਰਾਂ ਜਾਣ ਗਈਆਂ ਕਿ ਡਾ. ਪ੍ਰੀਤਮ ਸਿੰਘ ਸੇਖੋਂ ਦੁਲਮਾਂ ਹੁਣ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਰਾਹੀਂ ਸਿੱਖ ਹੱਕਾਂ ਲਈ ਹਥਿਆਰਬੰਦ ਤੌਰ 'ਤੇ ਸਰਗਰਮ ਹਨ। ਡਾ. ਸੇਖੋਂ ਨੇ ਇਹ ਕਾਰਨਾਮਾ ਬਿਸਤਰੇ ਵਿਚ ਬੰਦੂਕ ਬੰਨ੍ਹ ਕੇ ਕੀਤਾ ਸੀ।
ਬਲਵੰਤ ਸਿੰਘ ਲੱਡੂ ਕਾਂਡ
੧੦ ਜੁਲਾਈ ੧੯੯੦ ਨੂੰ ਚੰਡੀਗੜ੍ਹ ਦੇ ਸੈਕਟਰ ੨੦ ਤੇ ੩੦ ਦੇ ਵਿਚਕਾਰਲੀ ਸੜਕ ਉੱਤੇ ਸਿਖਰ ਦੁਪਹਿਰੇ ੨ ਵਜੇ ਚਿੱਟੇ ਰੰਗ ਦੀ ਮਰੂਤੀ ਕਾਰ ਵਿੱਚੋਂ ਏ.ਕੇ. ਸੰਤਾਲ਼ੀ ਦੀ ਫ਼ਾਇਰਿੰਗ ਹੋਈ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਬਲਵੰਤ ਸਿੰਘ ਜਿਸ ਨੂੰ ਲੋਕ 'ਲੱਡੂ' ਵੀ ਕਹਿੰਦੇ ਸਨ। ਆਪਣੀ ਕੀਤੀ ਦਾ ਫਲ਼ ਪਾ ਗਿਆ। ਨਾਲ਼ ਹੀ ਦੋ ਗੰਨਮੈਨ ਤੇ ਡਰਾਈਵਰ ਵੀ ਮਾਰੇ ਗਏ। ਚਿੱਟੇ ਰੰਗ ਦੀ ਮਰੂਤੀ ਕਾਰ ਵਿਚਲੇ ਸਿੰਘਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਓਥੋਂ ਫ਼ਰਾਰ ਹੋ ਗਏ। ਇਸ ਕਾਂਡ ਵਿਚ ਹੋਰਨਾਂ ਸਿੰਘਾਂ ਨੇ ਨਾਲ਼ ਡਾ. ਪ੍ਰੀਤਮ ਸਿੰਘ ਸੇਖੋਂ ਵੀ ਸਨ।
ਬਲਵੰਤ ਸਿੰਘ ਬੜਾ ਸ਼ਾਤਰ ਸਿਆਸਤਦਾਨ ਸੀ, ਜਿਸ ਨੂੰ ਧਰਮ, ਕੌਮ ਜਾਂ ਪੰਥ ਦਾ ਕੋਈ ਵਾਸਤਾ ਨਹੀਂ ਸੀ। ਹੋਰਨਾਂ ਅਕਾਲੀਆਂ ਵਾਂਗ ਉਹ ਵੀ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਮੰਤਵਾਂ ਦੀ ਪੂਰਤੀ ਕਰਨ ਵਾਲ਼ਾ ਸ਼ੈਤਾਨ ਹੀ ਸੀ। ਉਹ ਰਾਜੀਵ-ਲੌਂਗੋਵਾਲ਼ ਸਮਝੌਤੇ ਵੇਲ਼ੇ ਤੋਂ ਹੀ ਜੁਝਾਰੂਆਂ ਨੂੰ ਰੜਕਦਾ ਸੀ।
੧੯੮੨ ਤੋਂ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ 'ਧਰਮ ਯੁੱਧ ਮੋਰਚਾ' ਸ਼ੁਰੂ ਹੋਇਆ ਸੀ ਜਿਸ ਵਿਚ ਸਿੱਖ ਕੌਮ ਦਾ ਬੱਚਾ-ਬੱਚਾ ਡਟਿਆ ਰਿਹਾ ਸੀ। ਖ਼ਾਲਸਾ ਪੰਥ ਆਈ ਉੱਤੇ ਆਇਆ ਹੋਇਆ ਸੀ ਕਿ ੧੯੪੭ ਤੋਂ ਹੋ ਰਹੀ ਧੱਕੇਸ਼ਾਹੀ ਬੰਦ ਕਰਵਾ ਕੇ ਰਹਿਣਾ ਹੈ। ਕੇਂਦਰੀ ਸਰਕਾਰਾਂ ਨੇ ਹਮੇਸ਼ਾਂ ਹੀ ਪੰਥ ਤੇ ਪੰਜਾਬ ਨੂੰ ਥੱਲੇ ਲਾਹੁਣ ਵਾਲ਼ੀ ਨੀਤੀ ਰੱਖੀ ਸੀ, ਜਿਸ ਕਰਕੇ ਸਿੱਖ ਜਗਤ ਨਿੱਤ ਹੁੰਦੀ ਖੱਜਲ-ਖ਼ੁਆਰੀ ਤੋਂ ਸਤਿਆ ਪਿਆ ਸੀ। ਅਕਾਲੀਆਂ ਲਈ ਤਾਂ ਇਸ ਧਰਮ-ਯੁੱਧ ਮੋਰਚੇ ਦਾ ਅਰਥ ਐਨਾ ਕੁ ਸੀ ਕਿ ਲੋਕ ਭਾਵਨਾਵਾਂ ਨੂੰ ਕਾਂਗਰਸ ਤੇ ਕੇਂਦਰ ਖ਼ਿਲਾਫ਼ ਭੜਕਾ ਕੇ ਵੋਟਾਂ ਬਟੋਰੀਆਂ ਜਾਣ ਤੇ ਅਗਲੀ ਸਰਕਾਰ ਬਣਾਈ ਜਾਵੇ। ਓਧਰ ਇੰਦਰਾ ਗਾਂਧੀ ਲਈ ਆਪਣੀ ਸਿਆਸੀ ਗਿਣਤੀ-ਮਿਣਤੀ ਸੀ। ਉਹ ਸਾਰੇ ਭਾਰਤ ਦੇ ਹਿੰਦੂ ਵੋਟ ਜੇਬ ਵਿਚ ਪਾਉਣ ਲਈ ਸਿੱਖਾਂ ਨੂੰ ਜ਼ਲੀਲ ਕਰਨ ਦੇ ਚੱਕਰ ਵਿਚ ਸੀ। ਅਕਾਲੀ ਦਲ ਤੇ ਕਾਂਗਰਸ ਦੀਆਂ ਇਹਨਾਂ ਸਿਆਸੀ ਚਾਲਾਂ ਵਿਚਾਲੇ ਇਕ ਫ਼ਾਨਾ ਜੁਝਾਰੂ ਧਿਰ ਦਾ ਠੁੱਕ ਗਿਆ, ਜਿਸ ਕਰਕੇ ਦੋਵਾਂ ਧਿਰਾਂ ਲਈ ਸਥਿਤੀ ਕਸੂਤੀ ਬਣ ਗਈ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲ਼ੇ, ਬੱਬਰ ਖ਼ਾਲਸਾ, ਦਲ ਖ਼ਾਲਸਾ, ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਦਸਮੇਸ਼ ਰੈਜੀਮੈਂਟ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਅਕਾਲ ਫ਼ੈਡਰੇਸ਼ਨ, ਨੈਸ਼ਨਲ ਕੌਂਸਿਲ ਆਫ਼ ਖ਼ਾਲਿਸਤਾਨ ਆਦਿਕ ਧਿਰਾਂ ਦੀ ਸਾਂਝੀ ਸ਼ਕਤੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਇਸ ਵਾਰ ਗੱਲ ਕਿਸੇ ਕੰਢੇ ਲੱਗ ਕੇ ਰਹੂ। ਸੰਤ ਭਿੰਡਰਾਂਵਾਲ਼ੇ ਠੋਕ ਕੇ ਕਹਿੰਦੇ ਸੀ, "ਹੁਣ ਜਾਂ ਟਾਂਡਿਆਂ ਵਾਲ਼ੀ ਰਹੂ ਜਾਂ ਭਾਂਡਿਆਂ ਵਾਲ਼ੀ, ਐਂਤਕੀ ਮੂੰਹ ਨੂੰ ਜੂਸ ਲਾ ਕੇ ਮੋਰਚਾ ਨਹੀਂ ਛੱਡਣ ਦਿੱਤਾ ਜਾਵੇਗਾ। ਜੇਕਰ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਹੋਇਆ ਤਾਂ ਮੈਂ ਸੰਗਤ ਨੂੰ ਦੱਸਾਗਾਂ।"
ਅਕਾਲੀਆਂ ਦੀ ਸੋਚ ਤਾਂ ਇਹੀ ਰਹੀ ਹੈ ਕਿ ਪਹਿਲਾਂ ਵੱਡੀ ਸਾਰੀ ਗੱਲ ਕਰ ਕੇ ਕੌਮੀ ਜਜ਼ਬਾਤ ਭੜਕਾਓ, ਫਿਰ ਕੇਂਦਰ ਨਾਲ਼ ਲੈ-ਦੇ ਕਰ ਕੇ ਸਮਝੌਤਾ ਕਰ ਲਓ ਤੇ ਪੰਜਾਬ ਵਿਚ ਸੱਤਾ ਮਾਣੋ, ਪਰ ਐਤਕੀਂ ਇਹ ਕੰਮ ਹੋਣਾ ਔਖਾ ਸੀ। ਇਸ ਮਾਹੌਲ ਵਿਚ ਫਸੇ ਹੋਏ ਅਕਾਲੀਆਂ ਤੇ ਕਾਂਗਰਸ ਨੇ ਸੰਤ ਭਿੰਡਰਾਂਵਾਲ਼ੇ ਤੇ ਹੋਰ ਜੁਝਾਰੂ ਧਿਰਾਂ ਨੂੰ ਖ਼ਤਮ ਕਰਨ ਲਈ ਗੋਂਦ ਗੁੰਦੀ। ਇੰਝ ਜੂਨ ੧੯੮੪ ਦੇ ਘਲੂਘਾਰੇ ਦੀ ਬੁਨਿਆਦ ਰੱਖੀ ਗਈ। ਇਸ ਘਲੂਘਾਰੇ ਮਗਰੋਂ ਹਰ ਸਿੱਖ ਨੇ ਇਕੋ ਗੱਲ ਪੱਲੇ ਬੰਨ੍ਹ ਲਈ ਕਿ ਸੰਤ ਕਹਿੰਦੇ ਹੁੰਦੇ ਸੀ ਬਈ ਜਿੱਦਣ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ, ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਪੰਥ ਦਾ ਨਿਸ਼ਾਨਾ ਖ਼ਾਲਿਸਤਾਨ ਦੀ ਸਿਰਜਣਾ ਹੈ। ਨਵੰਬਰ ੧੯੮੪ ਦੇ ਕਤਲੇਆਮ ਮਗਰੋਂ ਤਾਂ ਦੇਸ਼ ਵਿਦੇਸ਼ ਦਾ ਹਰ ਸਿੱਖ ਖ਼ਾਲਿਸਤਾਨ ਦਾ ਹਮਾਇਤੀ ਹੋ ਗਿਆ। ਹਾਲਤ ਇਹ ਸੀ ਕਿ ਖ਼ਾਲਿਸਤਾਨ ਲਈ ਨਿਤਰੇ ਸੂਰਮੇ ਸਿੰਘਾਂ ਲਈ ਹਰ ਘਰ ਦੇ ਦਰ ਖੁੱਲ੍ਹੇ ਸਨ। ਹੁਣ ਪੰਥ ਨੂੰ ਅਨੰਦਪੁਰ ਦਾ ਮਤਾ ਜਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਦੀ ਕੋਈ ਲੋੜ ਨਹੀਂ ਸੀ ਰਹੀ। ਗੱਲ ਅੱਗੇ ਚੱਲੀ ਗਈ ਸੀ। ਖ਼ਾਲਿਸਤਾਨ ਹੀ ਕੌਮੀ ਨਾਅਰਾ ਸੀ। ਇਹੋ ਜਿਹੇ ਮਾਹੌਲ ਵਿਚ ਕੇਂਦਰੀ ਹਕੂਮਤ ਨੇ ਅਕਾਲੀਆਂ ਨਾਲ਼ ਸੌਦਾ ਕਰ ਲਿਆ ਕਿ ਤੁਸੀਂ ਪੰਜਾਬ ਵਿਚ ਸਰਕਾਰ ਬਣਾ ਲਵੋ ਪਰ ਆਹ ਖ਼ਾਲਿਸਤਾਨ ਲਈ ਉੱਠੇ ਜਜ਼ਬਾਤਾਂ ਨੂੰ ਠੰਢੇ ਕਰੋ। ਚਾਹੀਦਾ ਤਾਂ ਇਹ ਸੀ ਕਿ ਲੌਂਗੋਵਾਲ਼ ਤੇ ਹੋਰ ਅਕਾਲੀ ਕੇਂਦਰੀ ਹਕੂਮਤ ਨੂੰ ਸਪਸ਼ਟ ਕਹਿ ਦਿੰਦੇ ਕਿ ਜਿਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਧਰਮ-ਯੁੱਧ ਮੋਰਚਾ ਲਾਇਆ ਸੀ, ਹੁਣ ਉਹਨਾਂ ਦੀ ਗੱਲ ਪਿੱਛੇ ਰਹਿ ਗਈ ਹੈ, ਹੁਣ ਤਾਂ ਮਸਲਾ ਖ਼ਾਲਿਸਤਾਨ ਦਾ ਹੈ ਤੇ ਉਸ ਲਈ ਵੀ ਗੱਲ ਸਾਡੇ ਨਾਲ਼ ਨਹੀਂ, ਉਹਨਾਂ ਯੋਧਿਆਂ ਨਾਲ਼ ਕਰੋ ਜਿਹੜੇ ਸਿਰਾਂ ਉੱਤੇ ਖੱਫਣ ਬੰਨ੍ਹੀ ਫਿਰਦੇ ਹਨ। ਬਿਨਾਂ ਸ਼ੱਕ ਜੇ ਅਕਾਲੀ ਇਹ ਪੈਂਤੜਾ ਲੈਂਦੇ ਸਥਿਤੀ ਹੋਰ ਹੀ ਹੋ ਜਾਣੀ ਸੀ। ਇਸ ਨਾਲ਼ ਖ਼ਾਲਿਸਤਾਨੀ ਸੰਘਰਸ਼ ਨੂੰ ਪੂਰਾ ਬਲ ਮਿਲਣਾ ਸੀ। ਦੁਨੀਆ ਵਿਚ ਇਹੀ ਸੁਨੇਹਾ ਜਾਣਾ ਸੀ ਕਿ ਸਿੱਖਾਂ ਦੀ ਸਿਆਸੀ ਜਮਾਤ ਵੀ ਖ਼ਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦੀ।
ਪਰ ਅਕਾਲੀਆਂ ਨੇ ਭਾਰਤ ਦਾ ਪੱਖ ਪੂਰਿਆ। ਖ਼ਾਲਿਸਤਾਨੀ ਲਹਿਰ ਦਾ ਲੱਕ ਤੋੜਨ ਲਈ ਉਹਨਾਂ ਹਾਮੀ ਭਰੀ ਤੇ ਇੰਝ ਰਾਜੀਵ-ਲੌਂਗੋਵਾਲ਼ ਸੌਦਾ ਹੋਇਆ ਜਿਸ ਵਿਚ ਬਾਕੀ ਤਾਂ ਜਾਬਾਂ ਦਾ ਭੇੜ ਸੀ, ਮੁੱਖ ਗੁਪਤ ਮੱਦ ਐਨੀ ਕੁ ਸੀ ਕਿ ਲੌਂਗੋਵਾਲ਼ ਦੇ ਚੇਲੇ ਬਰਨਾਲੇ ਲਈ ਮੁੱਖ ਮੰਤਰੀ ਦੀ ਕੁਰਸੀ ਸਜ਼ਾ ਦਿੱਤੀ ਗਈ। ਇਸ ਸੌਦੇਬਾਜ਼ੀ ਨੂੰ ਨੇਪਰੇ ਚਾੜ੍ਹਨ ਵਾਲ਼ਿਆਂ ਵਿਚ ਬਲਵੰਤ ਸਿੰਘ ਲੱਡੂ ਸਭ ਤੋਂ ਮੋਹਰੀ ਸੀ। ਹੁਣ ਤਕ ਅਕਾਲੀ ਦੁਹਾਈ ਦੇ ਰਹੇ ਸਨ ਕਿ ਰਾਜੀਵ-ਲੌਂਗੋਵਾਲ਼ ਬੜਾ ਵਧੀਆ ਸਮਝੌਤਾ ਸੀ, ਜਦ ਕਿ ਅੱਜ ਤਕ ਇਸ ਸਮਝੌਤੇ ਦੀਆਂ ਸਿਰਫ਼ ਦੋ ਮੱਦਾਂ ਲਾਗੂ ਹੋਈਆਂ ਹਨ। ਪਹਿਲੀ ਪੰਜਾਬ ਦਾ ਪਾਣੀ ਲੁੱਟੇ ਜਾਣ ਤੇ ਮੋਹਰ ਲੱਗੀ ਤੇ ਦੂਜੀ ਬਰਨਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ਼ੀ। ਇਸ ਸਮਝੌਤੇ ਦਾ ਪੰਥ ਤੇ ਪੰਜਾਬ ਨੂੰ ਨਾ ਕੋਈ ਲਾਭ ਹੋਣਾ ਸੀ, ਨਾ ਹੋਇਆ ਕਿਉਂਕਿ ਸਮਝੌਤਾ ਕਰਨ ਵਾਲ਼ੀਆਂ ਦੋਵੇਂ ਧਿਰਾਂ ਪਹਿਲਾਂ ਹੀ ਜਾਣਦੀਆਂ ਸਨ ਕਿ ਇਹ ਤਾਂ ਇਕ ਛੁਣਛੁਣਾ ਹੀ ਹੈ।
ਰਾਜੀਵ-ਲੌਂਗੋਵਾਲ਼ ਸੌਦੇ ਨੇ ਪ੍ਰਚੰਡ ਹੋ ਰਹੀ ਖ਼ਾਲਿਸਤਾਨ ਦੀ ਲਹਿਰ ਨੂੰ ਸ਼ੁਰੂ ਵਿਚ ਹੀ ਕਰਾਰਾ ਝਟਕਾ ਦੇ ਦਿੱਤਾ। ਕੌਮ ਦਾ ਜਿਹੜਾ ਗ਼ੁੱਸਾ ਭਾਂਬੜ ਬਣ ਕੇ ਭਾਰਤੀ ਹਕੂਮਤ ਨੂੰ ਸਾੜਨ ਲਈ ਕਾਹਲ਼ਾ ਸੀ, ਉਹ ਵੋਟ-ਪਰਚੀ ਤਕ ਸੀਮਿਤ ਰਹਿ ਗਿਆ। ਲੋਕਾਂ ਨੇ ਸਮਝਿਆ ਕਿ ਕਾਂਗਰਸ ਨੂੰ ਵੋਟ ਨਾ ਪਾ ਕੇ ਉਹ ਆਪਣਾ ਗ਼ੁੱਸਾ ਕੱਢ ਰਹੇ ਸਨ ਪਰ ਜਿਨ੍ਹਾਂ ਅਕਾਲੀਆਂ ਨੂੰ ਉਹ ਵੋਟ ਪਾ ਰਹੇ ਸੀ, ਉਹ ਕਿੱਡੇ ਕੁ ਪੰਥ ਪ੍ਰਸਤ ਸੀ? ਸੱਤਾਧਾਰੀ ਹੋਣ ਮਗਰੋਂ ਬਰਨਾਲਾ ਸਰਕਾਰ ਨੇ ਸਿੱਖਾਂ ਲਈ ਦੋਹਰੀ ਨੀਤੀ ਰੱਖੀ। ਇਕ ਤਾਂ ਖ਼ਾਲਿਸਤਾਨ ਲਈ ਭੜਕੇ ਹੋਏ ਜ਼ਜ਼ਬਾਤਾਂ ਨੂੰ ਠੰਢੇ ਕਰਨਾ, ਦੂਜਾ ਜੁਝਾਰੂਆਂ ਦਾ ਖ਼ਾਤਮਾ। ਅੱਜ ਕਈ ਵਾਰ ਬੇਅੰਤੇ ਦੀ ਸਰਕਾਰ ਦੇ ਜ਼ੁਲਮਾਂ ਦੀ ਗੱਲ ਕਰਦੇ ਹਨ ਪਰ ੨੯ ਸਤੰਬਰ ੧੯੮੫ ਤੋਂ ੧੧ ਮਈ ੧੯੮੭ ਤਕ ਦਾ ਲੇਖਾ ਕਰੀਏ ਤਾਂ ਪਤਾ ਲੱਗਦਾ ਹੈ ਕਿ ਬਰਨਾਲੇ ਨੇ ਵੀ ਘੱਟ ਨਹੀਂ ਸੀ ਕੀਤੀ। ਹਜ਼ਾਰਾਂ ਸਿੱਖ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿਚ ਸੁੱਟੇ ਗਏ। ਬਰਨਾਲੇ ਦਾ ਮੁੰਡਾ ਗਗਨਦੀਪ ਹਥਿਆਰਬੰਦ ਬੰਦੇ ਲੈ ਕੇ ਦਰਬਾਰ ਸਾਹਿਬ ਉੱਤੇ ਚੜ੍ਹ ਆਇਆ। ਦਰਬਾਰ ਸਾਹਿਬ ਅੰਦਰ ਪੁਲੀਸ ਭੇਜੀ, ਹਿੰਦੂ ਕੱਟੜਪੰਥੀਆਂ ਨੂੰ ਸਿੱਖਾਂ ਖ਼ਿਲਾਫ਼ ਖੁੱਲ੍ਹ ਦਿੱਤੀ, ਬੁੱਚੜ ਰਿਬੈਰੋ ਨੂੰ ਡੀ.ਜੀ.ਪੀ. ਲਾ ਕੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਨਕਲ਼ੀ ਮੁਕਾਬਲਿਆਂ ਵਿਚ ਮਾਰ ਮੁਕਾਇਆ। ਬਰਨਾਲਾ ਐਨਾ ਬੇਸ਼ਰਮ ਸੀ ਕਿ ਉਸ ਨੂੰ ਰਾਜੀਵ ਨੇ ਲਾਰਾ ਲਾਇਆ ਸੀ ਬਈ ੨੬ ਜਨਵਰੀ ੧੯੮੬ ਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਹੈ, ਤੂੰ ਵਧਾਈ ਵਾਲ਼ੇ ਇਸ਼ਤਿਹਾਰ ਛਪਵਾ ਲੈ। ਬਰਨਾਲੇ ਨੇ ਲੱਖਾਂ ਇਸ਼ਤਿਹਾਰ ਛਪਵਾ ਕੇ ਰੱਖ ਲਏ ਤੇ ਫੜ੍ਹਾਂ ਮਾਰਨ ਲੱਗ ਪਿਆ ਕਿ ਮੈਂ ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਣਾ ਹੈ। ਪਰ ਰਾਜੀਵ ਗਾਂਧੀ ਨੇ ਅਜਿਹਾ ਕੋਈ ਐਲਾਨ ਨਾ ਕੀਤਾ। ਬੇਸ਼ਰਮਾਂ ਵਾਂਗ ਬਰਨਾਲਾ ਕੁਰਸੀ ਨੂੰ ਚਿੰਬੜਿਆ ਰਿਹਾ ਤੇ ਅਸਤੀਫ਼ਾ ਨਾ ਦਿੱਤਾ। ਬਰਨਾਲੇ ਨੇ ਕੇਂਦਰ ਸਰਕਾਰ ਦੀ ਸਿੱਖੀ ਤੇ ਪੰਜਾਬ ਦੇ ਉਲ਼ਟ ਹਰ ਨੀਤੀ ਤੇ ਹੁਕਮ ਮੰਨਿਆ ਕਿ ਪੰਜ ਸਾਲ ਰਾਜ ਕਰਨਾ ਹੈ, ਪਰ ੧੧ ਮਈ ੧੯੮੭ ਨੂੰ ਉਸ ਨੂੰ ਨੁਚੜੇ ਹੋਏ ਨਿੰਬੂ ਵਾਂਗ ਵਗਾਹ ਮਾਰਿਆ ਗਿਆ। ਹੁਣ ਉਸ ਦੀ ਕੋਈ ਲੋੜ ਨਹੀਂ ਸੀ ਰਹੀ।
ਉਸ ਸਮੇਂ ਤਕ ਹਕੂਮਤ ਸਮਝਦੀ ਸੀ ੧੯੮੪ ਦੇ ਸਾਕੇ ਕਰਕੇ ਸਿੱਖ ਕੌਮ ਦੇ ਅੰਦਰ ਜੋ ਖ਼ਾਲਿਸਤਾਨ ਲਈ ਉਭਾਰ ਆਇਆ ਸੀ, ਉਸ ਨੂੰ ਕਾਫ਼ੀ ਹੱਦ ਤਕ ਮੱਠਾ ਪਾ ਦਿੱਤਾ ਹੈ ਤੇ ਹੁਣ ਬਰਨਾਲੇ ਦੀ ਸਰਕਾਰ ਦੀ ਕੋਈ ਲੋੜ ਨਹੀਂ।
ਬਰਨਾਲਾ ਸਰਕਾਰ ਨੂੰ ਬਣਾਉਣ ਤੇ ਰਾਜੀਵ ਲੌਂਗੋਵਾਲ਼ ਸੌਦਾ ਕਰਵਾਉਣ ਵਾਲ਼ੀ ਧਿਰ ਦਾ ਮੁੱਖ ਕੇਂਦਰ ਲੌਂਗੋਵਾਲ਼ ਸੀ, ਜੋ ਸਮਝੌਤੇ ਤੋਂ ਸਿਰਫ਼ ੨੫ ਦਿਨ ਮਗਰੋਂ ਸੰਗਰੂਰ ਜ਼ਿਲ੍ਹੇ ਵਿਚ ਸ਼ੇਰਪੁਰ ਕਸਬੇ ਵਿਚ ੨੦ ਅਗਸਤ ੧੯੮੫ ਨੂੰ ਸੋਧ ਦਿੱਤਾ ਗਿਆ ਸੀ। ਇੰਝ ਕੌਮ ਦੀ ਸ਼ਰਮਨਾਕ ਹੇਠੀ ਕਰਵਾਉਣ ਵਾਲ਼ੇ ਤੇ ਕੌਮ ਦੀ ਦਸਤਾਰ ਨੂੰ ਮਿੱਟੀ ਵਿਚ ਰੋਲਣ ਵਾਲ਼ੇ ਸਾਧ ਲੌਂਗੋਵਾਲ਼ ਨੂੰ ਸ. ਗਿਆਨ ਸਿੰਘ ਵਾਸੀ ਲੀਲ੍ਹ ਜ਼ਿਲ੍ਹਾ ਲੁਧਿਆਣਾ ਤੇ ਹਲਵਿੰਦਰ ਸਿੰਘ ਬਿੱਲਾ ਵਾਸੀ ਲੀਲ੍ਹਾ ਨੇ ਉਸ ਦੀ ਗ਼ੱਦਾਰੀ ਦੀ ਸਜ਼ਾ ਦੇ ਦਿੱਤੀ।
ਇਸ ਸੌਦੇਬਾਜ਼ੀ ਦੇ ਦੂਜੇ ਅਹਿਮ ਕਿਰਦਾਰ ਬਲਵੰਤ ਸਿੰਘ ਲੱਡੂ ਨੂੰ ਚੰਡੀਗੜ੍ਹ ਵਿਚ ੧੦ ਜੁਲਾਈ ੧੯੯੦ ਨੂੰ ਡਾ. ਪ੍ਰੀਤਮ ਸਿੰਘ ਸੇਖੋਂ ਤੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਹੋਰ ਤਿੰਨ ਸਿੰਘਾਂ ਨੇ ਸਜ਼ਾ ਦਿੱਤੀ।
ਇੰਜੀਨੀਅਰ ਗਰੁੱਪ
ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਵਿਚ ਪ੍ਰੋ. ਪ੍ਰੀਤਮ ਸਿੰਘ ਸੇਖੋਂ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਨਵਨੀਤ ਸਿੰਘ ਕਾਦੀਆਂ, ਦੇਵਪਾਲ ਸਿੰਘ ਮੋਹਾਲੀ, ਮਨਜਿੰਦਰ ਸਿੰਘ ਟੀਸੀ ਵਰਗੇ ਪੜ੍ਹੇ ਲਿਖੇ ਤੇ ਸੁਲਝੇ ਹੋਏ ਸਿੰਘਾਂ ਦਾ ਇਕ ਗਰੁੱਪ 'ਇੰਜੀਨੀਅਰ ਗਰੁੱਪ' ਵਜੋਂ ਵੀ ਜਾਣਿਆ ਜਾਂਦਾ ਸੀ। ਹਕੂਮਤ ਹੈਰਾਨ ਸੀ ਇਹ ਐਡੇ ਪੜ੍ਹੇ ਲਿਖੇ ਨੌਜਵਾਨ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਵਰਗੇ ਅਨਪੜ੍ਹ ਜਿਹੇ ਸਿੰਘ ਦੀ ਅਗਵਾਈ ਵਿਚ ਕਿਵੇਂ ਜੂਝ ਰਹੇ ਹਨ? ਅਸਲ ਵਿਚ ਇਹ ਸਾਰੀ ਟੀਮ ਜਿੱਥੇ ਸੂਝ-ਬੂਝ ਤੇ ਯੋਜਨਾਬੰਦੀ ਵਿਚ ਮਾਹਿਰ ਸੀ, ਓਥੇ ਭਾਈ ਗੁਰਜੰਟ ਸਿੰਘ ਦਾ ਸਿੱਖੀ ਸਿਦਕ ਤੇ ਹਰ ਐਕਸ਼ਨ ਮੌਕੇ ਸਿਰੇ ਦੀ ਜਾਬਾਂਜ਼ੀ ਕਮਾਲ ਦੀ ਹੁੰਦੀ ਸੀ। ਗੁਰੀਲਾ ਹਮਲਿਆਂ ਮੌਕੇ ਇਸ ਟੀਮ ਦਾ ਹਰ ਸਿੰਘ ਇਕ ਹੰਢੇ ਹੋਏ ਕਮਾਂਡੋ ਵਾਂਗ ਐਕਸ਼ਨ ਕਰਦਾ ਸੀ। ਇਸੇ ਕਰਕੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਬੜੀ ਧਾਂਕ ਸੀ। ਪ੍ਰੋ. ਸੇਖੋਂ ਦੀ ਭਾਈ ਦਲਜੀਤ ਸਿੰਘ ਤੇ ਭਾਈ ਬੁੱਧ ਸਿੰਘ ਵਾਲ਼ਾ ਨਾਲ਼ ਬਹੁਤ ਨੇੜਤਾ ਸੀ। ਪ੍ਰੋ. ਸਾਹਿਬ ਨੂੰ 'ਲਿਬਰੇਸ਼ਨ ਦਾ ਦਿਮਾਗ਼' ਵੀ ਕਿਹਾ ਜਾਂਦਾ ਸੀ।
ਸਰਕਾਰ ਤੇ ਖਾੜਕੂਆਂ ਵਿਚ ਗੱਲਬਾਤ
ਭਾਵੇਂ ਸਰਕਾਰ ਨੇ ਬਰਨਾਲਾ, ਰੋਡੇ 'ਤੇ ਹੋਰ ਕਈ ਢੰਗ ਤਰੀਕਿਆਂ ਰਾਹੀਂ ਖ਼ਾਲਿਸਤਾਨੀ ਸੰਘਰਸ਼ ਨੂੰ ਲੀਹੋ ਲਾਹੁਣ ਦੀ ਕੋਸ਼ਿਸ਼ ਕੀਤੀ, ਪਰ ਸੰਘਰਸ਼ ਨਿੱਤ ਨਵੀਆਂ ਬੁਲੰਦੀਆਂ ਛੋਂਹਦਾ ਗਿਆ। ਦਿੱਲੀ ਵਿਚ ਵੀ.ਪੀ. ਸਿੰਘ ਦੀ ਸਰਕਾਰ ਬਣਨ ਮਗਰੋਂ ਨਵੀਂ ਲੀਡਰਸ਼ਿਪ ਨੇ ਸੋਚਿਆ ਕਿ ਜੇ ਪੰਜਾਬ ਦਾ ਮਸਲਾ ਸਾਡੇ ਹੁੰਦਿਆਂ ਹੱਲ ਹੋਵੇ ਤਾਂ ਇਹ ਕਾਂਗਰਸ ਉੱਤੇ ਸਾਡੀ ਇਕ ਸਿਧਾਂਤਕ ਜਿੱਤ ਹੋਵੇਗੀ। ਇਸ ਸੋਚ ਤਹਿਤ ਹਕੂਮਤੀ ਏਜੰਸੀਆਂ ਨੇ ਖ਼ਾਲਿਸਤਾਨੀ ਧਿਰਾਂ ਨਾਲ਼ ਗੱਲਬਾਤ ਅਰੰਭ ਕੀਤੀ। ਇਕ ਪਾਸੇ ਸ. ਸਿਮਰਨਜੀਤ ਸਿੰਘ ਮਾਨ, ਭਾਈ ਮਨਜੀਤ ਸਿੰਘ ਤੇ ਹੋਰ ਓਵਰਗਰਾਊਂਡ ਆਗੂਆਂ ਨਾਲ਼ ਸੰਪਰਕ ਬਣਾਇਆ ਗਿਆ, ਦੂਜੇ ਪਾਸੇ ਅੰਡਰਗਰਾਊਂਡ ਲਹਿਰ ਦੇ ਆਗੂਆਂ ਤਕ ਪਹੁੰਚ ਕੀਤੀ ਗਈ।
ਜਦੋਂ ਹਕੂਮਤ ਕਿਸੇ ਅੰਦੋਲਨ, ਸੰਘਰਸ਼ ਤੇ ਲਹਿਰ ਦੇ ਆਗੂਆਂ ਨਾਲ਼ ਗੱਲਬਾਤ ਕਰਨ ਬੈਠੇ ਤਾਂ ਇਸ ਦੇ ਬੜੇ ਗੰਭੀਰ ਅਰਥ ਹੁੰਦੇ ਹਨ। ਇਸ ਨਾਲ਼ ਲੜ ਰਹੀ ਧਿਰ ਦੇ ਪੈਂਤੜੇ ਤੇ ਮਜ਼ਬੂਤੀ ਦਾ ਸੰਦੇਸ਼ ਜਾਂਦਾ ਹੈ ਕਿ ਹਕੂਮਤ ਨੂੰ ਇਸ ਸੰਘਰਸ਼ ਨੇ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਜਿਨ੍ਹਾਂ ਨੇ ਸਰਗਰਮੀ ਨਾਲ਼ ਕੰੰਮ ਕੀਤਾ। ਅੰਡਰਗਰਾਊਂਡ ਤੇ ਓਵਰਗਰਾਊਂਡ ਧਿਰਾਂ ਦੇ ਤਾਲਮੇਲ ਦਾ ਨਤੀਜਾ ਬੜਾ ਸੁਖਾਵਾਂ ਨਿਕਲਿਆ।
ਵੀ.ਪੀ. ਸਿੰਘ ਦੀ ਸਰਕਾਰ ਪੰਜਾਬ ਦੇ ਮਸਲੇ ਨੂੰ ਹੱਲ ਕਰ ਕੇ ਵਾਹ-ਵਾਹ ਖੱਟਣਾ ਚਾਹੁੰਦੀ ਸੀ। ਸਰਕਾਰ ਨੇ ਸਿੱਖਾਂ ਨਾਲ਼ ਗੱਲਬਾਤ ਕਰਨ ਲਈ ਆਈ.ਬੀ. ਦੇ ਜੁਆਇੰਟ ਡਾਇਰੈਕਟਰ ਮਲੋਆ ਕ੍ਰਿਸ਼ਨ ਧਰ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸੁਬੋਧ ਕਾਂਤ ਸਹਾਏ ਨੂੰ ਨਾਮਜ਼ਦ ਕੀਤਾ। ਸੰਘਰਸ਼ ਦੌਰਾਨ ਹਕੂਮਤ ਵੱਲੋਂ ਗੱਲਬਾਤ ਦਾ ਸੱਦਾ ਆਉਣਾ ਲੜ ਰਹੀ ਧਿਰ ਲਈ ਸਪਸ਼ਟ ਸੁਨੇਹਾ ਹੁੰਦਾ ਹੈ ਕਿ ਉਹਨਾਂ ਦੀ ਮਜ਼ਬੂਤ ਸਥਿਤੀ ਨੂੰ ਹਕੂਮਤ ਪ੍ਰਵਾਨ ਕਰਦੀ ਹੈ। ਇਹੋ ਜਿਹੇ ਮੌਕੇ ਲੜ ਰਹੀ ਧਿਰ ਨੂੰ ਆਪਣੇ ਪੈਂਤੜੇ ਤੇ ਪੱਤੇ ਬੜੇ ਠਰੰਮੇ ਨਾਲ਼ ਖੋਲ੍ਹਣੇ ਹੁੰਦੇ ਹਨ ਤਾਂ ਕਿ ਹੱਕਾਂ ਦੀ ਪ੍ਰਾਪਤੀ ਹੋ ਸਕੇ।
ਹਕੂਮਤ ਦੇ ਨੁਮਾਇੰਦਿਆਂ ਨਾਲ਼ ਸ. ਮਾਨ ਤੇ ਹੋਰ ਧਿਰਾਂ ਦੀ ਗੱਲਬਾਤ ਅਲੱਗ ਚੱਲੀ ਤੇ ਖਾੜਕੂ ਧਿਰਾਂ ਦੇ ਨੁਮਾਇੰਦਿਆਂ ਨਾਲ਼ ਅਲੱਗ ਚੱਲੀ। ਖਾੜਕੂ ਧਿਰਾਂ ਖ਼ਾਲਿਸਤਾਨ ਤੋਂ ਘੱਟ ਕਿਸੇ ਵੀ ਮੁੱਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ ਸਨ। ਇਸੇ ਖਿਚੋਤਾਣ ਵਿਚ ਵੀ.ਪੀ. ਸਿੰਘ ਦੀ ਸਰਕਾਰ ਟੁੱਟ ਗਈ ਤੇ ੧੦ ਨਵੰਬਰ ੧੯੯੦ ਨੂੰ ਕਾਂਗਰਸ ਦੀ ਮਦਦ ਨਾਲ਼ ਚੰਦਰ ਸ਼ੇਖਰ ਪ੍ਰਧਾਨ ਮੰਤਰੀ ਬਣ ਗਿਆ। ਨਵੀਂ ਸਰਕਾਰ ਨੇ ਵੀ ਸਿੱਖਾਂ ਨਾਲ਼ ਚੱਲ ਰਹੀ ਗੱਲਬਾਤ ਨੂੰ ਜਾਰੀ ਰੱਖਿਆ। ਪਰ ਅੜਿੰਗਾ ਇਹ ਸੀ ਕਿ ਹਕੂਮਤ ਦਾ ਜ਼ੋਰ ਭਾਰਤੀ ਸੰਵਿਧਾਨ ਦੇ ਅੰਦਰ ਰਹਿ ਕੇ ਗੱਲ ਕਰਨ ਉੱਤੇ ਸੀ ਜਦ ਕਿ ਜੁਝਾਰੂ ਧਿਰ ਖ਼ਾਲਿਸਤਾਨ ਤੋਂ ਘੱਟ ਕੋਈ ਗੱਲ ਨਹੀਂ ਕਰ ਸਕਦੀ ਸੀ।
ਇਹੋ ਜਿਹੇ ਮਾਹੌਲ ਵਿਚ ਪੰਥਕ ਕਮੇਟੀ ਤੇ ਕੇਂਦਰੀ ਹਕੂਮਤ ਦੇ ਨੁਮਾਇੰਦਿਆਂ ਦੀ ਗੱਲਬਾਤ ਲੁਧਿਆਣੇ ਵਿਚ ਸ਼ੁਰੂ ਹੋਈ। ਇਸ ਵਿਚ ਤਕਰੀਬਨ ਸਾਰੀਆਂ ਹੀ ਖਾੜਕੂ ਧਿਰਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਡਾ. ਸੋਹਨ ਸਿੰਘ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ, ਡਾ. ਪ੍ਰੀਤਮ ਸਿੰਘ ਸੇਖੋਂ, ਡਾ. ਹਰੀ ਸਿੰਘ, ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਮਨਜਿੰਦਰ ਸਿੰਘ ਦੀ ਗੱਲਬਾਤ ਹਕੂਮਤ ਦੇ ਨੁਮਾਇੰਦਿਆਂ ਸੁਬੋਧ ਕਾਂਤ ਸਹਾਏ ਤੇ ਉਸ ਦੇ ਵਿਸ਼ੇਸ਼ ਸਕੱਤਰ ਬਣ ਕੇ ਵਿਚਰ ਰਹੇ ਆਈ.ਬੀ. ਦੇ ਮੁਖੀ ਐਮ.ਕੇ. ਧਰ ਨਾਲ਼ ਹੋਈ ਤਾਂ ਸਰਕਾਰ ਨੇ ਖਾੜਕੂਆਂ ਨੂੰ ਪੰਜਾਬ ਵਿਚ ਸਰਕਾਰ ਬਣਾਉਣ ਤੇ ਸਾਰੇ ਖਾੜਕੂਆਂ ਨੂੰ ਆਪ ਮਾਫ਼ੀ ਦੇ ਕੇ ਮੁੜ ਵਸੇਬਾ ਕਰਨ ਦੀ ਪੇਸ਼ਕਸ਼ ਕੀਤੀ। ਇਸ ਪੇਸ਼ਕਸ਼ ਉੱਤੇ ਜੁਝਾਰੂ ਲਹਿਰ ਵਿਚ ਤਿੱਖੇ ਮੱਤਭੇਦ ਹੋ ਗਏ। ਇਕ ਨਿੱਕਾ ਜਿਹਾ ਹਿੱਸਾ ਇਸ ਪੇਸ਼ਕਸ਼ ਨੂੰ ਪ੍ਰਵਾਨ ਕਰ ਕੇ, ਅਗਲੀ ਲੜਾਈ ਲਈ ਜਮੀਨ ਤਿਆਰ ਕਰਨ ਲਈ ਜ਼ੋਰ ਪਾ ਰਿਹਾ ਸੀ ਪਰ ਇਕ ਵੱਡੇ ਹਿੱਸੇ ਨੇ 'ਖ਼ਾਲਿਸਤਾਨ ਤੋਂ ਘੱਟ ਕੁਝ ਪ੍ਰਵਾਨ ਨਹੀਂ' ਵਾਲ਼ੀ ਲੀਹ ਰੱਖੀ। ਦੋਵੇਂ ਧਿਰਾਂ ਹੀ ਖ਼ਾਲਿਸਤਾਨ ਲਈ ਦ੍ਰਿੜ੍ਹ ਸਨ, ਪਰ ਸਰਕਾਰ ਦੀ ਪੇਸ਼ਕਸ਼ ਉੱਤੇ ਵਿਚਾਰਾਂ ਦਾ ਵਖਰੇਵਾਂ ਸੀ। ਅਖ਼ੀਰ ਇਹ ਗੱਲਬਾਤ ਟੁੱਟ ਗਈ ਤੇ ਖਾੜਕੂ ਧਿਰਾਂ ਨੇ ਐਲਾਨੀਆ ਤੌਰ 'ਤੇ ਖ਼ਾਲਿਸਤਾਨ ਲਈ ਸੰਘਰਸ਼ ਨੂੰ ਭਖਾਉਣ ਦਾ ਬਿਆਨ ਜ਼ਾਰੀ ਕਰ ਦਿੱਤਾ।
ਗੱਲਬਾਤ ਤੋਂ ਬਾਅਦ
ਡਾ. ਪ੍ਰੀਤਮ ਸਿੰਘ ਸੇਖੋਂ, ਮਨਜਿੰਦਰ ਸਿੰਘ ਈਸੀ ਤੇ ਹੋਰ ਕਈ ਖ਼ਾਲਿਸਤਾਨੀ ਜੁਝਾਰੂ ਹਕੂਮਤ ਦੀ ਪੇਸ਼ਕਸ਼ ਨੂੰ ਪ੍ਰਵਾਨ ਕਰਕੇ ਅੱਗੇ ਵੱਡੀ ਲੜਾਈ ਲਈ ਤਿਆਰੀ ਕਰਨ ਦੇ ਸਮਰਥਕ ਸਨ। ਓਧਰ ਸ. ਮਾਨ, ਭਾਈ ਗੁਰਜੀਤ ਸਿੰਘ ਤੇ ਹੋਰ ਕਈ ਆਗੂਆਂ ਨਾਲ਼ ਵੀ ਸਰਕਾਰ ਦੀ ਗੱਲ ਚੱਲ ਰਹੀ ਸੀ। ਜਦੋਂ ਖਾੜਕੂ ਧਿਰਾਂ ਨੇ ਹਕੂਮਤ ਦੀ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਤਾਂ ਉਹਨਾਂ ਆਗੂਆਂ ਦੀ ਬਾਕੀਆਂ ਨਾਲ਼ੋਂ ਮਾਨਸਿਕ ਦੂਰੀ ਬਣ ਗਈ। ਜਿਹੜੇ ਪੇਸ਼ਕਸ਼ ਦੇ ਹਾਮੀ ਸਨ। ਇਸ ਨੁਕਤੇ ਨੇ ਖਾੜਕੂ ਲਹਿਰ ਨੂੰ ਹੀ ਨਹੀਂ ਸਮੁੱਚੇ ਖ਼ਾਲਿਸਤਾਨੀ ਸੰਘਰਸ਼ ਨੂੰ ਕਰਾਰਾ ਝਟਕਾ ਦਿੱਤਾ। ਸ. ਮਾਨ ਤੇ ਬਾਕੀ ਧਿਰਾਂ ਵਿਚਾਲੇ, ਪੇਸ਼ਕਸ਼ ਦੇ ਹਾਮੀ ਤੇ ਮੁਖਾਲਿਫ਼ਾਂ ਵਿਚਾਲੇ ਉਸ ਮੌਕੇ ਪੈਦਾ ਹੋਈਆਂ ਦੂਰੀਆਂ ਤੇ ਗ਼ਲਤਫ਼ਹਿਮੀਆਂ ਅੱਜ ਤਕ ਬਰਕਰਾਰ ਹਨ, ਜਿਸ ਕਰਕੇ ਸੰਘਰਸ਼ ਵਿਚ ਕਈਆਂ ਵੱਡੀਆਂ ਤੇ ਅਹਿਮ, ਕੱਦਾਵਾਰ ਹਸਤੀਆਂ ਦਾ ਘਾਣ ਹੋਇਆ। ਅੱਜ ਕਿਸੇ ਦਾ ਵਿਚਾਰ ਹੈ ਕਿ ਜੇ ਪੰਜਾਬ ਵਿਚ ਖਾੜਕੂ ਧਿਰਾਂ ਅਤੇ ਸ. ਮਾਨ ਦੇ ਸਹਿਯੋਗ ਨਾਲ਼ ਸਰਕਾਰ ਬਣਾਈ ਜਾਂਦੀ ਤਾਂ ਉਹ ਹਜ਼ਾਰਾਂ ਸਿੱਖ ਬਚ ਜਾਂਦੇ ਜੋ ੧੯੯੧ ਤੋਂ ਬਾਅਦ ਹਕੂਮਤ ਨੇ ਕਤਲ ਕੀਤੇ। ਉਲਟਾ ੧੯੯੦ ਤਕ ਸਿੱਖਾਂ ਉੱਤੇ ਜ਼ੁਲਮ ਕਰਨ ਵਾਲ਼ੇ ਪੁਲੀਸ ਅਫ਼ਸਰਾਂ ਨੂੰ ਸਜ਼ਾਵਾਂ ਮਿਲਦੀਆਂ। ਦੂਜੇ ਪੱਖ ਦੀ ਦਲੀਲ ਹੈ ਕਿ ਬਣਨ ਵਾਲ਼ੀ ਸਰਕਾਰ ੧੯੮੫-੮੭ ਵਾਲ਼ੀ ਬਰਨਾਲਾ ਸਰਕਾਰ ਹੀ ਹੋਣੀ ਸੀ। ਉਹਨਾਂ ਦਾ ਕਹਿਣਾ ਹੈ ਕਿ ਜਦ ਵੀ ਇਹ ਸਰਕਾਰ ਕੋਈ ਪੰਥਖ ਗੱਲ ਕਰਦੀ ਤਾਂ ਕੇਂਦਰ ਸਰਕਾਰ ਨੇ ਫੜੱਕ ਤੋੜ ਦੇਣੀ ਸੀ। ਉਂਝ ਵੀ ਚੰਦਰ ਸ਼ੇਖਰ ਸਰਕਾਰ ਕੋਈ ਮਜ਼ਬੂਤ ਸਥਿਤੀ ਵਿਚ ਨਹੀਂ ਸੀ। ਦੋਵੇਂ ਪੱਖਾਂ ਦੀਆਂ ਦਲੀਲਾਂ ਦਾ ਘੜਮੱਸ ਕਿਸੇ ਕੰਡੇ ਬੰਨੇ ਨਹੀਂ ਲੱਗਿਆ ਨਾ ਲੱਗਣਾ ਹੈ। ਇੰਝ ੧੯੯੦-੯੧ ਦੀ ਹਕੂਮਤੀ ਪੇਸ਼ਕਸ਼ ਨੇ ਖ਼ਾਲਿਸਤਾਨੀ ਧਿਰਾਂ ਅੰਦਰ ਵੰਡੀਆਂ ਤੇ ਦੁਸ਼ਮਣੀਆਂ ਪਾ ਦਿੱਤੀਆਂ।
ਖਾੜਕੂ ਮੈਦਾਨ ਫਿਰ ਭੱਖਿਆ
ਸਰਕਾਰ ਨਾਲ਼ ਗੱਲਬਾਤ ਟੁੱਟਣ ਮਗਰੋਂ ਜੁਝਾਰੂ ਧਿਰ ਨੇ ਐਕਸ਼ਨਾਂ ਵਿਚ ਤੇਜ਼ੀ ਲਿਆਂਦੀ। ਇਹ ਉਹ ਸਾਲ ਸੀ, ਜਦੋਂ ਖਾੜਕੂ ਲਹਿਰ ਸਿਖ਼ਰਾਂ ਵੱਲ ਵਧੀ ਜਾ ਰਹੀ ਸੀ। ਹਰ ਰੋਜ਼ ਸਿੱਖੀ ਤੇ ਸਿੱਖਾਂ ਦੇ ਵੈਰੀ ਸੌਧੇ ਜਾ ਰਹੇ ਸਨ। ਪ੍ਰੋ. ਸੇਖੋਂ ਆਪਣੀ ਜੀ-ਜਾਨ ਨਾਲ਼ ਇਹਨਾਂ ਐਕਸ਼ਨਾਂ ਵਿਚ ਹਿੱਸਾ ਲੈ ਰਹੇ ਸਨ। ਲਿਬਰੇਸ਼ਨ ਦੇ ਤਕਰੀਬਨ ਹਰ ਐਕਸ਼ਨ ਵਿਚ ਉਹਨਾਂ ਦੀ ਸ਼ਮੂਲੀਅਤ ਹੁੰਦੀ ਸੀ।
ਡੀ.ਜੀ.ਪੀ. ਮਾਂਗਟ 'ਤੇ ਹਮਲਾ
ਫ਼ਰਵਰੀ ੧੯੯੧ ਵਿਚ ਢੁਡੀਕੇ, ਚੂਹੜਚੱਕ ਆਦਿਕ ਪਿੰਡਾਂ ਵਿਚ ਬਹੁਤ ਸਾਰੇ ਪੇਂਡੂ ਲੋਕਾਂ ਨੂੰ ਅਗਵਾ ਕਰ ਲਿਆ ਗਿਆ। ਸੁਭਾਵਿਕ ਹੀ ਡੀ.ਜੀ.ਪੀ. ਮਾਂਗਟ ਚੰਡੀਗੜ੍ਹ ਤੋਂ ਜਗਰਾਓਂ ਵੱਲ ਆਪਣਾ ਕਾਫ਼ਲੇ ਨਾਲ਼ ਤੁਰ ਪਿਆ। ਕਿਉਂ ਹੀ ਇਹ ਕਾਫ਼ਲਾ ਸ਼ੇਰਪੁਰ ਚੌਂਕ ਲੁਧਿਆਣੇ ਵਿਖੇ ਰੇਲਵੇ ਕਰਾਸਿੰਗ ਕੋਲ਼ ਆਇਆ ਤਾਂ ਇਕ ਭਿਆਨਕ ਬੰਬ ਧਮਾਕਾ ਹੋਇਆ। ਪਰ ਬੁਲੇਟ ਪਰੂਫ਼ ਕਾਰ ਵਿਚ ਬੈਠੇ ਹੋਣ ਕਰਕੇ ਡੀ.ਐਸ. ਮਾਂਗਟ ਬਚ ਗਿਆ। ਆਮ ਚਰਚਾ ਰਹੀ ਕਿ ਇਹ ਕਾਰਵਾਈ ਪ੍ਰੋ. ਸੇਖੋਂ ਤੇ ਉਹਨਾ ਦੇ ਸਾਥੀਆਂ ਦੀ ਹੈ। ਪੇਂਡੂਆਂ ਦੇ ਅਗਵਾ ਦਾ ਡਰਾਮਾ ਅਸਲ ਵਿਚ ਡੀ.ਜੀ.ਪੀ. ਮਾਂਗਟ ਲਈ ਫ਼ੈਲਾਏ ਜਾਲ਼ ਦਾ ਹਿੱਸਾ ਸੀ।
ਸੈਣੀ ਕਾਂਡ
੨੯ ਅਗਸਤ ੧੯੯੧ ਨੂੰ ਚੰਡੀਗੜ੍ਹ ਦੇ ਸੈਕਟਰ ੧੭ ਵਿਚ ਭਾਰਤੀ ਸਟੇਟ ਬੈਂਕ ਦੇ ਰਿਜ਼ਨਲ ਦਫ਼ਤਰ ਦੇ ਬਾਹਰ ੨.੩੦ ਵਜੇ ਦੁਪਹਿਰੇ ਜ਼ਬਰਦਸਤ ਬੰਬ ਧਮਾਕਾ ਹੋਇਆ, ਜਿਸ ਵਿਚ ਚੰਡੀਗੜ੍ਹ ਦੇ ਐਸ.ਐਸ.ਪੀ. ਸੁਮੇਧ ਸਿੰਘ ਸੈਣੀ ਦਾ ਕਾਫ਼ਲਾ ਨਿਸ਼ਾਨਾ ਸੀ। ਇਸ ਮੌਕੇ ਸੈਣੀ ਸਿਰਫ਼ ਇਸ ਕਰਕੇ ਬਚ ਗਿਆ ਕਿਉਂਕਿ ਉਹ ਆਪਣੀ ਕਾਰ ਦੀ ਨੰਬਰ ਪਲੇਟ ਅਕਸਰ ਬਦਲ ਲੈਂਦਾ ਸੀ। ਸੈਣੀ ਦੇ ਗੰਨਮੈਨ ਤੇ ਡਰਾਈਵਰ ਦੇ ਪਰਖੱਚੇ ਉੱਡ ਗਏ ਪਰ ਸੈਣੀ ਦੀ ਵਧੀ ਹੋਈ ਸੀ। ਸੈਣੀ ਇਕ ਬਦਨਾਮ ਪੁਲੀਸ ਅਫ਼ਸਰ ਸੀ, ਜੋ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਢਾਹੁਣ ਲਈ ਤਿਆਰ ਰਹਿੰਦਾ ਸੀ। ਝੂਠੇ ਮੁਕਾਬਲੇ ਬਣਾਉਣੇ ਤੇ ਹੋਰ ਗ਼ੈਰ-ਕਨੂੰਨੀ ਕੰਮ ਕਰਨੇ ਉਸ ਦਾ ਸ਼ੁਗਲ ਸੀ। ਖਾੜਕੂ ਧਿਰਾਂ ਉਸ ਨੂੰ ਨਿਸ਼ਾਨਾ ਬਣਾਉਣ ਲਈ ਕਾਹਲ਼ੀਆਂ ਸਨ, ਪਰ ਕੋਈ ਦਾਅ ਨਹੀਂ ਸੀ ਲੱਗ ਰਿਹਾ। ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੀ ਇਹ ਕਾਰਵਾਈ ਡਾ. ਸੇਖੋਂ ਤੇ ਉਸ ਦੀ ਟੀਮ ਦੇ ਖ਼ਾਤੇ ਪਈ।
ਪਰ ਸੈਣੀ ਦੀ ਗੁੰਡਾ ਪਾਰਟੀ ਨੇ ਇਸ ਕੰਮ ਲਈ ਬੱਬਰ ਖ਼ਾਲਸਾ ਨੂੰ ਜ਼ਿੰਮੇਵਾਰ ਮੰਨਦਿਆਂ ਨਕਲੀ ਨਿਹੰਗ ਪੂਹਲੇ ਦੀ ਅਗਵਾਈ ਹੇਠ ਪਿੰਡ ਜਟਾਣੇ ਦੇ ਜੁਝਾਰੂ ਭਾਈ ਬਲਵਿੰਦਰ ਸਿੰਘ ਦੇ ਪਰਿਵਾਰ ਨੂੰ ਕਤਲ ਕਰ ਕੇ ਘਰ ਨੂੰ ਅੱਗ ਲਾ ਦਿੱਤੀ।
ਰਾਡੂ ਕਾਂਡ
ਡਾ. ਸੇਖੋਂ ਦਾ ਜਿਗਰੀ ਜੁਝਾਰੂ ਭਾਈ ਮਨਜਿੰਦਰ ਸਿੰਘ ਈਸੀ ਬਹੁਤੇ ਐਕਸ਼ਨਾਂ ਵਿਚ ਉਹਨਾਂ ਦੇ ਨਾਲ਼ ਹੀ ਰਿਹਾ ਹੈ। ਜਥੇਬੰਦੀ ਦੇ ਇਕ ਫ਼ੈਸਲੇ ਤਹਿਤ ਇਹ ਜੋੜੀ ਦਿੱਲੀ ਪਹੁੰਚੀ, ਜਿੱਥੇ ਉਹਨਾਂ ਨੂੰ ਮੁਹਾਲੀ ਦੇ ਨੌਜਵਾਨ ਜੁਝਾਰੂ ਭਾਈ ਦੇਵਪਾਲ ਸਿੰਘ ਤੇ ਡਾ. ਹਰੀ ਸਿੰਘ ਮਿਲ਼ੇ। ਮਨਜਿੰਦਰ ਸਿੰਘ ਈਸੀ ਦੀ ਇੱਛਾ ਸੀ ਕਿ ਜੇ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਛੁਡਾਉਣਾ ਹੀ ਹੈ ਤਾਂ ਆਪਾਂ ਕਿਸੇ ਹੋਰ ਨੂੰ ਹੱਥ ਪਾਈਏ। ਰੁਮਾਨੀਆ ਦਾ ਰਾਜਦੂਤ ਇੰਨਾ ਅਹਿਮ ਨਹੀਂ ਕਿ ਸਰਕਾਰ ਉਸ ਨੂੰ ਛੁਡਾਉਣ ਲਈ ਸਾਡੀ ਗੱਲ ਮੰਨ ਲਵੇ। ਮਨਜਿੰਦਰ ਸਿੰਘ ਈਸੀ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਹਿਲੀ ਕਤਾਰ ਦਾ ਖਾੜਕੂ ਰਿਹਾ ਹੈ, ਜਿਸ ਨੇ ਦਰਜਨਾਂ ਐਕਸ਼ਨ ਕੀਤੇ। ਭਾਵੇਂ ਉਸ ਦੀ ਦਲੀਲ ਵਿਚ ਵਜ਼ਨ ਸੀ, ਪਰ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਅਕਤੂਬਰ ੧੯੯੧ ਨੂੰ ਰੁਮਾਨੀਆ ਦੇ ਰਾਜਦੂਤ ਲਿਵਿਊ ਰਾਡੂ ਨੂੰ ਅਗਵਾ ਕਰ ਲਿਆ ਗਿਆ। ਰਾਡੂ ਨੂੰ ਪੰਜਾਬ ਲਿਆਂਦਾ ਗਿਆ ਤੇ ਸਰਕਾਰ ਕੋਲ਼ੋਂ ਉਸ ਦੇ ਬਣਦੇ ਵੈਦਿਆ ਕਾਂਡ ਦੇ ਹੀਰੋ ਭਾਈ ਜਿੰਦੇ-ਸੁੱਖੇ ਦੀ ਮੰਗ ਕੀਤੀ ਗਈ, ਪਰ ਸਰਕਾਰ ਨੇ ਬਹੁਤੀ ਪ੍ਰਵਾਹ ਨਾ ਕੀਤੀ।
ਹਕੂਮਤ ਚਾਹੁੰਦੀ ਸੀ ਕਿ ਖਾੜਕੂ, ਰਾਡੂ ਦਾ ਨੁਕਸਾਨ ਕਰਨ ਤਾਂ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਖ਼ਾਲਿਸਤਾਨੀ ਲਹਿਰ ਨੂੰ ਬਦਨਾਮ ਕੀਤਾ ਜਾਵੇ। ਆਖ਼ਰ ਰਾਡੂ ਨੂੰ ਰਿਹਾਅ ਕਰਨਾ ਪਿਆ। ਪਰ ਸਿੰਘਾਂ ਦੀ ਮਹਿਮਾਨ ਨਿਵਾਜੀ ਦਾ ਉਹ ਕਾਇਲ ਹੋ ਗਿਆ। ਰਾਡੂ ਦੀ ਇਕ ਫ਼ੋਟੋ ਉਹਨੀਂ ਦਿਨੀਂ ਅਖ਼ਬਾਰਾਂ ਵਿਚ ਛਪਦੀ ਰਹੀ, ਜਿਸ ਵਿਚ ਉਸ ਦੇ ਨਾਲ਼ ਭਾਈ ਮਨਜਿੰਦਰ ਸਿੰਘ ਈਸੀ ਤੇ ਭਾਈ ਦਇਆ ਸਿੰਘ ਲਹੌਰੀਆ ਬੈਠੇ ਹਨ। ਰਾਡੂ ਕਾਂਡ ਨੇ ਸਿੰਘਾਂ ਦੀ ਧਾਂਕ ਪਾ ਦਿੱਤੀ ਤੇ ਇਹੋ ਜਿਹੇ ਤਰਾਨੇ ਗੂੰਜੇ:
ਹੁਣ ਤਾਂ ਯਾਰੋ ਗੌਰਮਿੰਟ ਦੇ ਬੁਰਜ ਕਿਲ੍ਹੇ ਦੇ ਢਹਿ ਗਏ।
ਦਿੱਲੀ 'ਚੋਂ ਅਗਵਾ ਕਰਕੇ ਸਿੰਘ ਰਾਜਦੂਤ ਨੂੰ ਲੈ ਗਏ।
ਰੋਮਾਨੀਆ ਵਿਚ ਰਿਬੈਰੋ 'ਤੇ ਹਮਲਾ
ਓਧਰ ਇਸੇ ਦੌਰਾਨ ੨੦ ਅਗਸਤ ੧੯੯੧ ਨੂੰ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਸਿੰਘਾਂ ਨੇ ਰੁਮਾਨੀਆ ਵਿਚ ਬੁੱਚੜ ਰਿਬੈਰੋ 'ਤੇ ਹਮਲਾ ਕਰ ਕੇ ਉਸ ਨੂੰ ਫੱਟੜ ਕਰ ਦਿੱਤਾ। ਇਸ ਮੌਕੇ ਭਾਈ ਜੁਗਰਾਜ ਸਿੰਘ ਸਮਾਲਸਰ ਸ਼ਹੀਦ ਹੋ ਗਏ ਸਨ ਪਰ ਭਾਈ ਜਸਵਿੰਦਰ ਸਿੰਘ ਬਿੱਟੂ ਵਾਸੀ ਰਕਬਾ ਜ਼ਿਲ੍ਹਾ ਲੁਧਿਆਣਾ ਤੇ ਭਾਈ ਪ੍ਰਗਟ ਸਿੰਘ ਗ੍ਰਿਫ਼ਤਾਰ ਹੋ ਗਏ, ਜਿਨ੍ਹਾਂ ਨੂੰ ਮਗਰੋਂ ੧੦ ਸਾਲ ਦੀ ਸਜ਼ਾ ਹੋ ਗਈ ਸੀ।
ਰਿਬੈਰੋ ਉੱਤੇ ਹਮਲੇ ਅਤੇ ਰਾਡੂ ਦੇ ਅਗਵਾ ਵਿਚ ਕੋਈ ਕੜੀ ਹੈ ਜਾਂ ਨਹੀਂ, ਇਹ ਇਕ ਸੁਭਾਵਿਕ ਪ੍ਰਸ਼ਨ ਹੈ, ਪਰ ਇਸ ਬਾਰੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਬਚੇ ਹੋਏ ਸਿੰਘਾਂ ਤੋਂ ਹੀ ਪਤਾ ਲੱਗ ਸਕਦਾ ਹੈ।
ਰਿਬੈਰੋ ਉੱਤੇ ਇਹ ਦੂਜਾ ਹਮਲਾ ਸੀ। ਇਸ ਤੋਂ ਪਹਿਲਾਂ ੩ ਅਕਤੂਬਰ ੧੯੮੬ ਨੂੰ ਜਲੰਧਰ ਪੀ.ਏ.ਪੀ. ਵਿਚ ਜੁਝਾਰੂਆਂ ਨੇ ਉਸ 'ਤੇ ਹਮਲਾ ਕੀਤਾ ਸੀ, ਪਰ ਓਦੋਂ ਵੀ ਉਹ ਬਚ ਗਿਆ ਸੀ। ਰੋਮਾਨੀਆ ਵਿਚ ਹੋਏ ਹਮਲੇ ਮਗਰੋਂ ਉਹ ਤਕਰੀਬਨ ਅਪਾਹਜ਼ ਹੋ ਗਿਆ ਤੇ ਸਰੀਰਕ ਕਿਰਿਆ ਕਰਨੋਂ ਵੀ ਗਿਆ।
ਡਾ. ਸੇਖੋਂ ਅਮਰੀਕਾ ਗਏ
੧੯੯੧ ਦੇ ਅਖ਼ੀਰਲੇ ਦਿਨਾਂ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਆਪਣੀ ਧਰਮ ਪਤਨੀ ਸਮੇਤ ਅਮਰੀਕਾ ਚਲੇ ਗਏ। ਉਹਨਾਂ ਦਾ ਅਨੰਦ ਕਾਰਜ ਕਦੋਂ ਤੇ ਕਿਹੜੇ ਹਾਲਤਾਂ ਵਿਚ ਹੋਇਆ, ਇਸ ਬਾਰੇ ਉਹਨਾਂ ਦੇ ਸੰਘਰਸ਼ ਦੇ ਸਾਥੀ ਹੀ ਬਿਹਤਰ ਜਾਣਦੇ ਹਨ। ਪਰ ਇਹ ਹਕੀਕਤ ਹੈ ਕਿ ਚੰਡੀਗੜ੍ਹ ਦੀ ਇਕ ਬੀਬੀ ਨਾਲ਼ ਉਹਨਾਂ ਦਾ ਵਿਆਹ ਹੋਇਆ ਤੇ ਇਕ ਪੁੱਤਰ ਵੀ ਹੋਇਆ। ਅਮਰੀਕਾ ਰਹਿੰਦਿਆਂ ਹੀ ਉਹਨਾਂ ਨੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਦੀ ਸ਼ਹਾਦਤ ਬਾਰੇ ਸੁਣਿਆ। ਜਥੇਬੰਦੀ ਨੇ ਉਹਨਾਂ ਨੂੰ ਅਗਲੇ ਮੁਖੀ ਥਾਪ ਦਿੱਤਾ। ਜ਼ਿੰਮੇਵਾਰੀ ਸਮਝਦਿਆਂ ਉਹ ਫਿਰ ਮੈਦਾਨੇ ਜੰਗ ਵਿਚ ਆ ਗਏ।
ਬਿੱਟਾ ਕਾਂਡ
੧੧ ਸਤੰਬਰ ੧੯੯੩ ਨੂੰ ਭਾਰਤੀ ਹਕੂਮਤ ਦੇ ਹਥਠੋਕੇ ਤੇ ਸਿੱਖ ਜੁਝਾਰੂਆਂ ਨੂੰ ਭੜਕਾਉਣ ਲਈ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਨ ਵਾਲ਼ੇ ਜ਼ਲੀਲ ਇਨਸਾਨ ਮਨਿੰਦਰਜੀਤ ਸਿੰਘ ਬਿੱਟੇ ਨੂੰ ਉਸ ਦੇ ਕਾਲ਼ੇ ਕਾਰਿਆਂ ਦੀ ਸਜ਼ਾ ਦੇਣ ਲਈ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨੇ ਦਿੱਲੀ ਵਿਚ ਇਕ ਬੰਬ ਧਮਾਕਾ ਕੀਤਾ। ਪਰ ਬਿੱਟਾ ਬਣ ਗਿਆ ਤੇ ਹੋਰ ਕਈ ਮਾਰੇ ਗਏ। ਇਸ ਧਮਾਕੇ ਦੀ ਯੋਜਨਾਬੰਦੀ ਤਾਂ ਸੇਖੋਂ ਦੀ ਟੀਮ ਦੀ ਮੰਨੀ ਗਈ। ਇਸੇ ਕੇਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦਾ ਹੁਕਮ ਸੁਣਾeਆ ਗਿਆ ਹੈ।
ਪਾਕਿਸਤਾਨ
੧੯੯੩ ਤੋਂ ਮਗਰੋਂ ਖਾੜਕੂ ਸੰਘਰਸ਼ ਹੇਠਾਂ ਵੱਲ ਨੂੰ ਤੁਰ ਪਿਆ। ਨਾਮੀ ਜਰਨੈਲਾਂ ਦੀਆਂ ਸ਼ਹਾਦਤਾਂ ਹੋਣ ਮਗਰੋਂ ਲਹਿਰ ਨੂੰ ਕਰਾਰੀ ਸੱਟ ਵੱਜੀ ਸੀ। ਪਰ ਆਮ ਚਰਚਾ ਸੀ ਕਿ ਡਾ. ਪ੍ਰੀਤਮ ਸਿੰਘ ਸੇਖੋਂ ਤੇ ਹੋਰ ਖਾੜਕੂ ਕਦੇ ਵੀ ਪੰਜਾਬ ਵਿਚ ਆ ਕੇ ਹਾਜ਼ਰੀ ਲਵਾ ਸਕਦੇ ਹਨ। ਪਾਕਿਸਤਾਨ ਵਿਚ ਰਹਿੰਦਿਆਂ ਡਾ. ਸੇਖੋਂ ਨੇ ਖਾੜਕੂ ਸੰਘਰਸ਼ ਨੂੰ ਹੁਲਾਰਾ ਦੇਣ ਲਈ ਕਈ ਯਤਨ ਕੀਤੇ, ਪਰ ਗੱਲ ਨਾ ਬਣ ਸਕੀ। ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਹੋਣ ਦੇ ਨਾਤੇ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਸਨ। ੧੯੯੪ ਵਿਚ ਦਲ ਖ਼ਾਲਸਾ ਦੇ ਮੁਖੀ ਸ. ਗਜਿੰਦਰ ਸਿੰਘ ਹਾਈਜੈਕਿੰਗ ਕਰ ਕੇ ਹੋਈ ਉਮਰ ਕੈਦ ਕੱਟ ਕੇ ਲਾਹੌਰ ਜੇਲ੍ਹ ਵਿਚ ਬਾਹਰ ਆਏ ਤਾਂ ਡਾ. ਸੇਖੋਂ ਨੇ ਉਹਨਾਂ ਦਾ ਬੇਅੰਤ ਸਤਿਕਾਰ ਕੀਤਾ। ਉਹਨਾਂ ਨੇ ਆਪਣਾ ਘਰ ਹੀ ਸ. ਗਜਿੰਦਰ ਸਿੰਘ ਨੂੰ ਸੌਂਪ ਦਿੱਤਾ ਤੇ ਆਪ ਲਾਹੌਰ ਤੋਂ ਸਿਆਲਕੋਟ ਏਰੀਏ ਵਿਚ ਰਹਿਣ ਚਲੇ ਗਏ। ਜਦ ਵੀ ਦਿਲ ਕਰਦਾ ਉਹ ਸ. ਗਜਿੰਦਰ ਸਿੰਘ ਕੋਲ਼ ਮਿਲ਼ਣ ਆ ਜਾਂਦੇ।
ਅੰਤਮ ਦਿਨ
੧੯੯੬-੯੭ ਮੌਕੇ ਕਨਸੋਆਂ ਮਿਲ਼ਣ ਲੱਗੀਆਂ ਕਿ ਡਾ. ਪ੍ਰੀਤਮ ਸਿੰਘ ਸੇਖੋਂ ਨਹੀਂ ਰਹੇ। ਕੋਈ ਕਹਿੰਦਾ ਕਿ ਉਹ ਅਮਰੀਕਾ ਭੱਜ ਗਏ ਹਨ ਤੇ ਆਪਣੇ ਪਰਿਵਾਰ ਨਾਲ਼ ਰਹਿ ਰਹੇ ਹਨ। ਕੋਈ ਨਵੀਂ ਹੀ ਗੱਲ ਸੁਣਾਉਂਦਾ ਕਿ ਉਹਨਾਂ ਨੇ ਪਹਿਲਾਂ ਆਪਣੇ ਸਾਥੀਆਂ ਨੂੰ ਗੋਲੀਆਂ ਮਾਰੀਆਂ, ਫਿਰ ਖ਼ੁਦ ਨੂੰ ਗੋਲੀ ਮਾਰ ਲਈ। ਕੋਈ ਹੋਰ ਦੱਸਦਾ ਕਿ ਉਹ ਸੰਘਰਸ਼ ਦੀ ਅਜੋਕੀ ਸਥਿਤੀ ਤੋਂ ਸੰਤਾਪੇ ਹੋਏ ਸਨ ਤੇ ਉਹਨਾਂ ਖ਼ੁਦ ਨੂੰ ਗੋਲੀ ਮਾਰ ਲਈ। ਪਰ ਉਹਨਾਂ ਨੂੰ ਜਾਨਣ ਵਾਲ਼ੇ ਇਹਨਾਂ ਗੱਲਾਂ ਨੂੰ ਅਫ਼ਵਾਹਾਂ ਹੀ ਮੰਨਦੇ ਰਹੇ। ਡਾ. ਸੇਖੋਂ ਵਰਗੇ ਜਾਬਾਂਜ਼ ਤੇ ਦਲੇਰ ਦਿਲ ਬੰਦੇ ਲਈ ਖ਼ੁਦਕੁਸ਼ੀ ਕਰਨ ਦੀ ਗੱਲ ਸੋਚੀ ਵੀ ਨਹੀਂ ਜਾ ਸਕਦੀ। ਸਮਾਂ ਬੀਤਣ ਨਾਲ਼ ਉਹਨਾਂ ਦੇ ਨਾ ਰਹਿਣ ਬਾਰੇ ਤਾਂ ਗੱਲ ਪੁਖਤਾ ਹੁੰਦੀ ਗਈ ਪਰ ਇਹ ਭਾਣਾ ਕਿਵੇਂ ਤੇ ਕਿਹੜੇ ਹਾਲਾਤਾਂ ਵਿਚ ਵਾਪਰਿਆ, ਇਹ ਰਹੱਸ ਬਣਿਆ ਹੀ ਰਿਹਾ।
ਪਰਿਵਾਰ ਵੱਲੋਂ ਅੰਤਮ ਅਰਦਾਸ
੧੫ ਮਾਰਚ ੨੦੦੯ ਨੂੰ ਚਰਚਾਵਾਂ ਨੂੰ ਠੱਲ੍ਹ ਪਾਉਂਦਿਆਂ ਡਾ. ਪ੍ਰੀਤਮ ਸਿੰਘ ਸੇਖੋਂ ਦੇ ਪਰਿਵਾਰ ਨੇ ਮਲੇਰਕੋਟਲੇ ਦੇ ਨਜ਼ਦੀਕ ਪਿੰਡ ਦੁਲਮਾਂ ਵਿਚ ਉਹਨਾਂ ਦੀ ਅੰਤਮ ਅਰਦਾਸ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਤੇ ਪ੍ਰੋ. ਸੇਖੋਂ ਦੇ ਸੰਗੀ ਮੌਜੂਦ ਸਨ।
- ਸਰਬਜੀਤ ਸਿੰਘ ਘੁਮਾਣ

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026