Posted on March 19th, 2014

ਸਿਆਸਤ ਦੀ ਦੁਨੀਆ ਵਿੱਚ 'ਚਿੰਨ੍ਹਵਾਦ' (ਸਿੰਬੋਲਿਜ਼ਮ) ਦਾ ਬੜਾ ਮਹੱਤਵ ਹੁੰਦਾ ਹੈ। ਨਾਜ਼ੀਆਂ ਨੇ ਹਿਟਲਰ ਦੀ ਕਮਾਂਡ ਹੇਠਾਂ ਜਦੋਂ ਨਾਜ਼ੀ ਪਾਰਟੀ ਨੂੰ ਉਭਾਰਿਆ ਤਾਂ ਉਨ੍ਹਾਂ ਨੇ ਜਿਹੜਾ ਪਾਰਟੀ ਚਿੰਨ 'ਸਵਾਸਿਤਕਾ' ਦਾ ਚੁਣਿਆ, ਉਹ ਆਪਣੇ ਆਪ ਵਿੱਚ ਹੀ 'ਆਰੀਅਨ ਸਮਾਜ' ਦੀ ਸਿਰਜਣਾ ਦਾ ਮੁੱਖ ਸੁਨੇਹਾ ਸੀ। ਯਹੂਦੀਆਂ, ਜਿਪਸੀਆਂ ਸਮੇਤ ਦੂਸਰੀਆਂ ਨਸਲਾਂ ਨੂੰ ਇਸ ਨਾਲ ਇਹ ਸਪੱਸ਼ਟ ਸੁਨੇਹਾ ਮਿਲਦਾ ਸੀ ਕਿ 'ਆਰੀਆ ਨਸਲ' ਉੱਤਮ ਨਸਲ ਹੈ ਅਤੇ 'ਜਰਮਨੀ' ਦੀ ਹੋਣੀ ਸਿਰਜਣ ਦਾ ਸਿਰਫ ਤੇ ਸਿਰਫ ਉਨ੍ਹਾਂ ਨੂੰ ਹੀ ਅਧਿਕਾਰ ਹੈ। ਬਾਕੀ ਸਭ ਨਸਲਾਂ ਦੇ ਲੋਕ 'ਘਟੀਆ' ਹਨ। ਸਵਾਸਿਤਕਾ ਨਿਸ਼ਾਨ ਵਾਲੀ ਨਾਜ਼ੀ ਪਾਰਟੀ ਨੇ ਫਿਰ ਯਹੂਦੀਆਂ, ਜਿਪਸੀਆਂ ਅਤੇ ਬਾਕੀ ਨਸਲਾਂ ਦਾ ਯੂਰਪ ਭਰ ਵਿੱਚ ਕੀ ਹਾਲ ਕੀਤਾ, ਇਸ ਦੀ ਗਵਾਹੀ ਦੁਨੀਆ ਭਰ ਵਿੱਚ ਫੈਲੇ ਹੋਏ 'ਹੋਲੋਕਾਸਟ ਮਿਊਜ਼ੀਅਮ' ਅੱਜ ਵੀ ਦੇ ਰਹੇ ਹਨ।
ਨਾਜ਼ੀ ਪਾਰਟੀ ਦੀਆਂ ਨੀਤੀਆਂ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਆਰ. ਐਸ. ਐਸ. ਦਾ ਸੰਸਥਾਪਕ-ਸੰਚਾਲਕ ਗੋਲਵਲਕਰ ਸੀ, ਜਿਸ ਨੇ ਆਰ. ਐਸ. ਐਸ. ਦਾ ਨਿਸ਼ਾਨਾ ਲਗਭਗ ਉਹ ਹੀ ਨਿਰਧਾਰਤ ਕੀਤਾ, ਜੋਕਿ ਨਾਜ਼ੀ ਪਾਰਟੀ ਦਾ ਸੀ। 'ਹਿੰਦੂ, ਹਿੰਦੀ, ਹਿੰਦੂਸਤਾਨ' ਦੇ ਸਪੱਸ਼ਟ ਨਿਸ਼ਾਨੇ ਵਾਲੀ ਇਸ ਜਮਾਤ ਨੇ, ਭਾਰਤ ਵਿੱਚ ਰਹਿਣ ਵਾਲੀ ਹਰ ਘੱਟਗਿਣਤੀ ਨੂੰ ਇਹ ਸੁਨੇਹਾ ਦਿੱਤਾ ਹੋਇਆ ਹੈ ਕਿ ਆਪਣੇ ਆਪ ਨੂੰ 'ਹਿੰਦੂ' ਐਲਾਨੋ, ਨਹੀਂ ਤਾਂ ਯਹੂਦੀਆਂ ਵਾਲੇ ਹਸ਼ਰ ਲਈ ਤਿਆਰ ਹੋ ਜਾਓ। ਜੂਨ '84, ਨਵੰਬਰ '84 ਦੇ ਘੱਲੂਘਾਰੇ (ਭਾਵੇਂ ਇਹ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੇ ਵਰਤਾਏ ਪਰ ਆਰ. ਐਸ. ਐਸ. ਦੀ ਇਨ੍ਹਾਂ ਨੂੰ ਮੁਕੰਮਲ ਹਮਾਇਤ ਸੀ), ਬਾਬਰੀ ਮਸੀਤ ਦਾ ਢਾਹਿਆ ਜਾਣਾ, 2002 ਵਿੱਚ ਗੋਧਰਾ ਕਾਂਡ ਦੀ ਆੜ ਵਿੱਚ ਗੁਜਰਾਤ ਭਰ ਵਿੱਚ ਲੱਖਾਂ ਮੁਸਲਮਾਨਾਂ ਦਾ ਕਤਲੇਆਮ ਨਾਜ਼ੀਆਂ ਦੀ ਨੀਤੀ ਦਾ ਦੋਹਰਾਅ ਹੀ ਹੈ। ਜਿਵੇਂ ਘੱਟਗਿਣਤੀਆਂ ਦੇ ਖਿਲਾਫ 'ਭੈਅ' ਦਾ ਮਾਹੌਲ ਸਿਰਜ ਕੇ, ਨਾਜ਼ੀਆਂ ਨੇ ਲੋਕਤੰਤਰੀ ਤਰੀਕੇ ਨਾਲ, ਜਰਮਨ ਵਿੱਚ ਚੋਣਾਂ ਜਿੱਤ ਕੇ, ਨਾਜ਼ੀ ਪਾਰਟੀ ਦੀ ਸਰਕਾਰ ਬਣਾਈ ਸੀ, ਠੀਕ ਉਸੇ ਤਰਜ਼ 'ਤੇ ਆਰ. ਐਸ. ਐਸ. ਹੁਣ ਰਾਜ ਸੱਤਾ ਦੇ ਬਹੁਤ ਕਰੀਬ ਨਜ਼ਰ ਆ ਰਹੀ ਜਾਪਦੀ ਹੈ। ਫਰਕ ਸਿਰਫ ਇੰਨਾ ਹੈ ਕਿ ਜਰਮਨ ਵਿੱਚ ਨਸਲਵਾਦ ਦਾ ਸਰਗਣਾ ਹਿਟਲਰ, ਸਰਕਾਰ ਦਾ ਮੁਖੀ ਬਣਿਆ ਸੀ ਅਤੇ ਭਾਰਤ ਵਿੱਚ ਹਿੰਦੂਤਵ ਦੇ ਅਖੌਤੀ 'ਲੋਹ-ਪੁਰਸ਼' ਨਰਿੰਦਰ ਮੋਦੀ ਦੀ ਤਾਜ਼ਪੋਸ਼ੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਨਰਿੰਦਰ ਮੋਦੀ ਦਾ ਐਲਾਨੀਆ ਨਿਸ਼ਾਨਾ ਹਿੰਦੂਤਵ ਦਾ ਗੌਰਵ ਬਹਾਲ ਕਰਨਾ ਹੈ। ਯਾਦ ਰਹੇ ਹਿੰਦੂਤਵ ਦੀਆਂ ਸੱਤ-ਪੁਰੀਆਂ ਯਾਨੀ ਕਿ ਅਤਿ-ਪਵਿੱਤਰ ਸ਼ਹਿਰਾਂ ਵਿੱਚ, ਸਭ ਤੋਂ ਪ੍ਰਾਚੀਨ ਅਤੇ ਇਤਿਹਾਸਕ ਨਗਰੀ ਬਨਾਰਸ ਹੈ, ਜਿਸ ਨੂੰ ਕਾਂਸ਼ੀ ਅਤੇ ਵਾਰਾਣਸੀ ਨਾਵਾਂ ਨਾਲ ਵੀ ਸੰਬੋਧਨ ਕੀਤਾ ਜਾਂਦਾ ਹੈ। ਇਸ ਨੂੰ 'ਭੋਲੇ ਨਾਥ' ਦੀ ਨਗਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਸ਼ਿਵ ਜੀ ਵਲੋਂ ਵਸਾਇਆ ਕਿਹਾ ਜਾਂਦਾ ਹੈ। ਇਸ ਦਾ ਜ਼ਿਕਰ ਅਥਰਵਵੇਦ ਅਤੇ ਪੁਰਾਣਾਂ ਵਿੱਚ ਵੀ ਮਿਲਦਾ ਹੈ। ਇਸ ਤਰ੍ਹਾਂ ਇਸ ਦਾ ਇਤਿਹਾਕ ਵਜੂਦ ਲਗਭਗ 3000 ਸਾਲ ਪੁਰਾਣਾ ਬਣ ਜਾਂਦਾ ਹੈ। ਹਿੰਦੂਆਂ ਵਿੱਚ ਇਹ ਵੀ ਧਾਰਨਾ ਹੈ ਕਿ ਜਿਸ ਦੀ ਮੌਤ ਬਨਾਰਸ ਵਿੱਚ ਹੁੰਦੀ ਹੈ, ਉਹ ਸਿੱਧਾ ਸਵਰਗਾਂ ਨੂੰ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਭਗਤ ਕਬੀਰ ਜੀ ਅਤੇ ਭਗਤ ਰਵਿਦਾਸ ਜੀ ਵੀ ਬਨਾਰਸ ਦੇ ਜੰਮਪਲ ਸਨ ਅਤੇ ਬ੍ਰਾਹਮਣਵਾਦ ਨੂੰ ਖੁੱਲ੍ਹ ਕੇ ਚੈਲਿੰਜ ਕਰਦੇ ਸਨ। ਕਬੀਰ ਸਾਹਿਬ ਨੇ ਤਾਂ ਬਨਾਰਸ ਵਿੱਚ ਮਰਨ ਤੇ ਮੁਕਤੀ ਵਾਲੀ ਧਾਰਨਾ ਨੂੰ ਤੋੜਨ ਲਈ ਅੰਤ ਸਮੇਂ ਬਨਾਰਸ ਤੋਂ ਦੂਰ 'ਹੜੱਪੇ' ਜਾ ਕੇ ਸਰੀਰ ਛੱਡਿਆ ਅਤੇ
'ਹਰਿ ਕਾ ਸੰਤ ਮਰੇ ਹਾੜਪੈ
ਸਗਲੀ ਸੈਨ ਤਰਾਈ'
ਦਾ ਫੁਰਮਾਨ ਕੀਤਾ।
ਇਸੇ ਬਨਾਰਸ ਵਿੱਚ ਆ ਕੇ ਮਹਾਤਮਾ ਬੁੱਧ ਨੇ, 'ਸਾਰ ਨਾਥ' ਦੀ ਥਾਂ 'ਤੇ, ਆਪਣਾ ਪਹਿਲਾ ਵਿਆਖਿਆਨ ਦਿੰਦਿਆ ਕਿਹਾ, 'ਮੈਂ ਬ੍ਰਾਹਮਣ ਕੋ ਨਹੀਂ ਮਾਨਤਾ।' ਗੁਰੂ ਨਾਨਕ ਸਾਹਿਬ ਨੇ ਵੀ ਸ਼ਿਵਰਾਤਰੀ ਦੇ ਮੌਕੇ 'ਤੇ ਇਥੇ ਆ ਕੇ ਬ੍ਰਾਹਮਣਵਾਦ ਦੇ ਪਾਖੰਡ ਨੂੰ ਚੈਲਿੰਜ ਕੀਤਾ ਸੀ।
ਇਹ ਵੱਖਰੀ ਗੱਲ ਹੈ ਕਿ ਬਨਾਰਸ ਵਿੱਚ ਖਲੋ ਕੇ, ਬ੍ਰਾਹਮਣਵਾਦ ਨੂੰ ਚੈਲਿੰਜ ਕਰਨ ਵਾਲੇ ਬੁੱਧ ਧਰਮ ਦਾ ਕੀ ਬਣਿਆ ਅਤੇ ਅੱਜ ਸਿੱਖ ਧਰਮ ਨਾਲ ਕੀ ਹੋ ਰਿਹਾ ਹੈ। ਮੁਸਲਮਾਨ ਹਾਕਮਾਂ ਨੇ ਬਨਾਰਸ ਵਿੱਚ ਮਸੀਤਾਂ ਵੀ ਬਣਾਈਆਂ ਅਤੇ ਧਰਮ ਪਰਿਵਰਤਨ ਵੀ ਕੀਤਾ। ਕੋਈ ਹੈਰਾਨੀ ਨਹੀਂ ਕਿ ਬਨਾਰਸ ਵਿੱਚ ਅੱਜ 38 ਫੀ ਸਦੀ ਦੇ ਲਗਭਗ ਮੁਸਲਮਾਨ ਅਬਾਦੀ ਹੈ, ਬਨਾਰਸ ਵਿੱਚ 2 ਲੱਖ ਤੋਂ ਜ਼ਿਆਦਾ ਬ੍ਰਾਹਮਣ ਵਸਦੇ ਹਨ। ਨਰਿੰਦਰ ਮੋਦੀ ਦਾ ਬਨਾਰਸ ਕੀ, ਯੂ. ਪੀ. ਨਾਲ ਵੀ ਕੋਈ ਨਾਤਾ-ਰਿਸ਼ਤਾ-ਵਾਸਤਾ ਨਹੀਂ ਹੈ। ਉਹ ਚਾਰ ਵਾਰ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਹੈ ਅਤੇ ਉਥੇ ਕਿਸੇ ਵੀ ਸੀਟ ਤੋਂ ਅਸਾਨੀ ਨਾਲ ਜਿੱਤ ਸਕਦਾ ਹੈ। ਫਿਰ ਉਸ ਨੂੰ ਬਨਾਰਸ ਤੋਂ ਕਿਉਂ ਖੜ੍ਹਾ ਕੀਤਾ ਗਿਆ ਹੈ? ਇਹ ਹਿੰਦੂਤਵੀਆਂ ਦਾ ਸੁਨੇਹਾ ਹੈ, ਭਾਰਤ ਦੀਆਂ ਘੱਟਗਿਣਤੀਆਂ ਨੂੰ ਕਿ ਦਿੱਲੀ ਦੇ ਤਖਤ 'ਤੇ ਹੁਣ 3000 ਸਾਲ ਪੁਰਾਣੀ 'ਬਨਾਰਸੀ ਹਿੰਦੂ ਸੱਭਿਅਤਾ' ਦੀ ਤਖਤਨਸ਼ੀਨੀ ਹੋਣ ਜਾ ਰਹੀ ਹੈ। ਹੁਣ ਫੈਸਲਾ ਕਰ ਲਓ ਕਿ ਤੁਸੀਂ ਸਾਡੇ ਨਾਲ ਆਉਣਾ ਹੈ ਜਾਂ ਫਨਾਹ ਹੋਣਾ ਹੈ? ਕੀ ਸਿੱਖ ਲੀਡਰਸ਼ਿਪ ਨੂੰ ਇਹ ਸੁਨੇਹਾ ਸਮਝ ਆ ਰਿਹਾ ਹੈ? ਬਿਲਕੁਲ ਨਹੀਂ। ਪੰਜਾਬ ਵਿੱਚ ਤਾਂ ਮੋਦੀ ਦੇ ਹਿੰਦੂਤਵੀ ਰੱਥ ਦਾ ਰੱਥਵਾਨ ਹੀ ਬਾਦਲ ਕੋੜਮਾ ਹੈ। ਜੇ ਮੱਲਾਹ ਹੀ ਬੇੜੀ ਨੂੰ ਡੋਬਣ ਦੀ ਸੌਂਹ ਖਾਈ ਬੈਠੇ ਹੋਣ ਤਾਂ ਉਸ ਬੇੜੀ ਨੂੰ ਕੌਣ ਡੁੱਬਣੋਂ ਬਚਾ ਸਕਦਾ ਹੈ?
ਅਰੁਣ ਜੇਤਲੀ ਨੂੰ, ਸਿੱਖਾਂ ਦੀ ਰਾਜਧਾਨੀ ਅੰਮ੍ਰਿਤਸਰ ਤੋਂ ਲਿਆ ਕੇ ਖੜ੍ਹਾ ਕਰਨਾ ਵੀ ਇਸੇ ਚਿੰਨ੍ਹਵਾਦ ਦਾ ਦਿੱਤਾ ਗਿਆ ਸੁਨੇਹਾ ਹੈ, ਭਾਵੇਂ ਕਿ ਇਸ ਨੂੰ ਨਵਜੋਤ ਸਿੱਧੂ ਵਿਵਾਦ ਨਾਲ ਜੋੜ ਕੇ ਪ੍ਰਚਾਰਿਆ ਗਿਆ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰ ਕੁਦਰਤ ਦਾ 'ਰਹੱਸਵਾਦ' ਵੀ ਇੱਕ ਸੁਨੇਹਾ ਦੇ ਰਿਹਾ ਹੁੰਦਾ ਹੈ, ਜੇ ਇਸ ਨੂੰ ਕੋਈ ਸਮਝਣਾ ਚਾਹੇ। ਮੀਡੀਆ ਰਿਪੋਰਟਾਂ ਅਨੁਸਾਰ ਆਪਣੇ ਪਲੇਠੇ ਦੌਰੇ 'ਤੇ 'ਅੰਮ੍ਰਿਤਸਰ ਸਰ' ਕਰਨ ਲਈ ਪਹੁੰਚੇ ਅਰੁਣ ਜੇਤਲੀ ਦੇ ਕਾਫਲੇ ਵਿਚਲੀ ਇੱਕ ਜੀਪ 'ਤੇ ਬੰਨ੍ਹੇ ਗੈਸੀ ਗੁਬਾਰੇ ਯਕਾਯਕ ਫਟੇ ਅਤੇ ਇਸ ਨਾਲ ਉਸ ਜੀਪ ਦੇ ਮਗਰ ਆ ਰਹੇ ਅਰੁਣ ਜੇਤਲੀ ਅਤੇ ਦੂਸਰੇ ਸਟੇਟ ਦੇ ਪ੍ਰਮੁੱਖ ਬੀ. ਜੇ. ਪੀ. ਦੇ ਨੇਤਾਵਾਂ ਦੇ ਹੱਥ ਸੜੇ ਅਤੇ ਮੂੰਹ ਕਾਲੇ ਹੋ ਗਏ। ਰਹੱਸਵਾਦੀ ਸੁਨੇਹਾ-
'ਮੂੰਹ ਕਾਲੇ ਤਿਨਾਂ ਨਿੰਦਕਾਂ' ਅਤੇ
'ਹੱਥ ਨਾ ਲਾਈਂ ਕਸੁੰਭੜੇ, ਜਲ ਜਾਸੀ ਢੋਲਾ'
ਦਾ ਹੈ। ਸਿੱਖ ਕੌਮ ਦੀ 'ਸਿਆਸੀ ਪ੍ਰਭੂਸੱਤਾ' ਨੂੰ ਮੁਗਲ, ਅਫਗਾਨ, ਫਿਰੰਗੀ ਨਹੀਂ ਕੁਚਲ ਸਕੇ, ਇਹ ਹਿੰਦੂਤਵੀ ਕਿਸ ਬਾਗ ਦੀ ਮੂਲ਼ੀ ਹਨ?
- ਡਾ ਅਮਰਜੀਤ ਸਿੰਘ

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026