Posted on March 25th, 2014

ਮੈਂ ਆਪਣੀ ਐਤਕੀਂ ਦੀ ਪਾਕਿਸਤਾਨ ਫ਼ੇਰੀ ਵਿੱਚ ਹੜੱਪੇ ਸ਼ਹਿਰ ਜ਼ਰੂਰ ਗੇੜਾ ਮਾਰਨਾ ਚਾਹੁੰਦਾ ਸੀ। ਇਸ ਵਾਰ ਪਰਿਵਾਰ ਸਣੇ ਹੋਣ ਕਰਕੇ ਮੈਂ ਇਹ ਤਵਾਰੀਖੀ ਥਾਂ ਜ਼ਰੂਰ ਵੇਖਣਾ ਚਾਹੁੰਦਾ ਸੀ। ਇੱਕ ਤਾਂ ਇੱਥੇ ਮਸ਼ਹੂਰ-ਏ-ਜ਼ਮਾਨਾ ਸਿੰਧੂ ਸੱਭਿਅਤਾ ਨਾਲ਼ ਤਾਅਲੁੱਕ ਰੱਖਦੇ ਪੁਰਾਣੇ ਖੰਡਰਾਤ ਅਤੇ ਅਜਾਇਬ ਘਰ ਹੈ, ਦੂਜਾ ਮੈਂ ਕਿਤੇ ਪੜ੍ਹਿਆ ਸੀ ਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਨਾਲ਼ ਸਬੰਧਿਤ ਗੁਰਦਵਾਰਾ ਨਾਨਕਸਰ ਵੀ ਹੈ। ਖੈਰ, ਪਹਿਲਾਂ ਸਾਡਾ ਕਿਆਮ ਮੇਜ਼ਬਾਨ ਚੌਧਰੀ ਸਨਾਉੱਲਾ ਘੁੰਮਣ ਦੇ ਘਰ ਚੱਕ 201 ਈ. ਬੀ. ਮੰਡੀ ਬੂਰੇਵਾਲਾ ਵਿਖੇ ਹੀ ਸੀ। ਕੁਝ ਦਿਨਾਂ ਬਾਅਦ ਮੈਂ ਸਨਾਉੱਲਾ ਕੋਲ਼ ਹੜੱਪੇ ਦਾ ਪ੍ਰੋਗਰਾਮ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਓਸ ਦਾ ਇੱਕ ਕਾਲਜ ਵੇਲ਼ੇ ਦਾ ਜਮਾਤੀ ਹੜੱਪੇ ਦਾ ਰਹਿਣ ਵਾਲਾ ਸੀ, ਰਾਣਾ ਇਮਰਾਨ ਟੀਪੂ, ਜੋ ਕਿ ਅੱਜਕੱਲ੍ਹ ਆਰਿਫ਼ਵਾਲ਼ਾ ਸ਼ਹਿਰ ਵਿਖੇ ਐਸ. ਐਚ. ਓ. ਤਾਇਨਾਤ ਸੀ। ਟੀਪੂ ਨਾਲ ਫੋਨ 'ਤੇ ਗੱਲ ਹੋਈ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚੇ ਦੇ ਪੁੱਤ ਦੀ ਫੌਤਗੀ ਹੋਈ ਹੈ, ਇਸ ਕਰਕੇ ਉਹ ਕੱਲ੍ਹ ਹੜੱਪੇ ਹੀ ਹੋਵੇਗਾ, ਤੁਸੀਂ ਕੱਲ੍ਹ ਹੀ ਆ ਜਾਓ।
ਹੜੱਪਾ ਸ਼ਹਿਰ ਲਾਹੌਰ-ਮੁਲਤਾਨ ਰੋਡ ਉਪਰ ਲਾਹੌਰ ਤੋਂ 150 ਕਿਲੋਮੀਟਰ ਤੇ ਸਥਿਤ ਹੈ। ਨੀਲੀ ਬਾਰ ਦਾ ਇਲਾਕਾ ਹੋਣ ਕਾਰਨ ਏਥੇ ਵੀ ਕਾਫੀ ਸਿੱਖ ਵਸੋਂ ਰਹੀ ਹੈ ਵੰਡ ਤੋਂ ਪਹਿਲਾਂ। ਅਸੀਂ ਬੂਰੇਵਾਲਾ ਤੋਂ ਚੀਚਾਵਤਨੀ ਹੁੰਦੇ ਹੋਏ ਦੁਪਹਿਰੋਂ ਬਾਦ ਇਮਰਾਨ ਦੇ ਘਰ ਪਹੁੰਚ ਗਏ। ਸਾਡੀ ਇੰਤਜ਼ਾਰ ਹੋ ਰਹੀ ਸੀ। ਘਰ ਵਿੱਚ ਮੌਤ ਹੋਣ ਕਾਰਨ ਸੱਥਰ ਵਿਛੇ ਸਨ ਅਤੇ ਕਈ ਸੱਜਣ ਅਫਸੋਸ ਵਾਸਤੇ ਆਏ ਹੋਏ ਸਨ। ਜਦ ਵੀ ਕੋਈ ਅਫਸੋਸ ਕਰਨ ਵਾਲਾ ਆਉਂਦਾ ਹੈ ਤਾਂ ਸਾਰੇ ਜਾਣੇ ਫਾਤਿਹਾ ਕਹਿੰਦੇ ਹਨ। ਅਸੀਂ ਵੀ ਕਿਹਾ। ਓਥੇ ਬਹੁਤ ਸਾਰੇ ਲੋਕ ਬਲਾਚੌਰ ਦੇ ਲਾਗੇ ਕਾਠਗੜ੍ਹ ਪਿੰਡ ਤੋਂ ਹਿਜ਼ਰਤ ਕਰ ਕੇ ਗਏ ਹੋਏ ਹਨ। ਟੀਪੂ ਹੋਰਾਂ ਦੇ ਬਜ਼ੁਰਗ ਵੀ ਉੱਥੇ ਦੇ ਹੀ ਸਨ। ਉਹ ਸਾਰੇ ਕਾਠਗੜ੍ਹ ਬਾਰੇ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੇ ਸੀ ਪਰ ਟਾਇਮ ਜ਼ਿਆਦਾ ਹੋਣ ਜਾਣ ਕਾਰਨ ਹੜੱਪਾ ਅਜਾਇਬ ਘਰ ਬੰਦ ਹੋ ਜਾਣਾ ਸੀ, ਇਸ ਕਰਕੇ ਫੈਸਲਾ ਹੋਇਆ ਕਿ ਪਹਿਲਾਂ ਓਥੇ ਜਾਇਆ ਜਾਵੇ, ਫਿਰ ਗੁਰਦਵਾਰੇ ਅਤੇ ਵਾਪਸੀ ਤੇ ਸਾਰੇ ਸੱਜਣਾਂ ਨਾਲ ਬਹਿ ਕੇ ਖੁੱਲ੍ਹੀ ਗੱਲਬਾਤ ਕੀਤੀ ਜਾਵੇਗੀ।
ਪੁਰਾਤੱਤਵ ਵਾਲੀ ਜਗ੍ਹਾ ਉਨ੍ਹਾਂ ਦੇ ਘਰ ਤੋਂ ਨੇੜੇ ਹੀ ਸੀ । ਅਜਾਇਬ ਘਰ ਚਾਹੇ 5 ਵਜੇ ਬੰਦ ਹੋ ਜਾਣਾ ਸੀ ਪਰ ਸਾਡੇ ਵਾਸਤੇ ਖੁੱਲ੍ਹਾ ਰੱਖਿਆ ਗਿਆ ਸੀ। ਗਾਈਡ ਲੜਕੇ ਨੇ ਬੜੇ ਹੀ ਤਪਾਕ ਨਾਲ ਕੱਲੀ-ਕੱਲੀ ਸ਼ੈਅ ਬਾਰੇ ਜਾਣਕਾਰੀ ਦਿੱਤੀ। ਸਿੰਧੂ ਸੱਭਿਅਤਾ ਈਸਾ ਤੋਂ 4500 ਸਾਲ ਪਹਿਲਾਂ ਤੋਂ ਲੈ ਕੇ ਈਸਾ ਪੂਰਵ 1500 ਤੱਕ ਭਾਰਤ ਦੇ 6,80,000 ਮੁਰੱਬਾ ਕਿਲੋਮੀਟਰ ਵਿੱਚ ਫੈਲੀ ਸੀ, ਜਿਸ ਦੇ ਕਿ ਪ੍ਰਮੁੱਖ ਸ਼ਹਿਰ ਕੋਟ ਦਿੱਜੀ, ਮਹੰਜੋਦਾੜੋ ਅਤੇ ਹੜੱਪਾ ਸਨ। ਓਸ ਵੇਲ਼ੇ ਦੇ ਵਰਤੋਂ ਵਿੱਚ ਆਉਣ ਵਾਲੇ ਗਹਿਣੇ, ਭਾਂਡੇ, ਬੱਚਿਆਂ ਦੇ ਖਿਡਾਉਣੇ, ਹਥਿਆਰ ਵੇਖ ਕੇ ਹੈਰਾਨੀ ਹੋ ਰਹੀ ਸੀ ਕਿ ਓਦੋਂ ਮਨੁੱਖ ਦੀ ਸੋਚ ਅਤੇ ਹੁਨਰ ਕਿਸ ਕਦਰ ਵਿਕਸਤ ਸੀ। ਪੁਰਾਤਨ ਹੜੱਪਾ ਸ਼ਹਿਰ ਦੇ ਖੰਡਰਾਤ ਪਹਿਲਾਂ ਬਹੁਤ ਵਿਸ਼ਾਲ ਅਤੇ ਵਸੀਹ ਸਨ ਪਰ ਉਨੀਵੀਂ ਸਦੀ ਦੇ ਅਖੀਰ ਵਿੱਚ ਲੋਕਾਂ ਵਲੋਂ ਆਪਣੇ ਘਰ ਬਣਾਉਣ ਵਾਸਤੇ ਅਤੇ ਫਿਰ ਲਾਹੌਰ-ਮੁਲਤਾਨ ਰੇਲਵੇ ਲਾਈਨ ਦੀ ਉਸਾਰੀ ਵੇਲੇ ਠੇਕੇਦਾਰਾਂ ਵਲੋਂ ਖੰਡਰਾਤ ਦੀਆਂ ਇੱਟਾਂ ਉਧੇੜ ਉਧੇੜ ਇਹ ਲਗਭਗ ਖਤਮ ਕਰ ਦਿੱਤੇ ਗਏ। 1904 ਵਿੱਚ ਇਸ ਜਗ੍ਹਾ ਨੂੰ ਕਾਨੂੰਨੀ ਤੌਰ ਤੇ ਸੁਰੱਖਿਅਤ ਐਲਾਨਿਆ ਗਿਆ। ਇਨ੍ਹਾਂ ਅਵਸ਼ੇਸ਼ਾਂ ਦੀ ਢੰਗ ਨਾਲ ਖੁਦਾਈ ਪਹਿਲਾਂ ਦਇਆ ਰਾਮ ਸਾਹਨੀ ਵਲੋਂ 1921-25 ਅਤੇ ਫਿਰ ਰਾਏ ਬਹਾਦੁਰ ਮਾਧੋ ਸਰੂਪ ਵਤਸ (1926-34) ਅਤੇ ਕੇ. ਐਸ. ਸ਼ਾਸਤਰੀ ਵਲੋਂ 1937 ਵਿੱਚ ਕੀਤੀ ਗਈ। ਅਜਾਇਬ ਘਰ ਦੇ ਪਿੱਛੇ 4.5 ਏਕੜ ਵਿੱਚ ਫੈਲਿਆ ਖੁਦਾਈ ਕਰਕੇ ਕੱਢਿਆ ਗਿਆ ਹੜੱਪਾ ਸ਼ਹਿਰ ਦਾ ਹਿੱਸਾ ਹੈ ਜੋ ਕਿ ਓਸ ਵੇਲੇ ਦੀ ਇਮਾਰਤਸਾਜ਼ੀ ਅਤੇ ਸ਼ਹਿਰੀ ਯੋਜਨਾਬੰਦੀ ਦੀ ਜਿੰਦਾ ਮਿਸਾਲ ਹੈ। ਅਸੀਂ ਇਹ ਸਾਰਾ ਇਲਾਕਾ ਘੁੰਮ ਕੇ ਵੇਖਣਾ ਚਾਹੁੰਦੇ ਸੀ ਪਰ ਦਿਨ ਛਿਪਣ ਤੋਂ ਪਹਿਲਾਂ ਗੁਰਦਵਾਰਾ ਵੀ ਵੇਖਣਾ ਜ਼ਰੂਰੀ ਸੀ। ਪਤਾ ਲੱਗਿਆ ਕਿ ਗੁਰਦਵਾਰੇ ਦੀ ਇਮਾਰਤ ਵਿੱਚ ਅੱਜ ਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਹੈ। ਸਕੂਲ ਨੂੰ ਛੁੱਟੀ ਹੋ ਚੁੱਕੀ ਸੀ ਪਰ ਖਸੂਸੀ ਤੌਰ 'ਤੇ ਹੈੱਡ ਮਾਸਟਰ ਨੂੰ ਬੇਨਤੀ ਕਰਕੇ ਬੁਲਾਇਆ ਗਿਆ ਸੀ, ਜੋ ਕਿ ਸਾਡੀ ਉਡੀਕ ਕਰ ਰਹੇ ਸਨ। ਇਸ ਕਰਕੇ ਅਸੀਂ ਗੁਰਦਵਾਰਾ ਨਾਨਕਸਰ ਹੜੱਪਾ ਵੱਲ ਨੂੰ ਰੁਖ ਕੀਤਾ ਜੋ ਕਿ ਉਥੋਂ ਮਹਿਜ਼ ਡੇਢ ਕਿਲੋਮੀਟਰ ਤੇ ਸੀ। ਮਹਾਨ ਕੋਸ਼ ਵਿੱਚ ਅੰਕਤ ਵੇਰਵੇ ਮੁਤਾਬਕ ''ਇਸ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮੁਲਤਾਨ ਫੇਰੀ ਦੌਰਾਨ ਠਹਿਰੇ ਸੀ। ਦਰਬਾਰ ਦੇ ਨਾਂ 10 ਘੁਮਾਂ ਜਮੀਨ ਅਤੇ ਬਾਗ ਹੈ। 2-3 ਚੇਤਰ ਨੂੰ ਮੇਲਾ ਲੱਗਦਾ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਗੁਰਦਵਾਰੇ ਦਾ ਵੱਡਾ ਹਿੱਸਾ ਮਹਾਨ ਕੋਸ਼ ਲਿਖੇ ਜਾਣ ਤੋਂ ਬਾਅਦ ਬਣਿਆ ਸੀ।
ਇਮਾਰਤ ਵਾਕਿਆ ਹੀ ਅੰਬਾਂ ਦੇ ਵੱਡੇ ਦਰਖਤਾਂ ਨਾਲ ਘਿਰੀ ਸੀ। ਸਾਡੇ ਪਹੁੰਚਣ 'ਤੇ ਸਕੂਲ ਦੇ ਹੈੱਡਮਾਸਟਰ ਅਤੇ ਸਮਾਜ ਸੇਵੀ ਸਈਅਦ ਇਕਬਾਲ ਬੁਖਾਰੀ ਨੇ ਸਾਡਾ ਸਵਾਗਤ ਕੀਤਾ। ਅਸੀਂ ਟੀਪੂ ਹੋਰਾਂ ਸਣੇ ਕੁੱਲ 10-12 ਜਣੇ ਸਾਂ। ਪਹਿਲਾਂ ਇੱਕ ਛੋਟੇ ਦਰਵਾਜ਼ੇ ਰਾਹੀਂ ਜਿੱਧਰੋਂ ਅਸੀਂ ਵੜੇ ਸਾਹਮਣੇ ਕੋਈ ਵੱਡਾ ਸਰੋਵਰ ਸੀ। ਸਰੋਵਰ ਸੁੱਕਾ ਸੀ ਅਤੇ ਵਿੱਚ ਘਾਹ ਲੱਗਿਆ ਸੀ। ਦੱਸਿਆ ਗਿਆ ਕਿ ਇਸ ਨੂੰ ਹੁਣ ਸਵੇਰ ਦੀ ਸਭਾ ਵਾਸਤੇ ਵਰਤਿਆ ਜਾਂਦਾ ਹੈ । ਸਰੋਵਰ ਦੇ ਤਿੰਨੇ ਪਾਸੇ ਬਰਾਂਡਾਂ ਅਤੇ ਨਾਲ ਕਮਰੇ ਸਨ, ਲਗਭਗ ਚਾਲੀ। ਇਹ ਕਮਰੇ ਅੱਜ ਕਲ੍ਹ ਕਲਾਸਰੂਮਾਂ ਵੱਜੋਂ ਵਰਤੋਂ ਵਿੱਚ ਹਨ। ਹੈਰਾਨੀ ਦੀ ਗੱਲ ਹੈ ਕਿ ਅੱਜ ਵੀ ਇਹ ਕਮਰੇ, ਬਰਾਂਡਾ ਖਿੜਕੀਆਂ ਦਰਵਾਜ਼ੇ ਬਿਲਕੁੱਲ ਮਹਿਫੂਜ਼ ਹਨ। ਇੱਥੋਂ ਤੱਕ ਕਿ ਛੱਤਾਂ ਵੀ ਪਹਿਲਾਂ ਵਾਲੀਆਂ ਹਨ। ਦੀਵਾਰਾਂ ਉੱਪਰ ਅਤੇ ਤਲਾਅ ਦੀ ਪਰਕਰਮਾ ਉੱਤੇ ਸੇਵਾ ਕਰਵਾਉਣ ਵਾਲੇ ਦਾਨੀਆਂ ਦੇ ਨਾਂ ਦੇ ਪੱਥਰ ਅੱਜ ਵੀ ਲੱਗੇ ਹਨ। ਇਸ ਤੋਂ ਅੱਗੇ ਅਸੀਂ ਗੁਰਦਵਾਰੇ ਦੀ ਮੁੱਖ ਇਮਾਰਤ ਵੱਲ ਵਧੇ। ਕਿਆ ਬਾਤ ਸੀ! ਇਹ ਤਾਂ ਇੱਕ ਸ਼ਾਨਦਾਰ ਦੋ ਮੰਜ਼ਿਲਾ ਇਮਾਰਤ ਸੀ। ਮੁੱਖ ਦੀਵਾਨ ਹਾਲ ਲਗਭਗ 40 ਫੁੱਟ ਚੌੜਾ ਅਤੇ 100 ਫੁੱਟ ਲੰਬਾ ਸੀ, ਸੰਗਤ ਦੇ ਬੈਠਣ ਵਾਸਤੇ ਪੜਛੱਤੀਆਂ ਸਨ। ਚਿਪਸ ਵਾਲਾ ਫਰਸ਼, ਥਮਲਿਆਂ ਉਪੱਰ ਅਤੇ ਪੌੜੀਆਂ ਉੱਪਰ ਲੱਗੀ ਬਰੀਕ ਚਿਪਸ ਅਤੇ ਜੰਗਲਾ ਅੱਜ ਦੀ ਕਾਰੀਗਰੀ ਨੂੰ ਵੀ ਮਾਤ ਪਾ ਰਿਹਾ ਸੀ। ਕੁੱਲ ਮਿਲਾ ਕੇ ਮੈਂ ਮਹਿਸੂਸ ਕੀਤਾ ਕਿ ਇਸ ਦੀਵਾਨ ਹਾਲ ਵਿੱਚ ਅੱਜ ਹੁਣੇ ਵੀ ਪ੍ਰਕਾਸ਼ ਹੋ ਸਕਦਾ ਹੈ ਪਰ ਹੁਣ ਇਹ ਹਾਲ ਪ੍ਰੀਖਿਆ ਕੇਂਦਰ ਵਜੋਂ ਵਰਤਿਆ ਜਾ ਰਿਹਾ ਹੈ ਅਤੇ ਇੱਥੋਂ ਵਿੱਦਿਆ ਦਾ ਪ੍ਰਕਾਸ਼ ਹੋ ਰਿਹਾ ਸੀ। ਇਮਾਰਤ ਦੇ ਨਾਲ ਹੀ ਲੰਗਰ ਹਾਲ ਵੀ ਮੌਜੂਦ ਹੈ। ਇਸ ਤੋਂ ਬਿਨਾਂ ਦੱਸਿਆ ਗਿਆ ਕਿ ਇੱਥੇ ਘੋੜੇ ਬੰਨ੍ਹਣ ਵਾਸਤੇ ਤਬੇਲਾ ਅਤੇ ਪਾਣੀ ਵਾਸਤੇ ਖੂਹ ਵੀ ਸੀ। ਖੂਹ ਹੁਣ ਤੋੜਿਆ ਜਾ ਰਿਹਾ ਸੀ।
ਵਿਹੜੇ ਵਿੱਚ ਹੀ ਛੋਟਾ ਜਿਹਾ ਸੁੰਦਰ ਗੁੰਬਦ ਵਾਲਾ ਦਰਬਾਰ ਸਥਾਨ ਬਣਿਆ ਹੋਇਆ ਹੈ। ਇਸ ਦੀ ਇਮਾਰਤ ਬੇਸ਼ੱਕ ਪੁਰਾਣੀ ਸੀ ਪਰ ਇਸ ਨੂੰ ਤਾਜ਼ਾ ਰੰਗ ਰੋਗਨ ਹੋਇਆ ਸੀ, ਮੀਨਾਕਾਰੀ ਅਤੇ ਟੁੱਕੜੀਆਂ ਦੀ ਸਜਾਵਟ ਸੀ। ਬਾਹਰ ਗਰਿੱਲਾਂ ਆਦਿ ਲਗਾਈਆਂ ਗਈਆਂ ਸਨ। ਇੰਟਰਨੈੱਟ ਉਪਰ ਇਸੇ ਹਿੱਸੇ ਦੀ ਤਸਵੀਰ ਮਿਲਦੀ ਹੈ, ਜੋ ਕਿ ਪਹਿਲਾਂ ਦੀ ਪੁਰਾਣੀ ਲੱਗਦੀ ਸੀ। ਸ਼ਾਇਦ ਇਹੀ ਗੁਰਦਵਾਰੇ ਦਾ ਪ੍ਰਮੁੱਖ ਸਥਾਨ ਹੈ, ਜੋ ਕਿ ਗੁਰੂ ਸਾਹਿਬ ਨਾਲ ਸਬੰਧਤ ਸੀ। ਇਸ ਥਾਂ ਉਪੱਰ ਕਿਸੇ ਦਾ ਦਖਲ ਨਹੀਂ ਅਤੇ ਬੰਦ ਰਹਿੰਦੀ ਹੈ। ਇਸ ਨੂੰ ਸਾਡੇ ਵਾਸਤੇ ਹੀ ਖੋਹਲਿਆ ਗਿਆ। ਗੁੰਬਦ ਦੇ ਅੰਦਰ ਵੀ ਨਵੀਂ ਸੁੰਦਰ ਮੀਨਾਕਾਰੀ ਹੋਈ ਹੋਈ ਸੀ। ਹੇਠਾਂ ਥੜ੍ਹਾ ਸੀ, ਜਿਸ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੋਵੇਗਾ। ਇਹ ਥੜ੍ਹਾ ਹੁਣ ਇੱਕ ਰੁਮਾਲੇ ਨਾਲ ਢਕਿਆ ਸੀ। ਰੁਮਾਲਾ ਥੋੜਾ ਪਰ੍ਹੇ ਕੀਤਾ ਤਾਂ ਹੇਠਾਂ ਗੁਲਾਬ ਦੇ ਕੁੱਝ ਫੁੱਲ ਪਏ ਸਨ। ਪਤਾ ਲੱਗਾ ਕਿ ਇਸ ਦੀ ਮੁਰੰਮਤ ਦੀ ਸੇਵਾ ਇੱਕ ਮੁਕਾਮੀ ਸਿੱਖ ਡਾਕਟਰ ਰਵਿੰਦਰ ਸਿੰਘ ਰਵੀ ਕਰਵਾ ਰਹੇ ਹਨ, ਜੋ ਕਿ ਮਿੰਟਗੁਮਰੀ ਵਿਖੇ ਰਹਿੰਦੇ ਹਨ ਅਤੇ ਪੇਸ਼ੇ ਵਜੋਂ ਹਕੀਮ ਹਨ। ਇਹ ਦੇਖ ਕੇ ਮਨ ਹੋਰ ਪ੍ਰਸੰਨ ਹੋਇਆ।
ਅਸੀਂ ਹੁਣ ਘੁੰਮ ਕੇ ਗੁਰਦਵਾਰੇ ਦੀ ਮੁੱਖ ਡਿਊੜੀ ਵਿੱਚੋਂ ਹੋ ਕੇ ਬਾਹਰ ਨਿਕਲ ਆਏ। ਡਿਊੜੀ ਵੀ ਬੇਹੱਦ ਸ਼ਾਨਦਾਰ ਸੀ। ਸਾਰੀ ਇਮਾਰਤ ਆਧੁਨਿਕ ਤਰਜ਼ ਉਪਰ ਬਣੀ ਸੀ ਅਤੇ ਇੱਥੋਂ ਤੱਕ ਕਿ ਬਿਜਲੀ ਦੀ ਫਿਟਿੰਗ ਅਤੇ ਛੱਤ ਵਾਲੇ ਪੱਖਿਆਂ ਦੀਆਂ ਹੁੱਕਾਂ ਵੀ ਲਾਈਆਂ ਗਈਆਂ ਸਨ। ਕੋਈ 2 ਏਕੜ ਵਿੱਚ ਫੈਲੀ ਇਮਾਰਤ ਇੰਨੀ ਮਜ਼ਬੂਤ ਬਣੀ ਹੋਈ ਹੈ ਕਿ ਇਸ ਦੇ ਤਹਿਖਾਨੇ ਅਤੇ ਛੱਤਾਂ ਜੋ ਕਿ ਲੈਂਟਰ ਵਾਲੀਆਂ ਹਨ, ਬਿਲਕੁਲ ਅਸਲ ਹਾਲਤ ਵਿੱਚ ਸਨ। ਡਿਊੜੀ ਦੇ ਦਰਵਾਜੇ ਦੇ ਨਾਲ਼ ਹੀ ਇੱਕ ਵੱਡਾ ਸਾਰਾ ਪੱਥਰ ਲੱਗਾ ਸੀ, ਜਿਸ ਦੀ ਇਬਾਰਤ ਗੁਰਮੁਖੀ ਅਤੇ ਅੰਗ੍ਰੇਜੀ ਵਿੱਚ ਲਿਖੀ ਹੋਈ ਸੀ। ਇਸ ਮੁਤਾਬਕ ''ਇਹ ਬੁਨਿਆਦੀ ਪੱਥਰ ਗੁਰੂਸਵਾਰੇ ਸ੍ਰੀਮਾਨ 108 ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਆਂ ਨਿਵਾਸੀ ਨੇ ਆਣੇ ਪਵਿਤ੍ਰ ਹਸਤ ਕਮਲਾਂ ਨਾਲ ਰੱਖਿਆ ਪੋਹ 4 ਸੰ. 1998 ਬਿਕਰਮੀ ਨਾ. ਸ: ਸੰ 473 ਜਾਣੀ 18 ਦਸੰਬਰ 1941 । ਕਮਾਲ ਇਸ ਗੱਲ ਦੀ ਤਾਂ ਹੈ ਹੀ ਕਿ 71 ਸਾਲ ਪਹਿਲਾਂ ਇਸ ਕਦਰ ਸ਼ਾਨਦਾਰ ਇਮਾਰਤ ਸਿੱਖ ਸੰਗਤਾਂ ਵਲੋਂ ਉਸਾਰੀ ਗਈ। ਏਨੀ ਹੀ ਹੈਰਾਨੀ ਦੀ ਗੱਲ ਹੈ ਕਿ ਵੰਡ ਤੋਂ ਬਾਅਦ ਇਸ ਇਮਾਰਤ ਦੀ ਹਿਫਾਜ਼ਤ ਅਤੇ ਸੰਭਾਲ ਵੀ ਕੀਤੀ ਗਈ। ਇਸ ਦੀ ਤਰੀਫ ਕਰਨੀ ਬਣਦੀ ਹੈ।
ਹੈੱਡਮਾਸਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਜੋ ਵੀ ਗ੍ਰਾਂਟ ਆਦਿ ਮਿਲਦੀ ਹੈ, ਉਹ ਸਾਰੀ ਇਸੇ ਇਮਾਰਤ ਉਪਰ ਹੀ ਲਾਈ ਜਾਂਦੀ ਹੈ। ਮੇਰਾ ਲੇਖ ਪੜ੍ਹ ਕੇ ਲੁਧਿਆਣੇ ਤੋਂ ਇਕ ਬਜੁਰਗ ਦਾ ਫੋਨ ਆਇਆ। ਉਹਨਾਂ ਦੱਸਿਆ ਕਿ ਜਦ ਇਸ ਇਮਾਰਤ ਦੀ ਉਸਾਰੀ ਚੱਲ ਰਹੀ ਸੀ ਤਾਂ ਉਹਨਾਂ ਸਿਰ ਤੇ ਬੱਠਲ਼ ਚੁੱਕ ਸੇਵਾ ਕੀਤੀ ਸੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਂ ਦਾ ਪੱਥਰ ਵੀ ਉੱਥੇ ਲੱਗਿਆ ਹੈ। 1947 ਵੇਲੇ ਇਸ ਇਮਾਰਤ ਨੂੰ ਹਿੰਦੁਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਕੈਂਪ ਵਾਸਤੇ ਵਰਤਿਆ ਗਿਆ। 1971 ਦੀ ਜੰਗ ਵੇਲੇ ਇੱਥੇ ਭਾਰਤੀ ਜੰਗੀ ਕੈਦੀਆਂ ਨੂੰ ਵੀ ਰੱਖਿਆ ਗਿਆ। 1963-64 ਵਿੱਚ ਇਹ ਵੀ ਗੱਲ ਉੱਡੀ ਕਿ ਇਸ ਗੁਰਦਵਾਰੇ ਨੂੰ ਸਿੱਖਾਂ ਵਾਸਤੇ ਖੋਲ੍ਹਿਆ ਜਾ ਰਿਹਾ ਹੈ। ਇਥੇ ਇਹ ਜ਼ਿਕਰਕਰਨਯੋਗ ਹੈ ਕਿ ਨਾਨਕਸਰ ਸੰਪਰਦਾ ਦੇ ਬਾਨੀ ਬਾਬਾ ਨੰਦ ਸਿੰਘ ਜੀ ਨੇ ਵੀ ਹੜੱਪੇ ਵਿਖੇ ਤਕਰੀਬਨ 1 ਸਾਲ ਤਪੱਸਿਆ ਕੀਤੀ ਸੀ। ਉਹਨਾਂ ਦੇ ਜੀਵਨ ਨਾਲ ਸਬੰਧਤ ਕਿਤਾਬਾਂ ਵਿੱਚ ਲਿਖਿਆ ਹੈ ਕਿ ਉਹਨਾਂ ਦੀ ਤਪੱਸਿਆ ਦੇ ਥਾਂ ਤੋਂ 12 ਕੋਹ ਤੱਕ ਜੰਗਲ ਹੀ ਜੰਗਲ ਸੀ। ਸੋ ਲੱਗਦਾ ਹੈ ਕਿ ਉਹ ਸਥਾਨ ਇੱਥੋਂ ਹਟਵਾਂ ਹੋਵੇਗਾ।
ਗੁਰਦਵਾਰੇ ਨਾਨਕਸਰ (ਸਕੂਲ) ਤੋਂ ਹੋ ਕੇ ਅਸੀਂ ਫਿਰ ਇਮਰਾਨ ਟੀਪੂ ਦੇ ਘਰ ਆ ਗਏ। ਪਹਿਲਾਂ ਤੋਂ ਬੈਠੇ ਬਜ਼ੁਰਗ ਅਤੇ ਹੋਰ ਸੱਜਣ ਸਾਡੀ ਇੰਤਜ਼ਾਰ ਵਿੱਚ ਸਨ। ਭਾਵੇਂ ਘਰ ਵਿੱਚ ਸੱਥਰ ਵਿਛੇ ਸਨ ਪਰ ਉਹਨਾਂ ਸਾਨੂੰ ਮਨ੍ਹਾਂ ਕਰਨ ਤੇ ਬਾਵਜੂਦ ਵੀ ਵਧੀਆ ਭੋਜਨ ਛਕਾਇਆ। ਵੰਡ ਤੋਂ ਪਹਿਲਾਂ ਇਹ ਰਾਜਪੂਤ ਰਾਣਿਆਂ ਦੇ ਪਰਿਵਾਰ ਕਾਠਗੜ੍ਹ ਵਿੱਚ ਰਹਿੰਦੇ ਸਨ। ਬਜ਼ੁਰਗਾਂ ਨੇ ਭਰੇ ਮਨ ਨਾਲ ਦੱਸਿਆ ਕਿ ਜਦ ਰੌਲਾ-ਗੌਲਾ ਪਿਆ ਤਾਂ ਕਾਠਗੜ੍ਹ ਕਿਲੇ ਦੇ ਸਰਦਾਰ ਬਖਤੌਰ ਸਿੰਘ ਬਹੁਤ ਰਸੂਖ ਵਾਲੇ ਬੰਦੇ ਸਨ। ਉਹ ਆਨਰੇਰੀ ਮਜਿਸਟਰੇਟ ਸਨ ਅਤੇ ਰਾਣਾ ਟੀਪੂ ਦੇ ਦਾਦਾ ਚੌਧਰੀ ਅਬਦੁੱਲ ਰਹੀਮ ਉਹਨਾਂ ਦੇ ਨਜ਼ਦੀਕੀ ਸਨ। ਰੋਪੜ ਦੀ ਸੰਧੀ ਕਰਨ ਵੇਲ਼ੇ ਜਦ ਮਹਾਰਾਜਾ ਰਣਜੀਤ ਸਿੰਘ ਲਾਹੌਰ ਵਲੋਂ ਆ ਰਹੇ ਸਨ ਤਾਂ ਉਹ ਜਾਣ ਵੇਲ਼ੇ ਅਤੇ ਵਾਪਸੀ ਤੇ ਆਪਣੀ ਫੌਜ ਅਤੇ ਮਾਲ-ਅਸਬਾਬ ਸਣੇ ਸ. ਬਖਤੌਰ ਸਿੰਘ ਦੇ ਬਜ਼ੁਰਗਾਂ ਕੋਲ ਕਾਠਗੜ੍ਹ ਕਿਲੇ ਵਿੱਚ ਠਹਿਰੇ ਸਨ। ਬਖਤੌਰ ਸਿੰਘ ਦੀ ਮੌਤ 1947 ਤੋਂ ਪਹਿਲਾਂ ਹੀ ਹੋ ਗਈ। ਉਹਨਾਂ ਦੇ ਸੱਤ ਪੁੱਤਰ ਸਨ। ਮਾਂ ਨੇ ਪੁੱਤਰਾਂ ਨੂੰ ਵੰਗਾਰ ਕੇ ਕਿਹਾ ਕਿ ਮੈਂ ਤੁਹਾਨੂੰ ਧਾਰਾਂ ਨਹੀਂ ਬਖਸ਼ਣੀਆਂ (ਤੁਸੀਂ ਮੇਰੇ ਪੁੱਤਰ ਨਹੀਂ) ਜੇਕਰ ਪਿੰਡ 'ਚੋਂ ਇੱਕ ਵੀ ਮੁਸਲਮਾਨ ਮਾਰਿਆ ਗਿਆ। ਮਾਂ ਦੇ ਬੋਲਾਂ 'ਤੇ ਫੁੱਲ ਚੜ੍ਹਾਉਦਿਆਂ ਸਰਦਾਰਾਂ ਨੇ ਘੋੜੀਆਂ 'ਤੇ ਸਵਾਰ ਹੋ ਕੇ ਹਮਲਾਵਰਾਂ ਨਾਲ ਦੋ ਹੱਥ ਕਰਦਿਆਂ ਸਾਰੇ ਮੁਸਲਮਾਨਾਂ ਨੂੰ ਰਾਹੋਂ ਕੈਂਪ ਤੱਕ ਪਹੁੰਚਾਇਆ। ਗਰਾਈਆਂ ਦੇ ਵਿਛੋੜੇ ਕਾਰਨ ਸਰਦਾਰ ਗਸ਼ ਤੱਕ ਖਾ ਗਏ। ਅੱਜ ਹੜੱਪੇ ਵਿੱਚ 400 ਘਰ ਕਾਠਗੜ੍ਹੀਏ ਰਾਜਪੂਤਾਂ ਦੇ ਹਨ ਅਤੇ ਸਾਰਿਆਂ ਦਾ ਕਹਿਣਾ ਹੈ ਕਿ ਉਹ ਅੱਜ ਸਰਦਾਰ ਬਖਤੌਰ ਸਿੰਘ ਦੀ ਔਲਾਦ ਸਦਕੇ ਹੀ ਹਇਆਤੀ ਵਿੱਚ ਹਨ। ਮੈਂ ਵਾਪਸ ਆ ਕੇ ਕਾਠਗੜ੍ਹ ਗਿਆ ਅਤੇ ਸਰਦਾਰਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਭ ਗੱਲਾਂ ਠੀਕ ਹੀ ਕਹੀਆਂ ਸਨ ਹੜੱਪੇ ਵਾਲਿਆਂ ਨੇ। ਇਥੋਂ ਤੱਕ ਕੇ ਉਨ੍ਹਾਂ ਵਲੋਂ ਦੱਸੇ ਗਏ ਸਥਾਨ ਜਿਵੇਂ ਆਰੀਆ ਸਕੂਲ, ਬਾਬਾ ਸੈਦਨ ਨਵਾਬ, ਬਗਲੀ ਸ਼ੇਰ ਆਦਿ ਸਭ ਮੌਜੂਦ ਸਨ। ਇੱਕ ਫੋਟੋ ਜੋ ਕਾਠਗੜ੍ਹ ਕਿਲੇ ਵਾਲਿਆਂ ਮੈਨੂੰ ਵਿਖਾਈ, ਉਹ 25.1.39 ਦੇ ਦਿਹਾਤ ਸੁਧਾਰ ਮੇਲਾ ਕਾਠਗੜ੍ਹ ਦੀ ਸੀ। ਇਸ ਵਿੱਚ ਹੁਸ਼ਿਆਰਪੁਰ ਦੇ ਅੰਗਰੇਜ਼ ਡੀ. ਸੀ. ਮਿਸਟਰ ਲਿਨਕਲ, ਖਾਨ ਲੋਧੀ ਤਿਹਸੀਲਦਾਰ ਗੜ੍ਹਸ਼ੰਕਰ, ਲਾਲ ਸਿੰਘ ਸੰਧੂ ਨਾਇਬ ਤਹਿਸੀਲਦਾਰ ਕਾਠਗੜ੍ਹ, ਅਖਤਰ ਖਾਨ ਖੇਤੀਬਾੜੀ ਅਫਸਰ, ਸ. ਬਖਤੌਰ ਸਿੰਘ ਮੈਜਿਸਟਰੇਟ ਅਤੇ ਚੌ. ਅਬਦੁੱਲ ਰਹੀਮ ਨਜ਼ਰ ਆ ਰਹੇ ਸਨ।
ਟੀਪੂ ਦਾ ਭਰਾ ਰਾਣਾ ਸਰਵਰ ਜੋ ਕਿ ਆਪਣੇ ਪਰਿਵਾਰ ਦੇ ਇਤਿਹਾਸ ਤੇ ਕਿਤਾਬ ਲਿਖਣੀ ਚਾਹੁੰਦਾ ਹੈ, ਕਾਠਗੜ੍ਹ ਬਾਰੇ ਖਾਸ ਦਿਲਚਸਪੀ ਲੈ ਰਿਹਾ ਸੀ। ਪਾਕਿਸਤਾਨੀ ਪੰਜਾਬੀ ਮੁਹਾਜ਼ਿਰ (ਚੜ੍ਹਦੇ ਪੰਜਾਬ ਤੋਂ ਹਿਜਰਤ ਕਰਕੇ ਗਏ) ਸਮਾਜ ਵਿੱਚ ਇਹ ਆਮ ਰੀਤ ਹੈ ਕਿ ਉਹ ਰਿਸ਼ਤੇ ਕਰਨ ਵੇਲੇ ਜਾਂ ਆਮ ਵਰਤ ਵਰਤਾਰੇ ਵਿੱਚ ਆਪਣੇ ਪਹਿਲੇ ਜ਼ਿਲ੍ਹਿਆਂ ਦਾ ਫਰਕ ਕਰਦੇ ਹਨ। ਮਿਸਾਲ ਵਜੋਂ ਲੁਧਿਆਣੇ ਜਿਲ੍ਹੇ ਤੋਂ ਗਏ ਲੋਕ ਰਿਸ਼ਤੇ ਨਾਤੇ ਲੁਧਿਆਣਵੀਆਂ ਨਾਲ ਹੀ ਰੱਖ ਕੇ ਰਾਜੀ ਨੇ ਅਤੇ ਜਲੰਧਰ ਵਾਲੇ ਜਲੰਧਰੀਆਂ ਨਾਲ। ਪਿੰਡਾਂ ਸ਼ਹਿਰਾਂ ਵਿੱਚ ਮੈਂ ਲੋਕਾਂ ਦੇ ਘਰਾਂ ਦੇ ਬਾਹਰ ਤਖ਼ਤੀਆਂ ਵੀ ਉਹਨਾਂ ਦੇ ਪਿਛਲੇ ਪਿੰਡਾਂ ਦੀਆਂ ਹੀ ਲੱਗੀਆਂ ਵੇਖੀਆਂ ਜਿਵੇਂ ਦਾਨੇਵਾਲ ਹਾਊਸ (ਮਹਿਤਪੁਰ ਕੋਲੇ ਦਾ ਪਿੰਡ), ਪਰਜੀਆਂ ਹਾਊਸ ਆਦਿ। ਜ਼ਾਹਿਰ ਹੈ ਉਹ ਲੋਕ ਚਾਹੇ ਆਪਣੇ ਪਿੰਡ ਆ ਨਹੀਂ ਸਕਦੇ ਪਰ ਓਥੋਂ ਦੇ ਨਾਵਾਂ ਰਾਹੀਂ ਹੀ ਸਹੀ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ।
ਖੈਰ ਹੁਣ ਰੁਖ਼ਸਤ ਹੋਣ ਦਾ ਵੇਲਾ ਸੀ। ਮੈਂ ਬੇਸ਼ੱਕ ਹੜੱਪੇ ਸ਼ਹਿਰ ਵਿੱਚ ਸਿੰਧੂ ਸੱਭਿਅਤਾ ਦੇ ਹਜ਼ਾਰਾਂ ਸਾਲ ਪੁਰਾਣੀ ਰਹਿੰਦ ਖੂੰਹਦ ਦਾ ਖਿੱਚਿਆ ਹੀ ਆਇਆ ਸੀ ਪਰ ਇੱਥੇ ਆ ਕੇ ਬਾਬੇ ਨਾਨਕ ਦੀ ਵਰੋਸਾਈ ਧਰਤੀ ਦੇ ਦਰਸ਼ਨਾਂ ਅਤੇ ਕਾਠਗੜ੍ਹੀਆਂ ਦੇ ਤਿਓਹ ਦਾ ਖਜ਼ਾਨਾ ਓਸ ਤੋਂ ਵੀ ਵੱਧ ਕੀਮਤੀ ਸੀ।
-ਮਨਜੀਤਇੰਦਰ ਸਿੰਘ ਜੌਹਲ
ਐਸ. ਡੀ. ਓ., ਨਗਰ ਨਿਗਮ ਮੋਗਾ
98144-22617

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026