Posted on March 30th, 2014

ਸੁਆਲ: ਇਸ ਕਿੱਤੇ ਵੱਲ ਕਿਵੇਂ ਆਏ?
ਜੁਆਬ: ਬਚਪਨ ਤੋਂ ਹੀ ਸਾਨੂੰ ਟੀ ਵੀ ਨਾਲ ਬੜਾ ਪਿਆਰ ਸੀ। ਸਾਡੀ ਦਿਲੀ ਤਮੰਨਾ ਸੀ ਕਿ ਇੱਕ ਦਿਨ ਅਸੀਂ ਵੀ ਟੀ ਵੀ ਸਕਰੀਨ 'ਤੇ ਆਈਏ ਪਰ ਜਿਉਂ-ਜਿਉਂ ਵੱਡੇ ਹੋਏ, ਸਾਨੂੰ ਅਹਿਸਾਸ ਹੋਇਆ ਕਿ ਟੀ ਵੀ ਤਕ ਪਹੁੰਚ ਕਰਨੀ ਸਾਡੇ ਲਈ ਉਵੇਂ ਹੀ ਸਾਬਿਤ ਹੋ ਰਹੀ ਹੈ ਜਿਵੇਂ ਸਾਡੀ ਹਾਕੀ ਲਈ ਤਗਮਾ। ਨਾ ਤਾਂ ਮੈਨੂੰ ਗਾਉਣਾ ਆਵੇ ਤੇ ਨਾ ਅਦਾਕਾਰੀ। ਬੜਾ ਸੋਚਿਆ ਅਸਾਂ ਇਸ ਬਾਰੇ। ਇੱਕ ਵਾਰ ਤਾਂ ਅਸੀਂ, ਮੰਮੀ ਪਾਪਾ ਨੂੰ ਲੈ ਕੇ ਦੋ ਮੈਂਬਰੀ ਕਮਿਸ਼ਨ ਵੀ ਬਿਠਾਇਆ ਕਿ ਸਾਡਾ ਭਵਿੱਖ ਤੈਅ ਕੀਤਾ ਜਾਵੇ ਭਾਵ ਟੀ ਵੀ ਸਕਰੀਨ ਤਕ ਪਹੁੰਚ ਕਰਨ ਲਈ ਰਸਤਾ ਕੱਢਿਆ ਜਾਵੇ ਪਰ ਉਸ ਕਮਿਸ਼ਨ ਨੇ ਵੀ ਉਹੋ ਕੀਤੀ ਜੋ ਬਹੁਤੇ ਕਮਿਸ਼ਨ ਕਰਦੇ ਹੁੰਦੇ ਹਨ। ਅੰਤ ਭੂਆ ਜੀ ਅਤੇ ਦਾਦਾ ਜੀ ਨੂੰ ਲੈ ਕੇ ਹਾਈ ਪਾਵਰ ਕਮੇਟੀ ਦਾ ਵੀ ਗਠਨ ਕੀਤਾ ਪਰ ਕਿਸੇ ਨੂੰ ਕੁਝ ਸਮਝ ਨਾ ਆਵੇ। ਸਾਡਾ ਮਸਲਾ ਤਾਂ ਜੀ ਕਸ਼ਮੀਰ ਮਸਲੇ ਨਾਲੋਂ ਵੀ ਵੱਧ ਉਲਝ ਗਿਆ। ਅਚਾਨਕ ਸਾਡੀ ਗਲੀ ਵਿੱਚ ਵਾਪਰੀ ਇੱਕ ਘਟਨਾ ਨੇ ਸਾਡੀ ਜ਼ਿੰਦਗੀ ਹੀ ਬਦਲ ਦਿੱਤੀ।
ਸੁਆਲ: ਕਿਹੜੀ ਘਟਨਾ?
ਜੁਆਬ: ਓ ਜੀ, ਸਾਨੂੰ ਭਿਣਕ ਪਈ ਕਿ ਸਾਡੀ ਗਲੀ ਦੀ ਕੁੜੀ ਦੀ, ਦੂਜੇ ਮੁਹੱਲੇ ਦੇ ਮੁੰਡੇ ਨਾਲ ਮਾੜੀ-ਮੋਟੀ ਗੱਲਬਾਤ ਹੈ। ਲਓ ਜੀ, ਅਸੀਂ ਕਰ ਦਿੱਤੀ ਜਾਸੂਸੀ ਸ਼ੁਰੂ। ਉਹ ਖ਼ਬਰਾਂ ਕੱਢੀਆਂ ਕਿ ਕੁੜੀ ਮੁੰਡੇ ਨੂੰ ਜੁੱਤੀਆਂ ਪੁਆ ਕੇ ਹੀ ਸਾਹ ਲਿਆ। ਕੁੜੀ ਨੂੰ ਕਾਲਜੋਂ ਹਟਵਾਉਣਾ ਸਾਡੀ ਵੱਡੀ ਪ੍ਰਾਪਤੀ ਸੀ। ਇਸ ਘਟਨਾ ਨਾਲ ਗਲੀ ਵਿੱਚ ਸਾਡੀ ਬੱਲੇ-ਬੱਲੇ ਹੋ ਗਈ ਅਤੇ ਨਾਲ ਹੀ ਸਾਨੂੰ ਸਾਡੇ ਛੁਪੇ ਹੋਏ 'ਟੇਲੈਂਟ' ਦਾ ਵੀ ਅਹਿਸਾਸ ਹੋਇਆ ਕਿ ਕਿਵੇਂ ਸਾਡੇ ਵਿੱਚ ਚੂਹਾ ਵੇਖ ਕੇ ਪਲੇਗ ਫੈਲਣ ਦੇ ਖ਼ਤਰੇ ਨੂੰ ਸੁੰਘਣ ਦੀ ਕਲਾ ਹੈ। ਫਿਰ ਤਾਂ ਜੀ ਘਰ ਦੀਆਂ ਖ਼ਬਰਾਂ, ਮੰਮੀ ਪਾਪਾ ਨੂੰ ਲੜਾਉਣਾ, ਝੂਠੀਆਂ-ਸੱਚੀਆਂ ਗੱਲਾਂ ਨਾਲ ਮੰਮੀ ਤੇ ਦਾਦੀ ਵਿੱਚ 'ਮੈਚ' ਕਰਵਾਉਣਾ, ਸਕੂਲ ਵਿੱਚ ਅਧਿਆਪਕਾਂ ਬਾਰੇ ਗੱਪਸ਼ੱਪ। ਚੱਲ ਸੋ ਚੱਲ। ਬਸ ਜੀ, ਕਾਲਜ ਜਾਣ ਤਕ ਸਾਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਪੱਤਰਕਾਰੀ ਸਾਡੇ ਵਿੱਚ ਜਮਾਂਦਰੂ ਹੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਅੰਨ੍ਹਾ ਕੀ ਭਾਲੇ, ਦੋ ਅੱਖਾਂ। ਸਾਨੂੰ ਪੱਤਰਕਾਰੀ ਦੀ ਪੌੜੀ ਰਾਹੀਂ ਟੀ ਵੀ ਤਕ ਪਹੁੰਚਣਾ ਆਸਾਨ ਦਿਖਾਈ ਦੇਣ ਲੱਗਾ। ਸੋ ਅਸੀਂ ਟੀ ਵੀ ਪੱਤਰਕਾਰੀ ਵੱਲ ਆ ਗਏ।
ਸੁਆਲ: ਉਸ ਮੁੰਡੇ ਕੁੜੀ ਦਾ ਫਿਰ ਕੀ ਬਣਿਆ?
ਜੁਆਬ: ਬਣਨਾ ਕੀ ਸੀ ਜੀ? ਤਿੰਨ ਕੁ ਮਹੀਨੇ ਬਾਅਦ ਪਤਾ ਲੱਗਿਆ ਕਿ ਗੱਲ ਤਾਂ ਅਸਲ ਵਿੱਚ ਕੋਈ ਹੈ ਹੀ ਨਹੀਂ ਸੀ ਪਰ ਉਦੋਂ ਤਕ ਅਸੀਂ ਆਪਣਾ ਕੰਮ ਕਰ ਚੁੱਕੇ ਸੀ।
ਸੁਆਲ: ਤੁਸੀਂ ਜਰਨਲਿਜ਼ਮ (ਪੱਤਰਕਾਰੀ ਦੀ ਪੜ੍ਹਾਈ) ਕਿੱਥੋਂ ਕੀਤੀ?
ਜੁਆਬ: (ਹੈਰਾਨੀ ਨਾਲ) ਉਹ ਕੀ ਹੁੰਦੀ ਹੈ?
ਸੁਆਲ: ਖ਼ੈਰ ਛੱਡੋ। ਇਹ ਦੱਸੋ ਕਿ ਖ਼ਬਰਾਂ ਕਿਵੇਂ ਭਾਲਦੇ ਹੋ?
ਜੁਆਬ: ਭਾਲਦੇ ਨਹੀਂ ਜਨਾਬ, ਖ਼ਬਰਾਂ ਤਾਂ ਸਾਡੇ ਕੋਲ ਮੌਜੂਦ ਹੀ ਹੁੰਦੀਆਂ ਹਨ। ਕ੍ਰਿਕਟ, ਬਾਲੀਵੁੱਡ ਤੇ ਰਾਜਨੀਤੀ, ਇਨ੍ਹਾਂ ਤਿੰਨਾਂ 'ਤੇ ਟਿਕੀ ਹੋਈ ਹੈ ਜੀ ਸਾਡੀ ਰੋਜ਼ੀ-ਰੋਟੀ। ਇੱਕ ਸਤਰ ਦੀ ਖ਼ਬਰ ਨੂੰ ਖਿੱਚ ਕੇ ਅੱਧੇ ਘੰਟੇ ਦੀ ਸਟੋਰੀ ਬਣਾਉਣਾ, ਫ਼ਾਲਤੂ ਜਿਹੀ ਖ਼ਬਰ ਨੂੰ ਸਨਸਨੀਖੇਜ਼ ਬਣਾਉਣਾ, ਇਹ ਸਭ ਤਾਂ ਆਪਣੇ ਖੱਬੇ ਹੱਥ ਦੀ ਖੇਡ ਹੈ। ਹੱਥਾਂ ਨੂੰ ਛੱਡੋ, ਅਜਿਹੀਆਂ ਖ਼ਬਰਾਂ ਤਾਂ ਅਸੀਂ ਬਗੈਰ ਹੱਥਾਂ ਤੋਂ ਵੀ ਬਣਾ ਦਿੰਦੇ ਹਾਂ। ਜੇ ਅਸੀਂ ਖੇਤੀ ਕਰਨੀ ਹੋਵੇ ਤਾਂ ਅੰਬਾਂ ਦੇ ਬੂਟੇ ਤੋਂ ਸੇਬ ਝਾੜ ਦੇਈਏ।
ਸੁਆਲ: ਸਨਸਨੀ ਕਿਵੇਂ ਪੈਦਾ ਕਰਦੇ ਹੋ?
ਜੁਆਬ: ਇਹ ਕਿਹੜਾ ਸੁਆਲ ਪੁੱਛ ਲਿਆ ਤੁਸੀਂ! ਮੰਨ ਲਓ ਕਿ ਸਾਡੇ ਸ਼ਹਿਰ ਦਸ ਮਿੰਟ ਮੀਂਹ ਪਿਆ। ਅਸੀਂ ਕੈਮਰੇ ਸਮੇਤ ਕਿਸੇ ਛੋਟੇ ਜਿਹੇ ਟੋਏ 'ਤੇ ਪਹੁੰਚ ਕੇ ਰਿਪੋਰਟਿੰਗ ਸ਼ੁਰੂ ਕਰ ਦਿੰਦੇ ਹਾਂ ਕਿ ਵੇਖੋ, ਕਿਵੇਂ ਸ਼ਹਿਰ ਵਿੱਚ ਜਲ-ਥਲ ਹੋਈ ਪਈ ਹੈ। ਜੇ ਉਸ ਟੋਏ ਵਿੱਚ ਪਾਣੀ ਘੱਟ ਹੋਵੇ ਤਾਂ ਬਾਲਟੀ ਪਾਣੀ ਦੀ ਕੋਲੋਂ ਵੀ ਪਾ ਦਿੰਦੇ ਹਾਂ। ਕੁਝ ਕੰਮ ਕੈਮਰੇ ਦੇ ਕਲੋਜ਼ ਅੱਪ ਕਰ ਦਿੰਦੇ ਹਨ ਤੇ ਬਾਕੀ ਕਸਰ ਸਾਡੀ ਜੀਭ ਕੱਢ ਦਿੰਦੀ ਹੈ। ਇੰਨੇ ਕੁ ਪਾਣੀ ਤੋਂ ਸ਼ੁਰੂ ਕਰ ਕੇ ਅਸੀਂ ਭਿਆਨਕ ਹੜ੍ਹਾਂ ਤਕ ਦੀ ਭਵਿੱਖਬਾਣੀ ਕਰ ਦਿੰਦੇ ਹਾਂ। ਬਾਕੀ ਸ਼ਹਿਰਾਂ ਵਾਲਿਆਂ ਤਾਂ ਡਰਨਾ ਹੀ ਹੋਇਆ, ਸਾਡੇ ਆਪਣੇ ਸ਼ਹਿਰ ਵਾਲੇ ਡਰ ਜਾਂਦੇ ਹਨ ਕਿ ਇੰਨਾ ਮੀਂਹ ਆਖ਼ਰ ਪੈ ਕਿੱਥੇ ਗਿਆ? ਇਸ ਕਰੋਪੀ ਲਈ ਕੁਦਰਤ ਨੂੰ ਵੀ ਗਾਲ੍ਹਾਂ ਕੱਢ ਦਿੰਦੇ ਹਾਂ ਤੇ ਨਾਲ ਹੀ ਸਰਕਾਰ ਦੇ ਨਿਕੰਮੇ ਪ੍ਰਬੰਧਾਂ 'ਤੇ ਵੀ ਸੂਈ ਧਰ ਦੇਈਦੀ ਹੈ। ਕਈ ਸਾਲ ਪਹਿਲਾਂ ਆਏ ਹੜ੍ਹਾਂ ਦੀਆਂ ਤਸਵੀਰਾਂ ਵਿਖਾ ਦਿੰਦੇ ਹਾਂ। ਉਹ ਨਾ ਲੱਭਣ ਤਾਂ ਫ਼ਿਲਮਾਂ 'ਚੋਂ ਹੜ੍ਹਾਂ ਦੇ ਦ੍ਰਿਸ਼ ਲੈ ਕੇ ਖ਼ਬਰ ਭਰ ਦਿੰਦੇ ਹਾਂ। ਬਣ ਗਈ ਸਟੋਰੀ। ਕਈ ਵਾਰ ਕਿਤੋਂ ਨਾ ਕਿਤੋਂ ਐਵੇਂ ਖ਼ਬਰ ਕੱਢ ਲਿਆਉਂਦੇ ਹਾਂ ਕਿ ਫਲਾਣੀ ਤਾਰੀਖ਼ ਨੂੰ ਦੁਨੀਆਂ ਖ਼ਤਮ ਹੋ ਰਹੀ ਹੈ। ਬੱਸ ਜੀ, ਫਿਰ ਤਾਂ ਭੂਤਨੀ ਭੁਲਾ ਦੇਈਦੀ ਹੈ। ਬਹੁਤ ਸਾਰੇ ਲੋਕਾਂ ਨੂੰ ਟੀ ਵੀ 'ਤੇ ਦਿਸਣ ਦੀ ਬੜੀ ਭਿਆਨਕ ਬੀਮਾਰੀ ਹੈ। ਸੋ ਚਾਰ ਵਿਹਲੜਾਂ ਨੂੰ ਖੜ੍ਹਾ ਕੇ ਪੁੱਛਦੇ ਹਾਂ ਕਿ ਤੁਹਾਡਾ ਦੁਨੀਆਂ ਦੇ ਖ਼ਾਤਮੇ ਬਾਰੇ ਕੀ ਵਿਚਾਰ ਹੈ? ਇੱਕ ਕਮਲੀ, ਦੂਜੀ ਪਾ ਦਿੱਤੀ ਸਿਵਿਆਂ ਦੇ ਰਾਹ। ਉਹ ਵਿਹਲੜ ਤਾਂ ਅੱਗੇ ਹੀ ਮਾਣ ਨਹੀਂ ਹੁੰਦੇ, ਉੱਤੋਂ ਅਸੀਂ ਮਾਈਕ ਉਨ੍ਹਾਂ ਦੇ ਹੱਥ ਫੜਾ ਦਿੰਦੇ ਹਾਂ।
ਫਿਰ ਚੱਲ ਸੋ ਚੱਲ, ਦੁਨੀਆਂ ਖ਼ਤਮ ਕਰ ਕੇ ਹੀ ਸਾਹ ਲੈਂਦੇ ਹਾਂ। ਜੇ ਸਾਡੀ ਖ਼ਬਰ ਵੇਖ ਕੇ ਲੋਕ ਡਰ-ਡਰ ਨਾ ਉੱਠਣ ਤਾਂ ਫਿੱਟੇ ਮੂੰਹ ਹੈ ਸਾਡੀ ਪੱਤਰਕਾਰੀ ਦੇ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਉਣ ਵਿੱਚ ਅਸੀਂ ਰੱਬ ਤੋਂ ਵੀ ਅੱਗੇ ਹਾਂ। ਥੱਪੜ ਤਾਂ ਵੱਜਣ ਵਾਲੇ ਦੇ ਇੱਕ ਹੀ ਵੱਜਦਾ ਹੈ ਪਰ ਸਕਰੀਨ 'ਤੇ ਥੱਪੜਾਂ ਦਾ ਮੀਂਹ ਵਰ੍ਹਾਉਣਾ ਸਾਡੀ ਕਲਾਕਾਰੀ ਹੈ।
ਸੁਆਲ: ਇਸ ਕਿੱਤੇ ਵਿੱਚ ਖ਼ਤਰਾ ਕਿੰਨਾ ਕੁ ਹੈ?
ਜੁਆਬ: ਬਹੁਤ ਹੈ ਜੀ। ਸਮਝ ਲਓ ਕਿ ਅਸੀਂ 'ਖਤਰੋਂ ਕੇ ਖਿਲਾੜੀ' ਹਾਂ। ਕਈ ਵਾਰ ਲਾਠੀਚਾਰਜ ਵਗੈਰਾ ਦੀ ਕਵਰੇਜ ਵੇਲੇ ਦੋ ਚਾਰ ਡਾਂਗਾਂ ਸਾਡੇ ਵੀ ਮੌਰਾਂ ਵਿੱਚ ਠੁਕ ਜਾਂਦੀਆਂ ਨੇ ਪਰ ਅਸੀਂ ਬਹੁਤੀ ਪਰਵਾਹ ਨਹੀਂ ਕਰਦੇ। ਬਾਕੀ ਗੱਪਸ਼ੱਪ ਘੜਦੇ-ਘੜਦੇ ਕਈ ਵਾਰ ਕਸੂਤੇ ਵੀ ਫਸ ਜਾਂਦੇ ਹਾਂ। ਆਮ ਤੌਰ 'ਤੇ ਅਸੀਂ ਹੀਰੋ, ਹੀਰੋਇਨਾਂ ਦੇ ਨਾਂਵਾਂ ਦੀਆਂ ਪਰਚੀਆਂ ਕੱਢਦੇ ਹਾਂ। ਜਿਨ੍ਹਾਂ ਦੇ ਨਾਂ ਦੀ ਪਰਚੀ ਨਿਕਲ ਆਵੇ, ਉਨ੍ਹਾਂ ਦੇ ਆਪਸ ਵਿੱਚ 'ਅਫੇਅਰ' ਦੀ ਖ਼ਬਰ ਬਣਾ ਦਿੰਦੇ ਹਾਂ।
ਇਉਂ ਹੀ ਅਸੀਂ ਇੱਕ ਵਾਰ ਰਣਬੀਰ ਕਪੂਰ ਤੇ ਕਰੀਨਾ ਕਪੂਰ ਦਾ ਅਫੇਅਰ ਘੜ ਬੈਠੇ ਪਰ ਵੇਲੇ ਸਿਰ ਸਾਡੇ ਚੀਫ਼ ਨੂੰ ਖੁੜਕ ਗਈ ਕਿ ਇਹ ਦੋਵੇਂ ਤਾਂ ਅਸਲ ਵਿੱਚ ਭੈਣ-ਭਰਾ ਹਨ। ਕੰਮ ਦੇ ਬੋਝ ਹੇਠ ਕਈ ਵਾਰ ਗ਼ਲਤੀ ਵੀ ਹੋ ਜਾਂਦੀ ਹੈ।
ਸੁਆਲ: ਤੁਸੀਂ ਫ਼ਿਲਮੀ ਮਸਲੇ ਹੀ ਕਿਉਂ ਵੱਧ ਲੈਂਦੇ ਹੋ?
ਜੁਆਬ: ਤੁਹਾਨੂੰ ਦੱਸਿਆ ਤਾਂ ਹੈ ਕਿ ਸਾਡੀ ਪੱਤਰਕਾਰੀ ਕ੍ਰਿਕਟ, ਬਾਲੀਵੁੱਡ ਤੇ ਸਿਆਸਤ 'ਤੇ ਹੀ ਟਿਕੀ ਹੋਈ ਹੈ। ਫ਼ਿਲਮੀ ਖ਼ਬਰਾਂ ਨੂੰ ਲੋਕ ਵੀ ਬੜੇ ਸ਼ੌਕ ਨਾਲ ਦੇਖਦੇ ਹਨ ਤੇ ਇਨ੍ਹਾਂ ਨੂੰ ਚਲਾਉਣ ਵਿੱਚ ਖ਼ਤਰਾ ਵੀ ਕੋਈ ਨਹੀਂ। ਬਹੁਤੇ ਫ਼ਿਲਮੀ ਲੋਕ ਵੈਸੇ ਵੀ 'ਪਬਲੀਸਿਟੀ' ਦੇ ਭੁੱਖੇ ਹੁੰਦੇ ਹਨ। ਜੇ ਕਿਸੇ ਅਦਾਕਾਰ ਨੂੰ ਇੱਕ ਨਿੱਛ ਵੀ ਆ ਜਾਵੇ ਤਾਂ ਪੌਣੇ ਮੁਲਕ ਨੂੰ ਜ਼ੁਕਾਮ ਹੋ ਜਾਂਦਾ ਹੈ। ਅਜਿਹੇ ਮਾਹੌਲ ਵਿੱਚ ਅਸੀਂ ਫ਼ਿਲਮੀ ਗੱਪਸ਼ੱਪ ਨਾ ਚਲਾਈਏ ਤਾਂ ਹੋਰ ਕੀ ਕਰੀਏ?
ਸੁਆਲ: ਪਰ ਤੁਸੀਂ ਜਨਤਕ ਮਸਲੇ ਕਿਉਂ ਨਹੀਂ ਉਠਾਉਂਦੇ?
ਜੁਆਬ: (ਹੈਰਾਨ ਹੋ ਕੇ) ਉਹ ਕੀ ਹੁੰਦੇ ਹਨ?
ਸੁਆਲ: ਜਿਵੇਂ ਅਨਪੜ੍ਹਤਾ, ਗ਼ਰੀਬੀ, ਬੇਰੁਜ਼ਗਾਰੀ, ਔਰਤਾਂ 'ਤੇ ਜ਼ੁਲਮ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਆਦਿ।
ਜੁਆਬ: (ਹੱਸ ਕੇ) ਇਹ ਮਸਲੇ ਉਠਾ ਕੇ ਅਸੀਂ ਭੁੱਖੇ ਮਰਨਾ ਹੈ? ਸਾਡੇ ਲਈ ਕਿਸਾਨ ਦੇ ਮਰਨ ਨਾਲੋਂ ਅਦਾਕਾਰ ਨੂੰ ਆਈ ਨਿੱਛ ਦੀ ਖ਼ਬਰ ਵੱਡੀ ਹੈ।
ਸੁਆਲ: ਟੀ ਵੀ ਪੱਤਰਕਾਰ ਬਣਨ ਲਈ ਵਿਅਕਤੀ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ?
ਜੁਆਬ: ਵਿਅਕਤੀ 'ਅਲੌਕਿਕ' ਸ਼ਖ਼ਸੀਅਤ ਦਾ ਮਾਲਕ ਹੋਣਾ ਚਾਹੀਦਾ ਹੈ। ਖੰਭਾਂ ਤੋਂ ਡਾਰ ਤਾਂ ਕੋਈ ਵੀ ਬਣਾ ਸਕਦਾ ਹੈ ਪਰ ਪੱਤਰਕਾਰੀ ਲਈ ਬਿਨਾਂ ਖੰਭ ਤੋਂ ਡਾਰ ਬਣਾਉਣ ਦੀ ਕਲਾ ਹੋਣੀ ਚਾਹੀਦੀ ਹੈ।
ਸੁਆਲ: ਪਰ ਸਮਾਜ ਪ੍ਰਤੀ ਵੀ ਤਾਂ ਤੁਹਾਡੀ ਕੋਈ ਜ਼ਿੰਮੇਵਾਰੀ ਹੈ?
ਜੁਆਬ: ਬਈ ਇਹ ਤਾਂ ਸਾਨੂੰਸ਼ (ਅਚਾਨਕ ਅੱਖ ਵਿੱਚ ਪਏ ਮੱਛਰ ਨੂੰ ਬਾਹਰ ਕੱਢ ਕੇ) ਸ਼ਮੁਆਫ਼ ਕਰਨਾ ਭਾਈ ਸਾਹਬ। ਆਹ ਮੱਛਰ ਨੂੰ ਲੈ ਕੇ ਹੁਣ ਅਸੀਂ ਡੇਂਗੂ ਫੈਲਣ ਸਬੰਧੀ ਖ਼ਬਰ ਬਣਾਵਾਂਗੇ। ਬਾਕੀ ਗੱਲਾਂ ਫਿਰ ਕਦੇ।
ਚੰਗਾ ਜੀ ਸਤਿ ਸ੍ਰੀ ਅਕਾਲ।
- ਦਵਿੰਦਰ ਸਿੰਘ ਗਿੱਲ

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026