Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਨਿਆਰਾਂ ਵਾਲਾ ਸਣੇ ਅੱਠ ਨੂੰ ਤਿੰਨ ਤਿੰਨ ਸਾਲਾਂ ਦੀ ਕੈਦ ਤੇ ਜੁਰਮਾਨਾ - ਫ਼ੈਸਲੇ ਤੋਂ ਨਾਖੁਸ਼ ਸਿੱਖਾਂ ਨੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਬਾਬੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ

Posted on May 13th, 2013

<p><h2>ਪਿਆਰਾ ਸਿੰਘ ਭਨਿਆਰਾਂ&nbsp;</h2></p>

ਅੰਬਾਲਾ- ਧਾਰਮਿਕ ਭਵਨਾਵਾਂ ਨੂੰ ਠੇਸ ਲਾਉਣ ਦੇ ਮਾਮਲੇ ਵਿਚ ਅੰਬਾਲਾ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਏਕੇ ਜੈਨ ਦੀ ਅਦਾਲਤ ਨੇ ਪਿਆਰਾ ਸਿੰਘ ਭਨਿਆਰਾਂ ਵਾਲੇ ਅਤੇ ਉਸ ਦੇ 7 ਸ਼ਰਧਾਲੂਆਂ ਨੂੰ ਤਿੰਨ ਤਿੰਨ ਸਾਲ ਕੈਦ ਅਤੇ ਹਰੇਕ ਨੂੰ 5-5 ਹਜ਼ਾਰ ਰੁਪਏ ਜੁਰਮਨੇ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰਿਆਂ ਨੂੰ ਥਾਣਾ ਮੋਰਿੰਡਾ ਵਿਚ ਦਰਜ ਦੋ ਕੇਸਾਂ ਦੀ ਸੁਣਵਾਈ ਦੇ ਆਧਾਰ ਉਤੇ ਅਦਾਲਤ ਨੇ ਬੀਤੀ 10 ਮਈ ਨੂੰ ਦੋਸ਼ੀ ਕਰਾਰ ਦਿੱਤਾ ਸੀ।  ਜੱਜ ਨੇ ਸਜ਼ਾ ਦਾ ਫੈਸਲਾ ਸੁਣਾਇਆ ਅਤੇ ਨਾਲ ਹੀ ਸਾਰੇ ਮੁਜਰਮਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰਦਿਆਂ ਉਨ੍ਹਾਂ ਨੂੰ 40-40 ਹਜ਼ਾਰ ਰੁਪਏ ਦੇ ਮੁਚੱਲਕੇ ਉਤੇ ਜ਼ਮਾਨਤ ਦੇ ਦਿੱਤੀ। ਦੋਵੇਂ ਮਾਮਲੇ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਫਾੜਨ ਅਤੇ ਅਗਨ ਭੇਟ ਕਰਨ ਨਾਲ ਸਬੰਧਤ ਹਨ। 

ਦੂਜੇ ਪਾਸੇ ਸੁਣਾਈ ਗਈ ਸਜ਼ਾ ਅਤੇ ਜ਼ਮਾਨਤ ਦੇ ਫ਼ੈਸਲੇ ਤੋਂ ਨਾਖੁਸ਼ ਅਦਾਲਤ ਵਿਚ ਮੌਜੂਦ ਸਿੱਖਾਂ ਨੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਬਾਬੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਦੋਸ਼ ਸੀ ਕਿ 13 ਸਾਲਾਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਦੂਜੇ ਪਾਸੇ ਭਨਿਆਰਾਂ ਵਾਲੇ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਦਿਆਂ ਕਿਹਾ ਕਿ ਉਸ ਉਤੇ ਲਾਏ ਗਏ ਇਲਜ਼ਾਮ ਝੂਠੇ ਹਨ ਅਤੇ ਉਸ ਉੱਤੇ ਜਾਨਲੇਵਾ ਹਮਲੇ ਵੀ ਹੁੰਦੇ ਰਹੇ ਹਨ। 

ਬਾਬੇ ਦੇ ਵਕੀਲਾਂ ਪੀਸੀ ਸੁਮਨ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਪੁਲੀਸ ਜਾਂਚ ਤੋਂ ਸੰਤੁਸ਼ਟ ਨਹੀਂ ਹਨ ਪਰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਨ ਅਤੇ ਫ਼ੈਸਲੇ ਖ਼ਿਲਾਫ਼ ਅੱਗੇ ਅਪੀਲ ਕਰਨਗੇ। ਸ਼ਿਕਾਇਤ ਕਰਤਾ ਦੇ ਵਕੀਲ ਬਲਜਿੰਦਰ ਸਿੰਘ ਸੋਢੀ ਦਾ ਵੀ ਕਹਿਣਾ ਸੀ ਕਿ ਬਾਬੇ ਸਮੇਤ ਹੋਰ ਮੁਜਰਮਾਂ ਨੂੰ ਸੁਣਾਈ ਗਈ ਸਜ਼ਾ ਬਹੁਤ ਘੱਟ ਹੈ, ਇਸ ਲਈ ਉਹ ਵੀ ਇਸ ਖ਼ਿਲਾਫ਼ ਅਪੀਲ ਕਰਨਗੇ।  

ਇਸ ਦੌਰਾਨ ਅੰਬਾਲਾ ਦੀ ਅਦਾਲਤ ਪੁਲੀਸ ਛਾਉਣੀ ਬਣੀ ਰਹੀ। ਅਦਾਲਤ ਦੇ ਹੁਕਮਾਂ ਅਨੁਸਾਰ ਭਨਿਆਰਾਂ ਵਾਲਾ ਆਪਣੇ ਸ਼ਰਧਾਲੂਆਂ ਸਮੇਤ ਸਵੇਰੇ ਹੀ ਅੰਬਾਲਾ ਪਹੁੰਚ ਗਿਆ ਸੀ। ਅਦਾਲਤ ਵਿਚ ਉਸ ਦੇ ਢਾਈ ਸੌ ਤੋਂ ਵੱਧ ਸ਼ਰਧਾਲੂ ਮੌਜੂਦ ਸਨ ਜਦੋਂ ਕਿ ਸਿੱਖ ਜਥੇਬੰਦੀਆਂ ਦੇ ਕਈ ਮੈਂਬਰ ਵੀ ਪਹੁੰਚੇ ਹੋਏ ਸਨ। ਸ਼੍ਰੋਮਣੀ ਅਕਾਲੀ ਦਲ (ਅ) ਦੇ ਮੈਂਬਰ ਪ੍ਰੋ. ਮਹਿੰਦਰਪਾਲ ਸਿੰਘ, ਕੁਲਦੀਪ ਸਿੰਘ ਆਦਿ ਅੰਮ੍ਰਿਤਸਰ ਤੇ ਪਟਿਆਲਾ ਤੋਂ ਪਹੁੰਚੇ ਹੋਏ ਸਨ, ਜਿਨ੍ਹਾਂ ਫੈਸਲੇ ਦੇ ਖਿਲਾਫ ਅਦਾਲਤ ਦੇ ਬਾਹਰ ਨਾਅਰੇਬਾਜ਼ੀ ਵੀ ਕੀਤੀ ਜਿਸ ਨਾਲ ਦੌਰਾਨ ਪੁਲੀਸ ਵਿੱਚ ਅਫ਼ਰਾ-ਤਫਰੀ ਮਚ ਗਈ। ਸਿੱਖ ਸ਼ਰਧਾਲੂਆਂ ਵਿਚ ਇਨ੍ਹਾਂ ਮਾਮਲਿਆਂ ਦੀ 2002 ਤੋਂ ਹੀ ਪੈਰਵੀ ਕਰ ਰਹੀ ਜਥੇਬੰਦੀ ਵਰਲਡ ਸਿੱਖ ਮਿਸ਼ਨ ਦੇ ਸਕੱਤਰ ਜਨਰਲ ਤੀਰਥ ਸਿੰਘ ਭਟੋਆ, ਵਿੱਤ ਸਕੱਤਰ ਭਾਈ ਕੁਲਵੰਤ ਸਿੰਘ, ਕਾਰਜਕਾਰੀ ਮੈਂਬਰ ਭਾਈ ਮੋਹਿੰਦਰਪਾਲ ਸਿੰਘ, ਇੰਟਰਨੈਸ਼ਨਲ ਸਿੱਖ ਮੰਚ ਦੇ ਬਾਬਾ ਗੁਰਮੁਖ ਸਿੰਘ ਪਿੱਪਲਮਾਜਰਾ ਤੇ ਹਰਸਿਮਰਤ ਸਿੰਘ ਭਟੋਆ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਭਾਈ ਬਿਕਰਮ ਸਿੰਘ ਕਲੋਤਾ, ਅੰਬਾਲਾ ਤੋਂ ਸਾਬਕਾ ਮੈਂਬਰ ਗੁਰਦੀਪ ਸਿੰਘ ਭਾਨੋਖੇੜੀ, ਅਕਾਲੀ ਨੇਤਾ ਸੁਖਦੇਵ ਸਿੰਘ ਗੋਬਿੰਦਗੜ੍ਹ ਵੀ ਹਾਜ਼ਰ ਸਨ। 

ਅਦਾਲਤੀ ਕਾਰਵਾਈ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰੀ ਵਕੀਲ ਜਗਮਾਲ ਸਿੰਘ ਅਤੇ ਸਿੱਖ ਪੰਥ ਦੇ ਐਡਵੋਕੇਟ ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਭਨਿਆਰਾਂ ਵਾਲੇ ਦੀ ਸ਼ਹਿ ’ਤੇ ਉਸ ਦੇ ਸ਼ਰਧਾਲੂਆਂ ਨੇ 17-9-2001 ਨੂੰ ਪਿੰਡ ਰਤਨਗੜ੍ਹ ਦੇ ਗੁਰੂ ਘਰ ਵਿੱਚ ਪ੍ਰਕਾਸ਼ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੁਰਾ ਕੇ ਇਸ ਦੇ ਅੰਗ ਪਾੜਨ ਤੋਂ ਬਾਅਦ ਪਿੰਡ ਰਸੂਲਪੁਰ ਦੇ ਬੱਸ ਅੱਡੇ ’ਤੇ ਅਗਨ ਭੇਟ ਕੀਤੇ ਸਨ। ਇਸ ’ਤੇ ਮੋਰਿੰਡਾ ਪੁਲੀਸ ਨੇ ਭਨਿਆਰਾਂ ਵਾਲੇ ਤੇ 14 ਹੋਰਨਾਂ ਵਿਰੁੱਧ ਕੇਸ ਦਰਜ ਕੀਤਾ ਸੀ। ਹਾਈ ਕੋਰਟ ਦੇ ਹੁਕਮਾਂ ’ਤੇ ਇਹ ਮਾਮਲਾ 2002 ਵਿਚ ਅੰਬਾਲਾ ਅਦਾਲਤ ਵਿਚ ਤਬਦੀਲ ਹੋ ਗਿਆ ਸੀ। ਸੁਣਵਾਈ ਦੌਰਾਨ ਦੋ ਮੁਲਜ਼ਮਾਂ ਮਲਕੀਅਤ ਸਿੰਘ ਵਾਸੀ ਕਲਹੇੜੀ ਤੇ ਉਜਾਗਰ ਸਿੰਘ ਵਾਸੀ ਜਗਰਾਉਂ ਦੀ ਮੌਤ ਹੋ ਗਈ।

ਭਨਿਆਰਾਂ ਵਾਲੇ ਨਾਲ ਜਿਨ੍ਹਾਂ 7 ਹੋਰਾਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਉਰਫ ਸੋਨੀ, ਰਾਜਿੰਦਰ ਸਿੰਘ ਅਤੇ ਹਰਜੀਤ ਸਿੰਘ (ਸਾਰੇ ਵਾਸੀ ਪਿੰਡ ਕਲਹੇੜੀ), ਸੁਰਮੁਖ ਸਿੰਘ ਕੁਰਾਲੀ, ਸੁਰਜੀਤ ਸਿੰਘ ਚੰਦਪੁਰ ਡਕਾਲਾ ਅਤੇ ਅਸ਼ੋਕ ਕੁਮਾਰ ਟਿੱਬਾ ਟੱਪਰੀਆਂ ਸ਼ਾਮਲ ਹਨ। ਇਨ੍ਹਾਂ ਨੂੰ ਧਾਰਾ 452/435/411/380/120ਬੀ/153ਏ/295ਏ ਅਧੀਨ ਦੋਸ਼ੀ ਕਰਾਰ ਦਿੱਤਾ ਗਿਆ ਸੀ।  ਮੁਜਰਮਾਂ ਨੂੰ ਜੇਲ੍ਹ ਜਾਂਦੇ ਦੇਖਣ ਦੇ ਚਾਹਵਾਨ ਲੋਕਾਂ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਹੋਈ ਜਦੋਂ ਅਦਾਲਤ ਨੇ ਫੈਸਲਾ ਸੁਣਾਏ ਜਾਣ ਦੇ ਨਾਲ ਹੀ ਦੋਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ। ਮੀਡੀਆ ਨਾਲ ਗੱਲ ਕਰਦਿਆਂ ਵਰਲਡ ਸਿੱਖ ਮਿਸ਼ਨ ਦੇ ਆਗੂਆਂ ਅਤੇ ਪੰਥਕ ਲਹਿਰ ਦੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਕਾਨੂੰਨ ਅਨੁਸਾਰ ਭਨਿਆਰਾਂ ਵਾਲੇ ਨੂੰ 7 ਤੋਂ 10 ਸਾਲ ਦੀ ਕੈਦ ਹੋ ਸਕਦੀ ਸੀ ਪਰ ਅਦਾਲਤ ਨੇ 3 ਸਾਲ ਦੀ ਕੈਦ ਹੀ ਸੁਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਫੈਸਲੇ ਨੂੰ ਘੋਖਣ ਤੋਂ ਬਾਅਦ ਹਾਈ ਕੋਰਟ ਜਾ ਸਕਦੇ ਹਨ।



Archive

RECENT STORIES