Posted on April 3rd, 2014

ਰੋਪੜ- ਤਿਹਾੜ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਪੁਲਿਸ ਵਲੋਂ ਸਖ਼ਤ ਪੁਲਿਸ ਸੁਰੱਖਿਆ ਹੇਠ ਵੱਖ-ਵੱਖ ਮਾਮਲਿਆ 'ਚ ਰੋਪੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਭਾਈ ਹਵਾਰਾ ਦੀ ਪੇਸ਼ੀ ਨੂੰ ਲੈ ਕੇ ਜਿੱਥੇ ਰੋਪੜ ਪੁਲਿਸ ਵਲੋਂ ਸਖ਼ਤ ਸੁਰੱਖਿਆ ਸਮੇਤ ਡੌਗ ਸਕੁਐਡ ਵੀ ਵੱਡੀ ਗਿਣਤੀ ਵਿਚ ਤੈਨਾਤ ਸੀ, ਉੱਥੇ ਭਾਈ ਹਵਾਰਾ ਨੂੰ ਮਿਲਣ ਵਾਲੇ ਵੀ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਭਾਈ ਹਵਾਰਾ ਨਾਲ ਪਰਿਵਾਰਿਕ ਮੈਬਰਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਮਿਲਣ ਨਹੀਂ ਦਿੱਤਾ ਗਿਆ ਪਰ ਭਾਈ ਹਵਾਰਾ ਦੀ ਆਮਦ 'ਤੇ ਦੂਰੋਂ ਹੀ ਸੰਗਤ ਨੇ ਹੱਥ ਖੜ੍ਹੇ ਕਰ ਕੇ ਫਤਿਹ ਬੁਲਾਈ, ਜਿਸਦਾ ਜਵਾਬ ਵੀ ਭਾਈ ਹਵਾਰਾ ਨੇ ਹੱਥ ਖੜਾ ਕਰਕੇ ਦਿੱਤਾ।
ਭਾਈ ਜਗਤਾਰ ਸਿੰਘ ਹਵਾਰਾ ਨੇ ਕੇਸਰੀ ਰੰਗ ਦੀ ਦਸਤਾਰ ਸਜਾਈ ਹੋਈ ਸੀ ਤੇ ਸਫੇਦ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਰੋਪੜ ਅਦਾਲਤ ਦੇ ਵਕੀਲਾਂ ਦੀ ਹੜਤਾਲ ਹੋਣ ਕਰਕੇ ਫਤਿਹਗੜ੍ਹ ਸਾਹਿਬ ਤੋਂ ਆਏ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਵਕੀਲ ਭਾਈਚਾਰੇ ਤੋਂ ਮਾਫ਼ੀ ਮੰਗਕੇ ਮੁਕੱਦਮੇ ਦੀ ਪੈਰਵਾਈ ਕੀਤੀ ਅਤੇ ਇਸ ਮੌਕੇ ਹਾਈਕੋਰਟ ਦੇ ਸੀਨੀਅਰ ਵਕੀਲ ਬਰਜਿੰਦਰ ਸਿੰਘ ਲੂੰਬਾ ਵੀ ਮੌਜੂਦ ਸਨ। ਐਡਵੋਕੇਟ ਚੀਮਾ ਨੇ ਦੱਸਿਆ ਕਿ ਤਿੰਨ ਪੁਰਾਣੇ ਕੇਸਾਂ ਵਿੱਚ, ਜਿਨ੍ਹਾਂ 'ਚ ਨੂਰਪੁਰ ਬੇਦੀ ਦੇ ਥਾਣੇ 'ਚ ਪਿਆਰਾ ਭਨਿਆਰਾ ਵਾਲੇ ਦੇ ਮਾਮਲੇ 'ਚ ਅਤੇ ਥਾਣਾ ਚਮਕੌਰ ਸਾਹਿਬ 'ਚ ਦਰਜ ਮਾਮਲਿਆ 'ਚ ਟਾਡਾ ਐਕਟ, ਐਕਸਪਲੋਸਿਵ ਧਾਰਾ 3, 4, 5, ਆਰਮਜ਼ ਐਕਟ ਦੀ 25/54/59 ਅਤੇ ਇਰਾਦਾ ਕਤਲ 'ਚ ਸ਼ਾਮਿਲ ਹੋਣ 'ਤੇ ਐਡੀਸ਼ਨਲ ਸ਼ੈਸ਼ਨ ਜੱਜ ਮੈਡਮ ਜਤਿੰਦਰ ਕੌਰ ਨੇ ਦੋਸ਼ ਆਇਦ ਕੀਤੇ ਹਨ। ਭਾਈ ਹਵਾਰਾ ਦੀ ਉਕਤ ਮਾਮਲਿਆ 'ਚ ਅਗਲੀ ਪੇਸ਼ੀ 24 ਅਪ੍ਰੈਲ ਅਤੇ 8 ਮਈ 'ਤੇ ਪਾਈ ਗਈ ਹੈ।
ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਭਾਈ ਹਵਾਰਾ ਦੇ ਵਕੀਲ ਸਰਬਜੀਤ ਸਿੰਘ ਬੈਂਸ ਵਲੋ ਪਿਛਲੀ ਪੇਸ਼ੀ 'ਤੇ ਅਰਜ਼ੀ ਲਗਾਈ ਗਈ ਸੀ ਕਿ ਭਾਈ ਹਵਾਰਾ ਨੂੰ ਦਿੱਲੀ ਤਿਹਾੜ ਜੇਲ੍ਹ ਤੋ ਰੋਪੜ ਅਦਾਲਤ ਵਿੱਚ ਪੇਸ਼ੀ 'ਤੇ ਇਕ ਦਿਨ ਪਹਿਲਾਂ ਲਿਆਦਾ ਜਾਵੇ ਕਿਉਂਕਿ ਦੋਵੇਂ ਪਾਸੇ ਦੇ ਲਗਭਗ 16 ਘੰਟੇ ਦਾ ਸਫਰ ਕਰਨ ਦੌਰਾਨ ਉਸਨੂੰ ਦਿੱਲੀ ਪੁਲਿਸ ਵਲੋਂ ਰਸਤੇ ਵਿੱਚ ਕਿਤੇ ਵੀ ਪਿਸ਼ਾਬ ਆਦਿ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਦੀ ਪਰ ਸਰਕਾਰ ਨੇ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖ ਕੇ ਇਕ ਦਿਨ ਪਹਿਲਾਂ ਲਿਆਉਣ ਸਬੰਧੀ ਮਜਬੂਰੀ ਪ੍ਰਗਟ ਕੀਤੀ।
ਪੇਸ਼ੀ ਭੁਗਤਣ ਉਪਰੰਤ ਅਦਾਲਤ ਵਿਚ ਆਪਣੇ ਵਕੀਲਾਂ ਅਤੇ ਪਰਿਵਾਰਕ ਮੈਬਰਾਂ ਨਾਲ ਗੱਲ ਸਾਂਝੀ ਕਰਦਿਆ ਉਨ੍ਹਾਂ ਕਿਹਾ ਕਿ ਪਿਛਲੀ ਪੇਸ਼ੀ ਤੋਂ ਵਾਪਿਸ ਜਾਂਦੇ ਹੋਏ ਅਦਾਲਤ ਦੇ ਬਾਹਰ ਰੋਪੜ ਦੇ ਵਕੀਲ ਕੁਲਵੰਤ ਸਿੰਘ ਜਿਸਨੂੰ ਉਸਦੇ ਪੁੱਤਰ ਅਤੇ ਪਤਨੀ ਸਮੇਤ ਪੰਜਾਬ ਪੁਲਿਸ ਨੇ ਮਾਰ ਦਿੱਤਾ ਸੀ, ਤੋਂ ਇਲਾਵਾ ਸੰਗਰੂਰ ਤੋ ਸੁਖਵਿੰਦਰ ਸਿੰਘ ਭੱਟੀ, ਜਗਵਿੰਦਰ ਸਿੰਘ ਮਾਨਸ਼ਾਹੀਆ ਕਪੂਰਥਲਾ, ਸਤਨਾਮ ਸਿੰਘ ਜੰਮੂ, ਧਰਮਵੀਰ ਸਿੰਘ ਕੰਮੋਕੇ ਅੰਮ੍ਰਿਤਸਰ ਨੂੰ ਪੰਜਾਬ ਪੁਲਿਸ ਵਲੋ ਲਾਪਤਾ ਕਰ ਦਿੱਤਾ ਗਿਆ ਸੀ, ਦੇ ਹੱਕ ਵਿਚ ਨਾਅਰੇ ਲਗਾਏ ਸਨ। ਉਨ੍ਹਾਂ ਕਿਹਾ ਕਿ ਮੈਂ ਐਡਵੋਕੇਟ ਸਰਬਜੀਤ ਸਿੰਘ ਬੈਂਸ ਦੀ ਤਰਾਂ ਮਨੁੱਖੀ ਅਧਿਕਾਰਾਂ ਦੀ ਖਾਤਿਰ ਬਿਨਾਂ ਫੀਸਾਂ ਦੇ ਕਨੂੰਨੀ ਲੜਾਈ ਲੜਨ ਵਾਲੇ ਸਾਰੇ ਵਕੀਲਾਂ ਸਤਿਕਾਰ ਕਰਦਾ ਹਾਂ। ਭਾਈ ਹਵਾਰਾ ਨੇ ਕਿਹਾ ਕਿ ਮੈਂ ਜਦੋਂ ਵੀ ਪੰਜਾਬ ਆਉਂਦਾ ਹਾਂ ਤਾਂ ਮੇਰੀਆਂ ਅੱਖਾਂ ਅੱਗੇ ਉਨ੍ਹਾਂ ਲਾਪਤਾ ਐਡਵੋਕੇਟ ਭਰਾਵਾਂ ਦੀ ਤਸਵੀਰ ਆ ਜਾਂਦੀ ਹੈ ਤੇ ਦਿਲ ਦੁਖ਼ਦਾ ਕਿ ਅੱਜ ਤਕ ਕੌਮ ਉਨ੍ਹਾਂ ਦਾ ਇਨਸਾਫ਼ ਨਹੀ ਲੈ ਸਕੀ, ਜੋ ਮੰਦਭਾਗਾ ਹੈ। ਇਸ ਮੌਕੇ ਉਨ੍ਹਾਂ ਚੋਣਾਂ ਦੇ ਸਬੰਧ ਵਿੱਚ ਕਿਹਾ ਕਿ ਸਿੱਖ ਕੌਮ ਨੂੰ ਹਿੰਦੋਸਤਾਨ ਵਿਚ ਵੋਟ ਰਾਜਨੀਤੀ 'ਚੋ ਕਦੇ ਵੀ ਇਨਸਾਫ ਨਹੀ ਮਿਲ ਸਕਦਾ।
ਭਾਈ ਹਵਾਰਾ ਦੇ ਪਰਿਵਾਰ ਵਿੱਚੋਂ ਉਨ੍ਹਾਂ ਨੂੰ ਮਿਲਣ ਲਈ ਬਜ਼ੁਰਗ ਮਾਤਾ ਨਰਿੰਦਰ ਕੌਰ, ਤਾਇਆ ਬੇਵਾ ਸਿੰਘ, ਸ. ਗੁਰਚਰਨ ਸਿੰਘ ਅਤੇ ਗੁਰਦੀਪ ਸਿੰਘ ਤੋਂ ਇਲਾਵਾ ਰਿਸ਼ਤੇਦਾਰ, ਸਿੱਖ ਨੌਜਵਾਨ ,ਪੰਥਕ ਤੇ ਸਿਆਸੀ ਕਾਰਕੁੰਨ ਅਤੇ ਖਾਸਕਰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਤੇ ਵਰਕਰ ਹਾਜ਼ਰ ਸਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026