Posted on April 5th, 2014

ਪੰਜਾਬ ’ਚ ਪਾਟੋਧਾੜ ਹੋਈ ਕਾਂਗਰਸ ਕਾਰਨ ਉਪਰੇ ਤੌਰ ’ਤੇ ਇੰਜ ਜਾਪ ਰਿਹਾ ਸੀ ਕਿ ਬਾਵਜੂਦ ਭਾਜਪਾ ਨੇਤਾਵਾਂ ਦੇ ਆਪਸੀ ਖਿੱਚੋਤਾਣ ਦੇ ਅਕਾਲੀ-ਭਾਜਪਾ ਗੱਠਜੋੜ ਅੱਧੇ ਤੋਂ ਵੱਧ ਸੀਟਾਂ ਉਤੇ ਲੋਕ ਸਭਾ ਚੋਣਾਂ ’ਚ ਕਾਬਜ਼ ਹੋ ਜਾਏਗਾ ਅਤੇ ਇਸ ਦੀ ਉਹ ਸਥਿਤੀ ਬਣ ਜਾਏਗੀ ਜੋ ਪੰਜਾਬ ਵਿਚੋਂ ਪਿਛਲੀ ਵੇਰ ਕਾਂਗਰਸ ਦੀ ਸੀ। ਪਰ ਕਾਂਗਰਸ ਹਾਈ ਕਮਾਂਡ ਵੱਲੋਂ ਲੋਕ ਸਭਾ ਚੋਣ ਲਈ ਟਿਕਟਾਂ ਦੀ ਵੰਡ ਸਮੇਂ ਵਧੇਰੇ ਕਰਕੇ ਪੰਜਾਬ ਕਾਂਗਰਸ ਦੀ ਉ¤ਚ ਲੀਡਰਸ਼ਿਪ ਨੂੰ ਅੱਗੇ ਝੋਕ ਕੇ ਚੋਣ ਦੰਗਲ ਦਾ ਦ੍ਰਿਸ਼ ਹੀ ਬਦਲ ਕੇ ਰੱਖ ਦਿੱਤਾ ਹੈ। ਕਾਂਗਰਸ ਹਾਈ ਕਮਾਂਡ ਜੋ ਪੰਜਾਬ ਦੇ ਕਾਂਗਰਸੀਆਂ ਦੀ ਆਪਸੀ ਫੁੱਟ ਤੋਂ ਦੁੱਖੀ ਸੀ ਅਤੇ ਜਿਸ ਵੱਲੋਂ ਹਰ ਹੀਲਾ ਵਰਤ ਕੇ ਇਨ੍ਹਾਂ ਨੇਤਾਵਾਂ ਨੂੰ ਇਕਜੁੱਟ ਕਰਨ ਲਈ ਪੰਜਾਬ ਦੇ ਸਾਰੇ ਕਾਂਗਰਸੀ ਧੜਿਆਂ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ, ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ, ਜਗਮੀਤ ਸਿੰਘ ਬਰਾੜ ਦਾ ਧੜਾ ਸ਼ਾਮਲ ਸੀ, ਨੂੰ ਕਾਂਗਰਸ ਕਾਰਜਕਾਰਨੀ ’ਚ ਨੁਮਾਇੰਦਗੀ ਦੇਣ ਦਾ ਯਤਨ ਕੀਤਾ, ਪਰ ਇਕ ਦੂਜੀ ਨੂੰ ਠਿੱਬੀ ਲਾਉਣ ਅਤੇ ਚੋਣ ਦੰਗਲ ਤੋਂ ਬਚਣ ਲਈ ਮਨੀਸ਼ ਤਿਵਾੜੀ ਵੱਲੋਂ ਕੀਤੇ ਨਾਟਕ ਤੋਂ ਦੁਖੀ ਹੋ ਕੇ ਹਾਈ ਕਮਾਂਡ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡ ਕੇ ਪੰਜਾਬ ਦੇ ਕਾਂਗਰਸੀ ਨੇਤਾਵਾਂ ਲਈ ‘‘ਕਰੋ ਜਾਂ ਮਰੋ’’ ਦੀ ਸਥਿਤੀ ਪੈਦਾ ਕਰ ਦਿੱਤੀ ਹੈ।
ਪਹਿਲਾਂ ਬਾਦਲ ਪਰਿਵਾਰ ਨੂੰ ਬਠਿੰਡਾ ’ਚ ਘੇਰ ਕੇ ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਪੰਜਾਬ ਨਾਲ ਸਮਝੌਤਾ ਕਰਕੇ ਅਕਾਲੀ-ਭਾਜਪਾ ਦੀ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪਤਨੀ ਹਰਸਿਮਰਤ ਕੌਰ ਦੇ ਵਿਰੁੱਧ ਟਿਕਟ ਦੇ ਕੇ ਵੱਡੇ, ਛੋਟੇ ਬਾਦਲ ਨੂੰ ਇਸ ਟਿਕਟ ਉਤੇ ਸਮੇਟਣ ਲਈ ਦਾਅ ਖੇਲਿਆ, ਕਿਉਂਕਿ ਇਸ ਸੀਟ ਨੂੰ ਬਾਦਲ ਪਰਿਵਾਰ ਬਠਿੰਡਾ ’ਚ ਕੀਤੇ ਵਿਕਾਸ ਦੇ ਨਾਮ ਉਤੇ ਜਿੱਤੀ ਹੋਈ ਸੀਟ ਸਮਝਦਾ ਸੀ, ਪਰ ਮਨਪ੍ਰੀਤ ਸਿੰਘ ਬਾਦਲ ਤੇ ਕਾਂਗਰਸ ਦੇ ਗੱਠਜੋੜ ਅਤੇ ਇਸ ਸੀਟ ਉਤੇ ਕਮਿਊਨਿਸਟ ਪਾਰਟੀ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੀ ਹਮਾਇਤ ਨੇ ਰਾਜਸੀ ਦ੍ਰਿਸ਼ ਕੁਝ ਇਹੋ ਜਿਹਾ ਬਦਲ ਦਿੱਤਾ ਹੈ ਕਿ ਅਕਾਲੀ-ਭਾਜਪਾ ਲੀਡਰਸ਼ਿਪ ਚਿੰਤਤ ਹੋਈ ਦਿੱਸਣ ਲੱਗੀ ਹੈ। ਅੰਮ੍ਰਿਤਸਰ ਸੀਟ ਤੋਂ ਅਕਾਲੀਆਂ ਵੱਲੋਂ ਆਪਣੇ ਅੰਦਰੂਨੀ ਰਾਜਸੀ ਦੁਸ਼ਮਣ ਨਵਜੋਤ ਸਿੰਘ ਸਿੱਧੂ ਮੌਜੂਦਾ ਮੈਂਬਰ
ਪਾਰਲੀਮੈਂਟ ਭਾਜਪਾ ਦਾ ਪੱਤਾ ਕਟਵਾ ਕੇ ਭਾਜਪਾ ਦੀ ਹਾਈ ਕਮਾਂਡ ਦੇ ਵੱਡੇ ਨੇਤਾ ਅਰੁਣ ਜੇਤਲੀ ਨੂੰ ਟਿਕਟ ਇਸ ਵਿਸ਼ਵਾਸ ਨਾਲ ਦੁਆ ਦਿੱਤੀ ਕਿ ਇਸ ਸੀਟ ਉਤੇ ਉਨ੍ਹਾਂ ਦੀ ਸ਼ਾਨਦਾਰ ਜਿੱਤ ਹੋਵੇਗੀ, ਪਰ ਕਾਂਗਰਸ ਵੱਲੋਂ ਐਨ ਮੌਕੇ ਉਤੇ ਸਿੱਖ ਪੱਤਾ ਖੇਡਦਿਆਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟਿੱਕਟ ਦੇ ਕੇ ਜਿਵੇਂ ਪਾਸਾ ਹੀ ਪੁੱਠਾ ਪਾ ਦਿੱਤਾ ਹੈ ਅਤੇ ਇਥੇ ਟੱਕਰ ਬਹੁਤ ਹੀ ਦਿਲਚਸਪ ਅਤੇ ਫਸਵੀਂ ਹੋਣਾ ਨਿਸ਼ਚਿਤ ਹੈ, ਕਿਉਂਕਿ ਅਮਰਿੰਦਰ ਸਿੰਘ ਦੇ ਮੈਦਾਨ ’ਚ ਆਉਣ ਨਾਲ ਕਾਂਗਰਸੀ ਆਗੂਆਂ ਦਾ ਇਕ ਪਲੇਟਫਾਰਮ ਉਤੇ ਇਕੱਠੇ ਹੋਣਾ ਅਤੇ ਵਰਕਰਾਂ ਵਿੱਚ ਜੋਸ਼ ਪੈਦਾ ਹੋਣਾ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਜੇਤਲੀ ਲਈ ‘ਆਪਣੇ ਨਾਨਕੇ’ ਅੰਮ੍ਰਿਤਸਰ ਆ ਕੇ ਚੋਣ ਲੜਨਾ ਮਹਿੰਗਾ ਸਾਬਤ ਹੋ ਸਕਦਾ ਹੈ ਕਿਉਂਕਿ ਹੁਣ ਉਹ ਦੇਸ਼ ’ਚ ਘੁੰਮਣ ਨਾਲੋਂ ਆਪਣੀ ਸੀਟ ’ਤੇ ਹੀ ਸਿਮਟ ਜਾਏਗਾ।
ਬਿਲਕੁਲ ਇਸੇ ਕਿਸਮ ਦੀ ਸਥਿਤੀ ਆਨੰਦਪੁਰ ਸਾਹਿਬ ਸੀਟ ਉਤੇ ਵੇਖਣ ਲਈ ਮਿਲ ਰਹੀ ਹੈ ਜਿਥੋਂ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ-ਭਾਜਪਾ ਦਾ ਉਮੀਦਵਾਰ ਹੈ, ਜਿਹੜਾ ਵੱਖੋ-ਵੱਖਰੇ ਥਾਵਾਂ ਉਤੇ ਕਈ ਵੇਰ ਲੋਕ ਸਭਾ ਚੋਣ ਹਾਰ ਚੁੱਕਾ ਹੈ, ਪਰ ਇਸ ਵੇਰ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਜੇਤੂ ਉਮੀਦਵਾਰ ਗਿਣਿਆਂ ਜਾਣ ਲੱਗਾ ਸੀ, ਪਰ ਕਾਂਗਰਸ ਵੱਲੋਂ ਆਪਣੀ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਜੋ ਕਾਂਗਰਸ ਹਾਈ ਕਮਾਂਡ ਦੀ ਉ¤ਚ ਨੇਤਾ ਵੀ ਗਿਣੀ ਜਾਂਦੀ ਹੈ ਅਤੇ ਅਨੰਦਪੁਰ ਸਾਹਿਬ ਹਲਕੇ ਨਾਲ ਸਬੰਧਤ ਵੀ ਹੈ, ਟਿਕਟ ਦੇ ਕੇ ਚੰਦੂਮਾਜਰਾ ਦੀ ਜਿੱਤ ਉਤੇ ਵੱਡਾ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।
ਗੁਰਦਾਸਪੁਰ ਸੀਟ ਤੋਂ ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਕਾਂਗਰਸ ਭਾਵੇਂ ਚੋਣ ਤੋਂ ਭੱਜਦੇ ਸਨ, ਪਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਭਾਜਪਾ ਨੇਤਾ ਵਿਨੋਦ ਖੰਨਾ ਦੇ ਮੁਕਾਬਲੇ ਖੜ੍ਹਾ ਕਰਕੇ ਇਸ ਸੀਟ ਨੂੰ ਜਿੱਤਣ ਲਈ ਸੁਖਾਲਾ ਕਰਨ ਦਾ ਯਤਨ ਕੀਤਾ ਹੈ, ਭਾਵੇਂ ਕਿ ਇਥੇ ਟੱਕਰ ਸਖ਼ਤ ਹੋਵੇਗੀ ਕਿਉਂਕਿ ਪਿਛਲੀ ਚੋਣ ’ਚ ਵਿਨੋਦ ਖੰਨਾ ਥੋੜ੍ਹੀਆਂ ਵੋਟਾਂ ਉਤੇ ਹੀ ਪ੍ਰਤਾਪ ਸਿੰਘ ਬਾਜਵਾ ਤੋਂ ਇਸ ਸੀਟ ਉਤੇ ਹਾਰੇ ਸਨ।
ਲੋਕ ਸਭਾ ਚੋਣਾਂ ’ਚ ਪੰਜਾਬ ਦੇ 13 ਹਲਕਿਆਂ ਤੋਂ ਅਕਾਲੀ-ਭਾਜਪਾ ਗਠਜੋੜ ਸਾਰੀਆਂ ਸੀਟਾਂ ਉਤੇ ਚੋਣ ਲੜ ਰਿਹਾ ਹੈ, ਜਿਸ ਵਿਚੋਂ ਅਕਾਲੀ 10 ਸੀਟਾਂ ਉਤੇ ਅਤੇ ਭਾਜਪਾ 3 ਸੀਟਾਂ ’ਤੇ ਚੋਣ ਲੜੇਗੀ। ਕਾਂਗਰਸ ਨੇ ਪੀ.ਪੀ.ਪੀ. ਨਾਲ ਗੱਠਜੋੜ ਕੀਤਾ ਹੈ ਅਤੇ 13 ਵਿਚੋਂ 12 ਉਤੇ ਕਾਂਗਰਸ ਅਤੇ ਇਕ ਉਤੇ ਮਨਪ੍ਰੀਤ ਬਾਦਲ ਦੀ ਪੰਜਾਬ ਪੀਪਲਜ਼ ਪਾਰਟੀ ਨੇ ਚੋਣ ਲੜਨੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਨੇ ਇਸ ਗਠਜੋੜ ਨੂੰ ਬਿਨ੍ਹਾਂ ਸ਼ਰਤ ਪੂਰੇ ਪੰਜਾਬ ਵਿੱਚ ਹਮਾਇਤ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਵੱਲੋਂ 13 ਸੀਟਾਂ ਉਤੇ ਹੀ ਚੋਣ ਲੜੀ ਜਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਨੇ ਵੀ ਹੁਣ ਤੱਕ 6 ਸੀਟਾਂ ਉਤੇ ਪਾਰਟੀ ਦੇ ਉਮੀਦਵਾਰ ਖੜ੍ਹੇ ਕੀਤੇ ਹਨ ਜਦਕਿ ਸੱਜੀ ਖੱਬੀ ਕਮਿਊਨਿਸਟ ਪਾਰਟੀ ਨੇ 4 ਸੀਟਾਂ ਉਤੇ ਚੋਣ ਲੜਨੀ ਹੈ।
ਦੁਆਬੇ ਖਿੱਤੇ ਦੀ ਰਿਜ਼ਰਵ ਸੀਟ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਕਾਂਗਰਸ ਦੇ ਜਦਕਿ ਭਾਜਪਾ ਦੇ ਤੱਲਣ ਸੰਘਰਸ਼ ਦੀ ਪੈਦਾਵਾਰ ਪਵਨ ਕੁਮਾਰ ਟੀਨੂੰ ਉਮੀਦਵਾਰ ਹੋਣਗੇ। ਜਦਕਿ ਹੁਸ਼ਿਆਰਪੁਰ ਰਿਜ਼ਰਵ ਤੋਂ ਮਹਿੰਦਰ ਸਿੰਘ ਕੇ.ਪੀ. ਕਾਂਗਰਸ ਵੱਲੋਂ ਅਤੇ ਭਾਜਪਾ ਦੇ ਸ੍ਰੀ ਵਿਜੈ ਸਾਂਪਲਾ ਉਮੀਦਵਾਰ ਹਨ। ਬੇਅੰਤ ਸਿੰਘ ਸਾਬਕਾ ਮੁੱਖ ਮੰਤਰੀ ਦੇ ਪੋਤਰੇ ਰਵਨੀਤ ਬਿੱਟੂ ਨੂੰ ਲੁਧਿਆਣਾ ਤੇ ਕਾਂਗਰਸ ਦੀ ਸੀਟ ਮਿਲੀ ਹੈ ਜਦਕਿ ਅਕਾਲੀ ਦਲ ਮਨਪ੍ਰੀਤ ਸਿੰਘ ਇਆਲੀ ਚੋਣ ਲੜਨਗੇ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਅਤੇ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਬੈਂਸ ਭਰਾਵਾਂ ’ਚੋਂ ਸਿਮਰਜੀਤ ਸਿੰਘ ਬੈਂਸ ਤੱਕੜੀ ਟੱਕਰ ਦੇਣਗੇ।
ਫਿਰੋਜ਼ਪੁਰ ਤੋਂ ਸੁਨੀਲ ਜਾਖੜ ਕਾਂਗਰਸ ਦੇ ਉਮੀਦਵਾਰ ਹਨ ਜਦਕਿ ਅਕਾਲੀ ਦਲ ਦੇ ਸ਼ੇਰ ਸਿੰਘ ਘੁਬਾਇਆ ਹਨ। ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਧੂ ਸਿੰਘ ਧਰਮਸੋਤ ਉਮੀਦਵਾਰ ਹੋਣਗੇ। ਫਰੀਦਕੋਟ ਤੋਂ ਜੋਗਿੰਦਰ ਸਿੰਘ ਪੰਜ ਗਰਾਈਆਂ ਕਾਂਗਰਸੀ ਉਮਦੀਵਾਰ ਹਨ। ਸੰਗਰੂਰ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਅਤੇ ਕਾਂਗਰਸ ਵੱਲੋਂ ਵਿਜੈਇੰਦਰ ਸਿੰਘ ਸਿੰਗਲਾ ਉਮੀਦਵਾਰ ਬਣਾਏ ਗਏ ਹਨ। ਖਡੂਰ ਸਾਹਿਬ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਅਤੇ ਹਰਮਿੰਦਰ ਸਿੰਘ ਗਿੱਲ ਕਾਂਗਰਸੀ ਉਮੀਦਵਾਰ ਹਨ।
ਲੋਕ ਸਭਾ ਦੀਆਂ ਇਨ੍ਹਾਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿਕਾਸ ਦੇ ਨਾਮ ਉਤੇ ਵੋਟਾਂ ਮੰਗਣ ਦਾ ਪ੍ਰੋਗਰਾਮ ਮਿਥਿਆ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਨੇ ਪਿਛਲੇ 7 ਸਾਲਾਂ ਵਿੱਚ ਲਗਾਤਾਰ ਵਿਕਾਸ ਕੀਤਾ ਹੈ, ਪਿੰਡਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਉਸਾਰਿਆ ਗਿਆ ਹੈ, ਸੜਕਾਂ ਬਣੀਆਂ ਹਨ ਅਤੇ ਵੱਡੇ ਸ਼ਹਿਰਾਂ ਦੇ ਵਿਕਾਸ ਦੀਆਂ ਕਰੋੜਾਂ ਦੀ ਲਾਗਤ ਦੀਆਂ ਵੱਡੀਆਂ ਯੋਜਨਾਵਾਂ ਉਲੀਕੀਆਂ ਹਨ ਜਦਕਿ ਕਾਂਗਰਸ ਵੱਲੋਂ ਵਿਕਾਸ ਦੇ ਇਨ੍ਹਾਂ ਦਾਅਵਿਆਂ ਦੇ ਖੰਡਨ ਦੇ ਨਾਲ-ਨਾਲ ਬਾਦਲ ਸਰਕਾਰ ਨੂੰ ਨਸ਼ਿਆਂ ਦੇ ਮਾਮਲੇ, ਰੇਤਾ ਖਨਣ ਭ੍ਰਿਸ਼ਟਾਚਾਰ ਦੇ ਮੁੱਦਿਆਂ ’ਤੇ ਘੇਰਨ ਦਾ ਯਤਨ ਸੀ, ਪਰ ਇਹ ਮੁੱਦੇ ਇਕ ਦੂਜੇ ਉਤੇ ਚਿੱਕੜ ਸੁੱਟਣ ਦੇ ਨਾਲ -ਨਾਲ ਇਕ ਦੂਜੇ ਨੂੰ ਬਦਨਾਮ ਕਰਨ ਅਤੇ ਨਿੱਜੀ ਉਮੀਦਵਾਰਾਂ ਦੀਆਂ ਖਾਮੀਆਂ ਲੋਕਾਂ ਸਾਹਮਣੇ ਲਿਆਉਣ ਤੱਕ ਸੀਮਤ ਹੋ ਗਏ ਜਾਪਦੇ ਹਨ। ਅੰਮ੍ਰਿਤਸਰ ਸੀਟ ਉਤੇ ਜੇਤਲੀ ਨੂੰ ਬਾਹਰਲਾ ਉਮੀਦਵਾਰ ਕਹਿਣੋਂ ਕਾਂਗਰਸ ਪਿੱਛੇ ਨਹੀਂ ਹਟ ਰਹੀ, ਜਦਕਿ ਜੇਤਲੀ ਸੋਨੀਆ ਗਾਂਧੀ ਨੂੰ ਵਿਦੇਸ਼ੀ ਔਰਤ ਹੋਣ ਦਾ ਮੇਹਣਾ ਮਾਰ ਰਿਹਾ ਹੈ।
ਪਰ ਪੰਜਾਬ ਦੇ ਅਸਲ ਮੁੱਦੇ ਚੋਣਾਂ ਵਿਚੋਂ ਗਾਇਬ ਹਨ। ਕੋਈ ਨਹੀਂ ਗੱਲ ਕਰ ਰਿਹਾ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ। ਕੋਈ ਨਹੀਂ ਗੱਲ ਕਰ ਰਿਹਾ ਪੰਜਾਬ ਨਾਲ ਪਾਣੀਆਂ ਦੇ ਮਾਮਲੇ ’ਚ ਹੋਏ ਵਿਤਕਰੇ ਦੀ। ਕੋਈ ਨਹੀਂ ਗੱਲ ਕਰ ਰਿਹਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ। ਕੋਈ ਨਹੀਂ ਗੱਲ ਕਰ ਰਿਹਾ ਕਿਸਾਨਾਂ ਦੀ ਆਤਮ ਹੱਤਿਆਵਾਂ ਦੀ ਅਤੇ ਪੰਜਾਬ ’ਚ ਆਈ ਪਾਣੀ ਦੀ ਤੋਟ ਦੀ, ਪੰਜਾਬ ’ਚ ਫੈਲੇ ਨਸ਼ਿਆਂ ਦੇ ਕੋਹੜ ਦੀ, ਬੇਰੁਜ਼ਗਾਰੀ ਦੀ, ਬਰਬਾਦ ਹੋ ਰਹੀ ਜੁਆਨੀ ਦੀ। ਪੰਜਾਬ ’ਚ ਫੈਲੀਆਂ ਸਮਾਜਿਕ ਬੁਰਾਈਆਂ, ਕੁੱਖ ’ਚ ਮਾਰੀਆਂ ਜਾ ਰਹੀਆਂ ਧੀਆਂ ਦੀ, ਸਟੋਵ-ਗੈਸ ਨਾਲ ਝੁਲਸੀਆਂ ਜਾ ਰਹੀਆਂ ਨੂੰਹਾਂ ਦੀ, ਦਾਜ ਦਹੇਜ ਦੇ ਕੋਹੜ ਦੀ, ਮਜ਼ਬੂਰੀਵੱਸ ਵਿਦੇਸ਼ਾਂ ’ਚ ਜਾਣ ਵਾਲੇ ਨੌਜਵਾਨਾਂ ਦੀਆਂ ਤਕਲੀਫਾਂ ਦੀ, ਚੰਗੀਆਂ ਸਿਹਤ ਸਹੂਲਤਾਂ ਦੇਣ ਜਾਂ ਸਿੱਖਿਆ ਖੇਤਰ ’ਚ ਫੈਲੇ ਵਪਾਰੀਕਰਨ ਦੇ ਮੁੱਦੇ ਦੀ ਜਾਂ ਪ੍ਰਦੂਸ਼ਿਤ ਹੋ ਰਹੀ ਪੰਜਾਬ ਦੀ ਹਵਾ ਅਤੇ ਦਰਿਆਵਾਂ ਝੀਲਾਂ ਦੇ ਪਾਣੀ ਦੀ, ਪੰਜਾਬ ’ਚ ਹੋ ਰਹੇ ਰੇਤਾ, ਬੱਜਰੀ ਖਨਣ ’ਚ ਹੋ ਰਹੀ ਲੁੱਟ ਖਸੁੱਟ ਦੀ ਅਤੇ ਕਾਰਪੋਰੇਟ ਜਗਤ ਵੱਲੋਂ ਲੁੱਟੇ ਜਾ ਰਹੇ ਪੰਜਾਬ ਦੀ, ਪੰਜਾਬ ਦੀ ਭੈੜੀ ਆਰਥਿਕ ਹਾਲਤ ਦੀ ਜਾਂ ਪੰਜਾਬ ’ਚ ਵੱਧ ਰਹੀ ਗਰੀਬੀ ਦੀ!
ਬਸ ਗੱਲ ਹੋ ਰਹੀ ਹੈ ਹਰ ਹੀਲੇ ਚੋਣ ਜਿੱਤਣ ਦੀ, ਇਹ ਚੋਣ ਪੈਸੇ ਨਾਲ ਜਿੱਤੀ ਜਾਵੇ ਚਾਹੇ ਬਾਹੂ ਬਲ ਨਾਲ, ਜਾਤ ਬਰਾਦਰੀ ਦਾ ਨਾਹਰਾ ਦੇ ਕੇ ਜਿੱਤੀ ਜਾਵੇ ਜਾਂ ਧਰਮ ਮਜ੍ਹਬ ਦੇ ਨਾਮ ਉਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਜਾਂ ਫਿਰ ਰਿਸ਼ਤੇਦਾਰੀਆਂ ਸਾਂਝਾ ਦਾ ਵਾਸਤਾ ਪਾ ਕੇ। ਪਿਛਲੀ 2009 ਦੀ ਲੋਕ ਸਭਾ ਚੋਣ ’ਚ ਕਾਂਗਰਸ…45.23 ਪ੍ਰਤੀਸ਼ਤ ਵੋਟਾਂ ਲੈ ਕੇ 9 ਸੀਟਾਂ ਜਿੱਤੀ ਸੀ, ਜਦਕਿ ਅਕਾਲੀ ਦਲ ਨੇ 33.75 ਪ੍ਰਤੀਸ਼ਤ ਵੋਟਾਂ ਲਈਆਂ ਅਤੇ 4 ਸੀਟਾਂ ਜਿੱਤੀਆਂ ਅਤੇ ਭਾਜਪਾ 10.06 ਪ੍ਰਤੀਸ਼ਤ ਵੋਟਾਂ ਲੈ ਕੇ 1 ਸੀਟ ਜਿੱਤ ਸਕੀ। ਪਰ ਇਸ ਵੇਰ ਰਾਜਸੀ ਦ੍ਰਿਸ਼ ਬਦਲ ਚੁੱਕਾ ਹੈ।
ਦੋ ਵੇਰ ਕੇਂਦਰ ਸਰਕਾਰ ’ਤੇ ਰਾਜ ਕਰ ਚੁੱਕੀ ਕਾਂਗਰਸ ਘੁਟਾਲਿਆਂ, ਘਪਲਿਆਂ, ਬਦਨਾਮੀਆਂ ਦੀ ਲਪੇਟ ’ਚ ਆ ਕੇ ਆਪਣਾ ਵੋਟ ਬੈਂਕ ਵੱਡੀ ਪੱਧਰ ’ਤੇ ਗੁਆ ਚੁੱਕੀ ਹੈ ਪਰ ਭਾਜਪਾ ਵੱਲੋਂ ‘ਮੋਦੀ ਫੈਕਟਰ’ ਅੱਗੇ ਲਿਆ ਕੇ ਧੂੰਆਂਧਾਰ ਪ੍ਰਚਾਰ ਨਾਲ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬਿਠਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ। ਭਾਵੇਂ ਕਿ ਭਾਜਪਾ ਦੇ ਉ¤ਚ ਨੇਤਾ ਵੱਡੀ ਫੁੱਟ ਦਾ ਸ਼ਿਕਾਰ ਹੋਏ ਦਿਖਦੇ ਹਨ! ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਵੀ ਨਰਿੰਦਰ ਮੋਦੀ ਦੀ ਲੋਕਾਂ ’ਚ ਮਕਬੂਲੀਅਤ ਨੂੰ ਭਨਾਉਣ ਲਈ ਯਤਨ ਕੀਤਾ ਜਾ ਰਿਹਾ ਹੈ।
ਪਰ ਕੀ ਪੰਜਾਬ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਸ਼ੀਅਤ ਨਾਲੋਂ ਜੇਤਲੀ ਜਾਂ ਨਰਿੰਦਰ ਮੋਦੀ ਦੀ ਸਖ਼ਸ਼ੀਅਤ ਤੋਂ ਪ੍ਰਭਾਵਤ ਹੋਣਗੇ? ਪੰਜਾਬ ਲੋਕ ਸਭਾ ਚੋਣਾਂ ਵਿੱਚ ਕੇਜਰੀਵਾਲ ਦੀ ਆਮ ਪਾਰਟੀ ਆਪਣੀਆਂ ਨੀਤੀਆਂ ਵਿਚਾਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਜ਼ਰੂਰ ਕਰੇਗੀ, ਪਰ ਇਸ ਪਾਰਟੀ ਦੇ ਉਮੀਦਵਾਰ ਪੰਜਾਬ ’ਚ ਕਿਸੇ ਸੀਟ ’ਤੇ ਜਿੱਤ ਪ੍ਰਾਪਤ ਕਰ ਸਕਣਗੇ, ਹੁਣ ਤੱਕ ਦੀਆਂ ਅਖ਼ਬਾਰੀ ਰਿਪੋਰਟਾਂ ਅਤੇ ਲੋਕਾਂ ਦੀ ਅਵਾਜ਼ ਤੋਂ ਇੰਜ ਨਹੀਂ ਜਾਪਦਾ। ਅਸਲ ਮੁਕਾਬਲਾ ਤਾਂ ਅਕਾਲੀ-ਭਾਜਪਾ ਦੇ ਉਮੀਦਵਾਰਾਂ ਅਤੇ ਕਾਂਗਰਸ ਪੀ.ਪੀ.ਪੀ. ਉਮੀਦਵਾਰਾਂ ਵਿਚਕਾਰ ਹੀ ਹੋਏਗਾ। ਪਰ ਇਨ੍ਹਾਂ ਲੋਕ ਸਭਾ ਚੋਣਾਂ ’ਚ ਪੰਜਾਬ ਰਾਜ ਵਿਚ ਜਿਸ ਕਿਸਮ ਦਾ ਚੋਣ ਸੰਘਰਸ਼ ਦੇਖਣ ਨੂੰ ਮਿਲੇਗਾ, ਉਹ ਸ਼ਾਇਦ ਪੰਜਾਬ ਦੇ ਲੋਕਾਂ ਨੇ ਕਦੇ ਨਹੀਂ ਦੇਖਿਆ ਹੋਏਗਾ।
ਪੰਜਾਬ, ਜਿਥੇ ਕਾਂਗਰਸੀ ਨੇਤਾਵਾਂ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਕਾਂਗਰਸ, ਮਨਪ੍ਰੀਤ ਸਿੰਘ ਬਾਦਲ, ਸੁਨੀਲ ਜਾਖੜ ਦਾ ਭਵਿੱਖ ਤਹਿ ਕਰੇਗਾ, ਉਥੇ ਅਕਾਲੀ ਸੁਖਦੇਵ ਸਿੰਘ ਢੀਂਡਸਾ, ਬਾਦਲ ਪਰਿਵਾਰ ਦੇ ਸਿਆਸੀ ਭਵਿੱਖ ਦਾ ਵੀ ਫੈਸਲਾ ਕਰੇਗਾ ਅਤੇ ਕੌਮੀ ਭਾਜਪਾ ਨੇਤਾ ਅਰੁਣ ਜੇਤਲੀੋ ਪਹਿਲੀ ਵੇਰ ਲੋਕ ਸਭਾ ਚੋਣ ਲੜ ਰਹੇ ਹਨ, ਦੀ ਸਿਆਸੀ ਕਿਸਮਤ ਵੀ ਤਹਿ ਕਰੇਗਾ, ਜਿਸ ਨੂੰ ਪ੍ਰਕਾਸ਼ ਸਿੰਘ ਬਾਦਲ ਦੇਸ਼ ਦਾ ਅਗਲਾ ਉਪ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ।
ਬਾਦਲ ਪਰਿਵਾਰ ਅਤੇ ਮਾਝੇ ਦੇ ਇਕੋ ਇਕ ਅਕਾਲੀ ਜਰਨੈਲ ਬਨਣ ਦੀ ਦੌੜ ’ਚ ਸ਼ਾਮਲ ਬਿਕਰਮਜੀਤ ਸਿੰਘ ਮਜੀਠੀਆ ਦੀ ਚੜ੍ਹਤ ਜਾਂ ਗਿਰਾਵਟ ਤਾਂ ਦੋ ਸੀਟਾਂ ਬਠਿੰਡਾ ਅਤੇ ਅੰਮ੍ਰਿਤਸਰ ਦੀ ਜਿੱਤ ਹਾਰ ’ਤੇ ਨਿਰਭਰ ਕਰਦੀ ਹੈ ਅਤੇ ਬਾਦਲਾਂ ਵੱਲੋਂ ਇਹ ਸੀਟਾਂ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਇਨ੍ਹਾਂ ਦੋਹਾਂ ਸੀਟਾਂ ਉਤੇ ਪ੍ਰਚਾਰ ਲਈ ਵੱਧ ਸਮਾਂ ਦੇਣ ਨਾਲ ਦੋਵੇਂ ਬਾਦਲ ਦੂਜੀਆਂ ਸੀਟਾਂ ਉਤੇ ਸਮਾਂ ਨਹੀਂ ਦੇ ਸਕਣਗੇ, ਸਿੱਟਾ ਦੂਜੀਆਂ ਅਕਾਲੀਆਂ-ਭਾਜਪਾ ਸੀਟਾਂ ਉਤੇ ਹਾਰ ’ਚ ਨਿਕਲ ਸਕਦਾ ਹੈ।
ਪੰਜਾਬ ਦੇ ਉਚ ਕਾਂਗਰਸ, ਉਚ ਅਕਾਲੀ, ਉ¤ਚ ਭਾਜਪਾ ਨੇਤਾਵਾਂ ਦੇ ਸਟੇਜ਼ਾਂ ਉਤੇ ਚੋਣਾਂ ਜਿੱਤਣ ਦੇ ਦਾਅਵੇ ਇਸ ਸਮੇਂ ਆਸ਼ੰਕਤ ਹੋਏ ਜਾਪਦੇ ਹਨ, ਕਿਉਂਕਿ ਦੋਹੀਂ ਦਲੀਂ ਮੁਕਾਬਲਾ ਤਿੱਖਾ ਹੈ ਅਤੇ ਆਰ-ਪਾਰ ਦੀ ਲੜਾਈ ਸਮਾਨ ਹੈ। ਕੌਣ ਚੋਣ ਜਿੱਤੇਗਾ, ਕੌਣ ਹਾਰੇਗਾ, ਕੌਣ ਇਸ ਚੋਣ ਦੰਗਲ ’ਚ ਪਟਕੇ ਦੀ ਕੁਸ਼ਤੀ ਜਿੱਤੇਗਾ, ਇਸ ਬਾਰੇ ਅਗਾਊਂ ਤਹਿ ਕਰਨਾ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਕਿਉਂਕਿ ਦੋਵੇਂ ਗਠਬੰਧਨ ਇਕ ਦੂਜੇ ਤੋਂ ਪੂਰੀ ਤਰ੍ਹਾਂ ਡਰੇ ਹੋਏ ਜਾਪ ਰਹੇ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026