Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ ਐਮਰਜੈਂਸੀ ਸੇਵਾਵਾਂ ਦੀ ਸੰਸਥਾਂ 'ਸੇਂਟ ਜੌਹਨ' ਦੇ ਵਿਚ ਦਸਤਾਰ ਦੀ ਸ਼ਾਨ ਵਧਾ ਰਿਹੈ- ਸ. ਗੁਰਪ੍ਰੀਤ ਸਿੰਘ ਮਨਚੰਦਾ

Posted on May 14th, 2013

<p><br>ਸੇਂਟ ਜੌਹਨ ਐਂਬੂਲੈਂਸ ਸਰਵਿਸ ਨਿਊਜ਼ੀਲੈਂਡ ਦੇ ਵਲੰਟੀਅਰ ਸ. ਗੁਰਪ੍ਰੀਤ ਸਿੰਘ ਮਨਚੰਦਾ ਆਪਣੇ ਟੀਮ ਲੀਡਰ ਅਤੇ ਅਤੇ ਇਕ ਹੋਰ ਵਲੰਟੀਅਰ ਨਾਲ।<br></p>

ਆਕਲੈਂਡ 14 ਮਈ (ਹਰਜਿੰਦਰ ਸਿੰਘ ਬਸਿਆਲਾ):- ਨਿਊਜ਼ੀਲੈਂਡ ਦੇ ਵਿਚ ਗੰਭੀਰ ਹਾਲਤਾਂ (ਐਮਰਜੈਂਸੀ) ਦੇ ਵਿਚ ਐਂਂਬੂਲੈਂਸ ਸੇਵਾ ਮੁਹੱਈਆ ਕਰਨ ਵਾਲੀ ਦੇਸ਼ ਵਿਆਪੀ ਸੰਸਥਾ 'ਸੇਂਟ ਜੌਹਨ' (ਫਸਟ ਟੂ ਕੇਅਰ) ਹੈ। ਇਹ 40 ਦੇਸਾਂ ਵਿਚ ਫੈਲੀ ਵਿਸ਼ਵ ਪੱਧਰੀ ਸੰਸਥਾ 'ਆਰਡਰ ਆਫ਼ ਦਾ ਸੇਂਟ ਜੌਹਨ' ਦਾ ਇਕ ਹਿੱਸਾ ਹੈ। ਨਿਊਜ਼ੀਲੈਂਡ ਦੇ ਵਿਚ 1885 ਤੋਂ ਇਹ ਸੰਸਥਾ ਐਂਬੂਲੈਂਸ ਸੇਵਾ ਮੁਹੱਈਆ ਕਰ ਰਹੀ ਹੈ। ਇਥੇ ਵਸਦੇ ਸਿੱਖ ਭਾਈਚਾਰੇ ਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਇਸ ਵਿਚ ਵਲੰਟੀਅਰ ਸੇਵਾ ਕਰ ਰਹੇ ਪਹਿਲੇ ਸਾਬਿਤ ਸੂਰਤ ਸਿੱਖ ਸ. ਗੁਰਪ੍ਰੀਤ ਸਿੰਘ ਮਨਚੰਦਾ ਸਮੁੱਚੇ ਸਿੱਖ ਭਾਈਚਾਰੇ ਦਾ ਮਾਣ ਅਤੇ ਦਸਤਾਰ ਦੀ ਸ਼ਾਨ ਵਧਾ ਰਹੇ ਹਨ। ਮਾਰਚ 2011 ਤੋਂ ਇਹ ਵਲੰਟੀਅਰ ਸੇਵਾ ਕਰਨ ਵਾਲੇ ਸ. ਗੁਰਪ੍ਰੀਤ ਸਿੰਘ ਮਨਚੰਦਾ ਸਪੁੱਤਰ ਸ. ਪਰਮਜੀਤ ਸਿੰਘ ਮਨਚੰਦਾ ਇਸ ਵੇਲੇ ਬੀ. ਐਨ. ਜ਼ੈਡ. ਬੈਂਕ ਦੇ ਮੁੱਖ ਦਫਤਰ ਆਕਲੈਂਡ ਵਿਚ 'ਪ੍ਰੋਡਕਟ ਮੈਨੇਜਰ' ਦੇ ਤੌਰ 'ਤੇ ਨੌਕਰੀ ਕਰਦੇ ਹਨ ਪਰ ਫਿਰ ਵੀ ਉਹ ਹਫਤੇ ਦੇ ਵਿਚ ਕੁਝ ਸਮਾਂ ਕੱਢ ਕੇ 'ਸੇਂਟ ਜੌਹਨ' ਵੱਲੋਂ ਦਿੱਤੀ ਸੇਵਾ ਨਿਭਾਉਂਦੇ ਰਹਿੰਦੇ ਹਨ। 

ਸ. ਗੁਰਪ੍ਰੀਤ ਸਿੰਘ ਮਨਚੰਦਾ ਦਾ ਪਰਿਵਾਰ ਰਾਏਪੁਰ (ਛੱਤੀਸਗੜ੍ਹ) ਤੋਂ ਨਿਊਜ਼ੀਲੈਂਡ ਵਿਖੇ 2007 ਦੇ ਵਿਚ ਆਇਆ ਸੀ। ਇਸ ਸੇਵਾ ਦੇ ਵਿਚ ਆਉਣ ਬਾਰੇ ਉਨ੍ਹਾਂ ਦੱਸਿਆ ਕਿ ਸੇਂਟ ਜੌਹਨ ਐਂਬੂਲੈਂਸ ਸੰਸਥਾ ਜੋ ਕਿ ਇਥੇ ਵਸਦੀ ਹਰੇਕ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣ ਵਾਲੀ ਚੈਰੀਟੇਬਲ ਸੰਸਥਾ ਹੈ, ਨੂੰ ਹਮੇਸ਼ਾਂ ਸਵੈ-ਇੱਛਕ ਭਾਵਨਾ ਨਾਲ ਕੰਮ ਕਰਨ ਕਰਨ ਵਾਲਿਆਂ ਦੀ ਲੋੜ ਰਹਿੰਦੀ ਹੈ, ਸੋ ਉਨ੍ਹਾਂ ਦਾ ਵੀ ਮਨ ਕੀਤਾ ਕਿ ਇਥੇ ਵੀ ਸਿੱਖਾਂ ਦੀ ਹਾਜ਼ਰੀ ਲੱਗਣੀ ਚਾਹੀਦੀ ਹੈ। ਉਨ੍ਹਾਂ ਨੂੰ ਇਸ ਸੰਸਥਾਂ ਦੇ ਵਿਚ ਦਾਖਲ ਹੋਣ ਲਈ ਕੋਈ ਮੁਸ਼ਕਿਲ ਨਹੀਂ ਆਈ ਸਗੋਂ ਸਾਰਿਆਂ ਨੇ ਸਵਾਗਤ ਕੀਤਾ। ਪਿਛਲੇ ਸਾਲ ਹੋਏ 'ਵਲੰਟੀਅਰ ਡਿਨਰ' ਦੇ ਵਿਚ ਇਹ ਇਕੋ-ਇਕ ਸਰਦਾਰ ਸੀ ਜਿਹੜਾ ਸੈਂਕੜਿਆਂ ਵਿਚੋਂ ਦੂਰ ਨਜ਼ਰ ਆਉਂਦਾ ਸੀ ਅਤੇ ਹਰ ਕੋਈ ਇਸ ਨੌਜਵਾਨ ਵੱਲ ਵਿਸ਼ੇਸ਼ ਸਵਾਗਤੀ ਨਜ਼ਰਾਂ ਨਾਲ ਵੇਖ ਰਿਹਾ ਸੀ। ਇਸ ਤਜ਼ਰਬੇ ਦਾ ਅਨੁਭਵ ਸਾਂਝਾ ਕਰਦਿਆਂ ਉਨ੍ਹਾਂ ਭਾਰਤੀ ਭਾਈਚਾਰੇ ਖਾਸ ਕਰ ਸਿੱਖ ਲੋਕਾਂ ਨੂੰ (ਉਮਰ ਦੀ ਕੋਈ ਸ਼ਰਤ ਨਹੀਂ) ਅਪੀਲ ਕੀਤੀ ਕਿ ਉਹ ਵੀ ਵਲੰਟੀਅਰ ਤੌਰ 'ਤੇ ਇਸ ਸੰਸਥਾ ਨਾਲ ਜੁੜ ਕੇ ਜਿੱਥੇ ਪੁੰਨ ਦਾ ਕੰਮ ਕਰਨ ਉਥੇ ਇਸ ਨਾਲ ਇਥੇ ਵਸਦੇ ਸਿੱਖਾਂ ਦੀ ਤਰਜਮਾਨੀ ਵੀ ਕਰਨ। ਉਨ੍ਹਾਂ ਦਾ ਮੰਨਣਾ ਸੀ ਕਿ ਵਲੰਟੀਅਰ ਸੇਵਾ ਕਰਨ ਦੇ ਨਾਲ ਇਥੇ ਵਸਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਗੰਭੀਰ ਹਾਲਤਾਂ ਦੇ ਵਿਚ ਆਪਣੀ ਬੋਲੀ ਬੋਲਦੇ ਵਲੰਟੀਅਰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਉਹ ਆਪਣਾ ਦੁੱਖ ਤਕਲੀਫ ਐਮਰਜੈਂਸੀ ਹਾਲਤਾਂ ਦੌਰਾਨ ਵਧੀਆ ਤਰੀਕੇ ਨਾਲ ਦੱਸ ਸਕਣਗੇ।


ਪਿਛਲੇ ਦਿਨੀਂ ਸ. ਗੁਰਪ੍ਰੀਤ ਸਿੰਘ ਮਨਚੰਦਾ ਨੇ ਵਲੰਟੀਅਰ ਟੀਮ ਲੀਡਰ ਸ੍ਰੀ ਜੌਹਨ ਈ.ਡੀ. ਅਤੇ ਇਕ ਹੋਰ ਵਲੰਟੀਅਰ ਮੈਡਮ ਪੈਨੀ ਬਲੈਕਮੈਨ ਦੇ ਨਾਲ ਗੁਰਦੁਆਰਾ ਸ੍ਰੀ ਦਸਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਇਕ ਜਾਗੂਰਿਕ ਕੈਂਪ ਵੀ ਲਗਾਇਆ ਤਾਂ ਕਿ ਹੋਰ ਸਿੱਖ ਲੋਕੀ 'ਸੇਂਟ ਜੌਹਨ' ਸੰਸਥਾ ਨਾਲ ਨਾਤਾ ਜੋੜ ਸਕਣ। ਸ਼ਾਲਾ! ਇਹ ਦਸਤਾਰਧਾਰੀ ਨੌਜਵਾਨ ਇਸੇ ਤਰ੍ਹਾਂ ਵਲੰਟੀਅਰ ਸੇਵਾ ਕਰਦਿਆਂ ਸਿੱਖ ਭਾਈਚਾਰੇ ਦੀ ਤਰਜਮਾਨੀ ਕਰਦਾ ਰਹੇ।





Archive

RECENT STORIES