Posted on April 11th, 2014

- 1984 ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ ਇਸ ਵਾਰ ਦਾ ਨਗਰ ਕੀਰਤਨ
- ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਕਰਵਾਏ ਜਾਣਗੇ ਦਰਸ਼ਨ
ਸਰੀ (ਗੁਰਪ੍ਰੀਤ ਸਿੰਘ ਸਹੋਤਾ)- 19 ਅਪ੍ਰੈਲ ਦਿਨ ਸ਼ਨਿਚਰਵਾਰ ਨੂੰ ਸਰੀ ਵਿਖੇ ਉਲੀਕੀ ਗਈ 16ਵੀਂ 'ਖਾਲਸਾ ਡੇਅ ਪਰੇਡ' ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਦਾ ਵੇਰਵਾ ਦੇਣ ਲਈ ਨਗਰ ਕੀਰਤਨ ਦੇ ਪ੍ਰਬੰਧਕਾਂ ਵਲੋਂ ਸਥਾਨਕ ਪੰਜਾਬੀ ਮੀਡੀਏ ਨਾਲ ਇੱਕ ਮਿਲਣੀ ਕੀਤੀ ਗਈ। ਇਸ ਮੌਕੇ ਨਗਰ ਕੀਰਤਨ ਦੇ ਪ੍ਰਬੰਧਕ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਮੁੱਖ ਸੇਵਾਦਾਰ ਸ. ਗਿਆਨ ਸਿੰਘ, ਸ. ਪਰਵਕਾਰ ਸਿੰਘ, ਸ. ਸਤਿੰਦਰਪਾਲ ਸਿੰਘ ਤੋਂ ਇਲਾਵਾ ਸਰੀ, ਨਿਊ ਵੈਸਟ ਅਤੇ ਐਬਟਸਫੋਰਡ ਦੀਆਂ ਪ੍ਰਮੁੱਖ ਸਿੱਖ ਸੁਸਾਇਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਸਰੀ ਆਰ. ਸੀ. ਐਮ. ਪੀ. ਦੇ ਮੁਖੀ ਗੈਰੀ ਬੈੱਗ ਤੇ ਪੁਲਿਸ ਬੁਲਾਰੇ ਡੇਲ ਕਾਰ ਵੀ ਇਸ ਮੌਕੇ ਮੌਜੂਦ ਸਨ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਦੀ 'ਖਾਲਸਾ ਡੇਅ ਪਰੇਡ' 1984 ਦੇ ਸਾਕਾ ਨੀਲਾ ਤਾਰਾ ਦੀ 30ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗੀ। ਪੰਜਾਬ ਦੇ ਪਿੰਡ ਭਾਈ ਰੂਪਾ ਤੋਂ ਵਿਸ਼ੇਸ਼ ਯਤਨ ਕਰਕੇ ਮੰਗਵਾਈਆਂ ਗਈਆਂ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਨਗਰ ਕੀਰਤਨ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਨੇ ਕੀਤੀ ਪਰ ਹੁਣ ਇਹ ਸਮੁੱਚੀ ਕੌਮ ਦਾ ਖਾਸ ਪ੍ਰੋਗਰਾਮ ਬਣ ਚੁੱਕਾ ਹੈ ਅਤੇ ਕੌਮ ਖੁਦ ਹੀ ਰਲ-ਮਿਲ ਕੇ ਇਸਨੂੰ ਸਫਲਤਾ ਬਖਸ਼ਦੀ ਹੈ। ਐਡਾ ਵੱਡਾ ਪ੍ਰੋਗਰਾਮ ਕਿਸੇ ਇੱਕ ਸੰਸਥਾ ਜਾਂ ਜਥੇਬੰਦੀ ਵਲੋਂ ਉਲੀਕਣਾ ਵੱਸ ਦੀ ਗੱਲ ਨਹੀਂ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਤੇ ਸੇਵਾਦਾਰ ਇਸ ਨੂੰ ਆਪਣਾ ਕਾਰਜ ਸਮਝਦੇ ਹੋਏ ਸਹਿਯੋਗ ਦਿੰਦੇ ਹੋਏ ਸਫਲਤਾ ਦਾ ਇਤਿਹਾਸ ਰਚਣਗੇ।
ਦੱਸਣਯੋਗ ਹੈ ਕਿ ਪੰਜਾਬ ਤੋਂ ਬਾਹਰ ਸਿੱਖਾਂ ਦੇ ਇਸ ਸਭ ਤੋਂ ਵੱਡੇ ਇਕੱਠ 'ਚ ਪਿਛਲੀ ਵਾਰ 2 ਲੱਖ ਦੇ ਕਰੀਬ ਸੰਗਤਾਂ ਸ਼ਾਮਲ ਹੋਈਆਂ ਸਨ ਤੇ ਇੱਕ ਅੰਦਾਜ਼ੇ ਮੁਤਾਬਿਕ ਇਸ ਨਾਲ 20 ਮਿਲੀਅਨ ਡਾਲਰ ਦੇ ਕਰੀਬ ਰਕਮ ਦੀ ਸ਼ਹਿਰ 'ਚ ਖਰੀਦੋ-ਫਰੋਖਤ ਹੁੰਦੀ ਹੈ।
ਇਸ ਮੌਕੇ ਬੋਲਦਿਆਂ ਆਰ. ਸੀ. ਐਮ. ਪੀ. ਅਫਸਰਾਂ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਭਾਰਤ ਨਾਲ ਸਬੰਧਿਤ ਕੁਝ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਇਸ ਮੌਕੇ ਸਟੇਜਾਂ ਲਗਾਉਣੀਆਂ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨੈਤਿਕ ਤੌਰ 'ਤੇ ਹੀ ਸਭ ਦਾ ਫਰਜ਼ ਬਣਦਾ ਹੈ ਕਿ ਇਸ ਧਾਰਮਿਕ ਤੇ ਵਿਰਾਸਤੀ ਪ੍ਰੋਗਰਾਮ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ। ਬਾਕੀ ਉਹ ਮੌਕੇ ਮੁਤਾਬਿਕ ਕਾਰਵਾਈ ਕਰਨਗੇ।
ਸ. ਗਿਆਨ ਸਿੰਘ ਹੁਰਾਂ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਭਾਈ ਰੂਪਾ ਤੋਂ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਕੁਝ ਨਿਸ਼ਾਨੀਆਂ ਲੈ ਕੇ ਭਾਈ ਬੂਟਾ ਸਿੰਘ ਹੁਰੀਂ ਪਹੁੰਚੇ ਹਨ, ਜਿਨ੍ਹਾਂ ਦੇ ਦਰਸ਼ਨ ਸੰਗਤ ਨੂੰ ਨਗਰ ਕੀਰਤਨ ਦੇ ਦਿਨ ਅਤੇ ਅੱਗੇ-ਪਿੱਛੇ ਵੀ ਕਰਵਾਏ ਜਾਣਗੇ।
ਪ੍ਰਬੰਧਕਾਂ ਨੇ ਜਿੱਥੇ ਇੰਨੇ ਵਿਸ਼ਾਲ ਇਕੱਠ ਨੂੰ ਲੰਗਰ ਛਕਾਉਣ ਤੇ ਬਾਅਦ ਵਿੱਚ ਰੂਟ ਦੀ ਸਫਾਈ ਕਰਨ ਵਾਲੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਉਨ੍ਹਾਂ ਗਿੱਧੇ-ਭੰਗੜੇ ਦੀਆਂ ਸਟੇਜਾਂ ਲਗਾਉਣ ਵਾਲੇ ਵੀਰਾਂ-ਭੈਣਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਪਿਛਲੇ ਸਾਲ ਪ੍ਰਬੰਧਕਾਂ ਦੀ ਬੇਨਤੀ ਮੰਨ ਕੇ ਜ਼ਾਬਤਾ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਗਿੱਧੇ-ਭੰਗੜੇ ਦੇ ਪ੍ਰਦਰਸ਼ਨ ਲਈ ਜਾਂ ਸਿਆਸੀ ਤਾਕਤ ਦਾ ਵਿਖਾਵਾ ਕਰਨ ਲਈ ਸਾਰਾ ਸਾਲ ਹੁੰਦਾ ਹੈ ਪਰ ਇਸ ਦਿਨ ਦੀ ਧਾਰਮਿਕ ਦਿੱਖ ਕਾਇਮ ਰੱਖਣ ਲਈ ਪ੍ਰਬੰਧਕਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੁਲਿਸ ਦੀਆਂ ਹਦਾਇਤਾਂ ਮੁਤਾਬਿਕ ਇਸ ਵਾਰ ਨਗਰ ਕੀਰਤਨ 'ਚ ਫਲੋਟਾਂ ਦੀ ਗਿਣਤੀ ਘਟਾਈ ਗਈ ਹੈ, ਜਿਸਦਾ ਮੁੱਖ ਕਾਰਨ ਨਗਰ ਕੀਰਤਨ ਦਾ ਲੰਮਾ ਹੋ ਜਾਣਾ ਅਤੇ ਸਮੇਂ ਸਿਰ ਖਤਮ ਨਾ ਹੋਣਾ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਲੋਂ ਸਰੀ ਫੂਡ ਬੈਂਕ ਦੀ ਮੱਦਦ ਨਾਲ ਲੋੜਵੰਦਾਂ ਲਈ ਡੱਬਾਬੰਦ ਭੋਜਨ ਇਕੱਤਰ ਕੀਤਾ ਜਾ ਰਿਹਾ ਹੈ। ਸਰੀ ਫੂਡ ਬੈਂਕ ਵਲੋਂ ਨਗਰ ਕੀਰਤਨ ਦੇ ਰੂਟ 'ਤੇ ਵੱਡੇ ਬਕਸੇ ਰੱਖੇ ਜਾਣਗੇ, ਜਿਨ੍ਹਾਂ 'ਚ ਸੰਗਤਾਂ ਡੱਬਾ ਬੰਦ ਭੋਜਨ ਦਾਨ ਕਰ ਸਕਣਗੀਆਂ। ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਵਲੋਂ ਸਿਖਾਏ ਵੰਡ ਛਕਣ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਵੱਧ ਤੋਂ ਵੱਧ ਭੋਜਨ ਦਾਨ ਕੀਤਾ ਜਾਵੇ। ਸੰਗਤ ਦੀ ਸਹੂਲਤ ਲਈ ਸਰੀ ਫੂਡ ਬੈਂਕ ਦੇ ਇਹ ਬਕਸੇ 13 ਤੋਂ 20 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਵਿਖੇ ਵੀ ਰੱਖੇ ਜਾਣਗੇ।
ਉਨ੍ਹਾਂ ਦੱਸਿਆ ਕਿ ਪਿਛਲੀ ਵਾਰ 'ਗੁਰੂ ਨਾਨਕ ਫਰੀ ਕਿਚਨ' ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 30 ਫੀਸਦੀ ਗਾਰਬੇਜ ਰੀ-ਸਾਈਕਲ ਕੀਤਾ ਗਿਆ ਸੀ। ਇਸ ਵਾਰ ਕੋਸ਼ਿਸ਼ ਕੀਤੀ ਜਾਵੇਗੀ ਕਿ ਵੱਧ ਤੋਂ ਵੱਧ ਰੀ-ਸਾਈਕਲਿੰਗ ਕੀਤੀ ਜਾਵੇ।
ਇਸ ਤੋਂ ਇਲਾਵਾ ਜੋ ਹੋਰ ਬੇਨਤੀਆਂ ਪ੍ਰਬੰਧਕਾਂ ਨੇ ਕੀਤੀਆਂ, ਉਹ ਇਸ ਪ੍ਰਕਾਰ ਹਨ -
* ਨਗਰ ਕੀਰਤਨ 'ਚ ਸ਼ਾਮਲ ਸਭ ਸੰਗਤਾਂ ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ ਅਤੇ ਕੇਸਰੀ ਰੁਮਾਲ ਸਜਾ ਕੇ ਆਉਣ ਤਾਂ ਕਿ ਸਮੁੱਚੀ ਫਿਜ਼ਾ ਨੂੰ ਖਾਲਸਈ ਰੰਗ 'ਚ ਰੰਗਿਆ ਜਾ ਸਕੇ।
* ਨਗਰ ਕੀਰਤਨ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਰਤ ਕੇ ਸ਼ਾਮਲ ਨਾ ਹੋਇਆ ਜਾਵੇ।
* ਆਪਣੇ ਬੱਚਿਆਂ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਨਗਰ ਕੀਰਤਨ 'ਚ ਗੁਆਚੇ ਬੱਚਿਆਂ ਨੂੰ ਨਜ਼ਦੀਕੀ ਪੁਲਿਸ ਅਫਸਰ ਦੇ ਸਪੁਰਦ ਕੀਤਾ ਜਾਵੇ।
* ਨਗਰ ਕੀਰਤਨ 'ਚ ਸ਼ਾਮਲ ਹੋਏ ਗੈਰ-ਸਿੱਖਾਂ ਦਾ ਪੂਰਾ ਸਤਿਕਾਰ ਕਰਦਿਆਂ ਜੇ ਹੋ ਸਕੇ ਤਾਂ ਉਨਾ੍ਹਂ ਨੂੰ ਨਗਰ ਕੀਰਤਨ ਅਤੇ ਖਾਲਸੇ ਦੇ ਜਨਮ ਦਿਵਸ ਸਬੰਧੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇ।
* ਨਗਰ ਕੀਰਤਨ ਵਾਲੇ ਦਿਨ ਪੂਰੇ ਰੂਟ ਅਤੇ ਰੂਟ ਨਾਲ ਜੁੜਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਦੀ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਕਿਸੇ ਦੇ ਘਰ ਅੱਗੇ ਘਾਹ ਉਤੇ ਤੁਰਨ ਜਾਂ ਬੂਟੇ ਮਿੱਧਣ ਤੋਂ ਗੁਰੇਜ਼ ਕੀਤਾ ਜਾਵੇ।
* ਪਾਰਕਿੰਗ ਸਹੀ ਥਾਂ 'ਤੇ ਹੀ ਲਗਾਈ ਜਾਵੇ ਤਾਂ ਕਿ ਤੁਹਾਡੇ ਵਲੋਂ ਗਲਤ ਥਾਂ 'ਤੇ ਲਗਾਈ ਗੱਡੀ ਕਾਰਨ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ ਅਤੇ ਤੁਹਾਡੀ ਗੱਡੀ ਟੋਅ ਹੋਣ ਤੋਂ ਵੀ ਬਚੀ ਰਹੇ।
* ਨਗਰ ਕੀਰਤਨ ਦੇ ਰੂਟ 'ਤੇ ਸਟੇਜਾਂ ਲਗਾਉਣ ਵਾਲੇ ਵੀਰਾਂ-ਭੈਣਾਂ ਅੱਗੇ ਬੇਨਤੀ ਹੈ ਕਿ ਸਪੀਕਰ ਦੀ ਆਵਾਜ਼ ਅਤੇ ਲੱਗਣ ਵਾਲਾ ਸੰਗੀਤ ਜ਼ਾਬਤੇ 'ਚ ਰਹਿ ਕੇ ਹੀ ਲਗਾਇਆ ਜਾਵੇ। ਫਿਲਮੀ ਜਾਂ ਲੱਚਰ ਗੀਤ ਨਾ ਲਗਾਏ ਜਾਣ। ਮੁੱਖ ਫਲੋਟ ਲੰਘਣ ਮੌਕੇ ਸਪੀਕਰ ਬੰਦ ਕਰਕੇ ਆਪ ਵੀ ਅਤੇ ਦੂਜਿਆਂ ਨੂੰ ਵੀ ਕੀਰਤਨ ਸੁਣਨ ਦਾ ਮੌਕਾ ਦਿੱਤਾ ਜਾਵੇ।
* ਲੰਗਰ ਦੇ ਸਟਾਲ ਲਗਾਉਣ ਵਾਲੇ ਵੀਰ-ਭੈਣ ਵਰਤਾਉਣ ਅਤੇ ਖਾਣ ਵਾਲਿਆਂ ਦੇ ਹੱਥ ਧੋਣ ਲਈ ਸਾਫ ਪਾਣੀ ਦਾ ਪ੍ਰਬੰਧ ਜ਼ਰੂਰ ਕਰਨ। ਸਟਾਲ ਦੇ ਨਜ਼ਦੀਕ ਜੇਕਰ ਇੱਕ ਜਾਂ ਦੋ ਪੋਰਟੇਬਲ ਵਾਸ਼ਰੂਮ ਰਖਵਾਉਣ ਦਾ ਪ੍ਰਬੰਧ ਹੋ ਸਕੇ ਤਾਂ ਜ਼ਰੂਰ ਰਖਵਾਉਣ ਦੀ ਕ੍ਰਿਪਾਲਤਾ ਕਰਨੀ। ਨਗਰ ਕੀਰਤਨ ਲੰਘਣ ਉਪਰੰਤ ਸਾਰਾ ਗਾਰਬੇਜ ਬੈਗਾਂ 'ਚ ਪਾ ਕੇ ਮੂੰਹ ਬੰਨ੍ਹ ਕੇ ਰੱਖਿਆ ਜਾਵੇ। ਜੇ ਆਪ ਚੁੱਕਣ ਦਾ ਪ੍ਰਬੰਧ ਨਹੀਂ ਹੈ ਤਾਂ ਉਥੇ ਹੀ ਬੈਗ ਮੂੰਹ ਬੰਨ੍ਹ ਕੇ ਰੱਖ ਦਿੱਤੇ ਜਾਣ, ਸੇਵਾਦਾਰ ਆਪ ਚੁੱਕ ਕੇ ਲੈ ਜਾਣਗੇ।
* ਗਾਰਬੇਜ ਅਤੇ ਰੀ-ਸਾਇਕਲ ਹੋਣ ਵਾਲੇ ਸਮਾਨ ਨੂੰ ਅੱਡ-ਅੱਡ ਪਾਇਆ ਜਾਵੇ। ਗਾਰਬੇਜ ਚੁੱਕਣ ਵਾਲੇ ਵਾਲੰਟੀਅਰਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਸਟਾਇਰੋਫੋਮ ਦੀਆਂ ਕੱਪ-ਪਲੇਟਾਂ ਨਾਲੋਂ ਕਾਗਜ਼ ਦੀਆਂ ਕੱਪ-ਪਲੇਟਾਂ ਵਰਤਣ ਨੂੰ ਤਰਜੀਹ ਦਿੱਤੀ ਜਾਵੇ, ਜੋਕਿ ਰੀ-ਸਾਇਕਲ ਕਰਨੀਆਂ ਸੌਖੀਆਂ ਹਨ।
* ਪੁਲਿਸ ਵਲੋਂ ਹਦਾਇਤ ਕੀਤੀ ਗਈ ਹੈ ਕਿ ਬੱਚੇ ਆਪਣੇ ਛੋਟੇ ਮੋਟਰਸਾਇਕਲ ਜਾਂ ਜੀਪਾਂ ਆਦਿ ਨਗਰ ਕੀਰਤਨ ਵਿੱਚ ਨਾ ਲੈ ਕੇ ਆਉਣ। ਨਗਰ ਕੀਰਤਨ ਵਿੱਚ ਲੱਗਣ ਵਾਲੇ ਮੋਟਰਸਾਇਕਲ ''ਸਿੱਖ ਮੋਟਰਸਾਇਕਲ ਕਲੱਬ" ਦੇ ਅਸੂਲਾਂ ਅਨੁਸਾਰ ਚੱਲਣਗੇ, ਜਿਸ ਵਿੱਚ ਬੇਹੱਦ ਆਵਾਜ਼ ਅਤੇ ਧੂੰਆਂ ਛੱਡਣ ਵਾਲੇ ਮੋਟਰਸਾਇਕਲਾਂ ਦੇ ਲੱਗਣ 'ਤੇ ਪਾਬੰਦੀ ਹੋਵੇਗੀ। ਮੋਟਰਸਾਇਕਲ ਸਵਾਰ ਤੋਂ ਬਗੈਰ ਹੋਰ ਕੋਈ ਮੋਟਰਸਾਇਕਲ 'ਤੇ ਨਹੀਂ ਚੜ੍ਹ ਸਕੇਗਾ।
* ਨਗਰ ਕੀਰਤਨ ਦੌਰਾਨ ਗੁਬਾਰੇ ਛੱਡਣ ਵਾਲੀਆਂ ਕੰਪਨੀਆਂ ਦੇ ਧਿਆਨ ਹਿਤ ਬੇਨਤੀ ਹੈ ਕਿ ਹਵਾ 'ਚ ਗੈਸ ਵਾਲੇ ਗੁਬਾਰੇ ਨਾ ਛੱਡੇ ਜਾਣ, ਅਕਸਰ ਹੀ ਇਹ ਬਿਜਲੀ ਦੀਆਂ ਵੱਡੀਆਂ ਲਾਇਨਾਂ 'ਚ ਫਸ ਜਾਂਦੇ ਹਨ, ਜਿਸ ਨਾਲ ਬੀ.ਸੀ. ਹਾਈਡਰੋ ਦੇ ਕੰਮ 'ਚ ਕਾਫੀ ਵਿਘਨ ਪੈਂਦਾ ਹੈ। ਇਸਤੋਂ ਇਲਾਵਾ ਇਹ ਜਹਾਜ਼ਾ ਦੇ ਰੇਡਾਰ ਸਿਸਟਮ 'ਚ ਵੀ ਵਿਘਨ ਪਾਉਂਦੇ ਹਨ। ਕਈ ਵਾਰ ਉਡਦੇ ਹੋਏ ਗੁਬਾਰੇ ਰੇਡਾਰ 'ਤੇ ਹਵਾਈ ਜਹਾਜ਼ ਦਾ ਭੁਲੇਖਾ ਪਾਉਂਦੇ ਹਨ, ਜਿਸ ਨਾਲ ਸਬੰਧਿਤ ਸਟਾਫ ਨੂੰ ਬੇਵਜ੍ਹਾ ਪ੍ਰੇਸ਼ਾਨੀ ਹੁੰਦੀ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026