Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੱਲਬਾਤ ਹੀ ਯੂਕਰੇਨ ਮਸਲੇ ਦਾ ਹੱਲ: ਪੂਤਿਨ

Posted on April 17th, 2014


ਮਾਸਕੋ/ਕੀਵ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਦੇ ਸ਼ਾਸਕਾਂ ਉੱਤੇ ਦੋਸ਼ ਲਾਏ ਕਿ ਉਹ ਮੁਲਕ ਨੂੰ ਗਹਿਰੇ ਸੰਕਟ ਵੱਲ ਧੱਕ ਰਹੇ ਹਨ ਜਦਕਿ ਇਸ ਲਗਾਤਾਰ ਵੱਧ ਰਹੀ ਕਸੂਤੀ ਸਥਿਤੀ ਵਿੱਚੋਂ ਕੇਵਲ ਗੱਲਬਾਤ ਰਾਹੀਂ ਹੀ ਨਿਕਲਿਆ ਜਾ ਸਕਦਾ ਹੈ। ਇਸੇ ਦੌਰਾਨ ਕਾਲੇ ਸਾਗਰ ਵਿਚਲੇ ਨੈਸ਼ਨਲ ਗਾਰਡ ਬੇਸ ’ਤੇ ਹੋਏ ਹਮਲੇ ਮਗਰੋਂ ਯੂਕਰੇਨੀ ਦਸਤਿਆਂ ਨੇ ਤਿੰਨ ਰੂਸ ਪੱਖੀ ਅਤਿਵਾਦੀ ਮਾਰ ਦਿੱਤੇ ਅਤੇ 13 ਜ਼ਖ਼ਮੀ ਕਰ ਦਿੱਤੇ। 

ਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਨੂੰ ਇਸ ਦੀਆਂ ਯੂਕਰੇਨ ਨੂੰ ਅਸਥਿਰ ਕਰਨ ਦੀਆਂ ਕਾਰਵਾਈਆਂ ਦੇ ‘ਸਿੱਟੇ’ ਭੁਗਤਣ ਬਾਰੇ ਚਿਤਾਵਨੀ ਦਿੱਤੀ ਹੈ। ਪੂਤਿਨ ਨੇ ਰੂਸ ਟੀਵੀ ’ਤੇ ਕਿਹਾ ਕਿ ਹਥਿਆਰਬੰਦ ਫੌਜਾਂ, ਟੈਂਕਾਂ ਤੇ ਜਹਾਜ਼ਾਂ ਰਾਹੀਂ ਨਹੀਂ ਬਲਕਿ ਸਿਰਫ ਤੇ ਸਿਰਫ ਗੱਲਬਾਤ ਰਾਹੀਂ ਹੀ ਦੇਸ਼ ਵਿੱਚ ਟਿਕ-ਟਿਕਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵਿਕਟਰ ਯਾਨੂਕੋਵਿਚ ਦੇ ਗੱਦੀਓਂ ਲਹਿਣ ਮਗਰੋਂ ਸੱਤਾ ’ਤੇ ਕਾਬਜ਼ ਲੋਕ ਦੇਸ਼ ਨੂੰ ‘ਧੁੰਦਕਾਰ’ ਵਿੱਚ ਧੱਕ ਰਹੇ ਹਨ। ਉਨ੍ਹਾਂ ਇਸ ਦਾਅਵੇ ਨੂੰ ਵੀ ‘ਬੇਵਜ੍ਹਾ’ ਕਰਾਰ ਦਿੱਤਾ ਕਿ ਪੂਰਬੀ ਯੂਕਰੇਨ ਵਿੱਚ ਰੂਸੀ ਫੌਜਾਂ ਹਨ। ਉਨ੍ਹਾਂ ਕਿਹਾ ਕਿ ਰੋਸ ਪ੍ਰਗਟਾ ਰਹੇ ਸਾਰੇ ਲੋਕ ਸਥਾਨਕ ਹਨ।

ਕਾਲੇ ਸਾਗਰ ਵਿੱਚ ਮਾਰੀਉਪੁੱਲ ਅੱਡੇ ’ਤੇ ਕੋਈ 300 ਮੋਲੋਟੋਵ ਕਾਕਟੇਲ ਨਾਲ ਲੈੱਸ ਬੰਦਿਆਂ ਨੇ ਕੱਲ੍ਹ ਹਮਲਾ ਕਰ ਦਿੱਤਾ ਸੀ, ਜਿਨ੍ਹਾਂ ਨੂੰ ਯੂਕਰੇਨ ਦੀ ਨੈਸ਼ਨਲ ਗਾਰਡ ਤੇ ਪੁਲੀਸ ਨੇ ਪਿਛਾਂਹ ਧੱਕ ਦਿੱਤਾ ਤੇ 63 ਲੋਕ ਹਿਰਾਸਤ ਵਿੱਚ ਲੈ ਲਏ। ਇਸੇ ਦੌਰਾਨ ਤਿੰਨ ਰੂਸ ਪੱਖੀ ਵਿਅਕਤੀ ਮਾਰੇ ਗਏ ਤੇ 13 ਜ਼ਖ਼ਮੀ ਹੋ ਗਏ। ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਰੂਸ ਦੀਆਂ ਯੂਕਰੇਨ ਨੂੰ ਅਸਥਿਰ ਕਰਨ ਵਾਲੀਆਂ ਕਾਰਵਾਈਆਂ ਲਈ ਇਸ ਨੂੰ ‘ਸਿੱਟੇ ਭੁਗਤਣ’ ਦੀ ਚਿਤਾਵਨੀ ਦਿੱਤੀ ਹੈ ਅਤੇ ਨਾਲ ਹੀ ਕਿਹਾ ਹੈ ਕਿ ਮਾਸਕੋ ਫੌਜੀ ਟਕਰਾਅ ਨਹੀਂ ਚਾਹੁੰਦਾ ਕਿਉਂਕਿ ਇਸ ਨੂੰ ਪਤਾ ਹੈ ਕਿ ਅਮਰੀਕੀ ਸੈਨਾ ਵਧੇਰੇ ਸਮਰੱਥ ਹੈ। 

ਓਬਾਮਾ ਨੇ ਸੀ ਬੀ ਐਸ ਨਿਊਜ਼ ਨਾਲ ਇਕ ਇੰਟਰਵਿਊ ਵਿੱਚ ਕਿਹਾ ਕਿ ਹਰੇਕ ਵਾਰ ਰੂਸ ਯੂਕਰੇਨ ਨੂੰ ਅਸਥਿਰ ਕਰਨ ਤੇ ਉਨ੍ਹਾਂ ਦੀ ਪ੍ਰਭੂਸੱਤਾ ਲਈ ਅੜਿੱਕੇ ਡਾਹੁੰਦਾ ਰਹਿੰਦਾ ਹੈ, ਇਨ੍ਹਾਂ ਦੇ ਕੋਈ ਨਾ ਕੋਈ ਸਿੱਟੇ ਤਾਂ ਨਿਕਲਣਗੇ। ਓਬਾਮਾ ਨੇ ਦੋਸ਼ ਲਾਇਆ ਕਿ ਹਾਲ ਹੀ ਵਿੱਚ ਯੂਕਰੇਨ ਵਿੱਚ ਹੋ ਰਹੀਆਂ ਵਿਰੋਧੀ ਕਾਰਵਾਈਆਂ ਲਈਆਂ ਰੂਸ ਦਾ ਹੱਥ ਹੈ ਤੇ ਇਹ ਯੂਕਰੇਨ ਨੂੰ ਅਸਥਿਰ ਕਰਨ ਦੇ ਆਹਰ ਵਿੱਚ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਗੈਰ-ਰਾਜਕੀ ਅਤਿਵਾਦੀਆਂ ਦੀ ਦੱਖਣੀ ਤੇ ਪੂਰਬੀ ਯੂਕਰੇਨ ਵਿੱਚ ਮੱਦਦ ਕੀਤੀ ਤੇ ਅਮਰੀਕਾ ਨੇ ਅਜਿਹੀਆਂ ਸਰਗਰਮੀਆਂ ਦੇਖੀਆਂ ਹਨ। ਓਬਾਮਾ ਨੇ ਪੈਂਟਾਗਨ ਅਧਿਕਾਰੀਆਂ ਦੀ ਇਹ ਰਿਪੋਰਟ ਦੱਬਣ ਦੇ ਯਤਨ ਕੀਤੇ ਕਿ ਰੂਸੀ ਜੈੱਟ, ਕਾਲੇ ਸਾਗਰ ਵਿੱਚ ਅਮਰੀਕਾ ਦੇ ਨੇਵੀ ਨਾਸ਼ਕ ਨੇੜਿਓਂ ਕਈ ਵਾਰ ਲੰਘਿਆ ਹੈ। ਉਨ੍ਹਾਂ ਕੇਵਲ ਇੰਨਾ ਕਿਹਾ ਕਿ ਰੂਸ ਅਮਰੀਕਾ ਨਾਲ ਫੌਜੀ ਟਕਰਾਅ ਨਹੀਂ ਚਾਹੁੰਦਾ, ਬੱਸ ਕੇਵਲ ਇਹ ਚਾਹੁੰਦਾ ਹੈ ਕਿ ਯੂਕਰੇਨ ਨੂੰ ਗੁਆਂਢੀਆਂ ਨਾਲ ਸਬੰਧ ਰੱਖਣ ਲਈ ਕੋਈ ਹੋਰ ਮੁਲਕ ਨਾ ਦੱਸੇ।



Archive

RECENT STORIES