Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਈ ਕੁਲਵੀਰ ਸਿੰਘ ਹੀਰੇ ਨੂੰ ਜਮਾਨਤ ਨਹੀਂ ? …ਕਿਉਂਕਿ ਉਹ ਵੀ ਸਿੱਖ ਹੈ।

Posted on May 14th, 2013

<p><h2> ਭਾਈ ਕੁਲਵੀਰ ਸਿੰਘ ਹੀਰਾ</h2></p>

- ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਜਿਲ੍ਹਾ ਕਚਹਿਰੀਆਂ, ਲੁਧਿਆਣਾ।

0091-985-540-1843

ਭਾਰਤੀ ਨਿਆਂਇਕ ਸਿਸਟਮ ਵਿਚ ਸਿੱਖਾਂ ਨੂੰ ਨਿਆਂ ਮਿਲ ਜਾਵੇ ਤੇ ਉਹ ਵੀ ਰਹਿੰਦੇ ਸਮੇਂ ਵਿਚ ਤਾਂ ਉਹ ਬੜੀ ਅਲੋਕਾਰੀ ਗੱਲ ਹੋ ਜਾਵੇਗੀ। ਸਿੱਖਾਂ ਨੂੰ ਸਿੱਖ ਹੋਣ ਵਜੋਂ ਮਾਨਤਾ ਨਾ ਮਿਲਣ ਤੋਂ ਲੈ ਕੇ ਸਿੱਖ, ਸਿੱਖੀ ਤੇ ਸਿੱਖ ਸਿਧਾਤਾਂ ਨਾਲ ਹਰ ਪੱਧਰ ਉਪਰ ਅਨਿਆਂ ਹੀ ਅਨਿਆਂ ਹੈ ਜਾਂ ਕਹਿ ਸਕਦੇ ਹਾਂ ਕਿ ਸਿੱਖਾਂ ਉਪਰ ਅਨਿਆਂ ਦਾ ਐਨਾ ਜਿਆਦਾ ਭਾਰ ਪੈ ਚੁੱਕਾ ਹੈ ਕਿ ਜੇ ਛੇਤੀ ਇਸ ਵਿਰੁੱਧ ਸੰਘਰਸ਼ ਨਾ ਕੀਤਾ ਤਾਂ ਸਿੱਖ  ਆਪਣੇ ਗੁਰੂ-ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਨਜ਼ਰਾਂ ਨਾ ਮਿਲਾ ਸਕਣਗੇ।

ਮੈਂ ਗੱਲ ਸਿੱਖਾਂ ਦੇ ਵੱਡੇ ਕਤਲੇਆਮ ਜੂਨ-ਨਵੰਬਰ ੧੯੮੪ ਵਿਚ ਨਿਆਂ ਨਾ ਮਿਲਣ ਦੀ ਨਹੀਂ ਕਰਨੀ ਕਿਉਂਕਿ ਉਹ ਬਹੁਤ ਵੱਡੀ ਗੱਲ ਹੈ। ਮੈਂ ਤਾਂ ਛੋਟਾ ਜਿਹਾ ਸਿੱਖ ਹਾਂ ਤੇ ਇੱਕ ਛੋਟੀ ਜਿਹੀ ਉਦਾਹਰਨ ਹੀ ਦੇਣੀ ਹੈ ਕਿ ਸਿੱਖੋ! ਤੁਸੀ ਹਜ਼ਾਰਾਂ ਸਿੱਖਾਂ ਦੇ ਵਹਿਸ਼ੀਆਨਾ ਕਤਲਾਂ ਤੇ ਬਲਾਤਕਾਰਾਂ ਵਿਚ ਨਿਆਂ ਮਿਲਣ ਦੀ ਆਸ ਲਗਾਈ ਬੈਠੇ ਹੋ ਪਰ ਦੇਖੋ ਇਹ ਸਿਸਟਮ ਤਾਂ ਬੱਸ ਸਿੱਖ ਹੋਣ ਕਾਰਨ ਕਿਸੇ ਨਾਲ ਕਿੰਨਾ ਧੱਕਾ ਕਰ ਸਕਦਾ ਹੈ ਇਸਦੀ ਉਦਾਹਰਨ ਮੈਂ ਤੁਹਾਨੂੰ ਦੱਸਦਾ।

ਵਕੀਲ ਹੋਣ ਨਾਤੇ ਮੈਨੂੰ ਭਲੀਭਾਂਤ ਪਤਾ ਹੈ ਅਤੇ ਹੋਰਨਾਂ ਨੂੰ ਵੀ ਪਤਾ ਹੋਵੇਗਾ ਕਿ ਜੇਕਰ ਕਿਸੇ ਕੋਲੋਂ ਬਿਨਾਂ ਲਾਇਸੰਸੀ ਦੇਸੀ ਪਿਸਤੌਲ ਬਰਾਮਦ ਹੋ ਜਾਵੇ ਤਾਂ ਉਸਦੀ ਹਫਤੇ ਦਸ ਦਿਨਾਂ ਵਿਚ ਇਲਾਕਾ ਮੈਜਿਸਟਰੇਟ ਦੀ ਕੋਰਟ ਵਿਚੋਂ ਹੀ ਜਮਾਨਤ ਹੋ ਜਾਂਦੀ ਹੈ ਅਤੇ ਲੁਧਿਆਣੇ ਵਿਚ ਰੋਜਾਨਾ ਅਸਲਾ ਐਕਟ ਅਧੀਨ ਅਨੇਕਾਂ ਦੇਸੀ ਪਿਸਤੌਲ ਫੜ੍ਹ ਕੇ ਕੇਸ ਪਾਏ ਜਾਂਦੇ ਹਨ ਅਤੇ ਇਹਨਾਂ ਵਿਚੋਂ ਕਈ ਪਰਵਾਸੀ ਮਜਦੂਰ ਵੀ ਹੁੰਦੇ ਹਨ ਜਿਹਨਾਂ ਨੂੰ ਵੀ ਹਫਤੇ ਦਸਾਂ ਦਿਨਾਂ ਵਿਚ ਜ਼ਮਾਨਤ ਮਿਲ ਜਾਂਦੀ ਹੈ ਪਰ ਹੈਰਾਨੀ ਹੁੰਦੀ ਹੈ ਜਦੋਂ ਪਿਸਤੌਲ ਕਿਸੇ ਸਿੱਖ ਕੋਲੋਂ ਫੜਿਆ ਦਿਖਾਇਆ ਜਾਂਦਾ ਹੈ ਤਾਂ ਉਸ ਉੱਤੇ ਸਪੈਸ਼ਲ ਟਾਡਾ-ਪੋਟਾ ਦਾ ਨਵਾਂ ਅਵਤਾਰ ਯੂ.ਏ.ਪੀ ਐਕਟ ਲਗਾ ਦਿੱਤਾ ਜਾਂਦਾ ਹੈ ਤਾਂ ਉਸਦੀ ਜਮਨਾਤ ਕਰੀਬ ੩ ਸਾਲਾਂ ਬਾਅਦ ਹਾਈ ਕੋਰਟ ਵਲੋਂ ਵੀ ਨਹੀਂ ਦੱਤੀ ਜਾਂਦੀ।ਬਸ ਇਹੀ ਕਹਾਣੀ ਹੈ ਭਾਈ ਕੁਲਵੀਰ ਸਿੰਘ ਹੀਰਾ ਪੁੱਤਰ ਸਵਰਨ ਸਿੰਘ ਵਾਸੀ ਲੁਧਿਆਣਾ ਦੀ।

ਜੁਲਾਈ ੨੦੧੦ ਵਿਚ ਸਿੰਗਾਰ ਸਿਨੇਮਾ ਬੰਬ ਕਾਂਡ ਵਿਚ ਪੁਲਿਸ ਵਲੋਂ ਭਗੌੜਾ ਕਰਾਰ ਦਿੱਤਾ ਗਿਆ ਭਾਈ ਹਰਮਿੰਦਰ ਸਿੰਘ ਫੜਿਆ ਗਿਆ ਤੇ ਪੁਲਿਸ ਨੇ ਸੋਚਿਆ ਕਿ ਇਸ ਦੇ ਫੜ੍ਹਨ ਦੀ ਆੜ ਹੇਠ ਹੋਰਨਾਂ ਨੂੰ ਵੀ ਟੰਗ ਲਿਆ ਜਾਵੇ ਤਾਂ ਜੋ ਪੰਜਾਬ ਵਿਚ ਅੱਤਵਾਦ ਆਉਂਣ ਦੇ ਨਾਮ ਹੇਠ ਹਊਆ ਖੜਾ ਕਰਕੇ ਪੁਲਿਸ ਦੀਆਂ ਤਾਕਤਾਂ ਵਿਚ ਵਾਧਾ ਤੇ ਆਮ ਲੋਕਾਂ ਵਿਚ ਦਹਿਸ਼ਤ ਕਾਇਮ ਰੱਖੀ ਜਾ ਸਕੇ। ਹਰਮਿੰਦਰ ਸਿੰਘ ਨਾਲ ਜੋੜ ਕੇ ਭਾਈ ਕੁਲਵੀਰ ਸਿੰਘ ਹੀਰਾ ਨੂੰ ਵੀ ਘਰ ਤੋਂ ਚੁੱਕ ਲਿਆ ਗਿਆ ਕਿਉਂਕਿ ਉਸਦਾ ਕਸੂਰ ਸੀ ਕਿ ਉਹ ਸਿੱਖ ਸੀ ਤੇ ਸਿੱਖ ਵੀ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੀ ਜੰਮਣ ਭੋਂਇ ਦੇ ਦਰਸ਼ਨ ਕਰਨ ਗਿਆ ਸੀ। ਉਹ ੧੯੮੮ ਵਿਚ ਵੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਿਆ ਸੀ ਜਿੱਥੇ ਉਸ ਨੂੰ ਫੜ੍ਹ ਕੇ ਕੇਸ ਪਾ ਦਿੱਤਾ ਗਿਆ ਸੀ ਜੋ ਬਾਦ ਵਿਚ ਬਰੀ ਹੋ ਗਿਆ ਸੀ। ਤੇ ਇਸ ਵਾਰੀ ਪਾਕਿਸਤਾਨ ਵਿਚਲੇ "ਪੰਥ ਤੋਂ ਵਿਛੋੜੇ ਗੁਰਧਾਮਾਂ" ਦੇ ਦਰਸ਼ਨ ਕਰਨ ਤੋਂ ਬਾਅਦ ਉਸਨੂੰ ਪਾਕਿਸਤਾਨ ਤੋਂ ਆਏ ਖਾੜਕੂ ਸਿੰਘ ਹਰਮਿੰਦਰ ਸਿੰਘ ਨਾਲ ਜੋੜ੍ਹਨ ਲਈ ਗ੍ਰਿਫਤਾਰ ਕਰ ਲਿਆ ਗਿਆ ਪਰ ਨਾ ਹੀ ਪਹਿਲਾਂ ਤੇ ਨਾ ਹੀ ਹੁਣ ਉਸ ਪਾਸੋਂ ਕੁਝ ਬਰਾਮਦ ਹੋਇਆ ਪਰ ਪੁਲਸ ਨੇ aਸਨੂੰ ਸੁੱਕਾ ਨਾ ਜਾਣ ਦਿੱਤਾ ਤੇ ਉਸ ਉਪਰ ਇਕ ੩੧੫ ਬੋਰ ਦਾ ਦੇਸੀ ਕੱਟਾ ਪਾ ਕੇ ੨੩ ਜੁਲਾਈ ੨੦੧੦ ਨੂੰ ਉਸਦੀ ਗ੍ਰਿਫਤਾਰੀ ਇਕ "ਨਾਕੇ" ਤੋਂ ਪਾ ਦਿੱਤੀ। ਫੇਰ ਪੁਲਿਸ ਨੇ ਸੋਚਿਆ ਕਿ ਇਸ ਤਰ੍ਹਾਂ ਦੇ ਤਾਂ ਅਨੇਕਾਂ ਕੇਸ ਪਾਉਂਦੇ ਹਾਂ ਰੋਜ਼ ਤੇ ਬੰਦੇ ਹਫਤੇ ਦਸ ਦਿਨਾਂ ਬਾਦ ਛੁੱਟ ਆਉਂਦੇ ਨੇ ਜਮਾਨਤ 'ਤੇ ਤਾਂ ਫਿਰ ਉਹਨਾਂ ਨੇ ਸਪੈਸ਼ਲ ਐਕਟ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਂਵਾਂ ਵੀ ਜੋੜ ਦਿੱਤੀਆਂ ਜਿਹਨਾਂ ਦੀ ਪੂਰਤੀ ਕਰਨ ਲਈ ਪੁਲਿਸ ਨੇ ਆਪਣੇ ਰਾਖਵੇਂ ਗਵਾਹਾਂ ਦੀ ਗਵਾਹੀ ਲਿਖੀ ਕਿ ਇਹ ਬੰਦਾ ਕੁਲਵੀਰ ਸਿੰਘ ਸਾਨੂੰ ਮਿਲ ਕੇ ਕਹਿੰਦਾ ਸੀ ਕਿ ਮੇਰੇ ਬੱਬਰ ਖਾਲਸਾ ਨਾਲ ਸਬੰਧ ਹੈ, ਅਸਲਾ, ਬਾਰੂਦ ਦੀ ਕੋਈ ਕਮੀ ਨਹੀਂ ਆਉਂਣ ਦਿੱਤੀ ਜਾਵੇਗੀ ਤੇ ਖਾਲਿਸਤਾਨ ਬਣਾਉਂਣ ਲਈ ਫੰਡ ਵੀ ਦਿਓ, ਅਦਿ ਆਦਿ।

ਇਹ ਸਾਰੀਆਂ ਗੱਲਾਂ-ਬਾਤਾਂ ਕਾਰਨ ਨਾ ਸੈਸ਼ਨ ਕੋਰਟ ਤੇ ਨਾ ਹੀ ਹਾਈਕੋਰਟ ਨੇ ਭਾਈ ਕੁਲਵੀਰ ਸਿੰਘ ਹੀਰਾ ਨੂੰ ਜਮਾਨਤ  ਦਿੱਤੀ। ਪਰ ਸਿਤਮਜ਼ਰੀਫੀ ਦੀ ਗੱਲ ਹੈ ਕਿ ਇਹਨਾਂ ਪੁਲਿਸ ਦੇ ਰਾਖਵੇਂ ਗਵਾਹਾਂ ਦੇ ਕੋਰਟ ਵਿਚ ਆ ਕੇ ਕੁਲਵੀਰ ਸਿੰਘ ਵਿਰੁੱਧ ਪੁਲਸ ਵਲੋਂ ਲਿਖੇ ਬਿਆਨਾਂ ਤੋਂ ਪਾਸਾ ਵੱਟਣ ਦੇ ਬਾਵਜੂਦ ਵੀ ਉਸਨੂੰ ਜਮਾਨਤ ਨਾ ਮਿਲੀ।

ਉਹ ਇਕ ਭਲਾ ਜਿਹਾ ਛੋਟੇ ਕੱਦ ਦਾ ਸਿੱੱਖ ਹੈ ਜਿਸਦਾ ਚੇਹਰਾ ਹਮੇਸ਼ਾ ਹਸੂੰ-ਹਸੂੰ ਕਰਦਾ ਰਹਿੰਦਾ ਹੈ ਪਰ ਉਸਨੂੰ ਹੈਰਾਨੀ ਵੀ ਹੁੰਦੀ ਹੈ ਕਿ ਆਖਰ ਹੋ ਕੀ ਰਿਹਾ ਹੈ? ਤੇ ਉਸਦੀ ਜਮਾਨਤ ਹਾਈ ਕੋਰਟ ਬਾਰ-ਬਾਰ ਖਾਰਜ਼ ਕਿਉਂ ਕਰ ਰਿਹਾ ਹੈ ਅਤੇ ਜਿਸ ਲੁਧਿਆਣਾ ਕੋਰਟ ਵਿਚ ਉਸਦਾ ਕੇਸ ਚੱਲ ਰਿਹਾ ਹੈ ਉੱਥੇ ਵੀ ਤਾਰੀਕ ਤੋਂ ਬਾਅਦ ਤਾਰੀਕ ਹੀ ਪਾਈ ਜਾ ਰਹੀ ਹੈ।ਉਸਦੀ ਪਤਨੀ ਤੇ ਇੱਕ ਪੁੱਤਰ ਤੇ ਇਕ ਧੀ ਵੀ ਉਸਦੀ ਤਰੀਕ ਵਾਲੇ ਦਿਨ ਉਸਨੂੰ ਨਾਲ ਘਰ ਲੈ ਜਾਣ ਦੀ ਆਸ ਨਾਲ ਆਉਂਦੇ ਹਨ ਪਰ ਹਰ ਬਾਰ ਨਿਰਾਸ਼ ਹੋ ਕੇ ਮੁੜ ਜਾਂਦੇ ਹਨ। ਹੁਣ ਤਾਂ ਉਸਦੀ ਧੀ ਨੇ ਵੀ ਵਕਾਲਤ ਕਰਕੇ ਵਕੀਲ ਬਣਨ ਦਾ ਸੁਪਨਾ ਦੇਖ ਲਿਆ ਹੈ।

ਦੇਸੀ ਪਿਸਤੌਲ ਦੇ ਅਜਿਹੇ ਆਮ ਕੇਸਾਂ ਵਿਚ ਵੀ ਆਮ ਤੌਰ 'ਤੇ ਸਾਲ ਜਾਂ ਛੇ ਮਹੀਨੇ ਦੀ ਸਜ਼ਾ ਹੁੰਦੀ ਹੈ ਪਰ ਕੁਲਵੀਰ ਸਿੰਘ ਤਾਂ ਲਗਭਗ ੩ ਸਾਲ ਪਹਿਲਾਂ ਦੀ ਕੱਟ ਚੁੱਕਾ ਹੈ। ਪਿਛਲ਼ੇ ਦਿਨੀ ਸਰਕਾਰੀ ਧਿਰ ਵਲੋਂ ਉਸਦੇ ਕੰਨੀ ਪਾਇਆ ਗਿਆ ਕਿ ਸਰਕਾਰੀ ਗਵਾਹੀਆਂ ਤਾਂ ਅਜੇ ਛੇਤੀ ਨੀਂ ਮੁੱਕਣੀਆਂ, ਤੂੰ ਆਪਣੇ ਜ਼ੁਰਮ (ਪਿਸਤੌਲ ਰੱਖਣ ਦਾ) ਦਾ ਇਕਬਾਲ ਕਰ ਲੈ ਤਾਂ ਤੇਰਾ ਕੱਟੀ-ਕਟਾਈ ਵਿਚ ਹੀ ਸਰ ਜਾਵੇਗਾ।ਪਰ ਮੈਂ ਉਸਨੂੰ ਇਕਬਾਲ ਕਰਕੇ ਸਰਕਾਰੀ ਦਾਅ-ਪੇਚ ਵਿਚ ਫਸਣ ਤੋਂ ਬਚਣ ਦੀ ਸਲਾਹ ਦਿੱਤੀ।

ਮੈਂ ਕਈ ਵਾਰ "ਸਾਡੇ ਅਕਾਲ ਤਖ਼ਤ ਸਾਹਿਬ" ਦੇ ਬਾਦਲ ਦਲ ਦੇ ਜਥੇਦਾਰ ਨੂੰ ਕਹਿੰਦਿਆਂ ਸੁਣਿਆ ਹੈ ਕਿ ਸਰਕਾਰ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਰਿਹਾਅ ਕਰੇ ਅਤੇ ਪਿਛਲੇ ਦਿਨੀਂ ਜਥੇਦਾਰ ਜੀ ਦਿੱਲੀ ਜਾ ਕੇ ਵੀ ਇਹ ਗੱਲ ਕਹਿ ਰਹੇ ਸਨ ਕਿ ਸਰਕਾਰ ਜੇਲ੍ਹਾਂ ਵਿਚ ਬੈਠੇ ਸਿੱਖ ਨੌਜਵਾਨਾਂ ਨੂੰ ਰਿਹਾਅ ਕਰੇ ਪਰ ਮੈਨੂੰ ਸਮਝ ਆਉਂਦੀ ਹੈ ਕਿ ਕਿੱਡੇ ਬੇਸ਼ਰਮ ਨੇ ਇਹ ਲੋਕ ਤੇ ਕਿੰਨੀਆਂ ਡਿੱਗ ਚੁੱਕੀਆਂ ਨੇ ਇਹਨਾਂ ਦੀਆਂ ਜ਼ਮੀਰਾਂ ਕਿ ਇਕ ਪਾਸੇ ਸਿੱਖ, ਸਿੱਖੀ ਤੇ ਸਿੱਖ ਸਿਧਾਤਾਂ ਦੇ ਕਾਤਲ ਕੁਹਾੜੇ ਦਾ ਦਸਤਾ ਬਣੀ ਬੈਠੇ ਬਾਦਲ ਵਰਗਿਆਂ ਨੂੰ ਫਕਰੇ-ਕੌਮ ਦਾ ਖਿਤਾਬ ਦੇ ਦੂਜੇ ਪਾਸੇ ਬਾਦਲ ਵਲੋਂ ਜੇਲ੍ਹਾਂ ਵਿਚ ਨਾਜ਼ਾਇਜ਼ ਬੰਦ ਕੀਤੇ ਸਿੱਖ ਨੌਜਵਾਨਾਂ ਨੂੰ ਛੁਡਾਉਂਣ ਲਈ ਦਿੱਲੀ ਵਿਚ ਫੋਕੀਆਂ ਬੜ੍ਹਕਾਂ। ਮੈਂ ਤਾਂ ਉਹ ਢੰਗ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਮੀਰੀ-ਪੀਰੀ ਦੇ ਮਾਲਕ ਦੇ ਅਸਥਾਨ ਅਤੇ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਬੈਠ ਕੇ ਕੁਫਰ ਤੋਲਣ ਵਾਲਿਆਂ ਨੂੰ ਗੁਰੂ ਪਾਤਸ਼ਾਹ ਤੇਲ ਦੇ ਕੜਾਹਿਆਂ ਵਿਚ ਪਾ ਕੇ ਸਾੜਣ ਨਾਲੋਂ ਹੋਰ ਕਿਹੜੀ ਭੈੜੀ ਸਜ਼ਾ ਦੇਵੇਗਾ। ਗੁਰੂ ਭਲ਼ੀ ਕਰੇ!

ਮੇਰੀ ਕੀਤੀ ਚਰਚਾ ਦਾ ਤੱਤ ਤਾਂ ਇਹ ਹੈ ਕਿ ਭਾਈ ਕੁਲਵੀਰ ਸਿੰਘ ਹੀਰਾ ਦੀ ਜਮਾਨਤ ਬੱਸ ਸਿਰਫ ਇਸ ਕਰਕੇ ਨਹੀਂ ਹੋਈ ਕਿਉਂਕਿ ਉਹ ਸਿੱਖ ਹੈ ਤੇ ਜੇ ਉਸਦਾ ਕੇਸ ਹੋਰ ਦੋ ਮਹੀਨਿਆਂ ਨੂੰ ਬਰੀ ਵੀ ਹੋ ਜਾਂਦਾ ਹੈ ਤਾਂ ਉਸਦੇ ੩ ਸਾਲਾਂ ਦਾ ਹਿਸਾਬ ਕੌਣ ਦਊ? ਹੁਣ ਦੇਖੋ ਆਖਰੀ ਰਹਿੰਦਾ ਗਵਾਹ ਕਦੋ ਆ ਕੇ ਆਪਣੀ ਗਵਾਹੀ ਦਿੰਦਾ ਹੈ ਤਾਂ ਜੋ ਭਾਈ ਕੁਲਵੀਰ ਸਿੰਘ ਦਾ ਛੁਟਕਾਰਾ ਹੋ ਸਕੇ। ਨਹੀਂ ਤਾਂ ਸਿੱਖ ਤਾਂ ਜੇਲ੍ਹਾਂ ਵਿਚ "ਜਹਾਂ ਦਾਣੇ ਤਹਾਂ ਖਾਣੇ" ਵਾਲਾ ਸਲੋਕ ਪੜ੍ਹ ਕੇ ਸਤਿਗੁਰਾਂ ਦੇ ਭਾਣੇ ਵਿਚ ਦਿਨ ਕੱਟ ਹੀ ਰਹੇ ਹਨ।



Archive

RECENT STORIES