Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਹੀਦੀ ਯਾਦਗਾਰ ਬਾਰੇ ਫ਼ੈਸਲਾ ਨਾ ਹੋ ਸਕਿਆ

Posted on May 15th, 2013

<p>ਮੀਟਿੰਗ ਵਿੱਚ ਹਿੱਸਾ ਲੈ ਰਹੇ ਸਿੰਘ ਸਾਹਿਬਾਨ<br></p>

ਅੰਮ੍ਰਿਤਸਰ- ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਦੇ ਨਾਂ ਅਤੇ ਉਥੇ ਇਤਿਹਾਸ ਸਬੰਧੀ ਲਾਏ ਗਏ ਬੋਰਡ ਬਾਰੇ ਚੱਲ ਰਹੇ ਵਿਵਾਦ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿਚ ਇਸ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਮਾਮਲੇ ਨੂੰ ਅਗਾਂਹ ਪਾ ਦਿੱਤਾ ਗਿਆ ਹੈ। ਹੁਣ ਇਹ ਮਾਮਲਾ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ 6 ਜੂਨ ਨੂੰ ਮਨਾਏ ਜਾਂਦੇ ਅਰਦਾਸ ਦਿਵਸ ਮਗਰੋਂ ਵਿਚਾਰੇ ਜਾਣ ਦੀ ਸੰਭਾਵਨਾ ਹੈ।

ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅਤੇ ਤਖ਼ਤ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ ਸ਼ਾਮਲ ਹੋਏ। ਇਕੱਤਰਤਾ ਦੌਰਾਨ ਸ਼ਹੀਦੀ ਯਾਦਗਾਰ ਬਾਰੇ ਵਿਸ਼ੇਸ਼ ਤੌਰ ‘ਤੇ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਮੁੱਖ ਗ੍ਰੰਥੀਆਂ ਗਿਆਨੀ ਮੱਲ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਸਮੇਤ ਹੋਰਨਾਂ ਗ੍ਰੰਥੀਆਂ ਗਿਆਨੀ ਰਵੇਲ ਸਿੰਘ, ਗਿਆਨੀ ਮਾਨ ਸਿੰਘ, ਗਿਆਨੀ ਸੁਖਜਿੰਦਰ ਸਿੰਘ, ਗਿਆਨੀ ਜਗਤਾਰ ਸਿੰਘ, ਗਿਆਨੀ ਜਸਵਿੰਦਰ ਸਿੰਘ ਨੂੰ ਵੀ ਸੱਦ ਕੇ ਉਨ੍ਹਾਂ ਦੀ ਰਾਏ ਲਈ ਗਈ।

ਇਕੱਤਰਤਾ ਮਗਰੋਂ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਲਹਾਲ ਇਹ ਮਾਮਲਾ ਵਿਚਾਰ ਅਧੀਨ ਹੈ। ਇਸ ਸਬੰਧੀ ਕਈ ਸਿੱਖ ਜਥੇਬੰਦੀਆਂ ਤੇ ਸ਼ਹੀਦ ਪਰਿਵਾਰਾਂ ਨੇ ਸੁਝਾਅ ਭੇਜੇ ਹਨ ਅਤੇ ਭੇਜ ਰਹੇ ਹਨ। ਕਈਆਂ ਨੇ ਸੁਝਾਅ ਦਿੱਤਾ ਹੈ ਕਿ ਇਥੇ ਸਮੂਹ ਸ਼ਹੀਦਾਂ ਦੇ ਨਾਂ ਲਿਖੇ ਜਾਣ, ਕਈਆਂ ਨੇ ਯਾਦਗਾਰ ਦਾ ਨਾਂ ਸਮੂਹ ਸ਼ਹੀਦਾਂ ਦੇ ਨਾਂ ‘ਤੇ ਰੱਖਣ ਅਤੇ ਕਈਆਂ ਨੇ ਮੌਜੂਦਾ ਨਾਂ ਨੂੰ ਠੀਕ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਮੁੱਚੇ ਸੁਝਾਅ ਘੋਖਣ ਮਗਰੋਂ ਸਿੱਖ ਭਾਵਨਾਵਾਂ ਦੀ ਰੌਸ਼ਨੀ ਵਿਚ ਫੈਸਲਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਭਾਵ ਸ਼ੋ੍ਰਮਣੀ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਬੁਲਾ ਕੇ ਸਰਬਸੰਮਤ ਹੱਲ ਕੱਢਣ ਦਾ ਯਤਨ ਕੀਤਾ ਜਾਵੇਗਾ।

ਉਨ੍ਹਾਂ ਬਿਨਾਂ ਕਿਸੇ ਜਥੇਬੰਦੀ ਦਾ ਨਾਂ ਲਏ ਆਖਿਆ ਕਿ ਇਸ ਮਾਮਲੇ ਵਿਚ ਕਿਸੇ ਧਿਰ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਇਹ ਸਿੱਖ ਕੌਮ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਨੂੰ ਵੀ ਇਸ ਵਿਚ ਦਖਲ ਅੰਦਾਜ਼ੀ ਦਾ ਹੱਕ ਨਹੀਂ ਹੈ। ਸਿੱਖ ਕੌਮ ਵੱਲੋਂ ਇਸਨੂੰ ਆਪ ਹੀ ਹੱਲ ਕੀਤਾ ਜਾਵੇਗਾ। ਗ਼ੌਰਤਲਬ ਹੈ ਕਿ ਭਾਜਪਾ ਅਤੇ ਕਾਂਗਰਸ ਸਮੇਤ ਕੁਝ ਹੋਰ ਸਿਆਸੀ ਪਾਰਟੀਆਂ ਵਲੋਂ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲੇ ਦੇ ਨਾਂ ‘ਤੇ ਰੱਖਣ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਉਨ੍ਹਾਂ ਯਾਦਗਾਰ ਵਿਵਾਦ ਨੂੰ ਵੱਡਾ ਤੇ ਗੰਭੀਰ ਮਾਮਲਾ ਦੱਸਿਆ ਅਤੇ ਆਖਿਆ ਕਿ ਇਸ ਬਾਰੇ ਕਾਹਲੀ ਵਿਚ ਕੋਈ ਫੈਸਲਾ ਨਹੀਂ ਕੀਤਾ ਜਾਵੇਗਾ। ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਵੀ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ 6 ਜੂਨ ਨੂੰ ਅਰਦਾਸ ਦਿਵਸ ਪਹਿਲਾਂ ਵਾਂਗ ਅਕਾਲ ਤਖ਼ਤ ਸਾਹਿਬ ਵਿਖੇ ਹੀ ਮਨਾਇਆ ਜਾਵੇਗਾ। ਯਾਦਗਾਰ ਵਿਖੇ ਅਖੰਡ ਪਾਠ ਸ਼ੁਰੂ ਕੀਤੇ ਜਾਣ ਸਬੰਧੀ ਸੁਆਲ ਦੇ ਜੁਆਬ ਵਿਚ ਉਨ੍ਹਾਂ ਆਖਿਆ ਕਿ ਫਿਲਹਾਲ ਇਥੇ ਅਖੰਡ ਪਾਠ ਨਹੀਂ ਹੋਣਗੇ ਪਰ ਨਿੱਤ ਦੀ ਮਰਿਆਦਾ ਤਹਿਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇਗਾ, ਸਵੇਰੇ ਤੇ ਸ਼ਾਮ ਨੂੰ ਗੁਰਬਾਣੀ ਦਾ ਕੀਰਤਨ ਵੀ ਹੋਵੇਗਾ।

ਮਾਮਲਾ 6 ਜੂਨ ਤੋਂ ਪਹਿਲਾਂ ਹੱਲ ਹੋਣ ਦੀ ਉਮੀਦ ਬਾਰੇ ਪੁੱਛਣ ਉਤੇ ਉਨ੍ਹਾਂ ਕੋਈ ਸਪੱਸ਼ਟ ਉਤਰ ਨਹੀਂ ਦਿੱਤਾ। ਉਨ੍ਹਾਂ ਇਸ ਵਿਵਾਦ ਨੂੰ ਮਰਿਆਦਾ ਅਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਮਸਲਾ ਦੱਸਿਆ ਤੇ ਕਿਹਾ ਕਿ ਇਸ ‘ਤੇ ਸਿਰ ਜੋੜ ਕੇ ਵਿਚਾਰ ਕੀਤਾ ਗਿਆ। ਯਾਦਗਾਰ ਵਿਖੇ ਸੰਤ ਭਿੰਡਰਾਂਵਾਲੇ ਦੀ ਤਸਵੀਰ ਲਾਏ ਜਾਣ ਬਾਰੇ ਉਨ੍ਹਾਂ ਕਿਹਾ ਕਿ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਥੇ ਕਿਸੇ ਦੀ ਤਸਵੀਰ ਲਾਉਣ ਦੀ ਮਰਿਆਦਾ ਨਹੀਂ ਹੈ।

ਇਸ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਆਪਣੀ ਨਿੱਜੀ ਰਾਏ ਪ੍ਰਗਟਾਉਂਦਿਆਂ ਆਖਿਆ ਕਿ ਉਹ ਇਸ ਹੱਕ ਵਿਚ ਹਨ ਕਿ ਯਾਦਗਾਰ ਦਾ ਨਾਂ ਜਿਵੇਂ ਦਾ ਤਿਵੇਂ ਰੱਖਿਆ ਜਾਵੇ। ਉਨ੍ਹਾਂ ਦੀ ਇਸ ਰਾਏ ਦਾ ਕੋਲ ਖੜ੍ਹੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮੱਲ ਸਿੰਘ ਨੇ ਵੀ ਸਮਰਥਨ ਕੀਤਾ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਆਪਣੀ ਕੋਈ ਨਿੱਜੀ ਰਾਏ ਦੇਣ ਤੋਂ ਇਨਕਾਰ ਕਰਦਿਆਂ ਦਸਿਆ ਕਿ ਦੇਸ਼ ਵਿਦੇਸ਼ ਵਿਚ ਖਾਸ ਕਰ ਨੌਜਵਾਨ ਸਿੱਖ ਪੀੜ੍ਹੀ ਕਿਸ ਹੱਕ ਵਿਚ ਹਨ ਕਿ ਯਾਦਗਾਰ ਦਾ ਨਾਂ ਸੰਤ ਭਿੰਡਰਾਂਵਾਲਿਆਂ ਨਾਲ ਹੀ ਜੁੜਿਆ ਰਹੇ।



Archive

RECENT STORIES