Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਜੇ ਵੀ ਪਿੰਜਰੇ ਦਾ ਤੋਤਾ ਹੈ ਸੀਬੀਆਈ: ਰਾਜਨਾਥ

Posted on May 15th, 2013

<p>ਰਾਜਨਾਥ ਸਿੰਘ&nbsp;<br></p>

ਭਾਜਪਾ ਆਗੂਆਂ ਨੂੰ ਯੋਜਨਾਬੱਧ ਢੰਗ ਨਾਲ ਸਾਜ਼ਿਸ਼ ਅਧੀਨ ਫਸਾਇਆ ਜਾ ਰਿਹਾ ਹੈ

ਨਵੀਂ ਦਿੱਲੀ- ਸੋਹਰਾਬੂਦੀਨ ਫਰਜ਼ੀ ਪੁਲੀਸ ਮੁਕਾਬਲੇ ਕੇਸ ਵਿੱਚ ਭਾਜਪਾ ਆਗੂ ਗੁਲਾਬ ਚੰਦ ਕਟਾਰੀਆ ਵਿਰੁੱਧ ਦੋਸ਼ ਪੱਤਰ ਦਾਖਲ ਕਰਨ ਤੋਂ ਇਕ ਦਿਨ ਬਾਅਦ ਭਾਜਪਾ ਨੇ ਦੋਸ਼ ਲਾਇਆ ਕਿ ਸੀਬੀਆਈ ਕਾਂਗਰਸ ਦੇ ਇਸ਼ਾਰਿਆਂ ‘ਤੇ ਚੱਲ ਰਹੀ ਹੈ ਤੇ ਭਾਜਪਾ ਆਗੂਆਂ ਨੂੰ ਯੋਜਨਾਬੱਧ ਢੰਗ ਨਾਲ ਸਾਜ਼ਿਸ਼ ਅਧੀਨ ਫਸਾਇਆ ਜਾ ਰਿਹਾ ਹੈ। ਭਾਜਪਾ ਨੇ ਰਾਜਸੀ ਪ੍ਰਭਾਵ ਤੋਂ ਸੀਬੀਆਈ ਨੂੰ ਮੁਕਤ ਕਰਨ ਲਈ ਬਣਾਏ ਮੰਤਰੀਆਂ ਦੇ ਸਮੂਹ ਦੀ ਕਾਇਮੀ ਨੂੰ ਅੱਖੀਂ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਰਾਜਸਥਾਨ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਬ ਚੰਦ ਕਟਾਰੀਆ ਵਿਰੁੱਧ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹੈ ਤੇ ਭਾਜਪਾ ਸੀਬੀਆਈ ਅਤੇ ਕਾਂਗਰਸ ਦੀਆਂ ਸਾਜ਼ਿਸ਼ਾਂ ਨੂੰ ਕਾਨੂੰਨੀ ਤੌਰ ‘ਤੇ ਅਤੇ ਰਾਜਸੀ ਪੱਧਰ ‘ਤੇ ਜੱਗ ਜ਼ਾਹਰ ਕਰੇਗੀ।

ਭਾਜਪਾ ਨੇ ਸੀਬੀਆਈ ਵਿਰੁੱਧ ਇਹ ਦੋਸ਼ ਉਦੋਂ ਲਾਏ ਹਨ ਜਦੋਂ ਏਜੰਸੀ ਕੋਲ ਘੁਟਾਲੇ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਘਿਰੀ ਹੋਈ ਹੈ। ਸੁਪਰੀਮ ਕੋਰਟ ਨੇ ਸੀਬੀਆਈ ਦੀ ਇਸ ਗੱਲੋਂ ਖਿਚਾਈ ਕੀਤੀ ਹੈ ਕਿ ਕੋਲ ਘੁਟਾਲੇ ਸਬੰਧੀ ਜਾਂਚ ਰਿਪੋਰਟ ਵਿੱਚ ਉਸ ਨੇ ਕੇਂਦਰੀ ਕਾਨੂੰਨ ਮੰਤਰੀ ਦੇ ਕਹਿਣ ‘ਤੇ ਤਬਦੀਲੀ ਕੀਤੀ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੀਬੀਆਈ ਨੂੰ ਖ਼ੁਦਮੁਖਤਿਆਰ ਬਣਾਉਣ ਲਈ ਢੰਗ-ਤਰੀਕੇ ਲੱਭਣ ਲਈ ਮੰਤਰੀਆਂ ਦਾ ਸਮੂਹ ਕਾਇਮ ਕੀਤਾ ਹੈ।

ਇਸ ਨੂੰ ਸ੍ਰੀ ਰਾਜਨਾਥ ਸਿੰਘ ਨੇ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਕਾਰਵਾਈ ਕਰਾਰ ਦਿੱਤਾ ਹੈ।ਸ੍ਰੀ ਰਾਜਨਾਥ ਸਿੰਘ ਦੇ ਨਾਲ ਭਾਜਪਾ ਦੀ ਰਾਜਸਥਾਨ ਦੀ ਪ੍ਰਧਾਨ ਵਸੁੰਦਰਾ ਰਾਜੇ ਸਿੰਧੀਆ ਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਰੁਣ ਜੇਤਲੀ ਵੀ ਸਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵਿਰੁੱਧ ਕੇਸ ਇਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹਨ। ਕਟਾਰੀਆ ਵਿਰੁੱਧ ਸੀਬੀਆਈ ਦੇ ਦੋਸ਼ ਪੱਤਰ ਦਾ ਕੋਈ ਆਧਾਰ ਨਹੀਂ ਹੈ।ਸ੍ਰੀ ਅਰੁਣ ਜੇਤਲੀ ਨੇ ਕਿਹਾ ਕਿ ਸ੍ਰੀ ਕਟਾਰੀਆ ਆਪਣੀ ਭਰੋਸੇਯੋਗਤਾ ਅਤੇ ਅਸੂਲਾਂ ਲਈ ਜਾਣੇ ਜਾਂਦੇ ਹਨ। ਸੀਬੀਆਈ ਵੱਲੋਂ ਭਾਜਪਾ ਦੇ ਸੀਨੀਅਰ ਆਗੂਆਂ ਵਿਰੁੱਧ ਕੇਸ ਕਾਂਗਰਸ ਦੀ ਸ਼ਹਿ ਉੱਤੇ ਮੰਦਭਾਵਨਾ ਨਾਲ ਦਰਜ ਕੀਤੇ ਜਾ ਰਹੇ ਹਨ। ਸੋਹਰਾਬੂਦੀਨ ਕੇਸ ‘ਚ ਕਟਾਰੀਆ ਜੋ ਰਾਜਸਥਾਨ ਦੇ ਤਤਕਾਲੀ ਗ੍ਰਹਿ ਮੰਤਰੀ ਸਨ, ਵਿਰੁੱਧ ਸੀਬੀਆਈ ਵੱਲੋਂ ਸਪਲੀਮੈਂਟਰੀ ਚਾਲਾਨ ਪੇਸ਼ ਕਰਨਾ, ਸੀਬੀਆਈ ਦੀ ਭਾਜਪਾ ਆਗੂਆਂ ਨੂੰ ਫਸਾਉਣ ਦੀ ਕੋਝੀ ਚਾਲ ਹੈ। ਉਨ੍ਹਾਂ ਸੋਹਰਾਬੂਦੀਨ ਕੇਸ ਵਿੱਚ ਹੀ ਗੁਜਰਾਤ ਦੇ ਸਾਬਕਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਸੀਬੀਆਈ ਦੇ ਦਸਤਾਵੇਜ਼ ਦਿਖਾਉਂਦਿਆਂ ਕਿਹਾ ਕਿ ਏਜੰਸੀ ਸਾਲ 2010 ਵਿੱਚ ਅਮਿਤ ਸ਼ਾਹ ਦੇ ਰਾਹੀਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ।

ਸਰਕਾਰ ਵੱਲੋਂ ਦੋਸ਼ ਰੱਦ : ਸਰਕਾਰ ਨੇ ਭਾਜਪਾ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਕਿ ਸੀਬੀਆਈ ਭਾਜਪਾ ਆਗੂਆਂ ਨੂੰ ਫਸਾਉਣ ਲਈ ਕਾਂਗਰਸ ਦੇ ਇਸ਼ਾਰੇ ਉੱਤੇ ਕੰਮ ਕਰ ਰਹੀ ਹੈ। ਸਰਕਾਰ ਨੇ ਕਿਹਾ ਹੈ ਕਿ ਅਜਿਹੇ ਦੋਸ਼ ਹਮੇਸ਼ਾ ਹੀ ਉਦੋਂ ਸਾਹਮਣੇ ਆਉਂਦੇ ਹਨ ਜਦੋਂ ਮੁੱਖ ਵਿਰੋਧੀ ਧਿਰ ਕਿਸੇ ਔਕੜ ਵਿੱਚ ਘਿਰ ਜਾਂਦੀ ਹੈ। ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਰਾਜਸਥਾਨ ਭਾਜਪਾ ਦੇ ਆਗੂ ਗੁਲਾਬ ਚੰਦ ਕਟਾਰੀਆ ਵਿਰੁੱਧ ਸੀਬੀਆਈ ਵੱਲੋਂ ਚਾਰਜਸ਼ੀਟ ਦਾਇਰ ਕਰਨ ਸਬੰਧੀ ਅਰੁਣ ਜੇਤਲੀ ਵੱਲੋਂ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਦੋਸ਼ ਸਹੀ ਨਹੀਂ ਕਿ ਸਰਕਾਰ ਸੀਬੀਆਈ ‘ਤੇ ਕੋਈ ਰਾਜਨੀਤੀ ਕਰ ਰਹੀ ਹੈ।



Archive

RECENT STORIES