Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ ਵਿੱਚ ਛੇਤੀ ਲਾਗੂ ਹੋਵੇਗਾ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ- ਮੱਕੜ ਦਾ ਦਾਅਵਾ

Posted on May 22nd, 2014


ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਹੀ ਪ੍ਰਵਾਨ- ਬਿਸ਼ਨ ਸਿੰਘ

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਮੀਦ ਹੈ ਕਿ ਜਲਦੀ ਹੀ ਪਾਕਿਸਤਾਨ ਵਿੱਚ ਵੀ ਸਮੁੱਚੇ ਤੌਰ 'ਤੇ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਹੋ ਜਾਵੇਗਾ ਕਿਉਂਕਿ ਉੱਥੋਂ ਦੀ ਸੰਗਤ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਮੁਤਾਬਕ ਹਰ ਗੁਰਪੁਰਬ ਅਤੇ ਦਿਨ ਤਿਉਹਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਦੀ ਪ੍ਰਵਾਨਗੀ ਦਿੱਤੀ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕੀਤਾ। ਉਹ ਅਟਾਰੀ ਸਰਹੱਦ ਰਸਤੇ ਪਾਕਿਸਤਾਨ ਦੇ ਦੌਰੇ ਤੋਂ ਪਰਤੇ ਹਨ।

ਜਥੇਦਾਰ ਅਵਤਾਰ ਸਿੰਘ ਨੇ ਦਾਅਵਾ ਕੀਤਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਪੇਸ਼ਾਵਰ ਤੇ ਸਿੰਧ ਦੀਆਂ ਸੰਗਤਾਂ ਨਾਲ ਮੀਟਿੰਗਾਂ ਕੀਤੀਆਂ, ਜਿਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਦਿਆਂ  ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਦਿਨ ਤਿਉਹਾਰ ਅਤੇ ਗੁਰਪੁਰਬ ਮਨਾਉਣ ਦੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਥੋਂ ਦੀ ਸੰਗਤ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 1 ਜੂਨ ਨੂੰ ਹੀ ਮਨਾਇਆ ਜਾਵੇਗਾ। ਇਸ ਸਬੰਧੀ ਪੀਜੀਪੀਸੀ ਦੇ ਸਾਬਕਾ ਪ੍ਰਧਾਨ ਮਸਤਾਨ ਸਿੰਘ ਤੇ ਬਾਬਾ ਸ਼ਾਮ ਸਿੰਘ ਸਮੇਤ ਵਿਧਾਇਕ ਰਮੇਸ਼ ਸਿੰਘ ਅਰੋੜਾ ਤੇ ਹੋਰਾਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ।

ਸੰਗਤ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਹੀ ਪ੍ਰਵਾਨ- ਬਿਸ਼ਨ ਸਿੰਘ

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਵਿੱਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਹੀ ਮਨਾਇਆ ਜਾਵੇਗਾ। ਲਾਹੌਰ ਤੋਂ ਫੋਨ 'ਤੇ ਗੱਲ ਕਰਦਿਆਂ ਸਾਬਕਾ ਪ੍ਰਧਾਨ ਨੇ ਆਖਿਆ ਕਿ ਪਾਕਿਸਤਾਨ ਵਿੱਚ ਫਿਲਹਾਲ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਸਾਰੇ ਗੁਰਪੁਰਬ ਮਨਾਏ ਜਾ ਰਹੇ ਹਨ ਅਤੇ ਭਵਿੱਖ ਵਿੱਚ ਵੀ ਮਨਾਏ ਜਾਣਗੇ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤੇ ਗਏ ਦਾਅਵੇ ਕਿ ਪਾਕਿਸਤਾਨ ਦੀ ਸਿੱਖ ਸੰਗਤ ਅਕਾਲ ਤਖ਼ਤ ਤੋਂ ਜਾਰੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸਮਰਥਨ ਦੇਵੇਗੀ, ਨੂੰ ਰੱਦ ਕਰਦਿਆਂ ਆਖਿਆ ਕਿ ਸੰਗਤ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨਗੀ ਦਿੱਤੀ ਹੈ।



Archive

RECENT STORIES