Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿ ਸਿੱਖਾਂ ਵੱਲੋਂ ਸ਼ਹੀਦੀ ਦਿਹਾੜਾ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ ਤੋਂ ਨਾਂਹ

Posted on May 28th, 2014


ਅੰਮਿ੍ਤਸਰ- ਪਾਕਿਸਤਾਨ ਵਿਖੇ ਸਥਿਤ ਸਿੱਖ ਗੁਰਧਾਮਾਂ ਦੀ ਸਾਂਭ-ਸੰਭਾਲ ਅਤੇ ਧਾਰਮਿਕ ਦਿਹਾੜੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਮਨਾਉਣ ਦੀ ਸਹਿਮਤੀ ਬਣਾਉਣ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਦੇ ਦਾਅਵਿਆਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨੇ ਸ਼੍ਰੋਮਣੀ ਕਮੇਟੀ ਦੀ ਲਿਸਟ ਮੁਤਾਬਿਕ ਪਾਕਿਸਤਾਨ ਜਾਣ ਦੇ ਚਾਹਵਾਨ 250 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਨਾ ਦਿੱਤੇ | ਇਸ ਫੈਸਲੇ ਤੋਂ ਨਰਾਜ ਸ਼ੋ੍ਰਮਣੀ ਕਮੇਟੀ ਨੇ 1 ਜੂਨ ਤੋਂ ਬਾਅਦ ਆਪਣਾ ਜਥਾ ਪਾਕਿਸਤਾਨ ਭੇਜਣ ਤੋਂ ਮਨ੍ਹਾ ਕਰ ਦਿੱਤਾ ਹੈ | 

ਪਾਕਿਸਤਾਨ ਵਿਚਲੇ ਸੂਤਰਾਂ ਤੋਂ ਅੱਜ ਜਾਣਕਾਰੀ ਮਿਲੀ ਕਿ ਓਕਾਫ ਬੋਰਡ ਵੱਲੋਂ  ਸ਼ਹੀਦੀ ਦਿਹਾੜਾ 1 ਜੂਨ ਨੂੰ ਮਨਾਏ ਜਾਣ ਤੋਂ ਕਿਨਾਰਾ ਕਰਦਿਆਂ 16 ਜੂਨ ਦੀਆਂ ਹੀ ਤਿਆਰੀਆਂ ਰੱਖੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨੀ ਸਿੱਖਾਂ ਦੇ ਇੱਕ ਹਿੱਸੇ ਅਤੇ ਹੋਰਨਾਂ ਵੱਖ-ਵੱਖ ਵਿਦੇਸ਼ੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਕੀਤੀ ਗਈ ਅਪੀਲ ਦੇ ਮੱਦੇ ਨਜ਼ਰ ਓਕਾਫ਼ ਬੋਰਡ ਨੇ ਸ਼੍ਰੋਮਣੀ ਕਮੇਟੀ ਦਾ ਸਾਥ ਦੇਣ ਤੋਂ ਨਾਂਹ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਹੁਕਮਾਂ ਤਹਿਤ ਪਾਕਿ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਤਰੀਕਾਂ ਅਨੁਸਾਰ ਧਾਰਮਿਕ ਦਿਹਾੜੇ ਮਨਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਸਾਬਕਾ ਪ੍ਰਧਾਨ ਸ: ਮਸਤਾਨ ਸਿੰਘ, ਸ: ਸ਼ਾਮ ਸਿੰਘ ਅਤੇ ਲਾਹੌਰ ਅਸੈਂਬਲੀ ਦੇ ਮੈਂਬਰ ਸ: ਰਮੇਸ਼ ਸਿੰਘ ਅਰੋੜਾ ਦੀ ਅਗਵਾਈ 'ਚ ਨਨਕਾਣਾ ਸਾਹਿਬ, ਪੰਜਾ ਸਾਹਿਬ, ਪਿਸ਼ਾਵਰ ਅਤੇ ਸਿੰਧ ਦੀਆਂ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਨਾਲ ਪ੍ਰਵਾਨ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਓਕਾਫ਼ ਬੋਰਡ ਦੇ ਭਰੋਸੇ ਮਗਰੋਂ ਹੀ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਅਗਾਊਂ ਵੀਜ਼ਾ ਲੈਣ ਲਈ ਬੇਨਤੀ ਪੱਤਰ ਭੇਜੇ ਗਏ ਸਨ ਪਰ ਪਾਕਿ ਅਧਿਕਾਰੀਆਂ ਵੱਲੋਂ ਵੀਜ਼ੇ ਜਾਰੀ ਨਹੀਂ ਕੀਤੇ। ਸ਼੍ਰੋਮਣੀ ਕਮੇਟੀ ਦੀ ਸੂਚੀ ਨੂੰ ਪਾਕਿ ਸਫਾਰਤਖਾਨੇ ਵੱਲੋਂ 7 ਜੂਨ ਤੋਂ ਵੀਜ਼ਾ ਦੇਣ ਦੀ ਤਿਆਰੀ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਨਾਦਰਸ਼ਾਹੀ ਦੱਸਦਿਆਂ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਇਸ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ 1 ਜੂਨ ਤੋਂ ਬਾਅਦ ਆਪਣਾ ਜਥਾ ਪਾਕਿਸਤਾਨ ਨਹੀਂ ਭੇਜੇਗੀ। ਲਾਹੌਰ ਅਸੈਂਬਲੀ ਦੇ ਸਿੱਖ ਮੈਂਬਰ ਸ: ਰਮੇਸ਼ ਸਿੰਘ ਅਰੋੜਾ ਨਾਲ ਸੰਪਰਕ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਸ਼੍ਰੋਮਣੀ ਕਮੇਟੀ ਦੇ ਵਫ਼ਦ ਨਾਲ ਸਿੱਖ ਸੰਗਤ ਦੀ ਬੈਠਕ ਕਰਵਾਉਣ ਵਾਲਿਆਂ 'ਚੋਂ ਸਨ ਪਰ ਓਕਾਫ਼ ਬੋਰਡ ਵੱਲੋਂ ਕੀਤਾ ਗਿਆ ਫ਼ੈਸਲਾ ਵੀ ਬਹੁਤਾਤ ਸਿੱਖ ਸੰਗਤ ਦੀ ਮਰਜ਼ੀ ਅਨੁਸਾਰ ਹੀ ਹੋਇਆ ਹੈ।



Archive

RECENT STORIES