Posted on June 5th, 2014

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪੰਜ ਸਾਲ ਤੋਂ ਅਫਗਾਨਿਸਤਾਨ ਵਿਚ ਤਾਲਿਬਾਨ ਵਲੋਂ ਅਗਵਾ ਕੀਤੇ ਅਮਰੀਕੀ ਸੈਨਿਕ ਸਾਰਜੈਂਟ ਬੋਵੇ ਬੇਰਗਦਾਹਲ ਨੂੰ ਰਿਹਾਅ ਕਰਵਾਉਣ ਲਈ ਪੰਜ ਤਾਲਿਬਾਨ ਅੱਤਵਾਦੀਆਂ ਨੂੰ ਗੁਆਂਤਨਾਮੋ ਜੇਲ੍ਹ ਚੋਂ ਪੰਜ ਤਾਲਿਬਾਨ ਅੱਤਵਾਦੀਆਂ ਨੂੰ ਛੱਡਣ ਕਾਰਨ ਅਲੋਚਨਾ 'ਚ ਘਿਰ ਗਏ ਹਨ। ਸਾਰਜੈਂਟ ਬੇਰਗਦਾਹਲ ਦੀ ਭਗੋੜਾ ਹੋਣ ਵਜੋਂ ਹੋ ਰਹੀ ਅਲੋਚਨਾ ਦਰਮਿਆਨ ਰਿਪਬਲੀਕਨਾਂ ਨੇ ਓਬਾਮਾ ਸਰਕਾਰ 'ਤੇ ਗੈਰਕਾਨੂੰਨੀ ਕਾਰਵਾਈ ਕਰਨ ਦਾ ਦੋਸ਼ ਲਾਇਆ ਹੈ।
ਅਮਰੀਕੀ ਸੈਨਿਕ ਜਿਸ ਨੂੰ ਸਨਿਚਰਵਾਰ ਰਿਹਾਅ ਕੀਤਾ ਗਿਆ ਸੀ, ਦੀ ਰਿਹਾਈ ਲਈ ਕਤਰ ਨੇ ਵਿਚੋਲੇ ਦੀ ਭੂਮਿਕਾ ਨਿਭਾਈ ਸੀ। ਰਾਸ਼ਟਰਪਤੀ ਬਰਾਕ ਓਬਾਮਾ ਨੇ ਪੰਜ ਤਾਲਿਬਾਨ ਕੈਦੀਆਂ ਬਦਲੇ ਅਮਰੀਕੀ ਸੈਨਿਕ ਦੀ ਰਿਹਾਈ 'ਤੇ ਖੁਸ਼ੀ ਮਨਾਈ ਸੀ ਪਰ ਜਦੋਂ ਰਿਪਬਲੀਕਨਾਂ ਨੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਵੱਡੀ ਗਲਤੀ ਕਹਿ ਕੇ ਅਲੋਚਨਾ ਕੀਤੀ ਤਾਂ ਉਹ ਆਪਣੇ ਬਚਾਅ 'ਤੇ ਉਤਰ ਆਏ। ਪ੍ਰਤੀਨਿਧੀ ਸਦਨ ਵਿਚ ਰਿਪਬਲੀਕਨਾਂ ਦੇ ਬੁਲਾਰੇ ਜਾਹਨ ਬੋਇਨਰ ਨੇ ਕਿਹਾ ਕਿ ਜਦੋਂ ਕੈਦੀ ਵਟਾਂਦਰਾ ਹੋਣ ਦੀ ਸੰਭਾਵਨਾ ਸੀ ਉਸ ਸਮੇਂ ਵਾਈਟ ਹਾਊਸ ਨੇ ਕਾਂਗਰਸ ਨੂੰ ਨਾ ਦੱਸ ਕੇ ਵਾਅਦਾ ਤੋੜਿਆ ਸੀ ਅਤੇ ਕੈਦੀਆਂ ਦੀ ਰਿਹਾਈ ਵਟਾਂਦਰਾ ਦੁਨੀਆ ਭਰ ਵਿਚ ਖਤਰੇ ਵਾਲੇ ਖੇਤਰਾਂ ਵਿਚ ਦੂਸਰੇ ਅਮਰੀਕੀ ਲਈ ਖਤਰਾ ਪੈਦਾ ਕਰੇਗਾ। ਦੂਸਰੇ ਅਲੋਚਕਾਂ ਦਾ ਕਹਿਣਾ ਕਿ ਰਾਸ਼ਟਰਪਤੀ ਨੇ ਗੁਆਂਤਨਾਮੋ ਬੇਅ ਜੇਲ੍ਹ ਵਿਚ ਕੈਦੀਆਂ ਦੀ ਰਿਹਾਈ ਬਾਰੇ ਕਾਂਗਰਸ ਨੂੰ 30 ਦਿਨ ਪੇਸ਼ਗੀ 'ਚ ਲਾਜ਼ਮੀ ਤੌਰ 'ਤੇ ਦੱਸਣ ਬਾਰੇ ਕਾਨੂੰਨ ਦੀ ਉਲੰਘਣਾਂ ਕੀਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਕਿ ਰਿਹਾਅ ਕੀਤੇ ਤਾਲਿਬਾਨ ਅਮਰੀਕੀ ਸੁਰੱਖਿਆ ਲਈ ਮੁੜ ਖਤਰਾ ਬਣ ਸਕਦੇ ਹਨ। ਇਸ ਦੇ ਨਾਲ ਹੀ ਕੁਝ ਦੂਸਰੇ ਸੈਨਿਕਾਂ ਜਿਨ੍ਹਾਂ ਨੇ ਸੈਨਿਕ ਬੇਰਗਦਾਹਲ ਨਾਲ ਨੌਕਰੀ ਕੀਤੀ ਨੇ ਰਿਪਬਲੀਕਨਾਂ ਵਲੋਂ ਕਰਵਾਈ ਇਕ ਇੰਟਰਵਿਊ ਵਿਚ ਦੱਸਿਆ ਕਿ ਬੇਰਗਦਾਹਲ ਭਗੋੜਾ ਹੋਣ ਦਾ ਦੋਸ਼ੀ ਹੈ ਕਿਉਂਕਿ 2009 ਵਿਚ ਉਹ ਬਿਨਾਂ ਹਥਿਆਰਾਂ ਦੇ ਅਮਰੀਕੀ ਕੈਂਪ ਚੋਂ ਬਾਹਰ ਚਲਾ ਗਿਆ ਸੀ। ਉਧਰ ਅਮਰੀਕਾ ਦੇ ਰੱਖਿਆ ਮੰਤਰੀ ਜਾਹਨ ਮੈਕਹਗ ਨੇ ਕਿਹਾ ਕਿ ਸ੍ਰੀ ਬੇਰਗਦਾਹਲ ਤੰਦਰੁਸਤ ਹੋਣ ਪਿੱਛੋਂ ਉਸ ਦੇ ਲਾਪਤਾ ਹੋਣ ਅਤੇ ਤਾਲਿਬਾਨ ਦੇ ਕਬਜ਼ੇ 'ਚ ਰਹਿਣ ਦੇ ਹਾਲਾਤ ਦਾ ਵਿਅਪਕ ਪੱਧਰ 'ਤੇ ਜਾਇਜ਼ਾ ਲਿਆ ਜਾਵੇਗਾ। ਕੈਦੀਆਂ ਦੇ ਵਟਾਂਦਰੇ ਲਈ ਹੋ ਰਹੀਆਂ ਅਲੋਚਨਾ ਦਾ ਜਵਾਬ ਦਿੰਦਿਆਂ ਬਰਾਕ ਓਬਾਮਾ ਨੇ ਕਿਹਾ ਕਿ ਅਸੀਂ ਇਸ ਸੰਭਾਵਨਾ ਬਾਰੇ ਕੁਝ ਸਮਾਂ ਪਹਿਲਾਂ ਕਾਂਗਰਸ ਨਾਲ ਸਲਾਹ ਮਸ਼ਵਰਾ ਕੀਤਾ ਸੀ। ਅਸੀਂ ਇਕ ਮੌਕਾ ਦੇਖਿਆ ਹੈ। ਸਾਨੂੰ ਸਰਜੈਂਟ ਬੇਰਗਦਾਹਲ ਦੀ ਸਿਹਤ ਦੀ ਚਿੰਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਇਹ ਕਾਰਵਾਈ ਤਾਂ ਕੀਤੀ ਕਿਉਂਕਿ ਅਸੀਂ ਮੌਕੇ ਨੂੰ ਗੁਆਉਣਾ ਨਹੀਂ ਸੀ ਚਾਹੁੰਦੇ।
ਵੀਡੀਓ ਜਾਰੀ
ਅਮਰੀਕੀ ਸੈਨਿਕ ਸਾਰਜੈਂਟ ਬੋਵੇ ਬੇਰਗਦਾਹਲ ਨੂੰ ਅਫਗਾਨਿਸਤਾਨ ਵਿਚ ਅਮਰੀਕੀ ਫ਼ੌਜ ਦੇ ਹਵਾਲੇ ਕਰਨ ਸਬੰਧੀ ਤਾਲਿਬਾਨ ਨੇ ਵੀਡੀਓ ਜਾਰੀ ਕੀਤਾ ਹੈ। ਵੀਡੀਓ ਵਿਚ ਬੇਰਗਦਾਹਲ ਅਫਗਾਨਾਂ ਦੇ ਰਵਾਇਤੀ ਕਪੜਿਆਂ ਵਿਚ ਪਹਾੜੀ ਕੋਲ ਖੜੇ ਪਿਕਅਪ ਟਰੱਕ ਵਿਚ ਬੈਠਾ ਹੋਇਆ ਹੈ। ਇਕ ਦਰਜਨ ਤੋਂ ਵੀ ਵੱਧ ਹਥਿਆਰਬੰਦ ਤਾਲਿਬਾਨ ਟਰੱਕ ਅਤੇ ਪਹਾੜੀ ਦੇ ਦੁਆਲੇ ਖੜੇ ਹਨ। ਬੇਰਗਦਾਹਲ ਆਪਣੇ ਅਗਵਾਕਾਰਾਂ ਵਲ ਦੇਖਦਾ ਅਤੇ ਉਨ੍ਹਾਂ ਦੀ ਗੱਲ ਸੁਣਨ ਸਮੇਂ ਬਾਰ-ਬਾਰ ਅੱਖਾਂ ਬੰਦ ਕਰ ਰਿਹਾ ਸੀ। ਤਦ ਬਲੈਕ ਹਾਕ ਹੈਲੀਕਾਪਟਰ ਜ਼ਮੀਨ 'ਤੇ ਉੱਤਰਦਾ ਹੈ ਅਤੇ ਦੋ ਤਾਲਿਬਾਨ ਲੜਾਕੇ ਜਿਨ੍ਹਾਂ ਚੋਂ ਇਕ ਕੋਲ ਚਿੱਟਾ ਝੰਡਾ ਹੈ ਬੇਰਗਦਾਹਲ ਨੂੰ ਅੱਧ ਤਕ ਲੈ ਕੇ ਜਾਂਦੇ ਅਤੇ ਉਥੋਂ ਆਮ ਨਾਗਰਿਕ ਪ੍ਰਤੀਤ ਹੁੰਦੇ ਤਿੰਨ ਗੋਰੇ ਉਸ ਨੂੰ ਹੈਲੀਕਾਪਟਰ ਕੋਲ ਲਿਜਾਂਦੇ ਹਨ ਜਿਥੇ ਫ਼ੌਜ ਦੀ ਵਰਦੀ ਵਿਚ ਸੈਨਿਕ ਉਡੀਕ ਕਰ ਰਹੇ ਸਨ। ਤਦ ਹੈਲੀਕਾਪਟਰ ਬੇਰਗਦਾਹਲ ਨੂੰ ਲੈ ਕੇ ਉਡ ਜਾਂਦਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026