Posted on June 6th, 2014

ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੂਨ '84 ਦੇ ਘੱਲੂਘਾਰੇ ਦੀ 30ਵੀਂ ਵਰ੍ਹੇਗੰਢ ਮੌਕੇ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕੁਝ ਨੌਜਵਾਨਾਂ ਦਰਮਿਆਨ ਹੋਈ ਹਿੰਸਕ ਝੜਪ ਵਿੱਚ ਕਈ ਸਿੱਖ ਜ਼ਖਮੀ ਹੋ ਗਏ। ਬੇਸ਼ੱਕ ਇਸ ਲੜਾਈ ਦਾ ਸਾਰਾ ਕਸੂਰ ਮੁੱਢ ਤੋਂ ਸ. ਮਾਨ ਸਿਰ ਮੜ੍ਹਿਆ ਗਿਆ ਪਰ ਚਸ਼ਮਦੀਦ ਗਵਾਹਾਂ ਮੁਤਾਬਿਕ ਇਹ ਲੜਾਈ ਸ. ਸਿਮਰਨਜੀਤ ਸਿੰਘ ਮਾਨ ਦੇ ਜਾਣ ਤੋਂ ਬਾਅਦ ਵਾਪਰੀ। ਇਸ ਦੀ ਪੁਸ਼ਟੀ ਜਥੇਦਾਰ ਅਕਾਲ ਤਖਤ ਨੇ ਵੀ ਕਰ ਦਿੱਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਕਿ ਇਸ ਝੜਪ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦਾ ਕੋਈ ਰੋਲ ਨਹੀਂ ਹੈ, ਜਥੇਦਾਰ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਸਿਰੋਪਾ ਵੀ ਭੇਟ ਕੀਤਾ ਗਿਆ। ਉਨ੍ਹਾਂ ਨੇ ਸਾਫ ਕੀਤਾ ਕਿ ਕਿ ਸ. ਸਿਮਰਨਜੀਤ ਮਾਨ ਹਰ ਵਾਰ ਇਸ ਸਮਾਗਮ 'ਚ ਹਿੱਸਾ ਲੈਂਦੇ ਨੇ ਤੇ ਇਸ ਵਾਰ ਵੀ ਇਹ ਸਾਰੀ ਘਟਨਾ ਉਨ੍ਹਾਂ ਦੇ ਜਾਣ ਤੋਂ ਬਾਅਦ ਹੋਈ ਹੈ। ਉਨ੍ਹਾਂ ਨੇ ਇਸ ਲੜਾਈ ਲਈ ਏਜੰਸੀਆਂ ਦੇ ਬੰਦਿਆਂ ਵੱਲ ਇਸ਼ਾਰਾ ਕੀਤਾ ਹੈ। ਇਹ ਗੱਲ ਉਨ੍ਹਾਂ ਇੱਕ ਵੀਡੀਓ ਰਾਹੀਂ ਜਾਰੀ ਬਿਆਨ 'ਚ ਆਖੀ ਹੈ, ਜਿਸ ਤੋਂ ਮੁੱਕਰਨਾ ਵੀ ਸੰਭਵ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਕੰਪਲੈਕਸ ਅੰਦਰ ਵਾਪਰੀ ਘਟਨਾ ਕਿਸੇ ਦੀ ਸ਼ਹਿ 'ਤੇ ਵਾਪਰੀ ਹੈ ਜੋ ਕਿ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀ ਸਾਜਿਸ਼ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜੋ ਸਾਰੇ ਮਾਮਲੇ ਦੀ ਪੜਤਾਲ ਕਰਕੇ ਸੱਚ ਸਾਹਮਣੇ ਲਿਆਵੇਗੀ।
ਮੌਕੇ ਦੇ ਇੱਕ ਗਵਾਹ ਅਨੁਸਾਰ ਪਾਠ ਕਰ ਰਹੇ ਗੁਰਸਿੱਖ ਦੇ ਹੱਥੋਂ ਟਾਸਕ ਫ਼ੋਰਸ ਵਾਲ਼ੇ ਨੇ ਗੁਰਬਾਣੀ ਦਾ ਪਾਵਨ ਗੁਟਕਾ ਖੋਹ ਕੇ ਪਰ੍ਹਾਂ ਵਗਾਹ ਕੇ ਸੁੱਟ ਦਿੱਤਾ। ਉਸ ਗੁਰਸਿੱਖ ਨੇ ਕਿਹਾ ਕਿ ਮੈਨੂੰ ਬਾਣੀ ਕੰਠ ਹੈ, ਮੈਂ ਪਾਠ ਕਰ ਕੇ ਹੀ ਉੱਠਾਂਗਾ। ਤੇ ਉਸ ਦੇ ਇੰਨਾ ਕਹਿਣ 'ਤੇ ਉਸ ਦੀ ਬਾਂਹ ਤੇ ਤਲਵਾਰ ਦਾ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਸਿੱਖ ਸੰਗਤਾਂ ਨੇ ਦੱਸਿਆ ਕਿ ਟਾਸਕ ਫ਼ੋਰਸ ਵਾਲ਼ਿਆਂ ਨੇ ਜਿਸ ਤਰੀਕੇ ਨਾਲ਼ ਦਸਤਾਰਾਂ ਦੀ ਬੇਅਦਬੀ ਕੀਤੀ, ਉਸ ਨਾਲ਼ ਇਹ ਜਾਪਦਾ ਹੈ ਕਿ ਇਹ ਸਿੱਖ ਨਹੀਂ ਹਨ, ਬਲਕਿ ਸਿੱਖਾਂ ਦੇ ਭੇਸ ਵਿੱਚ ਆਰ.ਐਸ.ਐਸ. ਦੇ ਵਰਕਰ ਬਾਦਲਕਿਆਂ ਨੇ ਭਰਤੀ ਕਰ ਕੇ ਰੱਖੇ ਹੋਏ ਹਨ।
ਕੁਝ ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਈ ਗਏ ਸ਼ਹੀਦੀ ਦਿਹਾੜੇ ਨੂੰ ਲੈ ਕੇ ਪਹਿਲਾਂ ਹੀ ਗਿਣੀ ਮਿਥੀ ਸਾਜਿਸ਼ ਤਹਿਤ ਕੁਝ ਗੈਰ ਸਿੱਖਾਂ ਨੇ ਸਿੱਖੀ ਭੇਸ ਵਿੱਚ ਹਮਲਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੇ ਮੁਲਾਜਮਾਂ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ, ਜਿਹਨਾਂ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਪ੍ਰਤਾਪ ਸਿੰਘ ਵੀ ਸ਼ਾਮਲ ਹਨ।
ਦਰਬਾਰ ਸਾਹਿਬ ਕੰਪਲੈਕਸ ਵਿਚ ਅਕਾਲ ਤਖ਼ਤ ਸਾਹਿਬ ਦੇ ਬਾਹਰ ਦੋ ਧੜਿਆਂ ਵਿਚ ਵੰਡੇ ਗਏ ਸਿੱਖ, ਕ੍ਰਿਪਾਨਾਂ, ਨੇਜ਼ੇ ਅਤੇ ਲਾਠੀਆਂ ਲੈ ਕੇ ਇਕ ਦੂਜੇ ਉਪਰ ਵਾਰ ਕਰਦੇ ਦੇਖੇ ਗਏ। ਕੁੱਝ ਅਪਣੀ ਸੁਰੱਖਿਆ ਲਈ ਭੱਜਦੇ ਹੋਏ ਵੀ ਦਿਖਾਈ ਦਿਤੇ। ਝੜਪਾਂ ਤੋਂ ਬਾਅਦ ਪੁਲਿਸ ਨੇ 22 ਜਣਿਆਂ ਵਿਰੁਧ ਪਰਚਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਸਵੇਰੇ ਅਕਾਲ ਤਖ਼ਤ ਸਾਹਿਬ 'ਤੇ ਚੱਲ ਰਹੇ ਸਮਾਗਮ ਦੌਰਾਨ ਜਦ ਜਥੇਦਾਰ ਗਿਆਨੀ ਗੁਰਬਚਨ ਸਿੰਘ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕਰ ਰਹੇ ਸਨ ਤਾਂ ਉਸੇ ਸਮੇਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਸ. ਮਾਨ ਅਕਾਲ ਤਖ਼ਤ ਸਾਹਿਬ ਤੋਂ ਹੇਠਾਂ ਉਤਰ ਆਏ ਤੇ ਹਰ ਸਾਲ ਵਾਂਗ ਅਪਣਾ ਵੱਖਰਾ ਭਾਸ਼ਣ ਕਰਨਾ ਸ਼ੁਰੂ ਕਰ ਦਿੱਤਾ। ਮਾਨ ਦਾ ਇੱਕ ਸਮਰਥਕ ਅਕਾਲ ਤਖ਼ਤ ਸਾਹਿਬ ਤੋਂ ਮਾਈਕ ਲੈਣ ਲਈ ਗਿਆ, ਜਿਸ ਨੂੰ ਪ੍ਰਬੰਧਕਾਂ ਨੇ ਵਾਪਸ ਮੋੜ ਦਿੱਤਾ। ਮਾਨ ਅਪਣਾ ਭਾਸ਼ਣ ਖ਼ਤਮ ਕਰ ਕੇ ਜਾ ਚੁੱਕੇ ਸਨ ਪਰ ਉਨ੍ਹਾਂ ਦੇ ਸਮਰਥਕਾਂ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਪ੍ਰਤੀ ਅਪਣਾ ਰੋਹ ਜਾਰੀ ਰੱਖਿਆ।
ਇਸੇ ਦਰਮਿਆਨ ਕੁੱਝ ਲੋਕ ਮੁੜ ਅਕਾਲ ਤਖ਼ਤ ਸਾਹਿਬ 'ਤੇ ਚਲੇ ਗਏ ਅਤੇ ਮੌਕੇ 'ਤੇ ਮੌਜੂਦ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਭਾਈ ਸਤਨਾਮ ਸਿੰਘ ਨਾਲ ਬਦਸਲੂਕੀ ਕਰਨ ਲੱਗੇ। ਇਨ੍ਹਾਂ ਸ਼ਰਾਰਤੀ ਅਨਸਰਾਂ ਨੇ ਇਸ ਸਮਾਗਮ ਦੀ ਕਵਰੇਜ ਕਰਨ ਲਈ ਗਏ ਪੱਤਰਕਾਰਾਂ ਨਾਲ ਵੀ ਬਦਸਲੂਕੀ ਕਰਦਿਆਂ ਇੱਕ ਨਿੱਜੀ ਚੈਨਲ ਦੇ ਕੈਮਰਾਮੈਨ ਤੇ ਇਕ ਪ੍ਰੈੱਸ ਫ਼ੋਟੋਗ੍ਰਾਫਰ ਦੀ ਵੀ ਖਿੱਚਧੂਹ ਕੀਤੀ।
ਅਕਾਲ ਤਖ਼ਤ ਸਾਹਿਬ ਵਿਖੇ ਲਹਿਰਾਉਂਦੀਆਂ ਕਿਰਪਾਨਾਂ ਕਾਰਨ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਲਈ ਆਏ ਸਿੱਖ ਅਤੇ ਗ਼ੈਰ-ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਦਹਿਸ਼ਤ ਸੀ। ਕਿਸੇ ਵੀ ਨੁਕਸਾਨ ਤੋਂ ਬਚਣ ਲਈ ਕਮੇਟੀ ਪ੍ਰਬੰਧਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ। ਇਸੇ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਜਖ਼ਮੀ ਹੋ ਗਏ। ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਭਾਈ ਗੁਰਵਿੰਦਰ ਸਿੰਘ ਸੇਵਾਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਸਤਨਾਮ ਸਿੰਘ ਸੇਵਾਦਾਰ ਸਮੇਤ ਤਕਰੀਬਨ 6 ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਕਾਲ ਤਖ਼ਤ ਸਾਹਿਬ ਵਿਖੇ ਤਣਾਅ ਵਾਲੀ ਸਥਿਤੀ ਦਾ ਪਤਾ ਲੱਗਣ 'ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਮੌਕੇ 'ਤੇ ਪੁੱਜੇ ਅਤੇ ਜਿਵੇਂ ਹੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਮੁੜ ਸੰਬੋਧਨ ਕਰਨ ਲੱਗੇ ਤਾਂ ਨਾਹਰੇਬਾਜ਼ੀ ਕਰਨ ਵਾਲਿਆਂ ਨੇ 'ਜਥੇਦਾਰ ਗੋ ਬੈਕ' ਦੇ ਨਾਹਰੇ ਲਾ ਕੇ ਜਥੇਦਾਰ ਨੂੰ ਪਰਤਣ ਲਈ ਮਜਬੂਰ ਕਰ ਦਿੱਤਾ।
ਇਸ ਵਰਤਾਰੇ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ, ''ਅੱਜ ਜਿਥੇ ਵਿਸ਼ਵ ਭਰ ਵਿਚ ਵਸਦੀਆਂ ਸਿੱਖ ਸੰਗਤਾਂ 6 ਜੂਨ, 1984 ਨੂੰ ਵਾਪਰੇ ਭਿਆਨਕ ਘੱਲੂਘਾਰੇ ਦੀ ਯਾਦ ਮਨਾ ਰਹੀਆਂ ਹਨ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਦਲ 'ਤੇ ਜੁੜ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰ ਰਹੀਆਂ ਹਨ, ਜਿਨ੍ਹਾਂ ਨੇ ਜੂਨ 1984 ਵਿਚ ਸਮੇਂ ਦੀ ਕਾਂਗਰਸ ਹਕੂਮਤ ਵਲੋਂ ਸਾਡੇ ਇਨ੍ਹਾਂ ਧਾਰਮਿਕ ਮੁਕੱਦਸ ਅਸਥਾਨਾਂ 'ਤੇ ਕੀਤੇ ਫ਼ੌਜੀ ਹਮਲੇ ਦੌਰਾਨ ਤੋਪਾਂ, ਟੈਂਕਾਂ ਅੱਗੇ ਲੜਦਿਆਂ ਸ਼ਹਾਦਤਾਂ ਦੇ ਜਾਮ ਪੀਤੇ ਸਨ।''
ਉਨ੍ਹਾਂ ਅਪਣੇ ਸੰਦੇਸ਼ 'ਚ ਅੱਗੇ ਕਿਹਾ, ''30 ਸਾਲ ਬੀਤ ਜਾਣ ਤੋਂ ਪਿਛੋਂ ਵੀ ਇਹ ਸਾਕਾ ਸਾਨੂੰ ਅੱਜ ਵੀ ਕੱਲ ਵਾਂਗ ਤਰੋ-ਤਾਜ਼ਾ ਲਗਦਾ ਹੈ ਅਤੇ ਇਹ ਜ਼ਖ਼ਮ ਸਿੱਖ ਮਾਨਸਿਕਤਾ ਵਿਚ ਨਾ ਭੁੱਲਣ ਵਾਲੇ ਹਨ। ਇਹ ਪੀੜ ਸਾਡੇ ਲਈ ਇਸ ਕਰ ਕੇ ਵਧੇਰੇ ਦੁਖਦਾਈ ਅਤੇ ਨਾ ਸਹਾਰੇ ਜਾਣ ਵਾਲੀ ਹੈ ਕਿਉਂਕਿ ਜਿਸ ਹਿੰਦੁਸਤਾਨ ਦੀ ਆਜ਼ਾਦੀ ਲਈ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਉਸਦੇ ਹਾਕਮਾਂ ਨੇ ਸਾਡੇ ਮਹਾਨ ਧਾਰਮਿਕ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਪਣੀਆਂ ਫ਼ੌਜਾਂ, ਤੋਪਾਂ, ਟੈਂਕਾਂ ਸਮੇਤ ਚਾੜ੍ਹ ਕੇ ਸਾਡੀ ਹੋਂਦ ਹਸਤੀ ਨੂੰ ਨੇਸਤੋ-ਨਾਬੂਤ ਕਰਨ ਦਾ ਕੋਝਾ ਯਤਨ ਕੀਤਾ ਹੈ।''
ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਕ ਬਾਗ ਦੀ ਨਿਆਈਂ ਹੈ। ਇਸ ਲਈ ਸਮੂਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਨਿਹੰਗ ਸਿੰਘ, ਸਟੱਡੀ ਸਰਕਲ, ਮਿਸ਼ਨਰੀ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ। ਇਸੇ ਤਰ੍ਹਾਂ ਜੋ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅਜੇ ਵੀ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਦੀ ਰਿਹਾਈ ਲਈ ਸਾਨੂੰ ਰਲ ਕੇ ਉਦਮ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਦਲਿਤ ਭਾਈਚਾਰਾ, ਵਣਜਾਰੇ ਤੇ ਸਿਕਲੀਗਰ ਸਿੱਖ ਭਾਈਚਾਰੇ ਲਈ ਵੀ ਹਰ ਪੱਖੋਂ ਮਦਦ ਕਰੀਏ ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰੀਏ, ਇਹ ਸਾਡੀ ਕੌਮੀ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਇਹਨਾਂ ਸਾਰੇ ਮਸਲਿਆਂ ਦਾ ਮੁੱਖ ਹੱਲ -ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਸੋਚ ਪੈਦਾ ਕਰਨਾ ਹੈ। ਇਹ ਨਸ਼ੇ, ਪਤਿਤਪੁਣਾ, ਭਰੂਣ ਹੱਤਿਆ, ਦੇਹਧਾਰੀ ਗੁਰੂ ਡੰਮ੍ਹ, ਪੰਥ ਦੋਖੀਆਂ ਦੀਆਂ ਚਾਲਾਂ ਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ।
30ਵੇਂ ਘੱਲੂਘਾਰਾ ਦੇ ਸਮਾਗਮ ਸਮੇਂ ਗਿਆਨੀ ਮੱਲ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ , ਗਿਆਨੀ ਗੁਰਮੁਖ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਮਾਨ ਸਿੰਘ, ਗਿਆਨੀ ਰਵੇਲ ਸਿੰਘ, ਗਿਆਨੀ ਰਘਬੀਰ ਸਿੰਘ, ਗਿਆਨੀ ਅਮਰਜੀਤ ਸਿੰਘ ,ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਭਾਈ ਜਸਵੀਰ ਸਿੰਘ ਖਾਲਸਾ ਤੇ ਗਿਆਨੀ ਪੂਰਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ। ਇਸ ਮੌਕੇ ਭਾਈ ਈਸ਼ਰ ਸਿੰਘ ਸਪੁੱਤਰ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਬੀਬੀ ਹਰਮੀਤ ਕੌਰ ਸੁਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਜਥੇਦਾਰ ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ (ਸਪੁੱਤਰ ਸ਼ਹੀਦ ਭਾਈ ਨਛੱਤਰ ਸਿੰਘ ਭਲਵਾਨ) ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਚਰਨ ਸਿੰਘ ਗਰੇਵਾਲ, ਭਾਈ ਰਾਮ ਸਿੰਘ, ਸ. ਅਮਰਜੀਤ ਸਿੰਘ ਚਾਵਲਾ, ਸ. ਹਰਪਾਲ ਸਿੰਘ ਚੀਮਾ, ਸ. ਨਵਤੇਜ ਸਿੰਘ ਕਾਉਣੀ, ਸ. ਉਜਾਗਰ ਸਿੰਘ ਵਡਾਲੀ, ਸ. ਦਲਮੇਘ ਸਿੰਘ, ਸ. ਦਿਲਜੀਤ ਸਿੰਘ ਬੇਦੀ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਮਹਿਤਾ ਚੌਂਕ, ਬਾਬਾ ਅਵਤਾਰ ਸਿੰਘ(ਬਿਧੀ ਚੰਦ ਸੰਪਰਦਾਇ) ਸੁਰਸਿੰਘ ਵਾਲਿਆਂ ਵੱਲੋਂ ਬਾਬਾ ਨਾਹਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂਵੇਲਾਂ, ਭਾਈ ਮੋਹਕਮ ਸਿੰਘ, ਭਾਈ ਗੁਰਬਖਸ਼ ਸਿੰਘ ਖਾਲਸਾ, ਸ. ਇਮਾਨ ਸਿੰਘ ਮਾਨ, ਸ. ਧਿਆਨ ਸਿੰਘ ਮੰਡ ਸਾਬਕਾ ਐਮ.ਪੀ., ਸ. ਕਰਨੈਲ ਸਿੰਘ ਪੀਰ ਮੁਹੰਮਦ, ਸ. ਕੰਵਰਬੀਰ ਸਿੰਘ ਗਿੱਲ ਪ੍ਰਧਾਨ ਆਈ ਐਸ ਓ, ਦਲ ਵਾਲਸਾ ਦੇ ਕੰਵਰਪਾਲ ਸਿੰਘ, ਸਤਨਾਮ ਸਿੰਘ ਪਾਉਟਾ ਸਾਹਿਬ, ਸਿੱਖ ਯੂਥ ਆਫ ਪੰਜਾਬ ਦੇ ਨੋਬਲਜੀਤ ਸਿੰਘ, ਰਣਬੀਰ ਸਿੰਘ ਤੋਂ ਇਲਾਵਾ ਵੱਡੀ ਗਿੱਣਤੀ ਸਿੱਖ ਸੰਗਤਾਂ ਮੌਜੂਦ ਸਨ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026