Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ: ਹਰਭਜਨ ਸਿੰਘ ਲਾਖਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੀਤਾ ਅੰਮ੍ਰਿਤਪਾਨ

Posted on June 7th, 2014


ਅੰਮਿ੍ਤਸਰ (ਹਰਪ੍ਰੀਤ ਰਾਜੂ) - ਸਾਬਕਾ ਸੰਸਦ ਮੈਂਬਰ ਹਰਭਜਨ ਲਾਖਾ ਜੀ ਨੇ 6 ਜੂਨ ਨੂੰ ਘੱਲੂਘਾਰਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪਹੁੰਚ ਕੇ ਅੰਮ੍ਰਿਤਪਾਨ ਕੀਤਾ ਅਤੇ ਹਰਭਜਨ ਲਾਖਾ ਤੋਂ ਸ: ਹਰਭਜਨ ਸਿੰਘ ਖਾਲਸਾ ਬਣ ਗਏ। ਉਨਾਂ ਨੇ ਇੱਕ ਵਿਸ਼ਾਲ ਮਾਰਚ ਰਾਹੀਂ ਗੁਰਦੁਆਰਾ ਬਾਬਾ ਦੀਪ ਸਿੰਘ ਤੋਂ ਚਾਲੇ ਪਾਏ ਤੇ ਉਨਾਂ ਦੇ ਨਾਲ ਹਜਾਰਾਂ ਸ਼ਰਧਾਲੂਆਂ ਨੇ ਮਾਰਚ ਰਾਹੀਂ ਸ਼ਿਰਕਤ ਕੀਤੀ। ਮਾਰਚ ਵਿੱਚ ਉਨਾਂ ਦੇ ਨਾਲ ਨਿਹੰਗ ਸਿੰਘਾਂ ਦੇ ਜਥੇ ਅਤੇ ਗਤਕਾ ਪਾਰਟੀਆਂ ਵੀ ਸ਼ਾਮਿਲ ਹੋਈਆਂ। ਸ਼੍ਰੀ ਦਰਬਾਰ ਸਾਹਿਬ ਵਿਖੇ ਲਾਖਾ ਜੀ ਨੇ ਮੱਥਾ ਟੇਕਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਉਨਾਂ ਨੂੰ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ। 

ਉਨਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਅਜਾਦੀ ਦੀ ਤੀਸਰੀ ਲੜਾਈ ਦੀ ਸ਼ੁਰੂਆਤ ਉਹ ਕਰਨ ਜਾ ਰਹੇ ਹਨ, ਜਿਸ ਵਿੱਚ ਦੱਬੇ-ਕੁਚਲੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਡਾ: ਅੰਬੇਡਕਰ ਨੇ ਵੀ ਕਿਸੇ ਸਮੇਂ ਅੰਮ੍ਰਿਤ ਛਕਣ ਦੀ ਤਿਆਰੀ ਕੀਤੀ ਸੀ ਤੇ ਉਸ ਵੇਲੇ ਦੇ ਬਿਪਰਵਾਦੀ ਲੋਕਾਂ ਨੇ ਉਨਾਂ ਦੇ ਰਸਤੇ ਵਿੱਚ ਰੋੜੇ ਅਟਕਾਏ ਅਤੇ ਅੱਜ ਮੈਂ ਅੰਮ੍ਰਿਤ ਛਕ ਕੇ ਬਾਬਾ ਸਾਹਿਬ ਦੇ ਸਿੰਘ ਸਜਣ ਦੇ ਮਿਸ਼ਨ ਨੂੰ ਪੂਰਾ ਕੀਤਾ ਹੈ। ਸ: ਲਾਖਾ ਨੇ ਕਿਹਾ ਕਿ ਅਸੀਂ ਪੂਰੇ ਭਾਰਤ ਵਿੱਚ ਦੱਬੇ ਕੁਚਲੇ ਲੋਕਾਂ ਦੇ ਹੱਕ-ਹਕੂਕ ਦੀ ਗੱਲ ਕਰਾਂਗੇ ਅਤੇ ਸਿੱਖ ਵਿਚਾਰਧਾਰਾ ਜਿਸ ਵਿੱਚ ਗੁਰੂ ਰਵਿਦਾਸ ਜੀ ਤੋਂ ਲੈ ਕੇ ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਦੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ ਦੇ ਸਿਧਾਂਤ ਨੂੰ ਪੂਰੀ ਦੁਨੀਆ ਵਿੱਚ ਪ੍ਰਚਾਰਾਂਗੇ। ਇਸ ਮੌਕੇ ਉਨਾਂ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ: ਕਰਨੈਲ ਸਿੰਘ ਪੀਰ ਮੁਹੰਮਦ ਤੋਂ ਇਲਾਵਾ ਹੋਰ ਬਹੁਤ ਸਾਰੇ ਉੱਚ ਆਗੂ ਮੌਜੂਦ ਸਨ।



Archive

RECENT STORIES